ਕੋਲੰਬੋ, 7 ਮਾਰਚ: ਸ੍ਰੀਲੰਕਾਈ ਪ੍ਰਧਾਨ ਮੰਤਰੀ ਵਿਕਰਮਾਸਿੰਘੇ ਦੀ ਇਕ ਤਾਮਿਲ ਚੈਨਲ ਨੂੰ ਦਿਤੀ ਇੰਟਰਵਿਊ ਤੋਂ ਬਾਅਦ ਵਿਵਾਦ ਛਿੜ ਗਿਆ ਹੈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਜੇਕਰ ਭਾਰਤੀ ਮਛੇਰੇ ਸ੍ਰੀਲੰਕਾਈ ਸਮੁੰਦਰੀ ਹੱਦ ‘ਚ ਵੜੇ ਤਾਂ ਉਨ੍ਹਾਂ ਨੂੰ ਗੋਲੀ ਮਾਰੀ ਜਾ ਸਕਦੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਭਾਰਤੀ ਮਛੇਰੇ ਉੱਤਰੀ ਲੰਕਾ ਦੇ ਮਛੇਰਿਆਂ ਦੀ ਆਮਦਨ ਖੋਹ ਰਹੇ ਹਨ।
ਭਾਰਤ ਨੇ ਅਪਣੇ ਮਛੇਰਿਆਂ ਦੇ ਮਨੁੱਖੀ ਮੁੱਦੇ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਸਾਹਮਣੇ ਚੁੱਕਿਆ।
ਇੰਟਰਵਿਊ ਦੌਰਾਨ ਵਿਕਰਮਾਸਿੰਘੇ ਨੇ ਕਿਹਾ, ”ਜੇਕਰ ਕੋਈ ਮੇਰੇ ਘਰ ‘ਚ ਜ਼ਬਰਦਸਤੀ ਵੜਨ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਗੋਲੀ ਮਾਰ ਸਕਦਾ ਹਾਂ। ਜੇਕਰ ਉਹ ਮਾਰਿਆ ਜਾਂਦਾ ਹੈ ਤਾਂ ਕਾਨੂੰਨ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ।” ਵਿਕਰਮਾਸਿੰਘੇ ਨੇ ਗ੍ਰਿਫ਼ਤਾਰ ਕੀਤੇ ਇਤਾਲਵੀ ਜਲ ਸੈਨਿਕਾਂ ਦੇ ਮੁੱਦੇ ‘ਤੇ ਕਿਹਾ ਸੀ ਕਿ ਜੇਕਰ ਭਾਰਤ ਇਟਲੀ ਨਾਲ ਮਿੱਤਰਤਾ ਵਾਲੇ ਰਿਸ਼ਤੇ ਰਖਦਾ ਹੈ ਤਾਂ ਉਸ ਨੂੰ ਇਟਲੀ ਨਾਲ ਵੀ ਉਸੇ ਤਰ੍ਹਾਂ ਦੀ ਖੁੱਲ੍ਹਦਿਲੀ ਦਿਖਾਉਣੀ ਚਾਹੀਦੀ ਹੈ ਜਿਵੇਂ ਕਿ ”ਤੁਸੀਂ ਸਾਡੇ ਕੋਲੋਂ ਚਾਹੁੰਦੇ ਹੋ।” ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ੍ਰੀਲੰਕਾ ਯਾਤਰਾ ਤੋਂ ਪਹਿਲਾਂ ਅਪਣੀ ਦੋ ਦਿਨਾਂ ਦੀ ਯਾਤਰਾ ਹੇਠ ਇੱਥੇ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ੍ਰੀਲੰਕਾਈ ਪ੍ਰਧਾਨ ਮੰਤਰੀ ਨੂੰ ਇਹ ਸਪੱਸ਼ਟ ਕੀਤਾ ਕਿ ਇਤਾਲਵੀ ਜਲ ਸੈਨਿਕਾਂ ਅਤੇ ਭਾਰਤੀ ਮਛੇਰਿਆਂ ਵਿਚਕਾਰ ਮੁੱਦਿਆਂ ‘ਚ ਕੋਈ ਮੁਕਾਬਲਾ ਨਹੀਂ ਹੈ।
ਸੁਸ਼ਮਾ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਦੇ ਨਾਲ ਅਪਣੀ ਚਰਚਾ ‘ਚ ਭਾਰਤੀ ਮਛੇਰਿਆਂ ਨਾਲ ਜੁੜਿਆ ਮੁੱਦਾ ਚੁੱਕਿਆ। ਬੀਤੇ 25 ਸਾਲ ‘ਚ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਸ੍ਰੀਲੰਕਾ ਦਾ ਪਹਿਲਾ ਦੌਰਾ ਹੋਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਈਅਦ ਅਕਬਰੂਦੀਨ ਨੇ ਵਿਕਰਮਾਸਿੰਘੇ ਦੀ ਟਿਪਣੀ ਤੋਂ ਕੁੱਝ ਘੰਟੇ ਬਾਅਦ ਕਿਹਾ, ”ਸੁਸ਼ਮਾ ਨੇ ਸਾਡਾ ਇਹ ਵਿਚਾਰ ਸਪੱਸ਼ਟ ਕੀਤਾ ਕਿ ਮਛੇਰਿਆਂ ਦਾ ਵਿਸ਼ਾ ਇਕ ਮਨੁੱਖੀ ਮੁੱਦਾ ਹੈ।” ਅਕਬਰੂਦੀਨ ਨੇ ਕਿਹਾ ਕਿ ਇਤਾਲਵੀ ਜਲ ਸੈਨਿਕਾਂ ਅਤੇ ਮਛੇਰਿਆਂ ਦੇ ਦੋਵੇਂ ਵੱਖੋ-ਵੱਖ ਮੁੱਦੇ ਹਨ।
ਭਾਰਤੀ ਮਛੇਰਿਆਂ ਦਾ ਮੁੱਦਾ ਤਮਿਲ ਨੈਸ਼ਨਲ ਅਲਾਇੰਸ ਦੀ ਸੁਸ਼ਮਾ ਨਾਲ ਗੱਲਬਾਤ ‘ਚ ਵੀ ਉੱਠਿਆ। ਇਹ ਪਹਿਲਾ ਮੌਕਾ ਹੈ ਜਦੋਂ ਟੀ.ਐਨ.ਏ. ਨੇ ਭਾਰਤ ਸਰਕਾਰ ਨਾਲ ਮਛੇਰਿਆਂ ਦਾ ਮੁੱਦਾ ਚੁੱਕਿਆ ਹੈ।
ਇਸ ਤੋਂ ਪਹਿਲਾਂ ਅੱਜ ਅਕਬਰੂਦੀਨ ਨੇ ਕਿਹਾ ਕਿ ਭਾਰਤ ਅਤੇ ਸ੍ਰੀਲੰਕਾ ਇਸ ਭਾਵਨਾਤਮਕ ਮੁੱਦੇ ਨੂੰ ਮਨੁੱਖੀ ਮੁੱਦੇ ਦੇ ਤੌਰ ‘ਤੇ ਲੈ ਰਹੇ ਹਨ ਅਤੇ ਇਹ ਅਜਿਹਾ ਮੁੱਦਾ ਨਹੀਂ ਹੈ ਜਿਸ ਦਾ ਛੇਤੀ-ਛੇਤੀ ਹੱਲ ਹੋ ਸਕੇ।
from Punjab News - Latest news in Punjabi http://ift.tt/1Nvl2iE
0 comments