ਮੁਕੇਰੀਆਂ : ਗੜ੍ਹਦੀਵਾਲਾ ਨੇੜਲੇ ਪਿੰਡ ਸ਼ਾਨਚੱਕ (ਜੋਗੀਆਣਾ) ਵਿੱਚ ਕਰਵਾਏ ਗਏ ਸਾਲਾਨਾ ਛਿੰਝ ਮੇਲੇ ਤੇ ਕਬੱਡੀ ਟੂਰਨਾਮੈਂਟ ਦੌਰਾਨ ਰੁਮਾਲੀ ਦੀ ਕੁਸ਼ਤੀ ਕਿੰਨੂੰ ਸ਼ੇਖਾਂ ਨੇ ਜਿੱਤ ਲਈ।
ਪ੍ਰਬੰਧਕ ਕਮੇਟੀ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਖੇਡ ਮੇਲੇ ਵਿੱਚ ਇਲਾਕੇ ਭਰ ਵਿੱਚੋਂ ਲਗਪਗ 100 ਪਹਿਲਵਾਨਾਂ ਨੇ ਭਾਗ ਲਿਆ। ਛਿੰਝ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਕਿੰਨੂੰ ਸ਼ੇਖਾਂ ਅਤੇ ਪਰਵੀਨ ਕੁਮਾਰ ਪਠਾਨਕੋਟ ਵਿਚਾਲੇ ਹੋਈ ਜਿਸ ਵਿੱਚ ਕਿੰਨੂੰ ਸ਼ੇਖਾਂ ਜੇਤੂ ਰਿਹਾ ਜਿਸ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਸਰ ਖਾਲਸਾ ਕਾਲਜ ਦੀਆਂ ਤੇ ਹੁਸ਼ਿਆਰਪੁਰ ਕਾਲਜ ਦੀਆਂ ਲੜਕੀਆਂ ਵਿਚਕਾਰ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ ਜਿਸ ’ਚੋਂ ਹੁਸ਼ਿਆਰਪੁਰ ਦੀਆਂ ਲੜਕੀਆਂ ਜੇਤੂ ਰਹੀਆਂ। ਇਸ ਉਪਰੰਤ ਲੜਕਿਆਂ ਦਾ ਕਬੱਡੀ ਮੈਚ ਮੱਕੋਵਾਲ ਤੇ ਜੋਗੀਆਣਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚੋਂ ਜੋਗੀਆਣਾ ਦੀ ਟੀਮ ਜੇਤੂ ਰਹੀ। ਜੇਤੂ ਪਹਿਲਵਾਨਾਂ ਤੇ ਕਬੱਡੀ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਰਪੰਚ ਲਾਲ ਸਿੰਘ ਤੇ ਦੀਪੂ ਪਹਿਲਵਾਨ ਨੇ ਕੀਤੀ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਖੇਡਾਂ ਸਰੀਰ ਨੂੰ ਮਾਨਸਿਕ ਤੇ ਸਰੀਰਕ ਪੱਖੋਂ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ’ਚ ਵੱਧ ਚੜ੍ਹ ਕੇ ਭਾਗ ਲੈਣ। ਇਸ ਮੌਕੇ ਬਾਬਾ ਅਵਤਾਰ ਨਾਥ ਚਠਿਆਲੀਆਂ ਵਾਲਿਆਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਮਾਸਟਰ ਨੱਥਾ ਸਿੰਘ, ਸੋਮ ਰਾਜ, ਪੰਚ ਸਵਿਤਰੀ ਦੇਵੀ, ਸਤਨਾਮ ਕੌਰ, ਸਵਰਨ ਸਿੰਘ, ਹੁਸ਼ਿਆਰ ਸਿੰਘ, ਕੇਵਲ ਸਿੰਘ, ਬਿਹਾਰੀ ਲਾਲ, ਸੂਬੇਦਾਰ ਦੇਵ ਰਾਜ ਤੇ ਜੁਗਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
from Punjab News – Latest news in Punjabi http://ift.tt/2dX9SZd
0 comments