ਸੁੱਕ ਰਹੀ ਆਸ ਦੀ ਖ਼ੂਹੀ

bhhh ਆਸ ਨਾਲ ਤਾਂ ਅਸੀਂ ਜਿਉਂਦੇ ਹਾਂ, ਸਾਡੀਆਂ ਸਾਂਝਾਂ ਨੂੰ ਬੂਰ ਪੈਂਦਾ ਏ ਅਤੇ ਸਾਡੀਆਂ ਸੰਭਾਵਨਾਵਾਂ ਨੂੰ ਸਫ਼ਲਤਾ ਦੇ ਫਲ ਲੱਗਦੇ ਨੇ।


ਆਸ ਵਿਅਕਤੀ ਦੇ ਜਿਊਣ ਦਾ ਸਭ ਤੋਂ ਸੁੰਦਰ ਸਬੱਬ ਏ। ਜਦ ਅਸੀਂ ਇਸ ਨਾਲ ਆਪਣੇ ਆਪ ਨੂੰ ਵਿਸਥਾਰਦੇ ਹਾਂ ਤਾਂ ਇੱਕ ਜਿਊਣ-ਕਿਰਨ ਸਾਡੇ ਅੰਤਰੀਵ ਵਿਚ ਫੈਲਦੀ, ਅੰਦਰਲਾ ਸੁਖਨ-ਸਰਵਰ ਭਰ ਦਿੰਦੀ ਏ।

ਨਿੱਕੀਆਂ ਆਸਾਂ ਰਲ ਕੇ ਇੱਕ ਸੁਪਨਾ ਬਣ ਜਾਂਦੀਆਂ ਨੇ ਅਤੇ ਅਸੀਂ ਇਸ ਦੀ ਪੂਰਤੀ ਨੂੰ ਆਪਣੇ ਅਹਿਦ ਦਾ ਸਿਰਨਾਵਾਂ ਬਣਾ ਲੈਂਦੇ ਹਾਂ।

ਆਸ ਜਿਊਂਦੀ ਰਹੇ ਤਾਂ ਸਾਹਾਂ ਵਿਚ ਸੰਗੀਤਕ ਸੁਰ ਪੈਂਦਾ ਹੁੰਦੀ ਏ, ਸਾਡੇ ਕਦਮਾਂ ਵਿਚ ਉਤਸ਼ਾਹ ਪਨਪਦਾ ਏ ਅਤੇ ਸਾਨੂੰ ਹੁੰਗਾਰੇ ਪ੍ਰਤੀ ਆਸਵੰਦ ਰਹਿਣ ਦਾ ਬਹਾਨਾ ਮਿਲ ਜਾਂਦਾ ਏ।

ਆਸ ਜਿਊਂਦੀ ਰਹੇ ਤਾਂ ਨਬਜ਼ ਚੱਲਦੀ ਏ, ਸਾਡੇ ਦੀਦੇ ਚੌਗਿਰਦੇ ਵਿਚ ਫੈਲੀ ਸੁੰਦਰਤਾ ਨੂੰ ਮਾਣਦੇ ਨੇ, ਸਾਡੇ ਸੁਹਜ ਸੁਆਦ ਜਿਉਂਦੇ ਨੇ ਅਤੇ ਸਾਡੀ ਜੀਵਨ-ਸ਼ੈਲੀ ਵਿਚ ਭਰਪੂਰਤਾ ਸੰਗ ਜਿਊਣ ਦਾ ਜੋਸ਼ ਆਪੇ ‘ਚ ਨਹੀਂ ਮਿਉਂਦਾ।

ਆਸ ਹੀ ਸਾਡੀ ਸੋਚ-ਧਰਾਤਲ ਨੂੰ ਉਸਾਰਦੀ ਏ, ਸਾਡੀ ਕਰਮ ਸ਼ੈਲੀ ਦਾ ਅਧਾਰ ਬਣਦੀ ਏ ਅਤੇ ਸਾਡੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਦਾ ਸਿਖਰ ਸਿਰਜਣ ਵਿਚ ਵੀ ਅਹਿਮ ਰੋਲ ਅਦਾ ਕਰਦੀ ਏ।

ਆਸ ਮਰ ਜਾਵੇ ਤਾਂ ਬੰਦੇ ਦੇ ਅੰਦਰ ਦਾ ਵਿਅਕਤੀ ਮਰ ਜਾਂਦਾ ਏ। ਸਭ ਤੋਂ ਕਹਿਰਵਾਨ ਹੁੰਦਾ ਏ ਬੰਦੇ ਦੇ ਅੰਦਰ ਦਾ ਮਰ ਜਾਣਾ। ਭਲਾ! ਬੰਦਾ ਕਿੰਨਾ ਕੁ ਚਿਰ ਡਰਨੇ ਵਾਂਗ ਜਿਊਣ ਦਾ ਸਵਾਂਗ ਰਚਾ ਸਕਦਾ ਏ।

ਆਸ ਮਰ ਜਾਵੇ ਤਾਂ ਅੱਖਾਂ ਵਿਚ ਧੁੰਦਲਕਾ ਫੈਲਦਾ ਏ। ਪ੍ਰਦੇਸੀ ਪੁੱਤਾਂ ਦੀਆਂ ਮਾਵਾਂ ਮਹਿਲਾਂ ਵਰਗੇ ਘਰਾਂ ਦੇ ਦਰਾਂ ‘ਤੇ ਬੈਠੀਆਂ ਬੈਠੀਆਂ ਢਲਦੇ ਪਰਛਾਵਿਆਂ ਨੂੰ ਨਿਹਾਰਦੀਆਂ ਨੇ ਅਤੇ ਜਦ ਨਖ਼ਸਮੀ ਸ਼ਾਮ ਬਨੇਰੇ ਤੋਂ ਉਤਰ ਆਵੇ ਤਾਂ ਮਾਂ ਦੀ ਜਿਊਣ-ਆਸઠ ਇੱਕ ਅਕਹਿ ਅਤੇ ਅਸਹਿ ਪੀੜਾ ਬਣ, ਕਈ ਵਾਰ ਦਰਾਂ ‘ਤੇ ਮਾਤਮ ਖੁਣ ਜਾਂਦੀ ਏ। ਖੂੰਡੀ ਆਸਰੇ ਤੁਰਦਿਆਂ ਅਤੇ ਕੰਬਦੇ ਹੱਥਾਂ ਦੀ ਓਟ ਵਿਚ ਰਾਹ ਨਿਹਾਰਦੇ ਧੌਲੀ ਦਾੜ੍ਹੀ ਵਾਲੇ ਬਾਪ ਕੰਨੀਂ ਕਦੇ ਦੇਖਣਾ ਜਿਸਦਾ ਪਰਦੇਸੀ ਪੁੱਤ ਉਸਦੀ ਹਾਕ ਦਾ ਹੁੰਗਾਰਾ ਨਾ ਭਰਦਾ ਹੋਵੇ ਅਤੇ ਉਹ ਪੁੱਤ ਦੀਆਂ ਰਾਹਾਂ ਨਿਹਾਰਨ ਦੀ ਬਜਾਏ ਸਿਵਿਆ ਵੰਨੀ ਜਾਂਦੇ ਰਾਹਾਂ ਨਾਲ ਅਪਣੱਤ ਪਾਲਣ ਲੱਗ ਪਿਆ ਹੋਵੇ। ਅਜੇਹਾ ਸੋਚ ਕੇ ਤੁਹਾਡੇ ਮਨ ‘ਚੋਂ ਇੱਕ ਆਹ ਜ਼ਰੂਰ ਨਿਕਲੇਗੀ। ਇਹ ਹਾਉਕਾ ਬਜ਼ੁਰਗ ਦੀ ਮਰ ਰਹੀ ਆਸ, ਮਰਨ ਲਈ ਤੜਪ ਅਤੇ ਜਿਊਣ ਦੀ ਮੁੱਕ ਰਹੀ ਖ਼ਾਹਿਸ਼ ਦਾ ਹੁੰਦਾ ਏ। ਕਦੇ ਪਤਾ ਕਰਿਓ! ਬੰਦ ਘਰਾਂ ਵਿਚ ਕਿੰਨੇ ਬਜ਼ੁਰਗਾਂ ਦੀ ਆਸ ਦਫ਼ਨ ਏ ਜੋ ਆਪਣਿਆਂ ਨੂੰ ਉਡੀਕਦੇ, ਮੁੱਠ ਕੁ ਰਾਖ ਬਣ ਬੈਠੇ ਅਤੇ ਉਨ੍ਹਾਂ ਦੇ ਸੱਥਰ ‘ਤੇ ਬੈਠਣ ਵਾਲਾ ਵੀ ਕੋਈ ਨਾ ਰਿਹਾ।ઠ

ਆਸ ਮਰ ਜਾਵੇ ਤਾਂ ਮਾਂ-ਬਾਪ ਦੇ ਸੁਪਨਿਆਂ ਦੀ ਪੂਰਤੀ ਕਰਨ ਵਾਲੇ ਕੁੱਝ ਕੁ ਧੀਆਂ-ਪੁੱਤ ਖੁਦਕੁਸ਼ੀਆਂ ਦੇ ਰਾਹ ਤੁਰ ਪੈਂਦੇ ਨੇ, ਕੁੱਝ ਨਸ਼ਿਆਂ ਦੀ ਦਲਦਲ ਵਿਚ ਧੱਸ ਜਾਂਦੇ ਨੇ, ਕੁੱਝ ਮਾਪਿਆਂ ਦਾ ਕਰਜ਼ਾ ਉਤਾਰਨ ਲਈ ਏਜੰਟਾਂ ਦੇ ਢਹੇ ਚੜ ਕਿਸੇ ਸਮੁੰਦਰ ਵਿਚ ਸਦਾ ਲਈ ਸਮਾ ਜਾਂਦੇ ਨੇ ਜਾਂ ਕਿਸੇ ਜੰਗਲ ਵਿਚ ਜਾਂਗਲੀ ਦਰਿੰਦੇ ਦੀ ਭੁੱਖ ਦਾ ਟੁੱਕ ਬਣ ਜਾਂਦੇ ਨੇ। ਯਾਦ ਰੱਖਣਾ! ਚੜ੍ਹਦੀ ਉਮਰੇ ਜਦ ਕਿਸੇ ਦੀ ਆਸ ਆਤਮ-ਹੱਤਿਆ ਕਰਨ ਦੇ ਰਾਹ ਤੁਰ ਪਵੇ ਤਾਂ ਸਾੜ੍ਹਸਤੀ ਆਉਂਦੀ ਏ ਜਿਹੜੀ ਕਈ ਪੀੜ੍ਹੀਆਂ ਨੂੰ ਭੁਗਤਣੀ ਪੈਂਦੀ ਏ।ઠ

ਮੱਥੇ ਵਿਚ ਚਾਨਣ ਦੀ ਕਾਤਰ ਧਰਨ ਦੀ ਆਸ ਉਸ ਵੇਲੇ ਮਰ ਜਾਂਦੀ ਏ ਜਦ ਕਿਸੇ ਜੁਆਕ ਨੂੰ ਦੋ-ਡੰਗ ਦੀ ਰੋਟੀ ਦਾ ਡਰ ਸਤਾਉਣ ਲੱਗ ਪਵੇ ਅਤੇ ਉਹ ਕਿਸੇ ਢਾਬੇ ਤੇ ਭਾਂਡੇ ਧੋਂਦਾ, ਜਗੀਰਦਾਰ ਦੀਆਂ ਛਿੜਕਾਂ ਖਾਂਦਾ ਜਾਂ ਸੇਠ ਦਾ ਛੋਟੂ ਬਣ, ਜ਼ਿੰਦਗੀ ਲਈ ਸ਼ਰਮਸਾਰੀ ਬਣ ਜਾਂਦਾ ਏ। ਜਦ ਇਹ ਜੁਆਕ,ઠ ਸਕੂਲ ਜਾਂਦੇ ਹਮ-ਉਮਰ ਨੂੰ ਤੱਕਦਿਆਂ, ਕੰਧਾਂ ਨਾਲ ਠੁੱਡ ਮਾਰ ਕੇ ਆਪਣੇ ਕੋਮਲ ਪੈਰਾਂ ਨੂੰ ਜ਼ਖਮੀ ਕਰ ਲਵੇ ਤਾਂ ਉਸਦੇ ਮਨ ‘ਚ ਟੁੱਟੀ ਆਸ ਦੇ ਕੱਚੇ ਧਾਗਿਆਂ ‘ਚ ਇੱਕ ਰੋਹ ਪੈਦਾ ਹੁੰਦਾ ਏ। ਪਰ ਉਹ ਬੇਵੱਸ ਹੋ, ਤੰਦੂਆ ਜਾਲ ‘ਚ ਉਲਝਿਆ, ਸਾਰੀ ਉਮਰ ਤਿੜਕੀ ਆਸ ਦੀ ਵਹਿੰਗੀ ਢੋਣ ਜੋਗਾ ਹੀ ਰਹਿ ਜਾਂਦਾ ਏ।

ਆਸ ਦੇ ਜਿਊਂਦਾ ਰਹਿਣਾ ਲਈ ਜ਼ਰੂਰੀ ਏ ਕਿ ਸਾਡੇ ਸਿਰਜੇ ਭਰਮ-ਭੁਲੇਖਿਆਂ ਨੂੰ ਛਲਾਵਾ ਮਿਲਦਾ ਰਹੇ ਤਾਂ ਹੀ ਨਾੜਾਂ ਵਿਚ ਲਹੂ ਦੀ ਧਾਰਾ ਚੱਲਦੀ ਰਹਿੰਦੀ ਏ।

ਜਦ ਕਿਸੇ ਦਰਿਆ ਦੇ ਕੰਢਿਆਂ ਅਤੇ ਪੱਤਣਾਂ ਦੀ ਆਸ ਮਰ ਜਾਵੇ ਤਾਂ ਦਰਿਆ ਦੀ ਹਿੱਕ ‘ਚ ਬਰੇਤੇ ਉਗਦੇ ਨੇ ਜੋ ਧਰਤੀ ਮਾਂ ਨੂੰ ਮਾਰੂਥਲ ਦੀ ਇਬਾਦਤ ਬਣਾ ਦਿੰਦੇ ਨੇ।ઠ ਅਜੇਹੇ ਦਰਿਆਵਾਂ ਦੀ ਤਾਸੀਰ ਵਿਚ ਮੌਤ ਦਾ ਰੰਗ ਹੋਰ ਗੂੜ੍ਹਾ ਹੋ ਜਾਂਦਾ ਏ। ਜਦ ਜੀਵਨ ਦਾਨ ਬਖ਼ਸ਼ਣ ਵਾਲੇ ਪਾਣੀ ਦੀ ਜੀਭਾਂ ‘ਤੇ ਸਿਸਕੀ ਖੁਣ ਦਿੱਤੀ ਜਾਵੇ ਤਾਂ ਉਸਦੀ ਵਿਲਕਣੀ ਨੂੰ ਕੌਣ ਸੁਣਨ ਦਾ ਹੀਆ ਕਰੇਗਾ?

ਜਦ ਕਿਸੇ ਆਲ੍ਹਣੇ ਵਿਚ ਪਰਿੰਦਿਆਂ ਦੀ ਗੁਟਕਣੀ ਅਤੇ ਬੋਟਾਂ ਦੀ ਚੀਂ-ਚੀਂ ਦੀ ਸੁਲਗ ਆਸ ਮਰ ਜਾਵੇ ਤਾਂ ਆਲ੍ਹਣਾ ਤੀਲਾ-ਤੀਲਾ ਹੋ, ਆਪਣੀ ਹੋਂਦ ਹਵਾ ‘ਚ ਗਵਾ ਬਹਿੰਦਾ ਏ ਅਤੇ ਫਿਰ ਇਹ ਤੀਲੇ ਕਿਸੇ ਉਜਾੜ ਦੀ ਤਸਦੀਕ ਬਣ ਜਾਂਦੇ ਨੇ।

ਜਦ ਕਿਸੇ ਬਿਰਖ ਦੀ ਫਲਾਂ ਅਤੇ ਫੁੱਲਾਂ ਦੀ ਆਸ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਪੱਤੇ ਵੀ ਬਿਰਖ਼ ਨਾਲੋਂ ਸਾਂਝ ਤੋੜ ਲੈਂਦੇ ਨੇ ਅਤੇ ਹੌਲੀ ਹੌਲੀ ਇਹ ਪੱਤਹੀਣ ਅਤੇ ਸੱਤਹੀਣ ਬਿਰਖ, ਬਾਂਹਾਂ ਫੈਲਾਈ ਸਭ ਦੀਆਂ ਖੈਰਾਂ ਮੰਗਦਿਆਂ ਵੀ, ਆਪਣੀ ਮੌਤ ਦੀ ਦੁਆ ਕਰਨ ਲੱਗ ਪੈਂਦਾ ਏ।

ਜਦ ਕਿਸੇ ਕੁੱਲੀ ਦੇ ਕੱਖ-ਕਾਨਿਆਂ ‘ਚ ਕਹਿਰ, ਕੁਕਰਮ, ਕਤਲ ਅਤੇ ਬੇਬਸੀ ਉੱਗ ਪਵੇ ਤਾਂ ਕੱਖਾਂ ਦੀ ਕੁੱਲੀ ਵਿਚ ਅੱਗ ਸਿੰਮਦੀ ਏ ਅਤੇ ਇਹ ਚੌਗਿਰਦੇ ਵਿਚ ਤਬਾਹੀ ਮਚਾ ਦਿੰਦੀ ਏ।ઠ

ਇਹ ਕੇਹੀ ਤਰਾਸਦੀ ਏ ਕਿ ਕਦਰਾਂ-ਕੀਮਤਾਂ ਸੰਗ ਲਿਪਟੀ ਆਸ ਮਰਨਹਾਰੀ ਹੋ, ਆਪਣਾ ਤਾਬੂਤ ਤਿਆਰ ਕਰਨ ‘ਚ ਰੁੱਝ ਗਈ ਏ। ਹਰ ਵਸਤ, ਸਰੋਤ ਅਤੇ ਮਨੁੱਖ ‘ਤੇ ਕਾਬਜ਼ ਹੋਣ ਦੀ ਆਸ ਨੇ ਹੈਵਾਨੀਅਤ ਦਾ ਰੂਪ ਧਾਰ ਕੇ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਏ। ਦੇਖਣਾ ਤਾਂ ਹੁਣ ਇਹ ਹੈ ਕਿ ਅਜੇਹੀ ਆਸ ਦੇ ਜ਼ਰਜ਼ਰੇਪਣ ‘ਤੇ ਕਿੰਨਾ ਕੁ ਚਿਰ ਅਸੀਂ ਭਾੜੇ ਦੀ ਜ਼ਿੰਦਗੀ ਜੀਵਾਂਗੇ?

ਪਤਾ ਤਾਂ ਕਰਨਾ ਹੀ ਪੈਣਾ ਏ ਕਿ ਕੌਣ ਨੇ ਉਹ ਲੋਕ ਜਿਨ੍ਹਾਂ ਨੇ ਆਸ ਦੀ ਖੂਹੀ ਨੂੰ ਸੁੱਕਣੇ ਪਾਇਆ ਏ। ਇਸਦਾ ਖਾਰਾਪਣ ਸਾਡੀ ਸਮੁੱਚੀ ਸੋਚ ਦਾ ਹਿੱਸਾ ਬਣ ਕੇ ਸਾਡੀਆਂ ਰਗਾਂ ਅਤੇ ਕਰਮ ਸ਼ੈਲੀ ਵਿਚ ਸਮਾ ਚੁੱਕਾ ਹੈ। ਸਮਾਜਿਕ ਅਧੋਗਤੀ ਨੇ ਸਾਡੇ ਪਰਿਵਾਰਕ ਸਬੰਧਾਂ ਨੂੰ ਕੱਲਰਾਠਾ ਕਰ ਦਿੱਤਾ ਏ ਜਿਸਨੇ ਰਿਸ਼ਤਿਆਂ ਦੇ ਨਾਮ ਇੱਕ ਟੁੱਟ-ਭੱਜ ਕੀਤੀ ਏ।ઠ

ਬੱਚਿਆਂ ਨੂੰ ਉੱਚਿਆਂ ਮਰਤਬਿਆਂ ‘ਤੇ ਪਹੁੰਚਾ ਕੇ, ਇੱਕ ਸੁਖਦ ਜੀਵਨ ਜਿਊਣ ਦੀ ਆਸ ਜਦ ਸਾਹਾਂ ਤੋਂ ਆਤੁਰ ਹੋ ਜਾਵੇ ਤਾਂ ਮਾਪੇ ਔਲਾਦ ਨੂੰ ਕੀ ਕਹਿਣ? ਕਿੰਝ ਉਹ ਰੁੱਸੇ ਸਾਹਾਂ ਨੂੰ ਆਪਣਾ ਕਹਿਣ ਅਤੇ ਵਿਲਕਦੇ ਸਾਹਾਂ ਸੰਗ ਆਹਾਂ ਦੀ ਤਾਮੀਰਦਾਰੀ ਕਰਨ। ਉਨ੍ਹਾਂ ਨੂੰ ਜਿਊਣ ਨਾਲੋਂ ਮਰਨਾ ਬਿਹਤਰ ਜਾਪਣ ਲੱਗਦਾ ਏ।

ਹਰ ਰਿਸ਼ਤਾ, ਸਬੰਧ ਜਾਂ ਨੇੜਤਾ ਇੱਕ ਆਸ ‘ਤੇ ਨਿਰਭਰ ਕਰਦੀ ਏ ਅਤੇ ਜਦ ਇਸ ਆਸ ਦੀ ਵੱਖੀ ਵਿਚ ਕੋਈ ਖ਼ੰਜਰ ਖੋਭਦਾ ਏ ਤਾਂ ਦਮ ਤੋੜਦੀ ਆਸ ਦੀਆਂ ਅੱਖਾਂ ‘ਚ ਕੌਣ ਝਾਕ ਸਕਦਾ ਏ? ਅਜੇਹਾ ਹਰ ਰਿਸ਼ਤੇ ਵਿਚ ਵਾਪਰ ਰਿਹਾ ਏ ਅਤੇ ਹਰ ਕੋਈ ਆਸਵੰਦ ਸੋਚ ਤੋਂ ਵਿਰਵਾ, ਆਪਣੇ ਆਪ ਨੂੰ ਨਿੱਜ ਤੱਕ ਸੀਮਤ ਕਰਕੇ ਜਿਊਣ ਦਾ ਪਾਖੰਡ ਕਰ ਰਿਹਾ ਹੈ। ਸਾਡੇ ਪੁਰਖਿਆਂ ਦੀ ਸੋਚ ਅਤੇ ਜਿਊਣ-ਜੁਗਤ ਨੇ ਬੜੇ ਮੋਹ ਅਤੇ ਅਪਣੱਤ ਨਾਲ, ਆਸ ਦੀ ਪਿਉਂਦ ਆਪਣੀਆਂ ਨਸਲਾਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਸੀਂ ਕੇਹੇ ਨਾ-ਸ਼ੂਕਰੇ ਹਾਂ ਕਿ ਬਜ਼ੁਰਗਾਂ ਦੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਹੋ, ਆਪਣੇ ਆਪ ‘ਚ ਇੱਕ ਸਾਜਸ਼ੀ ਸੰਸਾਰ ਸਿਰਜ ਬੈਠੇ ਹਾਂ। ਆਸ ਦੀ ਖੂਹੀ ਦਾ ਮਿੱਠੜਾ ਪਾਣੀ, ਸਾਡੀਆਂ ਮਾਨਵੀ ਸੋਚਾਂ ਦਾ ਹਾਣੀ, ਇਸਨੇ ਤਾਂ ਸਦੀਆਂ ਤੱਕ ਮਨੁੱਖਤਾ ਦੀ ਪਿਆਸ ਸੀ ਬੁਝਾਣੀ ਅਤੇ ਪਰ ਫਿਰ ਵੀ ਪਤਾ ਨਹੀਂ ਕਿਉਂ ਇਸਨੇ ਅਕੱਥ ਕਹਾਣੀ, ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਨਹੀਂ ਸੁਣਾਉਣੀ।

ਆਸ ਦੀ ਖੂਹੀ ਦੀ ਮੌਣ ‘ਤੇ ਬੈਠੇ ਨੇ ਉਹ ਲੋਕ ਜੋ ਸਰਬੱਤ ਦੇ ਭਲੇ ਦਾ ਵਾਸਤਾ ਪਾਉਂਦੇ, ਕਿਸੇ ਦੁੱਖਦ ਸਾਹ ਲਈ ਮਰਹਮ ਦਾ ਫੇਹਾ ਟਿਕਾਉਂਦੇ, ਕਿਸੇ ਵਿਲਕਦੀ ਬਾਲੜੀ ਨੂੰ ਗੱਲ ਨਾਲ ਲਾਉਂਦੇ ਅਤੇ ਉਸਦੀ ਤਲੀ ‘ਤੇ ਆਸ ਦੀ ਮਹਿੰਦੀ ਲਾਉਂਦੇ ਨੇ।

ਆਸ ਦੀ ਖੂਹੀ ‘ਤੇ ਇੱਕ ਭਰਿਆ ਮੇਲਾ। ਇਸਦੇ ਹਰੇਕ ਰੰਗ ਵਿਚ ਜਿਊਣ ਦਾ ਸਬੱਬ। ਯੁਗ ਜਿਊਣ ਦੀਆਂ ਅਰਦਾਸਾਂ ਵੀ ਅਤੇ ਮਾਤਮ ਮਨਾ ਰਹੀਆਂ ਆਸਾਂ ਵੀ। ਪਰ ਅਸੀਂ ਇਹ ਦੇਖਣਾ ਏ ਕਿ ਕਿੰਨਾ ਕੁ ਚਿਰ ਅਸੀਸਾਂ ਵੰਡਦੇ ਹੱਥਾਂ ਵਿਚ ਅਸ਼ੀਰਵਾਦ ਅਤੇ ਦੁਆ ਜਿਊਂਦੀ ਰਹੇ ਅਤੇ ਉਹ ਬਰਕਤਾਂ ਦਾ ਅਸੀਮਤ ਭੰਡਾਰ ઠਲੁਟਾਉਂਦੇ ਰਹਿਣ।

ਜਦ ਕਿਸੇ ਨੂੰ ਆਸ ਅਤੇ ਅਰਦਾਸ ਤੋਂ ਹੀ ਵਿਰਵਾ ਕਰ ਦਿੱਤਾ ਜਾਵੇ ਤਾਂ ਉਸਦੀ ਮਾਨਸਿਕਤਾ ਵਿਚ ਇੱਕ ਰਸਾਤਲ ਪੈਦਾ ਹੁੰਦੀ ਏ ਜਿਹੜੀ ਜੀਵਨ-ਕੁੰਭੀ ਨਰਕ ਬਣ ਕੇ ਸੁਪਨਿਆਂ ਲਈ ਸਰਾਪ ਬਣ ਬਹਿੰਦੀ ਏ। ਲੋੜ ਏ ਕਿ ਗ਼ਰਕਣੀ ਤੋਂ ਪਹਿਲਾਂ ਕਿਸੇ ਦੀ ਬਾਂਹ ਪਕੜਨ ਦਾ ਉਜ਼ਰ ਤਾਂ ਕਰੀਏ। ਕਦੇ ਕਦਾਈਂ ਭੁੱਖੇ ਪੇਟ ਲਈ ਟੁੱਕ ਦੀ ਧਰਵਾਸ, ਗਿਆਨ ਵਿਹੂਣਿਆਂ ਦੇ ਮਸਤਕ ਵਿਚઠ ਚਾਨਣ ਦੀ ਕਾਤਰ ਦੀ ਆਸ, ਆਪਣੇ ਪੁੱਤ ਦੇ ਸ਼ਗਨ ਮਨਾਉਣ ਲਈ ਉਡੀਕਾਂ ਕਰਦੀ ਮਾਂ ਦੀ ਆਸ ਦੀ ਹਟਕੋਰੇ ਭਰਦੀ ਮੋਮਬੱਤੀ, ਪ੍ਰਦੇਸ ‘ਚ ਬੈਠੇ ਪਤੀ ਦੀਆਂ ਸੁੱਖਣਾ ਸੁੱਖਦੀ ਅਤੇ ਉਸਦੀ ਮਿੱਠੜੀ ਯਾਦ ਦੀ ਆਰਤੀ ਉਤਾਰਦੀ ਪਤਨੀ ਦੇ ਨੈਣਾਂ ਵਿਚ ਸੰਜੋਏ ਸਪੁਨਿਆਂ ਦੀ ਵਰਨਮਾਲਾ, ਆਪਣੀ ਧੀ ਦੀਆਂ ਰੀਝਾਂ ਦੀ ਪੂਰਤੀ ਲਈ ਉੱਸਲਵੱਟੇ ਲੈਂਦੀ ਮਾਂ ਦੀ ਆਸਵੰਦ ਅਰਦਾਸ, ਆਪਣੇ ਪਿੰਡ ਦੀ ਕੱਸੀ ‘ਤੇ ਬੈਠੇ ਬਾਪ ਦੇ ਨੈਣਾਂ ਵਿਚ ਆਪਣੇ ਪ੍ਰਦੇਸੀ ਪੁੱਤ ਦਾ ਬੁਢਾਪੇ ਵਿਚ ਡੰਗੋਰੀ ਬਣਨ ਦਾ ਅਕੱਥ ਸੁਪਨਾ, ਦਾਦਾ-ਦਾਦੀ ਦੀ ਆਪਣੇ ਪੋਤੇ-ਪੋਤਰੀਆਂ ਨਾਲ ਖੇਡਣ ਦੀ ਕਾਮਨਾ, ਆਪਣੇ ਪਿੰਡ ਨੂੰ ਸਿੱਜਦਾ ਕਰਨ ਦੀ ਪ੍ਰਦੇਸੀ ਪੁੱਤ ਦੀ ਚਾਹਨਾਂ, ਗਰਾਂ ਵਿਚ ਹਮਜੋਲੀਆਂ ਸੰਗ ਬਿਤਾਏ ਪਿਆਰੇ ਦਿਨਾਂ ਦੇ ਪਰਤ ਆਉਣ ਦੀ ਤਮੰਨਾ ਨਾਲ ਪਿੰਡ ਦੇ ਪੁੱਤ ਦਾ ਵਿਸਮਾਦ, ਵਿਦੇਸ਼ ਵਿਚ ਰਹਿੰਦਿਆਂ ਪੀਰਾਂ ਦੀ ਜਗ੍ਹਾ ‘ਤੇ ਪੂਰਨ ਆਸਥਾ ਦਾ ਮਨ ਹੀ ਮਨ ਪ੍ਰਗਟਾਅ,ઠ ਪਿਆਰੇ ਸੰਗ ਕਿਸੇ ਰਾਂਗਲੀ ਘਟਨਾ ਨੂੰ ਦੁਹਰਾਉਣ ਦਾ ਵੇਗ, ਆਦਿ ਦੀ ਮਨ ਦੇ ਬੂਹੇ ‘ਤੇ ਪੋਲੀ ਪੋਲੀ ਦਸਤਕ ਨੂੰ ਜ਼ਰੂਰ ਸੁਣਿਆ ਕਰੋ। ઠਤੁਹਾਡੀ ਸੰਵੇਦਨਾ, ਤੁਹਾਡੇ ਬਲਿਹਾਰੇ ਜਾਵੇਗੀ ਅਤੇ ਤੁਹਾਡੇ ਬੋਲਾਂ ਤੇ ਹਰਫ਼ਾਂ ਵਿਚ ਹਰ ਪਲ ਮਾਣਨ ਅਤੇ ਯੁੱਗ ਜਿਊਣ ਦੀ ਅਸੀਸ ਸਦਾ ਚਿਰੰਜੀਵ ਰਹੇਗੀ।






from Punjab News - Latest news in Punjabi http://ift.tt/1wwuBso
thumbnail
About The Author

Web Blog Maintain By RkWebs. for more contact us on rk.rkwebs@gmail.com

0 comments