ਪਟਿਆਲਾ, 8 ਅਕਤੂਬਰ : ਪੰਜਾਬ ਦਾ ਫੂਡ ਅਤੇ ਸਿਵਲ ਸਪਲਾਈ ਵਿਭਾਗ ਆਟਾ-ਦਾਲ ਸਕੀਮ ਦੇ ਕਾਰਡਾਂ ’ਤੇ ਸਿਰਫ਼ ਫੂਡ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਵਾਲੇ ਸਟਿੱਕਰ ਲਾ ਕੇ ਕਸੂਤਾ ਫਸ ਗਿਆ ਹੈ। ਇਨ੍ਹਾਂ ਕਾਰਡਾਂ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਨਹੀਂ ਹੈ ਤੇ ਵਿਭਾਗ ਨੇ ਸਿਰਫ਼ ਕੈਰੋਂ ਦੀ ਤਸਵੀਰ ਵਾਲੇ 30 ਲੱਖ ਤੋਂ ਵੱਧ ਕਾਰਡਾਂ ਦੀ ਵੰਡ ਸ਼ੁਰੂ ਕਰ ਦਿੱਤੀ। ਜਦੋਂ ਮੁੱਖ ਮੰਤਰੀ ਦਫ਼ਤਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ‘ਲਿਖਤੀ ਹੁਕਮ’ ਜਾਰੀ ਕਰਕੇ ਕਾਰਡਾਂ ਦੀ ਵੰਡ ਰੋਕਣ ਲਈ ਕਹਿ ਦਿੱਤਾ ਗਿਆ ਅਤੇ ਇਹ ਕਾਰਡ ਉਦੋਂ ਤੱਕ ਨਾ ਵੰਡਣ ਲਈ ਕਿਹਾ ਗਿਆ, ਜਦੋਂ ਤੱਕ ਸ੍ਰੀ ਬਾਦਲ ਦੀ ਤਸਵੀਰ ਵਾਲੇ ਸਟਿੱਕਰ ਨਹੀਂ ਲਗਾ ਦਿੱਤੇ ਜਾਂਦੇ।ਇਸ ਮੌਕੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪਹਿਲਾਂ ਆਟਾ-ਦਾਲ ਸਕੀਮ ਤਹਿਤ ਕਾਰਡਾਂ ਦੀ ਵੰਡ ਛੇਤੀ ਕਰਨ ਦੇ ਹੁਕਮ ਆਏ ਸਨ। ਇਸ ਮਗਰੋਂ ਸੀਨੀਅਰ ਅਧਿਕਾਰੀ ਰਾਹੁਲ ਤਿਵਾੜੀ ਦੁਆਰਾ ਹਦਾਇਤਾਂ ਦਿੱਤੀਆਂ ਗਈਆਂ ਕਿ ਅਗਲੇ ਹਫ਼ਤੇ ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵਾਲੇ ਸਟਿੱਕਰ ਭੇਜ ਦਿੱਤੇ ਜਾਣਗੇ, ਜੋ ਸਾਰੇ ਕਾਰਡਾਂ ’ਤੇ ਲਾਏ ਜਾਣੇ ਹਨ। ਇਹ ਸਟਿੱਕਰ ਉਨ੍ਹਾਂ ਕਾਰਡਾਂ ’ਤੇ ਵੀ ਲਾਏ ਜਾਣਗੇ ਜਿਹੜੇ ਕਾਰਡ ਵੰਡੇ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਮਗਰੋਂ ਸਿਵਲ ਸਪਲਾਈ ਅਫ਼ਸਰਾਂ ਨੇ ਕਾਰਡ ਛਪਵਾ ਕੇ ਜ਼ਿਲ੍ਹਿਆਂ ਵਿੱਚ ਭੇਜ ਦਿੱਤੇ। ਇਸ ਮੌਕੇ ਇੱਕ ਅਫ਼ਸਰ ਨੇ ਕਿਹਾ ਕਿ ਜਿਵੇਂ ਕਿਹਾ, ਉਨ੍ਹਾਂ ਨੇ ਉਵੇਂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਨਾਮ ਜਾਂ ਫੋਟੋ ਲਾਉਣ ਬਾਰੇ ਫ਼ੈਸਲਾ ਸਿਆਸੀ ਆਕਾਵਾਂ ਵੱਲੋਂ ਲਿਆ ਜਾਂਦਾ ਹੈ, ਨਾ ਕਿ ਸਾਡੇ ਵੱਲੋਂ। ਇਸ ਮਾਮਲੇ ਵਿੱਚ ਡਾਇਰੈਕਟਰ (ਫੂਡ ਅਤੇ ਸਿਵਲ ਸਪਲਾਈ) ਨਾਲ ਸੰਪਰਕ ਨਹੀਂ ਹੋ ਸਕਿਆ।
from Punjab News – Latest news in Punjabi http://ift.tt/2dBDize
0 comments