Tuesday, August 23, 2016

ਅਕਾਲੀ ਆਗੂਆਂ ਨੇ ਅਰਧ ਸ਼ਤਾਬਦੀ ਸਮਾਗਮਾਂ ਸਣੇ ਪੰਥਕ ਮਸਲਿਆਂ ਸਬੰਧੀ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਹੀ ਹੇਠ ਇੱਕ ਵੱਫ਼ਦ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਸਿੱਖ ਮਸਲਿਆਂ ਨੂੰ ਲੈ ਕੇ ਮੁਲਾਕਾਤ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ’ਚ ਆਉਣ ਦਾ ਸੱਦਾ ਦਿੰਦੇ ਹੋਏ ਵੱਫ਼ਦ ਨੇ ਗ੍ਰਹਿ ਮੰਤਰੀ ਦਾ ਕਾਲੀ ਸੂਚੀ ਵਿਚੋਂ 225 ਨਾਂ ਹਟਾਉਣ ਲਈ ਧੰਨਵਾਦ ਵੀ ਕੀਤਾ। ਵੱਫ਼ਦ ਵਿਚ ਰਾਜਸਭਾ ਮੈਂਬਰ ਬਲਦੇਵ ਸਿੰਘ ਭੁੰਦੜ, ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਮੌਜੂਦ ਸਨ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ’ਤੇ ਸਰਕਾਰ ਵੱਲੋਂ ਮਨਾਉਣ ਦੇ ਕੀਤੇ ਗਏ ਐਲਾਨ ਦਾ ਵੀ ਵੱਫ਼ਦ ਨੇ ਸਵਾਗਤ ਕੀਤਾ। ਵੱਫ਼ਦ ਨੇ ਇਸ ਸੰਬੰਧ ਵਿਚ ਸਰਕਾਰ ਵੱਲੋਂ ਐਲਾਨੇ ਗਏ 100 ਕਰੋੜ ਰੁਪਏ ਦੇ ਫੰਡ ਨੂੰ ਨੋਡਲ ਸਟੇਟ ਦੇ ਤੌਰ ਤੇ ਪੰਜਾਬ ਸਰਕਾਰ ਨੂੰ ਦੇਣ ਦੀ ਵੀ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਆਪਣੇ ਸ਼ਰੋਤਾ ਤੋਂ ਗੁਰੂ ਸਾਹਿਬ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਵਾਸਤੇ 100 ਕਰੋੜ ਰੁਪਏ ਰਾਖਵੇਂ ਰੱਖਣ ਦੀ ਵੀ ਵੱਫ਼ਦ ਨੇ ਗ੍ਰਹਿ ਮੰਤਰੀ ਨੂੰ ਜਾਣਕਾਰੀ ਦਿੱਤੀ। ਪਟਨਾ ਸਾਹਿਬ ਸ਼ਹਿਰ ਵਿਖੇ ਆਵਾਜਾਹੀ ਨੂੰ ਸੁਖਾਵਾ ਬਣਾਉਣ ਲਈ ਗੰਗਾ ਨਦੀ ਕੰਡੇ ਐਲੀਵੇਟਿਡ ਰੋਡ ਦੀ ਉਸਾਰੀ ਦੀ ਤਜਵੀਜ਼ ਕਰਨ ਦੇ ਨਾਲ ਹੀ ਵੱਫ਼ਦ ਨੇ ਇਸ ਸੰਬੰਧੀ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਿਹਾਰ ਦੇ ਮੁਖਮੰਤਰੀ ਨੀਤੀਸ਼ ਕੁਮਾਰ ਅਤੇ ਕੇਂਦਰੀ ਆਵਾਜਾਹੀ ਮੰਤਰੀ ਨਿਤਿਨ ਗਡਕਰੀ ਨਾਲ ਹੋਈ ਮੁਲਾਕਾਤ ਦਾ ਵੀ ਹਵਾਲਾ ਦਿੱਤਾ।

ਸਾਬਕਾ ਕੇਂਦਰੀ ਰੱਖਿਆ ਮੰਤਰੀ ਜਾਰਜ਼ ਫਰਨਾਡੀਜ਼ ਵੱਲੋਂ 1999 ਵਿਚ 300 ਸਾਲਾ ਖਾਲਸਾ ਸਿਰਜਨਾ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ‘‘ਆਰਮੀ ਅਫਸਰ ਟ੍ਰੇਨਿੰਗ ਐਕਾਡਮੀ’’ ਸਥਾਪਿਤ ਕਰਨ ਦੇ ਕੀਤੇ ਗਏ ਐਲਾਨ ਨੂੰ ਵੀ ਸਰਕਾਰ ਵੱਲੋਂ ਇਨ੍ਹਾਂ ਅਰਧ ਸ਼ਤਾਬਦੀ ਸਮਾਗਮਾਂ ਦੌਰਾਨ ਪੂਰਾ ਕਰਨ ਦੀ ਵੀ ਵੱਫ਼ਦ ਨੇ ਮੰਗ ਕੀਤੀ। ਪੰਜਾਬ ਸਰਕਾਰ ਵੱਲੋਂ ਸ੍ਰੀ ਅੰਨਦਪੁਰ ਸਾਹਿਬ ਵਿਖੇ ਫੌਜ ਵਿਚ ਭਰਤੀ ਲਈ ਪੰਜਾਬੀਆਂ ਨੂੰ ਤਿਆਰ ਕਰਨ ਲਈ ਖੋਲੀ ਗਈ ਦਸ਼ਮੇਸ਼ ਐਕਾਡਮੀ ਦਾ ਹਵਾਲਾ ਦਿੰਦੇ ਹੋਏ ਵੱਫ਼ਦ ਨੇ ਪੰਜਾਬ ਸਰਕਾਰ ਵੱਲੋਂ ਆਰਮੀ ਅਫਸਰ ਟ੍ਰੇਨਿੰਗ ਐਕਾਡਮੀ ਦੀ ਸਥਾਪਨਾ ਲਈ ਜਮੀਨ ਦੇਣ ਦੀ ਵੀ ਪੇਸ਼ਕਸ਼ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿੱਖ ਇਤਿਹਾਸ ਅਤੇ ਸਿੰਧਾਂਤਾ ਦੀ ਜਾਣਕਾਰੀ ਦੇਣ ਲਈ ਇੱਕ ਚੇਅਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਪਿਤ ਕਰਨ ਨੂੰ ਵੀ ਪ੍ਰਵਾਨਗੀ ਦੇਣ ਦੀ ਵੱਫ਼ਦ ਨੇ ਮੰਗ ਕੀਤੀ।

ਢੀਂਡਸਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨਿਰਪੇਖ, ਜਾਤੀ ਰਹਿਤ ਸਮਾਜ ਅਤੇ ਸਭ ਜਾਤਾਂ ਤੇ ਧਰਮਾਂ ਨੂੰ ਬਰਾਬਰਤਾ ਦਾ ਸੁਨੇਹਾ ਸਮੁੱਚੀ ਲੋਕਾਈ ਨੂੰ ਦਿੰਦੇ ਹੋਏ ਹਮੇਸ਼ਾ ਹੀ ਦੇਸ਼ ਦੀ ਸੁਰੱਖਿਆ ਦੀ ਜਰੂਰਤ ਦੀ ਵਕਾਲਤ ਕੀਤੀ ਸੀ। ਇਸ ਲਈ ਅਰਧ ਸ਼ਤਾਬਦੀ ਸਮਾਗਮਾਂ ਦੌਰਾਨ ਸਿੱਖਾਂ ਦੀਆਂ ਪੁਰਾਣੀਆਂ ਮੰਗਾਂ ਨੂੰ ਮੰਨਣ ਵਾਸਤੇ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ।

ਚੰਦੂਮਾਜ਼ਰਾ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰੰਬਧਕੀ ਬੋਰਡ ਵਿਚ 2 ਸਿੱਖ ਐਮ. ਪੀ. ਬਤੌਰ ਮੈਂਬਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਣ ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਇਸ ਸੰਬੰਧੀ ਛੇਤੀ ਕਾਰਵਾਈ ਕਰਨ ਦੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ। ਚੰਦੂਮਾਜ਼ਰਾ ਨੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਪਰੇਸ਼ਾਨੀਆਂ ਦਾ ਜਿਕਰ ਕਰਦੇ ਹੋਏ ਭਾਰਤੀ ਦੂਤਘਰਾਂ ਦੇ ਉਪ ਦਫ਼ਤਰ ਪੰਜਾਬੀ ਵੱਸੋਂ ਵਾਲੇ ਸ਼ਹਿਰਾਂ ਵਿਚ ਅਮਰੀਕਾ, ਕੈਨੇਡਾ ਅਤੇ ਯੂ. ਕੇ. ਵਿਚ ਖੋਲਣ ਦੀ ਵੀ ਮੰਗ ਕੀਤੀ। ਭੁੰਦੜ ਨੇ ਭਾਰਤ ਤੋਂ ਵਿਦੇਸ਼ਾਂ ਵਿਚ ਜਾ ਕੇ ਪਨਾਹ ਲੈਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਸਿਆਸੀ ਸ਼ਰਣਾਰਥੀ ਮੰਨਣ ਦੇ ਬਜਾਏ ਆਰਥਿਕ ਸ਼ਰਣਾਰਥੀ ਮੰਨਣ ਦਾ ਨਵਾਂ ਕਾਨੂੰਨੀ ਮਸੌਦਾ ਤਿਆਰ ਕਰਨ ਦੀ ਵਕਾਲਤ ਕਰਦੇ ਹੋਏ ਪੰਜਾਬ ਤੋਂ ਬਾਹਰ ਫਸਲਾਂ ਵੱਡਣ ਲਈ ਜਾਂਦੀਆਂ ਕਾਰਬਾਇਨਾਂ ਨੂੰ ਖੇਤੀ ਔਜਾਰ ਹੋਣ ਦੇ ਬਾਵਜੂਦ ਦੂਜੇ ਸੂਬਿਆਂ ਦੀ ਪੁਲਿਸ ਵੱਲੋਂ ਪਰੇਸ਼ਾਨ ਕੀਤੇ ਜਾਣ ਤੋਂ ਰੋਕਣ ਸੰਬੰਧੀ ਜਰੂਰੀ ਦਿਸ਼ਾ ਨਿਰਦੇਸ਼ ਦੇਣ ਦੀ ਜਰੂਰਤ ਤੇ ਵੱਫ਼ਦ ਨੇ ਜੋਰ ਦਿੱਤਾ। ਜੀ. ਕੇ. ਨੇ ਕਾਲੀ ਸੂਚੀ ਵਿਚ ਰਹਿ ਗਏ 73 ਨਾਂਵਾ ਨੂੰ ਤੁਰੰਤ ਹਟਾਉਣ ਅਤੇ ਪੂਰੀ ਸੂਚੀ ਜਨਤਕ ਕਰਨ ਦੀ ਮੰਗ ਕੀਤੀ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/2bgQTVt

No comments:

Post a Comment