ਪਰੰਪਰਾ, ਪੂਰਬੀ ਚਿੰਤਨ ਅਤੇ ਮੌਲਿਕ ਖੋਜ ਵਿਧੀਆਂ ਹੀ ਸਪਤ-ਸਿੰਧੂ ਸਭਿਅਤਾ ਦੀ ਅਮੀਰੀ ਨੂੰ ਜੀਵੰਤ ਰੱਖਣਗੀਆਂ
ਅੰਮ੍ਰਿਤਸਰ, 5 ਮਾਰਚ (ਰੋਮਿਤ ਸ਼ਰਮਾ) – ਮੁਮਾਰਖੀ ਰੁੱਤ ਅੰਦਰ ਮਉਲਦੀ ਕੁਦਰਤ ਨਾਲ ਆਨੰਦਿਤ ਹੋਈ ਕਾਇਆ ਧਰਤੀ ਉਪਰ ਸੁਰਚਨਾ ਤੇ ਸਿਰਜਣਾ ਵੱਲ ਕਾਰਜਸ਼ੀਲ ਹੂੰਦੀ ਹੈ ਅਤੇ ਕਿਸੇ ਵੱਡੇ ਜ਼ਬਤ ਵਿਚ ਟਿਕਾਅ ਲੋਚਦੀ ਹੈ। ਸਪਤ-ਸਿੰਧੂ ਸਭਿਅਤਾ ਦੀ ਆਦਿ ਸ਼ੁੱਧਤਾ ਤੇ ਉਚ ਪਰੰਪਰਾਵਾਂ ਨਾਲ ਅਜੋਕੇ ਪੰਜਾਬ ਨੂੰ ਮੁੜ ਵਾਬਸਤਾ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰਦੁਆਰਾ ਸਾਹਿਬ ਵਿਚ ਬਸੰਤ ਰਾਗ ਦਰਬਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਭਾਈ ਗੁਰਦੇਵ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਤਪ-ਅਸਥਾਨ ਭਗਤ ਨਾਮਦੇਵ ਜੀ, ਘੁਮਾਣ, ਭਾਈ ਜਤਿੰਦਰ ਸਿੰਘ ਤੇ ਸਾਥੀ ਅਤੇ ਭਾਈ ਸ੍ਰੀਪਾਲ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵੱਲੋਂ ਬਸੰਤ ਰਾਗ ਵਿਚ ਕੀਰਤਨ ਕੀਤਾ ਗਿਆ। ਕੀਰਤਨ ਉਪਰੰਤ ਰਾਗੀ ਸਾਹਿਬਾਨ ਤੇ ਸਾਂਝੇ ਰੂਪ ਵਿਚ ਇਹ ਨੁਕਤਾ ਸਾਂਝਾ ਕੀਤਾ ਕਿ ਗੁਰੂ ਪਾਤਸ਼ਾਹ ਦੁਆਰਾ ਬਖਸ਼ੇ ਪੁਰਾਤਨ ਸਾਜ਼ ‘ਨਾਦ’ ਦਾ ਪ੍ਰਤੀਕ ਹਨ ਜੋ ਬ੍ਰਹਿਮੰਡੀ ਧੁਨੀ ਦੇ ਵੱਡੇ ਨਿਯਮ ਨੂੰ ਕੀਰਤਨ ਰਾਹੀਂ ਪਰਿਭਾਸ਼ਤ ਕਰਦੇ ਹਨ ਅਤੇ ਕਾਇਨਾਤ ਦੀ ਉਤਪਤੀ ਅਤੇ ਵਰਤਾਰੇ ਵਿਚ ਇਸ ਵੱਡੀ ਮਰਿਯਾਦਾ ਤੋਂ ਸਾਨੂੰ ਜਾਣੂ ਕਰਾਉਂਦੇ ਹਨ।
ਸੀਨੀਅਰ ਖੋਜ ਵਿਦਿਆਰਥੀ ਸ. ਜੋਗਿੰਦਰ ਸਿੰਘ ਵੱਲੋਂ ਕਵਿਤਾ ਗਾਇਨ ਕੀਤੀ ਗਈ। ਉਨ੍ਹਾਂ ਸਿੱਖ ਪੰਥ ਵਿਚ ਕਾਵਿ-ਪਰੰਪਰਾ ਦੀ ਅਮੀਰੀ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਿੱਖ-ਪੰਥ ਨੂੰ ਮੌਜੂਦਾ ਸਮੇਂ ਵਿਚ ਸਿੱਖ ਕਾਵਿ-ਸ਼ਾਸਤਰ ਦੀ ਰਚਨਾ ਬਾਰੇ ਸੰਜੀਦਾ ਹੋਣਾ ਚਾਹੀਦਾ ਹੈ ਕਿ ਪਰੰਪਰਾ ਦੇ ਨਿਆਰੇਪਣ ਨੂੰ ਆਉਂਦੀਆਂ ਪੀੜ੍ਹੀਆਂ ਸਨਮੁੱਖ ਆਪਣੀ ਸ਼ੁੱਧਤਾ ਸਮੇਤ ਜੀਵੰਤ ਰੱਖਿਆ ਜਾ ਸਕਦਾ ਸਕੇ।
ਅਮਨਦੀਪ ਸਿੰਘ, ਸੀਨੀਅਰ ਖੋਜਾਰਥੀ, ਸੰਗੀਤ ਵਿਭਾਗ ਨੇ ਗੁਰਬਾਣੀ ਕੀਰਤਨ ਪਰੰਪਰਾ ਵਿਚ ‘ਸ਼ਬਦ’, ਨਾਦ ਅਤੇ ਰਾਗ-ਵਿਧਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਇਕ ਨਿਵੇਕਲਾ ਗ੍ਰੰਥ ਹੈ ਜਿਸਨੂੰ ਜਾਗਤ ਤੇ ਗੁਰੂ ਕਰਕੇ ਵਿਸ਼ਵ ਨਤਮਸਤਕ ਹੁੰਦਾ ਹੈ ਤੇ ਜਿਸ ਵਿਚ ਰੈਵੀਲੇਸ਼ਨ ਦਾ ਰੂਪ ਸੰਗੀਤਕ ਹੈ ਜੋ ਕਿਤੇ ਹੋਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਕੀਰਤਨ ਦੀ ਸਹਿਜ ਮਰਿਯਾਦ ਮਨੁੱਖੀ ਚੇਤਨਾ ਤੇ ਸਮਾਜਿਕ ਮਨੋਵਿਗਿਆਨਕ ਪ੍ਰਭਾਵਾਂ ਨੂੰ ਮਿਟਾ ਕੇ ਉਸ ਅੰਦਰ ‘ਸਦਾ ਬਸੰਤ’ ਵਾਲਾ ਸਹਿਜ ਉਤਪਨ ਕਰਦੀ ਹੈ ਜਿਸਦਾ ਜੀਵੰਤ ਰੂਪ ਪ੍ਰੇਮਾ-ਭਗਤੀ ਰਾਹੀਂ ਬਸੰਤ ਰੁੱਤ ਵਿਚ ਮੂਰਤੀਮਾਨ ਹੁੰਦਾ ਹੈ।
ਉਨ੍ਹਾਂ ਇਹ ਪ੍ਰਸਤਾਵ ਵੀ ਸੰਗਤਾ ਸਨਮੁੱਖ ਪੇਸ਼ ਕੀਤਾ ਕਿ ਪੰਜਾਬ ਧਰਤੀ ਉਪਰ ਬਸੰਤ ਰੁਤ ਵਿਚ ਅਜਿਹੇ ਬਸੰਤ ਰਾਗ ਦਰਬਾਰ, ਕਵੀ ਦਰਬਾਰ, ਕਲਾ ਅਤੇ ਸਾਹਿਤ ਮਹੋਤਸਵ ਆਯਜਿਤ ਕੀਤੇ ਜਾਣੇ ਚਾਹੀਦੇ ਹਨ ਬੇਸ਼ਕ ਇਹ ਉਪਰਾਲੇ ਛੋਟੀ ਪੱਧਰ ‘ਤੇ ਕਰਨੇ ਸ਼ੁਰੂ ਕੀਤੇ ਜਾਣ ਜਿਸ ਨਾਲ ਬ੍ਰਹਿਮੰਡੀ ਪਸਾਰਾਂ ਵਾਲੇ ‘ਸਿੱਖ-ਸਹਿਜ’ ਦੀ ਪ੍ਰਸਥਾਪਨਾ ਦਾ ਪਿੜ ਬੱਝੇਗਾ। ਇਸ ਮੌਕੇ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਐਚ.ਪੀ.ਸਿੰਘ ਨੇ ਰਾਗੀ ਜਥਿਆਂ ਅਤੇ ਵਿਦਵਾਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਦੇ ਕੋਆਰਡੀਨੇਟਰ ਸ. ਗੁਰਪੀ੍ਰਤ ਸਿੰਘ ਤੇ ਇਸ ਸ਼ੁਭ ਦਿਹਾੜੇ ਤੇ ਸੰਗਤਾਂ ਨੂੰ ਵਧਾਈ ਦਿੱਤੀ।
from Punjab Post http://ift.tt/1El4DuA
0 comments