ਨਵੀਂ ਦਿੱਲੀ, 7 ਮਾਰਚ: ਆਮ ਆਦਮੀ ਪਾਰਟੀ (ਆਪ) ਅੰਦਰ ਚਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਤਾਨਾਸ਼ਾਹ ਹੋਣ ਦੇ ਦੋਸ਼ ਲਗਣੇ ਜਾਰੀ ਹਨ।
ਅੱਜ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਮਹਾਰਾਸ਼ਟਰ ਦੇ ਕਨਵੀਨਰ ਮਿਆਂਕ ਗਾਂਧੀ ਨੇ ਦੋਸ਼ ਲਾਇਆ ਕਿ ਸਿਆਸੀ ਮਾਮਲੇ ਕਮੇਟੀ (ਪੀ.ਏ.ਸੀ.) ਤੋਂ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਨੂੰ ਹਟਾਉਣ ਦੇ ਫ਼ੈਸਲੇ ਵਿਰੁਧ ਉਨ੍ਹਾਂ ਵਲੋਂ ਆਵਾਜ਼ ਚੁੱਕਣ ਤੋਂ ਬਾਅਦ ‘ਪਾਰਟੀ ‘ਚ ਫ਼ੈਸਲਾ ਕਰਨ ਵਾਲਾ ਇਕ ਛੋਟਾ ਸਮੂਹ’ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਧਰ ਅੰਨਾ ਹਜ਼ਾਰੇ ਦੀ ਟੀਮ ਦੇ ਸਾਬਕਾ ਮੈਂਬਰ ਮੁਫ਼ਤੀ ਸ਼ਮੂਨ ਕਾਸਮੀ ਨੇ ਵੀ ਅੱਜ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਉਨ੍ਹਾਂ ਦਾ ਟੀਮ ਅੰਨਾ ‘ਚ ਰਹਿਣਾ ਬਰਦਾਸ਼ਤ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੂੰ ਬਾਹਰ ਕੱਢ ਦਿਤਾ ਗਿਆ ਸੀ।
ਮਿਆਂਕ ਗਾਂਧੀ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ‘ਪਾਰਟੀ ਵਿਰੋਧੀ’ ਅਤੇ ‘ਅਰਵਿੰਦ ਕੇਜਰੀਵਾਲ ਵਿਰੋਧੀ’ ਸਾਬਤ ਕਰਨ ਲਈ ਮੁਹਿੰਮ ਛੇੜ ਦਿਤੀ ਗਈ ਹੈ। ਗਾਂਧੀ ਨੇ ਕਿਹਾ ਕਿ ਯਾਦਵ ਅਤੇ ਭੂਸ਼ਣ ਨੂੰ ਵੀ ਇਸੇ ਤਰ੍ਹਾਂ ‘ਬੇਇੱਜ਼ਤ’ ਕਰਨ ਅਤੇ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਸੀ ਪਰ ਪਾਰਟੀ ਨਾ ਛੱਡ ਕੇ ਉਨ੍ਹਾਂ ਦੋਹਾਂ ਨੇ ਇਨ੍ਹਾਂ ਲੋਕਾਂ ਦੇ ਇਰਾਦਿਆਂ ‘ਤੇ ਪਾਣੀ ਫੇਰ ਦਿਤਾ।
ਉਨ੍ਹਾਂ ਪਾਰਟੀ ਵਲੋਂ ‘ਪਾਬੰਦੀ’ ਨੂੰ ਤੋੜਦਿਆਂ ਇਕ ਬਲਾਗ ‘ਚ ਲਿਖਿਆ, ”ਕੀਮਤ ਚੁਕਾਉਣੀ ਪੈ ਸਕਦੀ ਹੈ। ਦਿੱਲੀ ‘ਚ ਫ਼ੈਸਲਾ ਕਰਨ ਵਾਲਿਆਂ ਦਾ ਇਕ ਛੋਟਾ ਸਮੂਹ ਗ਼ੈਰ-ਰਸਮੀ ਬੀ.ਬੀ.ਐਮ. ਗਰੁੱਪ ਤੋਂ ਮੈਨੂੰ ਪਹਿਲਾਂ ਹੀ ਕੱਢ ਚੁੱਕਿਆ ਹੈ। ਆਸ਼ੀਸ਼ ਖੇਤਾਨ ਅਤੇ ਦੂਜਿਆਂ ਵਲੋਂ ਮੇਰੇ ‘ਤੇ ਹਮਲਾ ਸ਼ੁਰੂ ਹੋ ਗਿਆ ਹੈ।” ਆਪ ਆਗੂ ਵਲੋਂ ਲਿਖੇ ਤਾਜ਼ਾ ਬਲਾਗ ‘ਚ ਇਹ ਟਿਪਣੀਆਂ ਕੀਤੀਆਂ ਗਈਆਂ ਹਨ। ਬੁਧਵਾਰ ਨੂੰ ਕੌਮੀ ਕਾਰਜਕਾਰਨੀ ਦੀ ਬੈਠਕ ‘ਚ ਵੋਟਿੰਗ ਦੌਰਾਨ ਉਹ ਗ਼ੈਰ-ਹਾਜ਼ਰ ਰਹੇ ਸਨ। ਗਾਂਧੀ ਨੇ ਦਾਅਵਾ ਕੀਤਾ ਕਿ ਉਹ ਨਾ ਤਾਂ ਪਾਰਟੀ ਹਾਈਕਮਾਂਡ ਵਿਰੁਧ ਬਗ਼ਾਵਤ ਕਰ ਰਹੇ ਹਨ ਅਤੇ ਨਾ ਹੀ ਅਪਣੇ ਵੱਲ ਧਿਆਨ ਖਿੱਚਣਾ ਚਾਹੁੰਦੇ ਹਨ। ਉਹ ਸਿਰਫ਼ ਪਾਰਦਰਸ਼ਿਤਾ ਦੇ ਉੱਚ ਸਿਧਾਤਾਂ ਨੂੰ ਬਰਕਰਾਰ ਰਖਣ ਦੀ ਮੰਗ ਕਰ ਰਹੇ ਹਨ।
ਦੂਜੇ ਪਾਸੇ ਅੰਨਾ ਹਜ਼ਾਰੇ ਦੀ ਟੀਮ ਦੇ ਸਾਬਕਾ ਮੈਂਬਰ ਮੁਫ਼ਤੀ ਸ਼ਮੂਨ ਕਾਸਮੀ ਨੇ ਅੱਜ ਕਿਹਾ ਕਿ ਜਦੋਂ ਉਨ੍ਹਾਂ ਨੇ ਪਾਰਦਰਸ਼ਿਤਾ ਅਤੇ ਇੰਡੀਆ ਅਗੇਨਸਟ ਕਰੱਪਸ਼ਨ ਨੂੰ ਮਿਲਣ ਵਾਲੇ ਚੰਦੇ ਦਾ ਮਾਮਲਾ ਚੁਕਿਆ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਵੀ ਅੰਨਾ ਹਜ਼ਾਰੇ ਦੀ ਟੀਮ ‘ਚੋਂ ਬਾਹਰ ਕੱਢ ਦਿਤਾ ਸੀ। ਕਾਸਮੀ ਨੇ ਕਿਹਾ ਕਿ ਉਹ ਅੰਨਾ ਟੀਮ ‘ਚ ਰਹਿ ਕੇ ਜਿਨ੍ਹਾਂ ਮੁੱਦਿਆਂ ਨੂੰ ਚੁੱਕ ਰਹੇ ਸਨ, ਪ੍ਰਸ਼ਾਂਤ ਭੂਸ਼ਣ ਵੀ ਅੱਜ ਉਨ੍ਹਾਂ ਮੁੱਦਿਆਂ ਨੂੰ ਖੜ੍ਹਾ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸ਼ੁਰੂਆਤ ਤੋਂ ਲਗ ਰਿਹਾ ਸੀ ਕਿ ਇਹ ਪਾਰਟੀ ਸਾਰੀਆਂ ਪਾਰਟੀਆਂ ਨੂੰ ਸਫ਼ਾਈ ਅਤੇ ਪਾਰਦਰਸ਼ਿਤਾ ਦੀ ਸਿਆਸਤ ‘ਤੇ ਚੱਲਣ ਲਈ ਮਜਬੂਰ ਕਰੇਗੀ ਪਰ ਇਸ ਪਾਰਟੀ ਦੇ ਮੌਜੂਦਾ ਘਟਨਾਕ੍ਰਮ ਨੇ ਸਾਫ਼-ਸੁਥਰੀ ਸਿਆਸਤ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਨਿਰਾਸ਼ ਕਰ ਦਿਤਾ ਹੈ।
from Punjab News - Latest news in Punjabi http://ift.tt/1ARwBqq
0 comments