ਯੂ. ਕੇ. ਤੋਂ ਅਜਾਇਬ ਘਰ ਮਾਹਿਰ ਕਰੈਨ ਐਮਾ ਨੇ ਖ਼ਾਲਸਾ ਕਾਲਜ ਦਾ ਕੀਤਾ ਦੌਰਾ

ਕਾਲਜ ਦੇ ਸਿੱਖ ਅਜਾਇਬ ਘਰ ਨੂੰ ਆਧੁਨਿਕ ਬਣਾਉਣ ਲਈ ਦੇਣਗੇ ਸਹਿਯੋਗ


PPN0703201513

ਯੂ. ਕੇ. ਤੋਂ ਅਜਾਇਬ ਘਰ ਮਾਹਿਰ ਅਤੇ ਏਨਸ਼ੈਟ ਹਾਊਸ ਮਿਊਜੀਅਮ ਦੀ ਅਸਿਸਟੈਂਟ ਕਰੈਨ ਐਮਾ ਵਾਈਟ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕਰਦੇ ਹੋਏ ਨਾਲ ਹਨ ਡੀ. ਐੱਸ. ਰਟੌਲ ਅਤੇ ਹੋਰ ਵੱਖ-ਵੱਖ ਦ੍ਰਿਸ਼।




ਅੰਮ੍ਰਿਤਸਰ, 7 ਮਾਰਚ (ਪ੍ਰੀਤਮ ਸਿੰਘ) – ਯੂ. ਕੇ. ਤੋਂ ਅਜਾਇਬ ਘਰ ਮਾਹਿਰ ਅਤੇ ਏਨਸ਼ੈਟ ਹਾਊਸ ਮਿਊਜੀਅਮ ਦੀ ਅਸਿਸਟੈਂਟ ਕਰੈਨ ਐਮਾ ਵਾਈਟ ਨੇ ਇਤਿਹਾਸਕ ਖ਼ਾਲਸਾ ਕਾਲਜ ਦਾ ਦੌਰਾ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਜੀਵਨੀ ਬਾਰੇ ਭਰਪੂਰ ਜਾਣਕਾਰੀ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਇਕ ‘ਪਾਵਰ ਪੁਆਇੰਟ ਪ੍ਰੈਜੈਂਟੇਸ਼ਨ’ ਦੌਰਾਨ ਮਹਾਰਾਜਾ ਦਲੀਪ ਸਿੰਘ ਦੇ ਬਾਲ ਅਵਸਥਾ ਵਿੱਚ ਯੂ. ਕੇ. ਪਹੁੰਚਣ ਅਤੇ ਬਾਅਦ ਦੇ ਜੀਵਨ ਨੂੰ ਦੁਰਲੱਭ ਚਿੱਤਰਾਂ ਰਾਹੀਂ ਪੇਸ਼ ਕੀਤਾ।

ਇਸ ਤੋਂ ਇਲਾਵਾ ਉਨ੍ਹਾਂ ਨੇ 1892 ਵਿੱਚ ਬਣੇ ਇਸ ਕਾਲਜ ਦੇ ਅਦਭੁੱਤ ਭਵਨ ਨਿਰਮਾਣ ਕਲਾ ਨੂੰ ਨਜਦੀਕ ਤੋਂ ਵਾਚਿਆ ਅਤੇ ਇਸਦੀ ਸ਼ਲਾਘਾ ਕੀਤੇ ਬਿਨ੍ਹਾਂ ਨਾ ਰਹਿ ਸਕੇ। ਉਨ੍ਹਾਂ ਨੇ ਕਾਲਜ ਵਿਖੇ ਸਥਿਤ ਸਿੱਖ ਇਤਿਹਾਸ ਅਤੇ ਖੋਜ ਵਿਭਾਗ ਵਿਖੇ ਪਹੁੰਚ ਕੇ ਲਾਇਬ੍ਰੇਰੀ ਅਤੇ ਅਜਾਇਬ ਘਰ ਨੂੰ ਵੇਖਿਆ। ਇੱਥੇ ਉਨ੍ਹਾਂ ਨੇ ਕਿਤਾਬਾਂ, ਅਦਭੁੱਤ ਖਰੜੇ ਅਤੇ ਸਿੱਖ ਇਤਿਹਾਸ ਨਾਲ ਸਬੰਧਿਤ ਚਿੱਤਰਕਲਾ ਦੇ ਨਮੂਨਿਆਂ ਨੂੰ ਬਹੁਤ ਹੀ ਬਰੀਕੀ ਨਾਲ ਨਿਹਾਰਦਿਆਂ ਸਿੱਖਾਂ ਦੇ ਗੌਰਵਮਈ ਇਤਿਹਾਸ ਦੀ ਸ਼ਲਾਘਾ ਕੀਤੀ।

ਕਰੈਨ ਨੇ ਇਸ ਅਜਾਇਬ ਘਰ ਦੇ ਆਧੁਨਿਕਕਰਨ ਦੀ ਚਲ ਰਹੀ ਮੁਹਿੰਮ ਅਤੇ ਖਾਸ ਕਰਕੇ ਡਿਜੀਟਾਈਲੇਸ਼ਨ ਨੂੰ ਸਹੀ ਕਦਮ ਦੱਸਦਿਆਂ ਆਪਣੇ ਵੱਲੋਂ ਇਸ ਮਨੋਰਥ ਲਈ ਸੁਝਾਅ ਦੇਣ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਭਾਰਤ ਦੌਰੇ ਦਾ ਮੁੱਖ ਮਕਸਦ ਸਿੱਖ ਇਤਿਹਾਸ ਨੂੰ ਮੂਲ ਰੂਪ ਵਿੱਚ ਦੇਖਣਾ ਅਤੇ ਪਛਾਣਨਾ ਸੀ। ਉਨ੍ਹਾਂ ਕਿਹਾ ਕਿ ਕਾਲਜ ਦੇ ਮਿਊਜ਼ੀਅਮ ਦਾ ਨਵੇਂ ਤਕਨੀਕੀ ਸਾਧਨਾਂ ਰਾਹੀਂ ਨਵੀਨੀਕਰਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇੱਥੇ ਸਿੱਖ ਇਤਿਹਾਸ ਨਾਲ ਸਬੰਧਿਤ ਅਨਮੋਲ ਨਿਸ਼ਾਨੀਆਂ ਨੂੰ ਆਮ ਲੋਕ ਦੇਖ ਸਕਣ।

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਕਰੈਨ ਇੰਟਰਨੈੱਟ ਰਾਹੀਂ ਇਸ ਸਬੰਧੀ ਜਰੂਰੀ ਸੁਝਾਅ ਕਾਲਜ ਪ੍ਰਸ਼ਾਸ਼ਨ ਨਾਲ ਸਾਂਝੇ ਕਰਨਗੇ। ਵਿਦਿਆਰਥੀਆਂ ਨੇ ਉਨ੍ਹਾਂ ਦੇ ਭਾਸ਼ਣ ਦੌਰਾਨ ਮਹਾਰਾਜਾ ਦਲੀਪ ਸਿੰਘ ਦੇ ਆਖਰੀ ਸਮੇਂ ਦੇ ਪਲਾਂ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਬਹੁਤ ਸਾਰੇ ਸਵਾਲ ਪੁੱਛੇ, ਜਿਸਦਾ ਕਰੈਨ ਨੇ ਬੜੇ ਹੀ ਵਿਸਥਾਰ ਨਾਲ ਜਵਾਬ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸੰਧਾਵਾਲੀਆ ਪਰਿਵਾਰ ਦੇ ਮੈਂਬਰ ਵੀ ਮੌਜ਼ੂਦ ਸਨ। ਇਸੇ ਦੌਰਾਨ ਸਿੱਖ ਇਤਿਹਾਸ ਤੇ ਖੋਜ ਵਿਭਾਗ ਦੇ ਮੁੱਖੀ ਪ੍ਰੋ: ਇੰਦਰਜੀਤ ਸਿੰਘ ਗੋਗੋਆਣੀ, ਪ੍ਰੋ: ਸੁਪਨਿੰਦਰ ਕੌਰ, ਪ੍ਰੋ: ਗੁਰਬਖਸ਼ ਸਿੰਘ, ਪ੍ਰੋ: ਕੰਵਲਜੀਤ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।







from Punjab Post http://ift.tt/1x4o17n
thumbnail
About The Author

Web Blog Maintain By RkWebs. for more contact us on rk.rkwebs@gmail.com

0 comments