ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2014-15 ਤਹਿਤ ਦਸੰਬਰ 2014 ਤੱਕ ਕੁਲ 4210 ਕਰੋੜ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਗਏ ਹਨ ਜਦਕਿ ਇਸ ਸਬੰਧੀ ਟੀਚਾ 3731 ਕਰੋੜ ਰੁਪਏ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲ੍ਹੇ ਦੀ ਲੀਡ ਬੈਂਕ ਵੱਲੋਂ ਵੱਖ-ਵੱਖ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਜਾ ਯੋਜਨਾ ਸਾਲ 2014-15 ਦੌਰਾਨ ਦਿੱਤੇ ਗਏ ਕੁਲ 4210 ਕਰੋੜ ਰੁਪਏ ਦੇ ਕਰਜਿਆਂ ਵਿੱਚੋਂ ਪ੍ਰਾਥਮਿਕਤਾ ਸੈਕਟਰ ਤਹਿਤ 3933 ਕਰੋੜ ਰੁਪਏ ਦੇ ਕਰਜੇ ਅਤੇ ਗੈਰ ਪ੍ਰਾਥਮਿਕਤਾ ਸੈਕਟਰ ਵਿੱਚ 277 ਕਰੋੜ ਰੁਪਏ ਦੇ ਕਰਜੇ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਹੋਰ ਤਫਸੀਲ ਵਿੱਚ ਦੱਸਿਆ ਕਿ ਪ੍ਰਾਥਮਿਕਤਾ ਖੇਤਰ ਵਿੱਚ 2763 ਕਰੋੜ ਰੁਪਏ ਖੇਤੀਬਾੜੀ ਲਈ, 331 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 839 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜੇ ਵਜੋਂ ਦਿੱਤੇ ਗਏ। ਬੈਂਕਾਂ ਨੂੰ ਸੀ.ਡੀ. ਰੇਸ਼ੋ ਵਧਾਉਣ ਲਈ ਜੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਅਤੇ ਖਾਸ ਤੌਰ ਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ ਲੋਕ ਆਰਥਿਕ ਧੰਦੇ ਸ਼ੁਰੂ ਕਰਕੇ ਆਪਣਾ ਜੀਵਨ ਸ਼ੁਰੂ ਕਰ ਸਕਣ। ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਵੱਧ ਤੋਂ ਵੱਧ ਸਵੈਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਦੇ ਨਾਲ-ਨਾਲ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ, ਖੇਤੀ ਤੇ ਛੋਟੇ ਉਦਯੋਗ ਧੰਦੇ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ, ਡੇਅਰੀ ਟਾਈਅਪ ਯੋਜਨਾ ਅਧੀਨ ਕਰਜੇ ਦੇਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਵਾਸਤੇ ਵਿਸ਼ੇਸ਼ ਤੌਰ ਤੇ ਕਿਹਾ।ਉਨ੍ਹਾਂ ਕਿਹਾ ਕਿ ਬੈਂਕ ਡੀ.ਆਰ.ਆਈ. ਸਕੀਮ ਵਿੱਚ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜਾ ਦੇਣ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਮਜ਼ਬੂਤ ਹੋ ਸਕੇ।ਡਿਪਟੀ ਕਮਿਸ਼ਨਰ ਨੇ ਸਰਕਾਰੀ ਵਿਭਾਗਾਂ ਅਤੇ ਬੈਂਕਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਕੇ ਸਰਕਾਰੀ ਲਾਭਪਾਤਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਜਮੀਨੀ ਪੱਧਰ ਤੱਕ ਪਹੁੰਚਣ ਲਈ ਆਖਿਆ। ਪੰਜਾਬ ਨੈਸ਼ਨਲ ਬੈਂਕ ਦੇ ਡੀ ਜੀ ਐਮ ਸ਼੍ਰੀਕਾਂਤ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੈਂਕਾਂ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਦਸੰਬਰ 2013 ਵਿੱਚ 17093 ਕਰੋੜ ਰੁਪਏ ਸਨ ਦਸੰਬਰ 2014 ਵਿੱਚ ਵੱਧ ਕੇ 19179 ਕਰੋੜ ਰਪਏ ਹੋ ਗਈਆਂ।
ਇਸੇ ਤਰ੍ਹਾਂ ਬੈਂਕਾਂ ਵੱਲੋਂ ਦਿੱਤੇ ਕੁਲ ਕਰਜੇ ਦੀ ਰਕਮ ਜੋ ਦਸੰਬਰ 2013 ਵਿੱਚ 5072 ਕਰੋੜ ਰੁਪਏ ਸੀ ਵੱਧ ਕੇ ਦਸੰਬਰ 2014 ਵਿੱਚ 5778 ਕਰੋੜ ਰੁਪਏ ਹੋ ਗਈ।ਨਾਬਾਰਡ ਦੇ ਏ ਜੀ ਐਮ ਸ਼ੀ੍ਰਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦਸੰਬਰ 2014 ਤੱਕ 3761 ਸਵੈ ਸਹਾਇਤਾ ਗਰੁੱਪਾਂ ਦੇ ਬੈਂਕਾਂ ਵਿੱਚ ਬੱਚਤ ਖਾਤੇ ਖੋਲ੍ਹੇ ਗਏ ਜਿਨ੍ਹਾਂ ਵਿੱਚੋਂ 2711 ਸਵੈ ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜੇ ਦਿੱਤੇ ਗਏ। ਲੀਡ ਜ਼ਿਲ੍ਹਾ ਮੈਨੈਜਰ ਸ੍ਰੀ ਆਰ ਸੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਦਸੰਬਰ 2014 ਤੱਕ 155742 ਕਿਸਾਨਾਂ ਨੂੰ 3901 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਬੈਂਕਾਂ ਨੂੰ ਸੀ ਡੀ ਰੇਸ਼ੋ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜੇ ਦੇਣ ਲਈ ਕਿਹਾ। ਆਰ.ਬੀ.ਆਈ ਦੇ ਪ੍ਰਤੀਨਿੱਧ ਸ੍ਰੀ ਚਰਨ ਸਿੰਘ ਵੱਲੋਂ ਵੀ ਨਵੀਆਂ ਹਦਾਇਤਾਂ ਬਾਰੇ ਚਾਨਣਾ ਪਾਇਆ।
from Punjab Post http://ift.tt/1B9fHqJ

0 comments