ਮੁਕੇਰੀਆਂ, 16 ਮਾਰਚ : ਐਸਐਚਓ ਮੁਕੇਰੀਆਂ ਆਪਣੀ ਨਿੱਜੀ ਕਾਰ ਲਈ ਨੀਲੀ ਬੱਤੀ ਦੀ ਵਰਤੋਂ ਕਰ ਰਿਹਾ ਹੈ। ਇਹ ਗੱਡੀ ਕਿਸੇ ਵੇਲੇ ਵੀ ਮੁਕੇਰੀਆਂ ਥਾਣੇ ਅੰਦਰ ਐਸਐਚਓ ਦੀ ਪਾਰਕਿੰਗ ਵਾਲੇ ਸਥਾਨ ’ਤੇ ਦੇਖੀ ਜਾ ਸਕਦੀ ਹੈ। ਡੀਟੀਓ ਕਪੂਰਥਲਾ ਦੇ ਦਫ਼ਤਰੀ ਰਿਕਾਰਡ ਅਨੁਸਾਰ ਇਹ ਗੱਡੀ ਵੀ ਥਾਣਾ ਮੁਖੀ ਦੇ ਨਾਮ ’ਤੇ ਨਹੀਂ ਹੈ।
ਥਾਣੇ ਦਾ ਦੌਰਾ ਕਰਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਐਸਐਚਓ ਮੁਕੇਰੀਆਂ ਮਲਕੀਤ ਸਿੰਘ ਦੀ ਪਾਰਕਿੰਗ ਵਿੱਚ ਇੱਕ ਚਿੱਟੇ ਰੰਗ ਦੀ ਨੀਲੀ ਬੱਤੀ ਲੱਗੀ ਸਵਿਫ਼ਟ ਗੱਡੀ ਬਾਹਰੋਂ ਆ ਕੇ ਖੜ੍ਹੀ ਹੋ ਜਾਂਦੀ ਹੈ। ਇਹ ਗੱਡੀ ਕਥਿਤ ਤੌਰ ’ਤੇ ਥਾਣਾ ਮੁਖੀ ਮੁਕੇਰੀਆਂ ਮਲਕੀਤ ਸਿੰਘ ਦੀ ਦੱਸੀ ਜਾ ਰਹੀ ਹੈ, ਜਿਸ ਨੇ ਨਿਯਮਾਂ ਦੇ ਉਲਟ ਇਹ ਗੱਡੀ ਹਾਲੇ ਤੱਕ ਆਪਣੇ ਨਾ ਵੀ ਨਹੀਂ ਕਰਵਾਈ ਅਤੇ ਨੀਲੀ ਬੱਤੀ ਵੀ ਕਥਿਤ ਤੌਰ ’ਤੇ ਆਪਣਾ ਰੋਅਬ ਦੱਸਣ ਲਈ ਲਗਾਈ ਹੋਈ ਹੈ।
ਡੀਟੀਓ ਕਪੂਰਥਲਾ ਦੇ ਦਫ਼ਤਰੀ ਰਿਕਾਰਡ ਅਨੁਸਾਰ ਇਸ ਗੱਡੀ ਦਾ ਮਾਲਕ ਚੰਦਨ ਅਰੋੜਾ ਹੈ। ਨਿਯਮਾਂ ਅਨੁਸਾਰ ਕਿਸੇ ਵੀ ਐਸਐਚਓ ਪੱਧਰ ਦੇ ਅਧਿਕਾਰੀ ਨੂੰ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ਨਹੀਂ ਹੈ, ਜਿਹੜੇ ਸਰਕਾਰੀ ਅਧਿਕਾਰੀਆਂ ਨੂੰ ਨੀਲੀ ਬੱਤੀ ਜਾਂ ਲਾਲ ਬੱਤੀ ਦੀ ਇਜਾਜ਼ਤ ਦਿੱਤੀ ਗਈ ਹੈ, ਉਹ ਵੀ ਕੇਵਲ ਸਰਕਾਰੀ ਗੱਡੀ ’ਤੇ ਹੀ ਇਨ੍ਹਾਂ ਬੱਤੀਆ ਦੀ ਵਰਤੋਂ ਕਰ ਸਕਦੇ ਹਨ।
ਡੀਐਸਪੀ ਵੱਲੋਂ ਕਾਰਵਾਈ ਦਾ ਭਰੋਸਾ
ਡੀਐਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਕਿਸੇ ਵੀ ਐਸਐਚਓ ਨੂੰ ਆਪਣੀ ਨਿੱਜੀ ਕਾਰ ’ਤੇ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ਨਹੀਂ ਹੈ। ਇਸ ਸਬੰਧੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਐਸਐਚਓ ਮੁਕੇਰੀਆਂ ਮਲਕੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਆਪਣੀ ਨਿੱਜੀ ਕਾਰ ’ਤੇ ਵੀ ਨੀਲੀ ਬੱਤੀ ਲਗਾਉਣ ਦੀ ਇਜਾਜ਼ਤ ਮਿਲੀ ਹੋਈ ਹੈ।
from Punjab News – Latest news in Punjabi http://ift.tt/2m85WLd

0 comments