ਰਣਬੀਰ ਸਿੰਘ

ਇੱਕ ਵਾਰ ਮੈਂ ਬੱਸ ਵਿੱਚ ਆਪਣੀ ਪਿਛਲੀ ਸੀਟ ‘ਤੇ ਸਿਰ ‘ਤੇ ਦਸਤਾਰ ਦੀ ਬਜਾਏ ਟੋਪੀ ਪਾ ਕੇ ਬੈਠਿਆਂ ਨੂੰ ਵੇਖਿਆ ਤੇ ਉਸਨੂੰ ਸਵਾਲ ਕੀਤਾ-  ਕੀ ਮੈਂ ਪੁੱਛ ਸਕਦਾ ਹਾਂ ਐਸਾ ਕਿਉਂ?” ਇਹ ਸਵਾਲ ਮੈਂ ਬੈਂਕ ਆਫ ਪੰਜਾਬ ਵਿਚ ਕੰਮ ਕਰਦੇ ਇਕ ਸਿੱਖ ਸਾਬਤ ਸੂਰਤ ਨੌਜਵਾਨ ਨੂੰ ਪੁੱਛਿਆ ਸੀ। ਮੇਰਾ ਸਵਾਲ ਸੁਣਦੇ ਸਾਰ ਹੀ ਉਹ ਨੌਜਵਾਨ ਆਪਣੀ ਸੀਟ ਤੋਂ ਖੜਾ ਹੋ ਗਿਆ ਤੇ ਇਕ ਦਮ ਭੜਕ ਕੇ ਬੋਲਿਆ, ”ਕੀ ਮਤਲਬ ਹੈ ਤੁਹਾਡਾ, ਮੈਂ ਜੋ ਮਰਜ਼ੀ ਕਰਾਂ, ਮੈਂ ਆਜ਼ਾਦ ਹਾਂ, ਤੁਸੀਂ ਕੌਣ ਹੁੰਦੇ ਹੋ ਮੈਨੂੰ ਟੋਕਣ ਵਾਲੇ, ਮੈਂ ਟੋਪੀ ਪਾਵਾਂ ਜਾਂ ਪੱਗ ਬੰਨਾਂ, ਤੁਹਾਨੂੰ ਕੀ ਮਤਲਬ, ਤੁਸੀਂ ਆਪਣੇ ਕੰਮ ਨਾਲ ਮਤਲਬ ਰਖੋ, ਜਿਹੜਾ ਆਂਦਾ ਹੈ ਟੋਕਾ-ਟਾਕੀ ਸ਼ੁਰੂ ਕਰ ਦੇਂਦਾ ਹੈ, ਹੋਰ ਕੋਈ ਕੰਮ ਨਹੀਂ ਤੁਹਾਨੂੰ? ਮੇਰੀ ਭੀ ਕੋਈ ਪਰਸਨਲ ਲਾਈਫ ਹੈ, ਮੈਂ ਜੋ ਮਰਜ਼ੀ ਕਰਾਂ, ਜੋ ਮਰਜ਼ੀ ਪਾਵਾਂ ਕਿਸੇ ਨੂੰ ਕੀ?” ਇਹ ਗੱਲ 1999 ਦੀ ਹੈ ਉਦੋਂ ਬੈਂਕ ਆਫ ਪੰਜਾਬ ਨਵਾਂ ਖੁਲਿਆ ਸੀ ਤੇ ਮੋਹਾਲੀ ਦੀ ਫੇਜ਼ 7 ਬ੍ਰਾਂਚ ਵਿਚ ਮੇਰਾ ਅਕਾਉਂਟ ਹੋਣ ਕਰਕੇ ਆਉਣਾ ਜਾਣਾ ਲਗਿਆ ਰਹਿੰਦਾ ਸੀ।

ਮੈਂ ਉਸ ਦੀਆਂ ਗੱਲਾਂ ਬੜੇ ਸ਼ਾਂਤ ਮਨ ਨਾਲ ਸੁਣ ਰਿਹਾ ਸੀ। ਜਦੋਂ ਉਹ ਚੁੱਪ ਕਰਕੇ ਬੈਠ ਗਿਆ ਤਾਂ ਮੈਂ ਕਿਹਾ ”ਬੋਲ ਲਿਆ, ਜੋ ਬੋਲਣਾ ਸੀ? ਹੁਣ ਮੇਰੀ ਗੱਲ ਧਿਆਨ ਨਾਲ ਸੁਣ। ਤੇਰੀ ਕੋਈ ਪਰਸਨਲ ਲਾਈਫ ਨਹੀਂ ਹੈ। ਤੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਣ ਕਾਰਨ ਸਿੱਖ ਸਮਾਜ ਦਾ ਅੰਗ ਹੈਂ। ਤੇਰੀ ਇਕ ਵੱਖਰੀ ਪਹਿਚਾਣ ਹੈ। ਉਹ ਸਾਹਮਣੇ ਸੜਕ ‘ਤੇ ਅਗਰ ਕੋਈ ਆਦਮੀ ਔਰਤ ਨੂੰ ਛੇੜੇਗਾ ਤਾਂ ਕਿਸੇ ਨੇ ਨਹੀਂ ਕਹਿਣਾ ਕਿ ਕਿਸੇ ਮੁਸਲਮਾਨ ਨੇ ਛੇੜੀ ਹੈ ਜਾਂ ਹਿੰਦੂ ਨੇ ਛੇੜੀ ਹੈ ਜਾਂ ਕਿਸੇ ਇਸਾਈ ਨੇ ਛੇੜੀ ਹੈ, ਕਿਉਂਕਿ ਉਨਾਂ ਦੀ ਕੋਈ ਪਹਿਚਾਣ ਹੀ ਨਹੀਂ ਹੈ ਬਾਹਰੀ ਤੌਰ ‘ਤੇ ਸਭ ਇਕੋ ਹੀ ਲਗਦੇ ਨੇ, ਲੇਕਿਨ ਅਗਰ ਇਹੀ ਕੰਮ ਕੋਈ ਸਰਦਾਰ ਭਾਈ ਕਰੇਗਾ ਤਾਂ ਸਭਨੇ ਕਹਿਣਾ ਹੈ ਕਿ ਸਰਦਾਰ ਜ਼ਨਾਨੀਆਂ ਨੂੰ ਛੇੜਦੇ ਨੇ। ਤੂੰ ਇਥੇ ਟੋਪੀ ਪਾ ਕੇ ਬੈਠੇਂਗਾ ਤਾਂ ਦੁਨੀਆਂ ਵਾਲੇ ਕਹਿਣਗੇ ਕਿ ਸਿੱਖ ਟੋਪੀਆਂ ਪਾਂਦੇ ਨੇ। ਤੇਰੇ ਐਸਾ ਕਰਨ ਨਾਲ ਮੈਂ ਬਦਨਾਮ ਹੁੰਦਾ ਹਾਂ। ਪੂਰਾ ਸਿੱਖ ਪੰਥ ਬਦਨਾਮ ਹੁੰਦਾ ਹੈ। ਸਮਝ ਇਸ ਗੱਲ ਨੂੰ। ਤੇਰੀ ਇਕ ਵੱਖਰੀ ਪਹਿਚਾਣ ਹੈ ਜੋ ਤੈਨੂੰ ਗੁਰੂ ਨੇ ਬਖਸ਼ੀ ਹੈ। ਸਿਰ ‘ਤੇ ਟੋਪੀ ਪਾ ਕੇ ਇਸ ਨੂੰ ਨਾ ਗੁਆ। ਸੋਚ ਇਸ ਦੇ ਬਾਰੇ…..।” ਇਤਨਾ ਕਹਿ ਕੇ ਮੈਂ ਉਥੋਂ ਚਲਦਾ ਬਣਿਆ।

ਹਫਤੇ ਮਗਰੋਂ ਮੈਨੂੰ ਫੇਰ ਬੈਂਕ ਜਾਣ ਦਾ ਮੌਕਾ ਮਿਲਿਆ ਤਾਂ ਉਹੀ ਸਿੱਖ ਨੌਜਵਾਨ ਸੋਹਣੀ ਦਸਤਾਰ ਸਜਾਈ ਮੇਨ ਕਾਉਂਟਰ ‘ਤੇ ਬੈਠਾ ਮਿਲਿਆ। ਮੈਂ ਆਪਣਾ ਚੈੱਕ ਉਸ ਵੱਲ ਵਧਾਇਆ ਤਾਂ ਮੈਨੂੰ ਪਹਿਚਾਣ ਕੇ ਇਕ ਦਮ ਸੀਟ ‘ਤੇ ਖੜਾ ਹੋ ਗਿਆ ਤੇ ਆਪਣੇ ਦੋਵੇਂ ਹੱਥ ਜੋੜ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਹਿਣ ਲੱਗਾ, ”ਸਰ ਤੁਸੀਂ ਉਸ ਦਿਨ ਬਿਲਕੁਲ ਠੀਕ ਕਿਹਾ ਸੀ। ਮੈਂ ਘਰ ਜਾ ਕੇ ਉਸ ਦਿਨ ਕਾਫੀ ਵਿਚਾਰ ਕੀਤੀ ਤੇ ਮੈਂ ਇਸ ਨਤੀਜੇ ‘ਤੇ ਪਹੁੰਚਿਆ ਕਿ ਸਾਨੂੰ (ਸਿੱਖਾਂ ਨੂੰ) ਟੋਪੀਆਂ ਨਹੀਂ ਪਾਉਣੀਆਂ ਚਾਹੀਦੀਆਂ। ਮੈਂ ਅੱਗੇ ਵਾਸਤੇ ਕਦੇ ਵੀ ਟੋਪੀ ਨਹੀਂ ਪਾਵਾਂਗਾ ਤੇ ਜੋ ਉਸ ਦਿਨ ਮੈਂ ਆਪ ਜੀ ਨੂੰ ਬੁਰਾ ਭਲਾ ਕਿਹਾ ਸੀ, ਉਸ ਲਈ ਮੈਂ ਦਿਲੋਂ ਮਾਫੀ ਮੰਗਦਾ ਹਾਂ।” ਮੈਂ ਬਿਨਾਂ ਕੁਝ ਕਹੇ ਉਸ ਦੇ ਦੋਵੇਂ ਹੱਥ ਘੁਟ ਕੇ ਫੜ ਲਏ ਤੇ ਉਸ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ, ”ਰੱਬ ਤੈਨੂੰ ਚੜਦੀ ਕਲਾ ‘ਚ ਰੱਖੇ।” ਉਸ ਦਿਨ ਤੋਂ ਬਾਅਦ ਉਸ ਨੇ ਕਦੀ ਵੀ ਟੋਪੀ ਨਹੀਂ ਪਾਈ ਤੇ ਉਸ ਨੇ ਜਦੋਂ ਵੀ ਮੈਨੂੰ ਮਿਲਣਾ ਖੁਸ਼ ਹੋ ਕੇ ਮਿਲਣਾ।

ਇਕ ਦਿਨ ਮੈਨੂੰ ਪਾਰਕ ਵਿਚ ਸੈਰ ਕਰਦਿਆਂ ਇਕ ਬਜ਼ੁਰਗ ਸਰਦਾਰ ਸਾਹਿਬ ਮਿਲ ਗਏ। ਉਨਾਂ ਨੇ ਵੀ ਸਿਰ ‘ਤੇ ਟੋਪੀ ਪਾਈ ਹੋਈ ਸੀ। ਕੋਲੋਂ ਦੀ ਲੰਘਦਿਆਂ ਮੈਂ ਉਨਾਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥ ਬੁਲਾ ਦਿੱਤੀ। ਉਨਾਂ ਨੇ ਫਤਹਿ ਦਾ ਜਵਾਬ ਤਾਂ ਨਾ ਦਿੱਤਾ, ਲੇਕਿਨ ਖੜੇ ਹੋ ਕੇ ਮੈਨੂੰ ਵੇਖਣ ਲੱਗ ਪਏ। ਮੈਂ 5-7 ਕਦਮ ਅੱਗੇ ਲੰਘ ਚੁੱਕਾ ਸੀ। ਮੈਨੂੰ ਆਵਾਜ਼ ਮਾਰ ਕੇ ਕਹਿਣ ਲਗੇ, ”ਤੁਸੀਂ ਮੈਨੂੰ ਫ਼ਤਿਹ ਕਿਉਂ ਬੁਲਾਈ?” ਮੈਂ ਕਿਹਾ ਕਿ ਜੀ ਗੁਰੂ ਸਾਹਿਬ ਦਾ ਹੁਕਮ ਹੈ ਕਿ ”ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ”। ਇਸ ਲਈ ਮੈਂ ਤੁਹਾਨੂੰ ਫਤਿਹ ਬੁਲਾਈ ਹੈ। ਕਹਿਣ ਲੱਗੇ ਇੱਥੇ ਹੋਰ ਵੀ ਤਾਂ ਸਰਦਾਰ ਘੁੰਮ ਰਹੇ ਨੇ? ਮੈਂ ਕਿਹਾ ਹਾਂ ਜੀ, ਘੁੰਮ ਰਹੇ ਨੇ ਲੇਕਿਨ ਤੁਸੀਂ ਉਨਾਂ ਵਿਚੋਂ ਖ਼ਾਸ ਹੋ। ”ਮੈਂ ਖ਼ਾਸ ਕਿਉਂ ਹਾਂ” ਉਨਾਂ ਨੇ ਪੁਛਿਆ। ਮੈਂ ਕਿਹਾ ਜੀ ਉਹ ਇਸ ਲਈ ਕਿ ਤੁਸੀਂ ਸਿਰ ‘ਤੇ ਦਸਤਾਰ ਦੀ ਜਗਾ ਟੋਪੀ ਪਾਈ ਹੋਈ ਹੈ। ਮੇਰੀ ਇਸ ਗੱਲ ਨੇ ਉਨਾਂ ਦੇ ਚਿਹਰੇ ਦਾ ਰੰਗ ਉਡਾ ਦਿਤਾ। ਉਹ ਸਮਝ ਗਏ ਸਨ ਕਿ ਮੈਂ ਉਨਾਂ ‘ਤੇ ਵਿਅੰਗ ਕਰ ਰਿਹਾ ਹਾਂ। ਇਕ ਦਮ ਗੁੱਸੇ ਹੋ ਕੇ ਕਹਿਣ ਲੱਗੇ, ”ਆਈ ਐਮ-ਰਿਟਾਯਰਡ ਆਰਮੀ ਆਫੀਸਰ। ਆਈ ਕੈਨ ਵੀਯਰ ਕੈਪ।” ਮੈਂ ਕਿਹਾ, ਸਰਦਾਰ ਸਾਹਿਬ ਤੁਸੀਂ ਤੇ ਸਿਰਫ ਆਰਮੀ ਆਫੀਸਰ ਹੋ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਤਾਂ ”ਚੀਫ ਆਫ ਆਰਮੀ ਸਟਾਫ” ਸਨ। ਉਹ ਤੇ ਫੌਜਾਂ ਦੇ ਜਰਨੈਲ ਸਨ, ਫੌਜਾਂ ਬਣਾਉਣ ਵਾਲੇ ਸਨ, ਉਨਾਂ ਨੇ ਤਾਂ ਕਦੇ ਸਿਰ ਤੇ ਟੋਪੀ ਨਹੀਂ ਪਾਈ ਤੇ ਤੁਸੀਂ…? ਕੀ ਫ਼ੌਜ ਵਿਚ ਡਿਊਟੀ ਵੇਲੇ ਤੁਸੀਂ ਕਦੇ ਟੋਪੀ ਪਾਈ? ਕਹਿਣ ਲੱਗੇ ਨਹੀਂ। ਮੈਂ ਕਿਹਾ ਫਿਰ ਹੁਣ ਕਿਉਂ? ਉਹ ਮੇਰੀ ਗੱਲ ਸੁਣ ਕੇ ਚੁੱਪ ਕਰ ਗਏ। ਮੈਂ ਕਿਹਾ ਸਰਦਾਰ ਸਾਹਿਬ ਜਿਵੇਂ ਤੁਹਾਨੂੰ ਇਹ ਛੂਤ ਦੀ ਬੀਮਾਰੀ ਵੇਖੋ ਵੇਖੀ ਲੱਗ ਗਈ ਹੈ ਉਸੇ ਤਰਾਂ ਤੁਸੀਂ ਹੁਣ ਇਸ ਛੂਤ ਦੀ ਬੀਮਾਰੀ ਨੂੰ ਲੋਕਾਂ ਵਿਚ ਫੈਲਾ ਰਹੇ ਹੋ। ਤੁਹਾਨੂੰ ਵੇਖ ਕੇ ਆਹ ਜਿਹੜੇ ਬੱਚੇ ਖੇਡ ਰਹੇ ਨੇ, ਇਹ ਵੀ ਟੋਪੀਆਂ ਪਾਉਣਗੇ। ਫਿਰ ਤੁਸੀਂ ਆਖੋਗੇ ਕਿ ਬੱਚੇ ਸਿੱਖੀ ਤੋਂ ਮੁਨਕਰ ਹੋ ਰਹੇ ਨੇ। ਸਿੱਖੀ ਨੂੰ ਪੁੱਠਾ ਗੇੜਾ ਤਾਂ ਅਸੀਂ ਖੁਦ ਦੇ ਰਹੇ ਹਾਂ। ਦਸਤਾਰ ਸਾਡੀ ਪਹਿਚਾਣ ਹੈ। ਦਸਤਾਰ ਕਰਕੇ ਸਿੰਘ ਲੱਖਾਂ ਵਿਚ ਖੜਿਆ ਵੀ ਦੂਰੋਂ ਨਜ਼ਰ ਆ ਜਾਂਦਾ ਹੈ ਤੇ ਟੋਪੀ ਪਾ ਕੇ ਅਸੀਂ ਆਪਣੀ ਵਿਲੱਖਣ ਪਹਿਚਾਣ ਨੂੰ ਆਪ ਹੀ ਖ਼ਤਮ ਕਰ ਰਹੇ ਹਾਂ। ਅੱਜ ਸਮੇਂ ਦੀਆਂ ਸਰਕਾਰਾਂ ਤਾਂ ਚਾਹੁੰਦੀਆਂ ਹਨ ਕਿ ਸਿੱਖੀ ਪਹਿਚਾਣ ਖ਼ਤਮ ਹੋ ਜਾਵੇ। ਫਰਾਂਸ ਦੀ ਸਰਕਾਰ ਨੇ ਬਕਾਇਦਾ ਪੱਗ ‘ਤੇ ਪਾਬੰਦੀ ਲਾ ਦਿੱਤੀ ਹੈ। ਉਥੇ ਸਿੱਖ ਦਸਤਾਰ ਵਾਸਤੇ ਜੱਦੋ-ਜਹਿਦ ਕਰ ਰਹੇ ਨੇ ਤੇ ਤੁਸੀਂ ਇਥੇ ਟੋਪੀਆਂ ਪਾ ਕੇ ਫਰਾਂਸ ਦੀ ਸਰਕਾਰ ਨੂੰ ਇਹ ਸੁਨੇਹਾ ਦੇ ਰਹੇ ਹੋ ਕਿ ਤੁਸੀਂ ਪੱਗ ‘ਤੇ ਬੈਨ ਲਾ ਕੇ ਠੀਕ ਕੀਤਾ। ਪਲੀਜ਼ ਘਰ ਜਾ ਕੇ ਠੰਡੇ ਦਿਮਾਗ ਨਾਲ ਸੋਚਣਾ ਇਸ ਬਾਰੇ। ਜੇ ਮੇਰੀ ਕੋਈ ਗੱਲ ਆਪ ਜੀ ਨੂੰ ਬੁਰੀ ਲੱਗੀ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ ਜੀ। ਦੋਵੇਂ ਹੱਥ ਜੋੜ ਮੈਂ ਉਨਾਂ ਨੂੰ ਸਿਰ ਨਿਵਾ ਕੇ ਅੱਗੇ ਲੰਘ ਗਿਆ।

ਥੋੜਾ ਅੱਗੇ ਜਾ ਕੇ ਮੈਂ ਫੇਰ ਪਿਛੇ ਮੁੜ ਕੇ ਵੇਖਿਆ ਤਾਂ ਉਹ ਉਥੇ ਹੀ ਲਾਗੇ ਪਏ ਬੈਂਚ ‘ਤੇ ਬੈਠੇ ਸਨ ਤੇ ਟੋਪੀ ਉਨਾਂ ਨੇ ਉਤਾਰ ਕੇ ਆਪਣੇ ਹੱਥ ਵਿਚ ਫੜੀ ਹੋਈ ਸੀ। ਛੋਟਾ ਪਟਕਾ ਪਹਿਲਾਂ ਹੀ ਸਿਰ ‘ਤੇ ਬੰਨਿਆ ਹੋਇਆ ਸੀ। ਮੈਂ ਆਪਣਾ ਪਾਰਕ ਦਾ ਚੱਕਰ ਪੂਰਾ ਕਰਕੇ ਫਿਰ ਉਸੇ ਜਗਾ ‘ਤੇ ਆ ਗਿਆ। ਇਹ ਉਥੇ ਹੀ ਬੈਠੇ ਸਨ। ਮੈਨੂੰ ਰੋਕ ਕੇ ਕਹਿਣ ਲੱਗੇ ”ਤੁਹਾਡੀਆਂ ਗੱਲਾਂ ਵਿਚ ਜਾਨ ਹੈ, ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਹੀ ਮੂਰਖ ਹਾਂ ਜੋ ਬਿਨਾਂ ਸੋਚੇ-ਸਮਝੇ ਆਪਣੀ ਪਹਿਚਾਣ ਨੂੰ ਖਤਮ ਕਰ ਰਹੇ ਹਾਂ।” ਤੇ ਉਨਾਂ ਨੇ ਮੇਰੇ ਸਾਹਮਣੇ ਹੀ ਉਹ ਟੋਪੀ ਪਾਰਕ ਵਿਚ ਲੱਗੇ ਡਸਟਬਿਨ ਵਿਚ ਸੁੱਟ ਦਿੱਤੀ ਤੇ ਮੈਨੂੰ ਸ਼ਾਬਾਸ਼ ਦੇ ਕੇ ਧੰਨਵਾਦ ਕੀਤਾ। ਸਮਾਜ ਦੇ ਵਿਚ ਵਿਚਰਦਿਆਂ ਏਥੇ ਬਹੁਤ ਸਾਰੇ ਲੋਕ ਆਪ ਸਭ ਨੂੰ ਵੀ ਮਿਲਦੇ ਹੋਣਗੇ। ਮੇਰੀ ਇਕ ਬੇਨਤੀ ਹੈ ਆਪ ਸਭ ਨੂੰ, ਜਿਵੇਂ ਕਿ ਮੈਂ ਏਥੇ ਲੋਕਾਂ ਨੂੰ ਟੋਕਦਾ ਰਹਿੰਦਾ ਹਾਂ, ਤੁਸੀਂ ਵੀ ਆਪਣੇ ਆਪਣੇ ਸਰਕਲ ਵਿਚ ਐਸੇ ਲੋਕਾਂ ਨੂੰ ਸਮਝਾ ਬੁਝਾ ਕੇ ਵਾਪਿਸ ਸਿੱਖੀ ਵੱਲ ਲੈ ਕੇ ਆਉ। ਜ਼ਰੂਰੀ ਨਹੀਂ ਸਾਰੇ ਤੁਹਾਡੀ ਗੱਲ ਮੰਨਣਗੇ, ਨਿਰਾਸ਼ ਨਹੀਂ ਹੋਣਾ, ਲੇਕਿਨ ਜਦੋਂ ਕੋਈ ਤੁਹਾਡੀ ਗੱਲ ਮੰਨ ਕੇ ਸਿੱਖੀ ਦਾਇਰੇ ਵਿਚ ਵਾਪਿਸ ਆਵੇਗਾ ਤਾਂ ਤੁਹਾਨੂੰ ਅਸੀਮ ਖੁਸ਼ੀ ਹੋਵੇਗੀ। ਆਤਮਿਕ ਸੰਤੁਸ਼ਟੀ ਮਿਲੇਗੀ। ਤੁਹਾਨੂੰ ਖੁਦ ਲਗੇਗਾ ਕਿ ਮੈਂ ਚੰਗਾ ਕੰਮ ਕੀਤਾ ਹੈ, ਲੇਕਿਨ ਅਗਰ ਤੁਸੀਂ ਇਹ ਸੋਚੋਗੇ ਕਿ ”ਛੱਡ ਯਾਰ ਮੈਂ ਕੀ ਲੈਣਾ” ਤਾਂ ਸੱਚ ਜਾਣਿਉ ਤੁਸੀਂ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਰਹੇ ਹੋਵੇਗੇ। ਜੈਸਾ ਕਿ ਅੱਜ ਬਹੁਤਾਤ ਵਿਚ ਹੋ ਰਿਹਾ ਹੈ। ਮਾਂ-ਬਾਪ, ਭੈਣ-ਭਰਾ, ਯਾਰ ਦੋਸਤ ਸਭ ਨੂੰ ਮਿਲ ਕੇ ਆਪਣਾ ਫਰਜ਼ ਪਹਿਚਾਣਨਾ ਪਵੇਗਾ। ਗੁਰੂ ਨਾਨਕ ਸਾਹਿਬ ਦੀ ਦਿਤੀ ਹੋਈ ਗੁਰਬਾਣੀ ਗਿਆਨ ਦੀ ਖੜਗ ਸਭ ਦੇ ਕੋਲ ਹੈ, ਮੇਰਾ ਮਤਲਬ ਗੁਰਬਾਣੀ ਗਿਆਨ ਤੋਂ ਹੈ। ਸਮਝਾ ਬੁਝਾ ਕੇ ਸਭ ਨੂੰ ਆਪਣੇ ਧਰਮ ਪ੍ਰਤੀ, ਸਿੱਖ ਰਿਵਾਇਤਾਂ ਪ੍ਰਤੀ, ਗੁਰੂ ਸਾਹਿਬਾਨ ਦੇ ਜੀਵਨ ਪ੍ਰਤੀ ਸਾਨੂੰ ਸਭ ਨੂੰ ਜਾਗਰੂਕ ਕਰਨਾ ਹੀ ਪਵੇਗਾ, ਤਾਂ ਹੀ ਸਾਡੀ ਵਿਲੱਖਣ ਪਹਿਚਾਣ ਦੁਨੀਆਂ ਵਿਚ ਕਾਇਮ ਰਹਿ ਸਕੇਗੀ।

ਜਿਥੋਂ ਤਕ ਮੈਨੂੰ ਯਾਦ ਹੈ ਕਿ ਸਿੱਖਾਂ ਵਿਚ ਟੋਪੀ ਪਾਉਣ ਦੀ ਬੀਮਾਰੀ ਭਾਜੀ, ਜੋ ਆਪਣੇ ਜ਼ਮਾਨੇ ਦੇ ਮਸ਼ਹੂਰ ਫਿਰਕੀ ਗੇਂਦਬਾਜ਼ ਰਹੇ ਨੇ, ਤੋਂ ਸ਼ੁਰੂ ਹੋਈ ਹੈ। ਮੈਨੂੰ ਚੰਗੀ ਤਰਾਂ ਯਾਦ ਹੈ ਸੰਨ 1973-74 ਦੀ ਗੱਲ ਹੈ, ਗਵਾਲੀਅਰ ਸ਼ਹਿਰ ਵਿਚ ਕ੍ਰਿਕੇਟ ਦਾ ਮੈਚ ਸੀ। ਸਾਡਾ ਇਕ ਦੋਸਤ ਮੈਚ ਵੇਖਣ ਗਿਆ ਸੀ। ਉਨਾਂ ਦਿਨਾਂ ਵਿਚ ਟੀ.ਵੀ. ‘ਤੇ ਲਾਈਵ ਮੈਚ ਨਹੀਂ ਸਨ ਆਉਂਦੇ। ਸਿਰਫ ਰੇਡੀਉ ਤੇ ਕਮੈਨਟਰੀ ਆਇਆ ਕਰਦੀ ਸੀ। ਅਸੀਂ ਇਕ ਦੋ ਜਣੇ ਤੇ ਸਾਡਾ ਉਹ ਦੋਸਤ ਰੋਜ਼ ਸ਼ਾਮ ਨੂੰ ਗੁਰਦੁਆਰੇ ਮਿਲਦੇ ਹੁੰਦੇ ਸਾਂ। ਜਿਸ ਦਿਨ ਉਹ ਮੈਚ ਵੇਖ ਕੇ ਆਇਆ ਤਾਂ ਕਹਿਣ ਲਗਾ, ”ਯਾਰ ਮੈਂ ਤਾਂ ਅੱਜ ਭਾਜੀ ਨੂੰ ਪਹਿਚਾਣ ਹੀ ਨਹੀਂ ਸਕਿਆ।” ”ਉਹ ਕਿਉਂ ਬਈ”? ਅਸੀਂ ਸਾਰਿਆਂ ਨੇ ਪੁੱਛਿਆ। ”ਅਰੇ ਯਾਰ ਉਸ ਨੇ ਆਪਣੇ ਪਟਕੇ ਦੇ ਉਪਰ ਹੈਟ (ਵੱਡੀ ਗੋਲ ਟੋਪੀ) ਪਹਿਨ ਰੱਖੀ ਸੀ। ਮੇਰੇ ਸਾਹਮਣੇ ਹੀ ਖੜਾ ਫ਼ੀਲਡਿੰਗ ਕਰ ਰਿਹਾ ਸੀ। ਲੇਕਿਨ ਹੈਟ ਦੀ ਵਜਹ ਕਰਕੇ ਮੈਂ ਪਹਿਚਾਣ ਨਹੀਂ ਪਾਇਆ। ਉਹ ਤਾਂ ਜਦ ਬਾਲਿੰਗ ਕਰਨ ਲਈ ਉਸ ਨੇ ਆਪਣਾ ਹੈਟ ਉਤਾਰ ਕੇ ਏਮਪਾਇਰ ਨੂੰ ਪਕੜਾਇਆ ਤਾਂ ਸਭ ਨੂੰ ਪਤਾ ਲੱਗਾ ਕਿ ਯਾਰ ਇਹ ਤਾਂ ਆਪਣਾ ਸਿੰਘ ਭਾਜੀ ਹੈ।” ਮੈਂ ਉਸ ਵੇਲੇ 10ਵੀਂ ਕਲਾਸ ‘ਚ ਪੜਦਾ ਸੀ ਤੇ ਉਪਰੋਕਤ ਗੱਲ ਆਈ ਗਈ ਹੋ ਗਈ, ਲੇਕਿਨ ਅੱਜ ਜਦੋਂ ਮੈਂ ਇਸ ਬੀਮਾਰੀ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਪਰੋਕਤ ਗੱਲ ਚੇਤੇ ਆ ਗਈ। ਅੱਜ ਜਦੋਂ ਮੈਂ ਸਿੱਖ ਖਿਡਾਰੀਆਂ ਨੂੰ ਹਾਕੀ ਖੇਡਦੇ ਵੇਖਦਾ ਹਾਂ ਤਾਂ ਉਨਾਂ ਦੇ ਸਿਰ ‘ਤੇ ਜੂੜੇ ‘ਤੇ ਰੁਮਾਲ ਬੰਨਿਆ ਹੁੰਦਾ ਹੈ ਤੇ ਫਖ਼ਰ ਮਹਿਸੂਸ ਹੁੰਦਾ ਹੈ ਵੇਖ ਕੇ ਕਿ ਕੋਈ ਸਿੱਖ ਖੇਡ ਰਿਹਾ ਹੈ, ਲੇਕਿਨ ਮੈਚ ਤੋਂ ਬਾਅਦ ਜਦੋਂ ਉਹ ਟੀ.ਵੀ ‘ਤੇ ਇੰਟਰਵੀਊ ਦਿੰਦੇ ਨੇ ਜਾਂ ਏਅਰਪੋਰਟ ਤੋਂ ਬਾਹਰ ਆਉਂਦੇ ਹਨ ਤਾਂ ਉਨਾਂ ਦੇ ਸਿਰਾਂ ‘ਤੇ ਟੋਪੀਆਂ ਵੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਪਤਾ ਨਹੀਂ ਉਸ ਵੇਲੇ ਉਨਾਂ ਨੂੰ ਕੀ ਹੋ ਜਾਂਦਾ ਹੈ ਜੋ ਉਸ ਵੇਲੇ ਆਪਣੀ ਸਰਦਾਰੀ ਨੂੰ ਦੁਨੀਆਂ ਦੇ ਸਾਹਮਣੇ ਛੁਪਾ ਲੈਂਦੇ ਨੇ। ਹੋ ਸਕਦਾ ਹੈ ਇਨਾਂ ਵੀਰਾਂ ਦੀ ਕੋਈ ਮਜਬੂਰੀ ਹੋਵੇ ਜਾਂ ਏਜੰਸੀਆਂ ਉਨਾਂ ਨੂੰ ਐਸਾ ਕਰਨ ਵਾਸਤੇ ਮਜਬੂਰ ਕਰਦੀਆਂ ਹੋਣ। ਖੈਰ!

ਮੇਰੀ ਇਸ ਵਿਸ਼ੇ ‘ਤੇ ਪੰਥਕ ਵਿਦਵਾਨ ਸ: ਇੰਦਰ ਸਿੰਘ ਘੱਗਾ ਜੀ ਨਾਲ ਗੱਲ ਹੋਈ ਸੀ। ਉਨਾਂ ਨੇ ਮੈਨੂੰ ਦੱਸਿਆ ਕਿ ”ਜਦੋਂ 1993 ਵਿਚ ਉਹ ਅਕਾਲ ਤਖ਼ਤ ਦੇ ਜਥੇਦਾਰ ਦੇ ਪੀ.ਏ. ਸਨ ਤਾਂ ਉਸ ਵੇਲੇ ਜਥੇਦਾਰ ਜੀ ਨੇ ਉਨਾਂ ਨੂੰ ਸਿੱਖ ਖਿਡਾਰੀਆਂ ਨੂੰ ਮਿਲ ਕੇ ਉਨਾਂ ਦੀਆਂ ਸਮੱਸਿਆਵਾਂ ਜਾਣਨ ਲਈ ਕਿਹਾ ਸੀ ਤੇ ਉਨਾਂ ਨਾਲ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਨ ਨੂੰ ਕਿਹਾ। ਘੱਗਾ ਜੀ ਮੁਤਾਬਿਕ ਸਿੱਖ ਖਿਡਾਰੀ ਉਨਾਂ ਨੂੰ ਬੜੀ ਗਰਮ ਜੋਸ਼ੀ ਨਾਲ ਮਿਲੇ ਕਿ ਚਲੋ ਕੋਈ ਤਾਂ ਸਾਡੇ ਵਾਸਤੇ ਉਠਿਆ ਜੋ ਸਾਡੀਆਂ ਮੁਸ਼ਕਿਲਾਂ ਨੂੰ ਹੱਲ ਕਰੇਗਾ, ਲੇਕਿਨ ਬਾਅਦ ਵਿਚ ਜਥੇਦਾਰ ਜੀ ‘ਤੇ ਪਤਾ ਨਹੀਂ ਕਿਹੜਾ ਦਬਾਅ ਪਿਆ ਕਿ ਉਹ ਮੀਟਿੰਗ ਅੱਜ ਤੱਕ ਨਹੀਂ ਹੋ ਸਕੀ ਤੇ ਸਿੱਖ ਖਿਡਾਰੀ ਮੀਟਿੰਗ ਦਾ ਇੰਤਜ਼ਾਰ ਕਰਦੇ ਹੀ ਰਹਿ ਗਏ।”

ਅਜੋਕੇ ਸਮੇਂ ਵਿਚ ਇਨਾਂ ਨਕਾਰਾ ਹੋਈਆਂ ਸੰਸਥਾਵਾਂ ਕੋਲੋਂ ਕਿਸੇ ਕਿਸਮ ਦੀ ਆਸ ਰੱਖਣਾ ਆਪਣੇ ਆਪ ਨੂੰ ਗਫ਼ਲਤ ਦੀ ਨੀਂਦ ਵਿਚ ਪਾਉਣ ਵਾਲੀ ਗੱਲ ਹੋਵੇਗੀ। ਅੱਜ ਹਰ ਮਾਈ ਭਾਈ ਨੂੰ ਪ੍ਰਚਾਰ ਦਾ ਕੰਮ ਖ਼ੁਦ ਕਰਨਾ ਪਵੇਗਾ। ਸਾਨੂੰ ਸਭ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਪਵੇਗਾ। ਆਓ ਸਾਰੇ ਮਿਲ ਕੇ ਇਕ ਆਖਰੀ ਹੰਭਲਾ ਮਾਰੀਏ।



from Punjab News – Latest news in Punjabi http://ift.tt/2d52A4C
thumbnail
About The Author

Web Blog Maintain By RkWebs. for more contact us on rk.rkwebs@gmail.com

0 comments