ਅੰਮ੍ਰਿਤ ਦੇ ਬਾਟੇ ਵਿੱਚ ਹਲਾਹਲ ਘੋਲਣ ਵਾਲਿਆਂ ਨੂੰ

ਗੁਰਤੇਜ ਸਿੰਘ

ਗੁਰਤੇਜ ਸਿੰਘ



ਪੰਜਾਬ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ, ਜਿਹੜੇ ਇੱਕ ਵਿਦਵਾਨ ਦੇ ਕਾਫ਼ੀ ਅਰਸਾ ਸਹਿਯੋਗੀ ਰਹੇ ਸਨ, ਸੋਮਵਾਰ (23 ਫਰਵਰੀ 2015) ਨੂੰ ਮਿਲਣ ਵਾਸਤੇ ਆਏ। ਜ਼ਿਕਰ ਚੱਲਿਆ ਵਿਦਵਾਨਾਂ ਦੇ ਇੱਕ ਟੋਲੇ ਦਾ ਜਿਨ੍ਹਾਂ ਦਾ ਸਾਰਾ ਜਾਤਪਾਤ-ਵਿਰੋਧੀ ਦਾਰੋਮਦਾਰ ਜੱਟ ਸਿੱਖਾਂ ਨੂੰ ਭੰਡਣ, ਬੱਦੂ ਕਰਨ ਉੱਤੇ ਟੇਕ ਰੱਖਦਾ ਹੈ। ਬਿਨਾ ਏਸ ਰੁਝਾਨ ਦੀਆਂ ਜੜ੍ਹਾਂ ਫਰੋਲੇ ਓਹ ਏਸ ਨੂੰ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਚੁੱਕੇ ਹਨ। ਲੱਛੇਦਾਰ ਬੋਲੀ, ਬੱਦਲਾਂ ਤੋਂ ਉੱਤੇ ਵਿਚਰਦੀ ਸ਼ਬਦਾਵਲੀ, ਗੈਰ-ਸੰਗਤ ਸੰਕਲਪਾਂ ਰਾਹੀਂ ਘੁੰਡ ਕੱਢ ਕੇ ਨੱਚਣ ਦੀ ਨੀਤੀ ਤਹਿਤ ਧਰਤੀ ਦੇ ਦੂਜੇ ਸਿਰੇ ਦੇ ਵਿਚਾਰਵਾਨਾਂ ਦੀਆਂ ਟੂਕਾਂ ਰਾਹੀਂ ਉਹ ਲੁਕ-ਲੁਕ ਕੇ ਵਾਰ ਕਰਦੇ ਹਨ। ਇੱਕ ਵਾਰ ਚੰਡੀਗੜ੍ਹ ਦੇ ਲੁਬਾਣਾ ਭਵਨ ਵਿੱਚ ਹੋਈ ਗੋਸ਼ਟੀ ਦੌਰਾਨ ਜਦੋਂ ਇਹਨਾਂ ਦੇ ਤਾਣੇ ਮਾਇਆਵੀ ਸਾਨ੍ਹ ਦੇ ਸਿੰਗ ਫੜ ਕੇ ਗੱਲ ਕੀਤੀ ਤਾਂ ਇਹ ਝੱਟ ਪਾਸਾ ਪਲਟ ਕੇ ਆਪਣੀ ਗੱਲਬਾਤ ਦੇ ਮੂਲ ਤਰਕ ਤੋਂ ਹੀ ਮੁਨਕਰ ਹੋ ਗਏ।

ਸਿੱਖ ਸਮਾਜ ਨੂੰ ਜਾਤਾਂ-ਪਾਤਾਂ ਦੇ ਆਧਾਰ ਉੱਤੇ ਵੰਡਣ ਦੀ ਦੁਸ਼ਮਣ ਦੀ ਨੀਤੀ ਸਦਾ ਤੋਂ ਰਹੀ ਹੈ। ਏਸੇ ਅਧੀਨ ਜਾਤ ਉੱਤੇ ਟੇਕ ਰੱਖਦੇ ਡੇਰੇ ਅਤੇ ਗੁਰੂ ਗ੍ਰੰਥ ਦੇ ਭਗਤਾਂ ਦੀਆਂ ਜਾਤਾਂ (ਜਿਨ੍ਹਾਂ ਨੂੰ ਉਹ ਤਿਆਗ ਚੁੱਕੇ ਸਨ) ਨੂੰ ਧੁਰਾ ਬਣਾ ਕੇ ਸਿੱਖ ਸਮਾਜ ਨੂੰ ਲੀਰੋ-ਲੀਰ ਕਰਨ ਦੀ ਕੁਟਲਨੀਤੀ ਘੜੀ ਗਈ ਹੈ। ਬੀਤੀ ਸਦੀ ਵਿੱਚ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਨੂੰ ਅਤੇ ਆਜ਼ਾਦ ਸਿੱਖ ਮਾਨਸਿਕਤਾ ਨੂੰ ਕੁਚਲਣ ਲਈ ਏਸ ਨੀਤੀ ਨੂੰ ਦੁਬਾਰਾ ਸਾਣ ਉੱਤੇ ਚਾੜ੍ਹ ਕੇ ਚੰਡੀਗੜ੍ਹ ਵਿੱਚ ਸਥਾਪਤ ਇੱਕ ਕੇਂਦਰੀ ਏਜੰਸੀ ਨੇ ਏਸ ਨੂੰ ਪ੍ਰਚੰਡ ਕੀਤਾ ਅਤੇ ਅਖਬਾਰਾਂ ਆਦਿ ਰਾਹੀਂ ਖੂਬ ਪ੍ਰਚਾਰਿਆ। ਬੱਕਰੀ ਦਾ ਲੇਲਾ ਮੋਢਿਆਂ ਉੱਤੇ ਚੁੱਕੀ ਜਾਂਦੇ ਪੰਡਤ (ਸਾਡੇ ਵਿਦਵਾਨ) ਵੀ ਓਸ ਨੂੰ ਠੱਗਾਂ ਦੀਆਂ ਮੋਮੋ ਠਗਣੀਆਂ ਵਿੱਚ ਆ ਕੇ ਕਤੂਰਾ ਸਮਝ ਬੈਠੇ। ਫੇਰ ਚੱਲ ਸੋ ਚੱਲ।

ਏਸ ਨੀਤੀ ਦਾ ਵੱਡਾ ਪ੍ਰਚਾਰਕ ਬਣਨ ਦੀ ਡਿਊਟੀ ਗਿਆਨੀ ਜ਼ੈਲ ਸਿੰਘ ਦੀ ਲੱਗੀ ਸੀ ਜਿਹੜਾ ਏਸ ਦਾ ਵੱਡਾ ਲਾਭ ਪਾਤਰ ਵੀ ਬਣਿਆ। ਓਸ ਨੇ ਮੈਨੂੰ ਇੱਕ ਵਾਰ, ਆਪਣੀ ਜਾਤ ਪ੍ਰਧਾਨ ਸੋਚ ਨੂੰ ਨੰਗਾ ਕਰਦਿਆਂ, ਨਿਰੰਕਾਰੀ ਕਤਲ ਦੇ ਸਿਲਸਿਲੇ ਵਿੱਚ ਆਖਿਆ,”ਸਾਰੇ ਕਾਰਨਾਮੇ ਤਾਂ ਤਖਾਣ (ਰਾਮਗੜ੍ਹੀਏ) ਕਰ ਰਹੇ ਹਨ। ਜੱਟ ਐਵੇਂ ਵਾਹ ਵਾਹ ਖੱਟੀ ਜਾਂਦੇ ਹਨ।” ਏਸੇ ਤਰ੍ਹਾਂ ਓਸ ਦੇ ਪ੍ਰਮੁੱਖ ਸਹਿਯੋਗੀ ਗਿਅਨੀ ੁਰਦਿੱਤ ਸਿੱਘ ਨੇ ਦਸ ਕੁ ਬੰਦਿਆਂ ਵਿੱਚ ਬੈਠਿਆਂ ਆਖਿਆ,”ਜੇ ਧਰਮਯੁੱਧ ਮੋਰਚਾ ਸਫ਼ਲ ਹੋ ਜਾਂਦਾ ਹੈ ਤਾਂ ਜੱਟਾਂ ਦਾ ਰਾਜ ਆਪਣੇ ਬਲਬੂਤੇ ਆ ਜਾਵੇਗਾ। ਜੇ ਜੱਟ ਕਿਸੇ ਦੀ ਅਧੀਨਗੀ ਨਹੀਂ ਮੰਨਦੇ ਤਾਂ ਅਸੀਂ ਕਿਉਂ ਇਹਨਾਂ ਹੇਠ ਆ ਕੇ ਰਹਿਣਾ ਮੰਨੀਏ।” ਇਹ ਲੰਙੀ-ਲੂਲੀ ਸੋਚ ਸੀ।

ਗਿਣਤੀ ਦੇ ਲਿਹਾਜ਼ ਨਾਲ ਪੰਜਾਬ ਦੇ ਸਿੱਖ ਸਮਾਜ ਵਿੱਚ ਜੱਟਾਂ ਦੀ ਬਹੁਗਿਣਤੀ ਹੈ। ਲੈਨਿਨ ਦੀਆਂ ਲਿਖਤਾਂ ਤੋਂ ਲੈ ਕੇ ਚੀਨ ਦੇ ਲੋਕਯਾਨ ਤੱਕ ਸਭ ਆਖ ਰਹੇ ਹਨ ਕਿ ਧਰਤੀ ਦੇ ਪੁੱਤਾਂ ਵਿੱਚ ਕੁਦਰਤੀ ਸਵੈ-ਭਰੋਸਾ ਅਤੇ ਅਣਖ ਦੀ ਕਣੀ ਹੁੰਦੀ ਹੈ ਜਿਸ ਨੂੰ ਹਰ ਹਾਕਮ ਜਮਾਤ ਹੈਂਕੜ ਆਖ ਕੇ ਪ੍ਰਚਾਰਦੀ ਹੈ। ਪੰਜਾਬ ਦੇ ਜੱਟਾਂ ਦੀ ਇਹ ਕੁਦਰਤੀ ਪ੍ਰਵਿਰਤੀ ਅੰਮ੍ਰਿਤ ਦੇ ਬਾਟੇ ਵਿੱਚ ਇਸ਼ਨਾਨ ਕਰ ਕੇ ਕੁੰਦਨ ਹੋਈ ਹੋਈ ਹੈ। ਏਸ ਨੂੰ ਮਲੀਆਮੇਟ ਕਰਨ ਦੇ ਗੁਰ ਸਮਝਣ ਲਈ ਸਮੇਂ ਦੀਆਂ ਸਰਕਾਰਾਂ ਨੇ ਕਈ ਵਿਦਵਾਨਾਂ ਦੀਆਂ ਸੇਵਾਵਾਂ ਲਈਆਂ। ਮਕਲਾਊਡ ਤਾਂ ਕੱਲ੍ਹ ਹੀ ਹੋ ਗੁਜ਼ਰਿਆ ਹੈ।

ਦੂਜਾ ਤਰੀਕਾ ਜੋ ਸਰਕਾਰ ਹਿੰਦ ਨੇ ਅਪਣਾਇਆ ਉਹ ਸੀ ਉਚੇਰੀਆਂ ਸਰਕਾਰੀ ਕੁਰਸੀਆਂ ਉੱਤੇ ਹਰ ਹੀਲਾ ਵਰਤ ਕੇ ਧਰਤੀ ਪੁੱਤਾਂ ਨੂੰ ਨਾ ਬੈਠਣ ਦੇਣਾ। ਜ਼ੈਲ ਸਿੰਘ, ਦਰਬਾਰਾ ਸਿੰਘ ਦੇ ਰਾਜੱਕਾਲ ਵਿੱਚ ਇਹ ਨੀਤੀ ਸਾਫ਼ ਨਜ਼ਰ ਆਉਂਦੀ ਹੈ। ਸਰਵੋਤਮ ਜਾਣੇ ਜਾਂਦੇ ਅਕਾਦਮਿਕ ਅਤੇ ਹੋਰ ਅਹੁਦਿਆਂ ਉੱਤੇ ਵੀ ਏਹੀ ਨੀਤੀ ਲਾਗੂ ਕੀਤੀ ਗਈ। ਏਸ ਅਧੀਨ ਤਰੱਕੀਆਂ, ਪਦ-ਉੱਨਤੀਆਂ ਹੋਈਆਂ। ਏਸ ਤੱਥ ਵੱਲ ਇਸ਼ਾਰੇ ਕਈ ਕਿਤਾਬਾਂ ਅਤੇ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਵਿੱਚ ਮੌਜੂਦ ਹਨ। ਕਈ ਸੁੱਤੀਆਂ ਜ਼ਮੀਰਾਂ ਵਾਲੇ ਮੀਡੀਆ ਵਿੱਚ ਵੀ ਦਾਖਲ ਕੀਤੇ ਗਏ।

ਪ੍ਰਕਾਸ਼ ਸਿੰਘ ਬਾਦਲ ਦੇ ਅਜੋਕੇ ਰਾਜ ਕਾਲ ਦੌਰਾਨ ਤਾਂ ਥਾਂ-ਥਾਂ ਕਿਸਾਨਾਂ ਉੱਤੇ ਲਾਠੀਚਾਰਜ ਕਰ ਕੇ, ਖਾਸ ਤੌਰ ਉੱਤੇ ਉਹਨਾਂ ਦੀਆਂ ਪੱਗਾਂ ਲਾਹ ਕੇ, ਅਜਿਹੀਆਂ ਕਾਰਵਾਈਆਂ ਦੀਆਂ ਮਾਣ ਨਾਲ ਤਸਵੀਰਾਂ ਛਾਪ ਕੇ ਏਸ ਨੀਤੀ ਦਾ ਖੂਬ ਪ੍ਰਚਾਰ ਕੀਤਾ ਜਾ ਚੁੱਕਾ ਹੈ। ਨਿਸ਼ਾਨਾ ਸਿਰਫ ਸਿੱਖੀ ਦੀ ਅਣਖ ਨੂੰ ਜੱਟ ਦੀ ਹੈਂਕੜ ਦਰਸਾ ਕੇ ਸਹੇੜੇ ਮਾਲਕਾਂ ਦੀ ਭੱਲ ਖੱਟਣ ਦਾ ਹੈ।

ਰਣਜੀਤ ਸਿੰਘ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਏਵੇਂ ਹੀ ਸਭ ਤੋਂ ਸਾਇਸ਼ਤਾ ਅਤੇ ਦਾਨਾ ਇਨਸਾਨ ਸਿਰਦਾਰ ਕਪੂਰ ਸਿੰਘ ਨੂੰ ਉਜੱਡ, ਬਦ-ਕਲਾਮ, ਗੁਸਤਾਖ ਪ੍ਰਚਾਰਨ ਦੀ ਮੁਹਿੰਮ ਵੀ ਕਦੋਂ ਦੀ ਚਾਲੂ ਹੈ। ਹੁਣ ਏਸੇ ਲੜੀ ਵਿੱਚ ਏਸੇ ਸਦੀ ਦੇ ਇੱਕ ਹੋਰ ਸ਼ਿੰਗਾਰ ਹਰਿੰਦਰ ਸਿੰਘ ਮਹਿਬੂਬ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।

ਜਗਦੀਸ਼ ਸਿੰਘ, ਅਵਤਾਰ ਸਿੰਘ ਅਤੇ ਹੋਰਾਂ ਨੂੰ ਆਖਣਾ ਬਣਦਾ ਹੈ ਕਿ ਜੇ ਤੁਹਾਡੇ ਤਰਕ ਦੀ ਨੀਂਹ ਸਦੀਵੀ ਸੱਚ ਉੱਤੇ ਹੈ ਤਾਂ ਦੁਨੀਆਂ ਦੇ ਬੌਧਿਕ ਅਖਾੜੇ ਵਿੱਚ ਬੁਰਕੇ ਲਾਹ ਕੇ ਆਉ। ਸੰਪਰਕ ਵਿੱਚ ਆਉਣ ਵਾਲੇ ਅਭੋਲ ਲੋਕਾਂ ਦੀ ਮਾਨਸਿਕਤਾ ਵਿੱਚ ਗੰਧਲੇ ਪੈਰਾਡਾਈਮ ਬੀਜਣ ਦੇ ਸੁਪਨੇ ਤਿਆਗ ਦਿਉ। ਚੋਰ-ਨੀਤੀਆਂ ਵਿਦਵਾਨਾਂ ਲਈ ਨਹੀਂ ਹੁੰਦੀਆਂ। ਪਰਚੇ ਲਿਖੋ, ਭਰਪੂਰ ਬਹਿਸ ਹੋਣ ਦਿਉ। ਆਪੇ ਤਾਕਤਵਰ ਵਿਚਾਰ ਰਾਮ-ਰੌਲੇ ਵਿੱਚੋਂ ਉੱਭਰ ਕੇ ਮੱਲਾਂ ਮਾਰ ਲੈਣਗੇ ।

ਠੀਕ ਹੋਵੇਗਾ ਕਿ ਤੁਸੀਂ ਵੱਡੇ ਅਕਲ ਲਤੀਫ ਹੋ। ਦੂਜੇ ਪਾਸੇ ਵੀ ਜਾਤ-ਪਾਤ ਨੂੰ ਸਾੜ ਕੇ ਸਵਾਹ ਕਰਨ ਵਾਲੇ ਗੁਰੂ ਕੇ ਕਈ ਨਿਮਾਣੇ ਘਾਹੀ ਤੇ ਝਿਉਰ ਸਿੱਖੀ ਦੇ ਮਹਾਂਯੱਗ ਦੀਆਂ ਨਿੱਘਾਂ ਮਾਣਦੇ ਗੁਰੂ-ਦਰ ਉੱਤੇ ਤਾਇਨਾਤ ਹਨ। ਵਿਦਵਤਾ ਵਿੱਚ ਜੇ ਇਮਾਨਦਾਰੀ ਨਹੀਂ ਤਾਂ ਇਹ ਨਿਰੀ ਨੌਸਰਬਾਜ਼ੀ ਹੈ। ਵਿਚਾਰਾਂ ਦੀ ਕੀਮਤ ਅਦਾ ਕਰਨ ਦੀ ਰੀਤ ਸੁਕਰਾਤ ਦੇ ਸਮੇਂ ਤੋਂ ਪ੍ਰਚੱਲਤ ਹੈ। ਕਿਸੇ ਪੱਖ ਨੂੰ ਏਸ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।

ਸਿੱਖੀ ਸਰੂਪ ਧਾਰ ਕੇ ਅੰਮ੍ਰਿਤ ਦੇ ਬਾਟੇ ਵਿੱਚ ਸਮੁੰਦਰ ਮੰਥਨ ਤੋਂ ਉਪਜਿਆ ਹਲਾਹਲ ਘੋਲਣਾ, ਮਨੁੱਖਤਾ ਨਾਲ ਧ੍ਰੋਹ ਹੈ। ਇਹ ਅਮਲ ਤੁਰੰਤ ਬੰਦ ਹੋਣਾ ਚਾਹੀਦਾ ਹੈ।






from Punjab News - Latest news in Punjabi http://ift.tt/19dd7Y3
thumbnail
About The Author

Web Blog Maintain By RkWebs. for more contact us on rk.rkwebs@gmail.com

0 comments