ਜਲੰਧਰ, 16 ਮਾਰਚ : ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਗਰੇਜ਼ੀ ਵਿੱਚ ਸਹੁੰ ਚੁੱਕਣ ’ਤੇ ਪੰਜਾਬੀ ਪ੍ਰੇਮੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਦੀ ਅਗਵਾਈ ਹੇਠ ਬਣੀ ਕਾਂਗਰਸ ਦੀ ਸਰਕਾਰ ਤੋਂ ਪੰਜਾਬ ਤੇ ਪੰਜਾਬੀ ਪ੍ਰਤੀ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਨਵੀਂ ਬਣੀ ਵਜ਼ਾਰਤ ਵਿੱਚ ਦੋ ਹੋਰ ਮੰਤਰੀਆਂ ਨੇ ਵੀ ਅੰਗਰੇਜ਼ੀ ਤੇ ਹਿੰਦੀ ਵਿੱਚ ਸਹੁੰ ਚੁੱਕੀ ਹੈ, ਜਿਸ ਬਾਰੇ ਪੰਜਾਬੀ ਵਿਦਵਾਨਾਂ ਨੇ ਹਿਰਖ ਕੀਤਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਦੋ ਹੋਰ ਸਾਥੀ ਮੰਤਰੀਆਂ ਵੱਲੋਂ ਪੰਜਾਬੀ ਨੂੰ ਅਣਗੌਲਿਆਂ ਕਰਕੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਸਹੁੰ ਚੁੱਕਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕ ਕੇ ਇਹ ਸੰਕੇਤ ਦੇ ਦਿੱਤੇ ਹਨ ਕਿ ਉਨ੍ਹਾਂ ਦੀ ਸਰਕਾਰ ਦੀ ਕੋਈ ਰਾਜਨੀਤਕ ਇੱਛਾ ਨਹੀਂ ਹੈ ਕਿ ਉਹ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੋਈ ਏਜੰਡਾ ਉਲੀਕਣਗੇ।
ਸਾਹਿਤ ਅਕੈਡਮੀ ਐਵਾਰਡ ਨਾਲ ਸਨਮਾਨਤ ਪੰਜਾਬੀ ਸਾਹਿਤਕਾਰ ਵਰਿਆਮ ਸੰਧੂ ਨੇ ਕਿਹਾ ਕਿ ਉਸ ਨੂੰ ਰਾਜੇ ਤੋਂ ਕੋਈ ਆਸ ਨਹੀਂ ਕਿ ਉਹ ਮਾਂ ਬੋਲੀ ਪੰਜਾਬੀ ਲਈ ਕੁਝ ਕਰਨਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਦੇ ਸਾਬਕਾ ਡੀਨ ਡਾ. ਕਮਲੇਸ਼ ਸਿੰਘ ਦੁੱਗਲ ਨੇ ਕਿਹਾ ਕਿ ਸਹੁੰ ਭਾਵੇਂ ਕਿਸੇ ਵੀ ਜ਼ੁਬਾਨ ਵਿਚ ਚੁੱਕੇ ਜਾਣ ਦੀ ਆਜ਼ਾਦੀ ਹੈ ਪਰ ਜੇਕਰ ਮਾਂ ਬੋਲੀ ਵਿੱਚ ਸਹੁੰ ਚੁੱਕੀ ਜਾਂਦੀ ਹੈ ਤਾਂ ਇਸ ਦਾ ਸਪੱਸ਼ਟ ਸੰਕੇਤ ਅਫਸਰਸ਼ਾਹੀ ਨੂੰ ਚਲਿਆ ਜਾਂਦਾ ਹੈ ਕਿ ਸੂਬੇ ਦਾ ਮੁੱਖ ਮੰਤਰੀ ਕੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਪ ਪੰਜਾਬ ਵਿਚ ਸੱਤਾ ਹਾਸਲ ਨਹੀਂ ਕਰ ਸਕੀ ਪਰ ਕੇਜਰੀਵਾਲ ਨੇ ਇਸ ਉਮੀਦ ਨਾਲ ਪੰਜਾਬੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਪੰਜਾਬ ਨੂੰ ਭਾਸ਼ਾ ਪੱਖੋਂ ਬੇਹਤਰ ਸੂਬਾ ਬਣਾਉਣਾ ਹੈ।
from Punjab News – Latest news in Punjabi http://ift.tt/2myoOyz

0 comments