ਉਹ ਸਰਕਾਰ ਤੇ ਇਹ ਸਰਕਾਰ…

badal muft (ਜਸਪਾਲ ਸਿੰਘ ਹੇਰਾਂ)


ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਵਾਰ-ਵਾਰ ਸੰਘਰਸ਼ ਕਰ ਰਹੀ ਹੈ, ਪ੍ਰੰਤੂ ਆਗੂਆਂ ਦੀ ਗਦਾਰੀ ਅਤੇ ਬਾਦਲ ਸਰਕਾਰ ਦੀ ਆਪਣੇ ਭਗਵਾਂ ਸਾਥੀਆਂ ਦੀ ਗੁਲਾਮੀ ਕਾਰਣ, ਸੰਘਰਸ਼ ਪ੍ਰਾਪਤੀਆਂ ਤੋਂ ਵਿਹੂਣਾ ਹੈ। ਬਾਦਲ ਸਰਕਾਰ ਸਿੱਖ ਸੰਘਰਸ਼ ਦੀਆਂ ਹੱਕੀ ਮੰਗਾਂ ਦਾ ਝੂਠਾ ਜਵਾਬ ਦੇਣ ਲਈ, ਆਪਣੇ ਉਸ ਪੁਲਿਸ ਮੁਖੀ ਜਿਸਦੀ ਖ਼ਾਕੀ, ਸਿੱਖ ਨੌਜਵਾਨਾਂ ਦੇ ਖੂਨ ‘ਚ ਰੰਗੀ ਹੋਈ ਹੈ, ਅੱਗੇ ਕਰਦੀ ਹੈ। ਉਹ ਝੂਠਾ ਦਾਅਵਾ ਕਰਦਾ ਹੈ, ਕਿ ਪੰਜਾਬ ‘ਚ ਛੱਡਣ ਯੋਗ ਕੋਈ ਸਿੱਖ ਬੰਦੀ ਹੈ, ਹੀ ਨਹੀਂ। ਉਸ ਲਈ ਜੇਲਾਂ ‘ਚ ਬੰਦ 94 ਵਰਿਆਂ ਦੇ ਬੰਦੀ ਸਿੱਖ ਅੱਜ ਵੀ ਖ਼ਤਰਨਾਕ ਕੈਦੀ ਹਨ। ਦੂਜੇ ਪਾਸੇ ਇਸੇ ਭਗਵਾਂ ਦਲ ਨਾਲ ਭਾਈਵਾਲੀ ਪਾ ਕੇ ਸਰਕਾਰ ਬਣਾਉਣ ਵਾਲੇ ਪੀ. ਡੀ. ਪੀ. ਦੇ ਮੁਫ਼ਤੀ ਮੁਹੰਮਦ ਸਈਅਦ, ਮੁੱਖ ਮੰਤਰੀ ਦੀ ਸਹੁੰ ਚੁੱਕਣ ਸਾਰ ਐਲਾਨ ਕਰਦੇ ਹਨ ਕਿ ਜੰਮੂ ਕਸ਼ਮੀਰ ਦੀਆਂ ਜੇਲਾਂ ‘ਚ ਉਨਾਂ ਸਾਰੇ ਮੁਸਲਿਮ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਵੇ, ਜਿਹੜੇ ਕਸ਼ਮੀਰ ਦੀ ਅਜ਼ਾਦੀ ਦੀ ਜੰਗ ਲਈ ਲੜਨ ਕਾਰਣ ਜੇਲਾਂ ‘ਚ ਬੰਦ ਹਨ। ਉਸਦੇ ਹੁਕਮ ਕਾਰਣ ਖਾੜਕੂ ਧਾਰਾ ਦੇ ਆਗੂ ਮਸੱਰਤ ਆਲਮ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ। ਅਸੀਂ ਬਾਦਲ ਸਾਬ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਮਸੱਰਤ ਆਲਮ ਨੂੰ 2010 ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਅਗਵਾਈ ‘ਚ ਜੰਮੂ ਕਸ਼ਮੀਰ ‘ਚ ਸਰਕਾਰ ਵਿਰੋਧੀ, ਵਿਰੋਧ ਵਿਖਾਵੇ ਹੋਏ ਸਨ, ਜਿਨਾਂ ‘ਚ ਪੱਥਰਬਾਜ਼ੀ ਦੀਆਂ ਘਟਨਾਵਾਂ ਕਾਰਣ ਲਗਭਗ 120 ਲੋਕ ਮਾਰੇ ਗਏ ਸਨ। 42 ਕੁ ਸਾਲ ਦੇ ਇਸ ਗਰਮ ਵਿਚਾਰਧਾਰਾ ਦੇ ਆਗੂ ਨੂੰ, ਹੋਰ ਅਜਿਹੇ ਬੰਦੀਆਂ ਸਮੇਤ ਜੇਲਾਂ ‘ਚ ਰਿਹਾਅ, ਭਾਜਪਾ ਦੀ ਭਾਈਵਾਲ, ਮੁਸਲਿਮ ਭਾਈਚਾਰੇ ਦਾ ਪ੍ਰਤੀਨਿਧ ਕਰਨ ਵਾਲੀ ਪੀ. ਡੀ. ਪੀ. ਸਰਕਾਰ ਕਰ ਰਹੀ ਹੈ। ਦੂਜੇ ਪਾਸੇ ਸਿੱਖਾਂ ਦੀ ਪ੍ਰਤੀਨਿਧ ਅਖਵਾਉਣ ਵਾਲੀ ਬਾਦਲ ਸਰਕਾਰ, ਆਪਣੀ ਭਾਜਪਾ ਨਾਲ ਭਾਈਵਾਲੀ ਦੇ ਦਬਾਅ ‘ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਤਾਂ ਦੂਰ, ਉਨਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ 83 ਸਾਲ ਦੇ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਖ਼ਤਮ ਕਰਨ ਲਈ ਹਰ ਜ਼ੋਰ-ਜਬਰ ਦਾ ਸਹਾਰਾ ਲੈ ਰਹੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਨੂੰ ਸੰਘਰਸ਼ ‘ਚ ਕੁੱਦਣ ਤੋਂ ਰੋਕਣ ਲਈ ਸੂਬੇ ‘ਚ ਡੰਡਾਤੰਤਰ ਦੀ ਦਹਿਸ਼ਤ ਪੈਦਾ ਕਰ ਰਹੀ ਹੈ ਤਾਂ ਕਿ ਸਰਕਾਰੀ ਦਹਿਸ਼ਤ ਕਾਰਣ ਆਮ ਸਿੱਖ ਇਸ ਸੰਘਰਸ਼ ‘ਚ ਕੁੱਦਣ ਤੋਂ ਦੂਰ ਰਹਿਣ।

ਇਕ ਪਾਸੇ ਉਹ ਸਰਕਾਰ ਜਿਹੜੀ ਭਾਜਪਾ ਦੀਆਂ ਵੈਸਾਖੀਆਂ ਸਹਾਰੇ ਖੜੀ ਹੈ। ਉਹ ਆਪਣੇ ਲੋਕਾਂ ਲਈ ਉਨਾਂ ਦੇ ਅਧਿਕਾਰਾਂ ਤੇ ਹੱਕਾਂ ਦੀ ਰਾਖ਼ੀ ਲਈ, ਡੱਟਕੇ ਫੈਸਲਾ ਕਰ ਰਹੀ ਹੈ। ਦੂਜੇ ਪਾਸੇ ਬਾਦਲ ਸਰਕਾਰ ਨੂੰ ਭਾਜਪਾ ਦੇ ਸਹਾਰੇ ਦੀ ਲੋੜ ਨਹੀਂ, ਸਿਰਫ਼ ਬਾਦਲ ਪਰਿਵਾਰ ਦੀ ਨੂੰਹ ਲਈ ਕੇਂਦਰੀ ਮੰਤਰੀ ਦੀ ਝੰਡੀ ਵਾਸਤੇ ਸੂਬੇ ਦੇ ਹਿੱਤ, ਕੌਮ ਦੇ ਅਧਿਕਾਰ, ਭਗਵੀਂ ਧਿਰ ਕੋਲ ਗਹਿਣੇ ਰੱਖੇ ਹੋਏ ਹਨ। ਸੂਬੇ ਦੀਆਂ ਹੱਕੀ ਮੰਗਾਂ ਲਈ, ਸਰਕਾਰ ਦੇ ਬੁੱਲ ਸੀਤੇ ਹੋਏ ਹਨ, ਕੌਮ ਦੀਆਂ ਮੰਗਾਂ ਤੇ ਸਮੱਸਿਆਵਾਂ ਕੋਈ ਅਰਥ ਨਹੀਂ ਰੱਖਦੀਆਂ, ਸਗੋਂ ਉਨਾਂ ਹੱਕੀ ਮੰਗਾਂ ਨੂੰ ਸਦੀਵੀ ਰੂਪ ‘ਚ ਧਰਤੀ ਥੱਲੇ ਦੱਬ ਦਿੱਤੇ ਜਾਣ ਲਈ ਕੌਮ ਤੇ ਜ਼ੋਰ-ਜਬਰ ਦਾ ਡੰਡਾ ਚਲਾਇਆ ਜਾ ਰਿਹਾ ਹੈ।

”ਸਿੱਖ ਵੱਖਰੀ ਕੌਮ ਨਹੀਂ, ਇਹ ਹਿੰਦੂ ਧਰਮ ਦਾ ਅੰਗ ਹੈ” ਭਗਵਾਂ ਬ੍ਰਿਗੇਡ ਵੱਲੋਂ ਸਿੱਖੀ ਹੋਂਦ ਤੇ ਜ਼ਾਹਰਾ ਹਮਲਾ ਕੀਤਾ ਜਾ ਰਿਹਾ ਹੈ, ਪ੍ਰੰਤੂ ਸਿੱਖਾਂ ਦੇ ਪ੍ਰਤੀਨਿਧ ਅਖਵਾਉਂਦੇ, ਇਸ ਹਮਲੇ ਦਾ ਜਵਾਬ ਦੇਣ ਲਈ ਮੂੰਹ ਨਹੀਂ ਖੋਲਦੇ। ਜੇ ਸਿੱਖ ਆਪਣੀ ਵੱਖਰੀ ਅਜ਼ਾਦ ਹੋਂਦ ਦਾ ਨਾਅਰਾ ਲਾਉਂਦੇ ਹਨ ਤਾਂ ਉਨਾਂ ਤੋਂ ਅਮਨ-ਕਾਨੂੰਨ ਨੂੰ ਖ਼ਤਰਾ ਮੰਨਿਆ ਜਾਂਦਾ ਹੈ। ਜਿਸ ਧਿਰ ਲਈ ਸਿਰਫ਼ ਸੱਤਾ ਪ੍ਰਾਪਤੀ ਅਤੇ ਸੱਤਾ ਉਤੇ ਕਬਜ਼ਾ ਹੀ ਧਰਮ ਹੋਵੇ, ਉਸ ਲਈ ਹੋਰ ਕੁਝ ਕੋਈ ਅਰਥ ਨਹੀਂ ਰੱਖਦਾ। ਅਸੀਂ ਭਾਵੇਂ ਲੱਖ ਵਾਰ ਉਦਾਹਰਣਾਂ ਦੇ ਲਈਏ ਅਤੇ ਮੁਫ਼ਤੀ ਮੁਹੰਮਦ ਸਈਅਦ ਵੱਲੋਂ ਲਏ ਦਲੇਰਾਨਾ ਫੈਸਲਾ ਦੇ ਲੱਖ ਮੇਹਣੇ ਮਾਰ ਲਈਏ। ਸੱਤਾ ਨੂੰ ਧਰਮ ਮੰਨਣ ਵਾਲੇ ਬਾਦਲਾਂ ਤੇ ਉਨਾਂ ਦਾ ਕੋਈ ਅਸਰ ਹੋਣ ਵਾਲਾ ਨਹੀਂ।

ਅਸੀਂ ਚਾਹੁੰਦੇ ਹਾਂ ਕਿ ਬਾਦਲ ਲਈ ਜਿਹੜੇ ਕਾਨੂੰਨ ਦੇ ਹੋਰ ਅਰਥ ਹਨ ਅਤੇ ਮੁਫ਼ਤੀ ਮੁਹੰਮਦ ਲਈ ਹੋਰ ਅਰਥ ਹਨ, ਉਸ ਕਾਨੂੰਨ ਦੇ ਮੋਮ ਦਾ ਨੱਕ ਹੋਣ ਦੀ ਸੱਚਾਈ ਦੁਨੀਆ ਸਾਹਮਣੇ ਨੰਗੀ ਕੀਤੀ ਜਾਵੇ ਤਾਂ ਕਿ ਬਾਦਲਾਂ ਤੋਂ ਇਸ ਕਾਨੂੰਨ ਨੂੰ ਆਪਣੇ ਬਚਾਅ ਦਾ ਹਥਿਆਰ ਬਣਾਉਣ ਦਾ ਬਹਾਨਾ ਸਦੀਵੀ ਰੂਪ ‘ਚ ਖ਼ਤਮ ਹੋ ਜਾਵੇ। ਅਸੀਂ ਚਾਹਾਂਗੇ ਕਿ ਮੁਫ਼ਤੀ ਮੁਹੰਮਦ ਆਪਣੀ ਕੌਮ ਤੇ ਸੂਬੇ ਲਈ ਇਸ ਤੋਂ ਵੀ ਵਧੇਰੇ ਦਲੇਰਾਨਾ ਫੈਸਲਾ ਲੈਣ ਤਾਂ ਕਿ ਹੋਰ ਕੁਝ ਨਹੀਂ ਤਾਂ ਬਾਦਲਾਂ ਦੀ ਜ਼ਮੀਰ ਕਦੇ ਨਾ ਕਦੇ ਤਾਂ ਉਨਾਂ ਨੂੰ ਮਿਹਣਾ ਮਾਰਨ ਲਈ ਮਜ਼ਬੂਰ ਹੋ ਜਾਵੇ।






from Punjab News - Latest news in Punjabi http://ift.tt/1GtPtAC
thumbnail
About The Author

Web Blog Maintain By RkWebs. for more contact us on rk.rkwebs@gmail.com

0 comments