ਪਟਿਆਲਾ, 16 ਮਾਰਚ : ਕਾਂਗਰਸ ਦੀ ਕੈਪਟਨ ਸਰਕਾਰ ਵਿੱਚ ਅੱਜ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਚਾਰ ਆਗੂਆਂ ਨੂੰ ਪ੍ਰਤੀਨਿਧਤਾ ਮਿਲੀ ਹੈ| ਇਨ੍ਹਾਂ ਵਿੱਚੋਂ ਦੋ ਦੀ ਰਿਹਾਇਸ਼ ਬਿਲਕੁਲ ਆਹਮੋ-ਸਾਹਮਣੇ ਹੈ| ਮੰਤਰੀ ਮੰਡਲ ਵਿੱਚ ਸੀਨੀਅਰ ਵਿਧਾਇਕ ਵਜੋਂ ਪਹਿਲੇ ਨੰਬਰ ’ਤੇ ਸ਼ਾਮਲ ਕੀਤੇ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਦੇ ਬਿਲਕੁਲ ਸਾਹਮਣੇ ਹੈ|
ਇਸੇ ਦੌਰਾਨ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਸਾਧੂ ਸਿੰੰਘ ਧਰਮਸੋਤ ਦਾ ਹਲਕਾ ਨਾਭਾ ਪਟਿਆਲਾ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਕੈਪਟਨ ਵਜ਼ਾਰਤ ਦੇ ਇੱਕ ਹੋਰ ਅਹਿਮ ਚਿਹਰੇ ਨਵਜੋਤ ਸਿੰਘ ਸਿੱਧੂ ਦਾ ਸਬੰਧ ਵੀ ਪਟਿਆਲਾ ਨਾਲ ਹੀ ਹੈ। ਉਹ ਇੱਥੋਂ ਦੇ ਮੂਲ ਵਾਸੀ ਹਨ। ਇਸੇ ਤਰ੍ਹਾਂ ਪਹਿਲੀ ਵਾਰ ਚੋਣ ਲੜ ਕੇ ਸਮਾਣਾ ਤੋਂ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਰਾ ਕੇ ਕਾਂਗਰਸ ਦੇ ਵਿਧਾਇਕ ਬਣੇ ਲਾਲ ਸਿੰਘ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਦੀ ਰਿਹਾਇਸ਼ ਵੀ ਇੱਥੇ ਫੁਹਾਰਾ ਚੌਕ ਨਜ਼ਦੀਕ ਹੀ ਹੈ| ਉਧਰ, ਰਾਜਪੁਰਾ ਹਲਕੇ ਤੋਂ ਦੂਜੀ ਵਾਰ ਭਾਰੀ ਬਹੁਮਤ ਨਾਲ ਜੇਤੂ ਰਹੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਪੱਕੀ ਤੇ ਆਲੀਸ਼ਾਨ ਰਿਹਾਇਸ਼ ਵੀ ਕੈਪਟਨ ਦੇ ਮਹਿਲ ਦੇ ਪਛਵਾੜੇ ਸਥਿਤ ਰੋਜ਼ ਐਵੀਨਿਊ ਵਿੱਚ ਹੈ, ਜਦੋਂਕਿ ਪਹਿਲਾਂ ਸੰਗਰੂਰ ਦੇ ਸੰਸਦ ਮੈਂਬਰ ਰਹੇ ਅਤੇ ਹੁਣ ਕਾਂਗਰਸ ਉਮੀਦਵਾਰ ਵਜੋਂ ਸੰਗਰੂਰ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਵਿਜੈ ਇੰਦਰ ਸਿੰਗਲਾ ਦੀ ਪੱਕੀ ਰਿਹਾਇਸ਼ ਵੀ ਇੱਥੇ ਸਮਾਣੀਆ ਗੇਟ ਵਾਲੇ ਇਲਾਕੇ ਵਿੱਚ ਹੈ|
ਅਖ਼ਿਲੇਸ਼ ਦੇ ਦੂਤ ਵਜੋਂ ਸ਼ਾਮਲ ਹੋਏ ਰਾਮੂਵਾਲੀਆ
ਚੰਡੀਗੜ੍ਹ: ਉੱਤਰ ਪ੍ਰਦੇਸ਼ ਦੀ ਕਾਰਜਵਾਹਕ ਸਰਕਾਰ ’ਚ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਅਖ਼ਿਲੇਸ਼ ਯਾਦਵ ਦੇ ਦੂਤ ਵਜੋਂ ਸ਼ਾਮਲ ਹੋਏ ਹਨ। ਸਿਆਸੀ ਹਲਕਿਆਂ ਵਿੱਚ ਰਾਮੂਵਾਲੀਆ ਦੀ ਸਮਾਗਮ ’ਚ ਸ਼ਮੂਲੀਅਤ ਨੂੰ ਅਹਿਮ ਸਮਝਿਆ ਜਾ ਰਿਹਾ ਹੈ। ਪੰਜਾਬ ਦੀਆਂ ਫਰਵਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਮਾਜਵਾਦੀ ਪਰਟੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕੀਤੀ ਸੀ ਅਤੇ ਪਾਰਲੀਮੈਂਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਵਿੱਚ ਇਹ ਨੇੜਤਾ ਹੋਰ ਵਧਣ ਦੇ ਸੰਕੇਤ ਹਨ। ਰਾਮੂਵਾਲੀਆ ਪੰਜਾਬ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਵੀ ਰਹੇ ਹਨ।
from Punjab News – Latest news in Punjabi http://ift.tt/2ntv4fT

0 comments