ਵੈਨਕੂਵਰ, 6 ਮਾਰਚ : ਕੈਨੇਡਾ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਜੇਕਰ ਲੋਕਾਂ ਨੇ ਪੰਜਾਬ ਦੀ ਵਾਗਡੋਰ ‘ਆਪ’ ਦੇ ਹੱਥ ਦਿੱਤੀ ਤਾਂ ਅੰਮ੍ਰਿਤਸਰ ਤੇ ਚੰਡੀਗਡ਼੍ਹ ਹਵਾਈ ਅੱਡਿਆਂ ਤੋਂ ਵਿਦੇਸ਼ ਨੂੰ ਉਡਾਣਾਂ ਵਧਾਉਣ ਤੇ ਧਾਰਮਿਕ ਸਥਾਨਾਂ ਨੂੰ ਸਿਆਸੀ ਗਲਬੇ ਤੋਂ ਮੁਕਤ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਪਰਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਿਹਡ਼ੇ ਲੋਕਾਂ ਖ਼ਿਲਾਫ਼ ਬਦਲਾਖੋਰੀ ਤਹਿਤ ਕੇਸ ਦਰਜ ਹੋਏ ਹਨ, ਉਨ੍ਹਾਂ ਸਾਰੇ ਕੇਸਾਂ ਦੀ ਮੁਡ਼ ਸਮੀਖਿਆ ਕਰਾਈ ਜਾਏਗੀ ਅਤੇ ਅੱਗੇ ਤੋਂ ਇਹ ਯਕੀਨੀ ਬਣਾਇਆ ਜਾਏਗਾ ਕਿ ਬਿਨਾਂ ਠੋਸ ਅਾਧਾਰ ਕਿਸੇ ਵੀ ਪਰਵਾਸੀ ਵਿਰੁੱਧ ਕੇਸ ਦਰਜ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਇਮਾਰਤੀ ਸੁਧਾਰ ਤੇ ਵਿਦਿਅਕ ਮਿਆਰ ਵੱਲ ਉਚੇਚਾ ਧਿਆਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਦੇ ਇਕੱਠ ਨੇ ਪਹਿਲਾਂ ਵਾਲੇ ਇਕੱਠਾਂ ਨੂੰ ਮਾਤ ਦੇ ਕੇ ਕਾਂਗਰਸ ਤੇ ਅਕਾਲੀ ਸਮਰਥਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਫੂਲਕਾ ਨੇ ਕਿਹਾ ਕਿ ਜੇਕਰ ਰਾਜਸੀ ਲੋਕਾਂ ਦੀ ਨੀਅਤ ਸਾਫ ਹੋਵੇ ਤਾਂ ਲੋਕਾਂ ਦੀਆਂ ਅੌਕਡ਼ਾਂ ਦੇ ਹੱਲ ਲਈ ਰਸਤੇ ਆਪਣੇ ਆਪ ਬਣਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗਡ਼੍ਹ, ਪਾਣੀਆਂ ਦੀ ਵੰਡ ਅਤੇ 1984 ਸਿੱਖ ਕਤਲੇਆਮ ਦੇ ਮਾਮਲੇ ਅਕਾਲੀ ਦਲ ਨੂੰ ਚੋਣਾਂ ਵੇਲੇ ਹੀ ਯਾਦ ਆਉਂਦੇ ਹਨ। ਇਨ੍ਹਾਂ ਮੁੱਦਿਅਾਂ ਉਤੇ ‘ਆਪ’ ਦੇ ਸਟੈਂਡ ਬਾਰੇ ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਉਤੇ ਇਨ੍ਹਾਂ ਮਸਲਿਅਾਂ ਦਾ ਸਥਾਈ ਹੱਲ ਕੱਢਿਆ ਜਾਏਗਾ। ਮੁੱਖ ਮੰਤਰੀ ਦੀ ਉਮੀਦਵਾਰੀ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਹੋਏਗਾ, ਉਹ ਚੰਗਾ ਇਨਸਾਨ ਹੋਏਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਸਿਹਤ ਸੰਭਾਲ ਖੇਤਰ ’ਚ ਵੱਡਾ ਸੁਧਾਰ ਆਏਗਾ। ਸ੍ਰੀ ਫੂਲਕਾ ਹਾਲ ਵਿੱਚ ਬੈਠੇ ਕਰੀਬ ਸਾਰੇ ਲੋਕਾਂ ਨੂੰ ਨਿੱਜੀ ਤੌਰ ’ਤੇ ਮਿਲੇ ਅਤੇ ਹਾਲ-ਚਾਲ ਪੁੱਛਿਆ। ਪ੍ਰਬੰਧਕਾਂ ਵੱਲੋਂ ਤਕਰੀਬਨ ਡੇਢ ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਸੀ ਪਰ ਕਾਫ਼ੀ ਲੋਕਾਂ ਨੂੰ ਖਡ਼੍ਹੇ ਰਹਿਣਾ ਪਿਆ।
ਵਿਰੋਧੀਆਂ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਸਰੀ ਦੇ ਇੱਕ ਹਾਲ ’ਚ ਐਡਵੋਕੇਟ ਫੂਲਕਾ ਦੇ ਸਵਾਗਤੀ ਸਮਾਗਮ ’ਚ ਹੋਏ ਵੱਡੇ ਇਕੱਠ ਨੇ ਸਥਾਨਕ ਅਕਾਲੀ ਦਲ ਸਮਰਥਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਨ੍ਹਾਂ ਲੋੋਕਾਂ ਵੱਲੋਂ ਪਿਛਲੇ ਦਿਨਾਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਜ਼ਹਿਰੀਲਾ ਪ੍ਰਚਾਰ ਕਰਕੇ ਲੋਕਾਂ ਨੂੰ ਸਮਾਗਮ ’ਚ ਨਾ ਜਾਣ ਲਈ ਡਰਾਇਆ ਜਾ ਰਿਹਾ ਸੀ ਅਤੇ ਇਥੋਂ ਤੱਕ ਵੀ ਕਿਹਾ ਜਾ ਰਿਹਾ ਸੀ ਕਿ ਸਮਾਗਮ ਵਿੱਚ ਝਗਡ਼ਾ ਹੋ ਸਕਦਾ ਹੈ। ਇਨ੍ਹਾਂ ਵੱਲੋਂ ਰੇਡੀਓ ਉਤੇ ਸ੍ਰੀ ਫੂਲਕਾ ’ਤੇ ਜ਼ਾਤੀ ਤੌਰ ’ਤੇ ਉਂਗਲਾਂ ਵੀ ਉਠਾਈਆਂ ਗਈਆਂ ਸਨ।
from Punjab News – Latest news in Punjabi http://ift.tt/1X5ATaO

0 comments