ਹੱਤਿਆ ਦੀ ਜਾਂਚ ਲਈ ਆਸਟਰੇਲੀਆ ਵੱਲੋਂ ਵਿਸ਼ੇਸ਼ ਜਾਸੂਸੀ ਦਸਤਾ ਕਾਇਮ; ਭਾਰਤੀ ਕੌਂਸਲੇਟ ਨਾਲ ਲਗਾਤਾਰ ਸੰਪਰਕ ‘ਚ ਹਾਂ: ਸੁਸ਼ਮਾ
ਸਿਡਨੀ/ਨਵੀਂ ਦਿੱਲੀ, 9 ਮਾਰਚ
ਆਸਟਰੇਲੀਆ ਨੇ ਅੱਜ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤੀ ਮਹਿਲਾ ਪ੍ਰਭਾ ਅਰੁਣ ਕੁਮਾਰ ਦੀ ਹੱਤਿਆ ਦੀ ਜਾਂਚ ਵਿਚ ਕੋਈ ਕਸਰ ਨਹੀਂ ਛੱਡੇਗੀ। ਕਾਤਲਾਂ ਨੂੰ ਲੱਭ ਕੇ ਨਿਆਂ ਦੇ ਕਟਹਿਰੇ ਤੱਕ ਲਿਆਂਦਾ ਜਾਏਗਾ। ਇਹ ਭਰੋਸਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਮਾਈਕ ਏਅਰਡ ਨੇ ਸਿਡਨੀ ਵਿਚ ਭਾਰਤੀ ਕੌਂਸਲ ਜਨਰਲ ਸੰਜੈ ਸੁਧੀਰ ਨੂੰ ਟੈਲੀਫੋਨ ਉਪਰ ਗੱਲਬਾਤ ਦੌਰਾਨ ਦਿੱਤਾ। ਆਸਟਰੇਲੀਆ ਪੁਲੀਸ ਦਾ ਮੰਨਣਾ ਹੈ ਕਿ ਇਹ ਹਮਲਾ ਨਸਲੀ ਆਧਾਰਤ ਨਹੀਂ ਜਾਪਦਾ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਅੱਜ ਨਵੀਂ ਦਿੱਲੀ ਵਿਚ ਦੱਸਿਆ ਕਿ ਨਿਊ ਸਾਊਥ ਵੇਲਜ਼ ਪੁਲੀਸ ਨੇ ਹੱਤਿਆ ਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਸੂਸੀ ਦਸਤਾ ਕਾਇਮ ਕੀਤਾ ਹੈ। ਪੁਲੀਸ ਨੇ ਇਹ ਜਾਣਕਾਰੀ ਮ੍ਰਿਤਕਾ ਦੇ ਪਤੀ ਅਰੁਣ ਕੁਮਾਰ ਨੂੰ ਦਿੱਤੀ ਹੈ।
ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਭਾ ਦੀ ਆਸਟਰੇਲੀਆ ਵਿਚ ਹੋਈ ਹੱਤਿਆ ਦਾ ਗਹਿਰਾ ਦੁਖ ਹੈ ਤੇ ਉਹ ਸਿਡਨੀ ਵਿਚਲੇ ਭਾਰਤੀ ਕੌਂਸਲੇਟ ਨਾਲ ਲਗਾਤਾਰ ਸੰਪਰਕ ਵਿਚ ਹਨ, ਜੋ ਹਰ ਤਰ੍ਹਾਂ ਦੀ ਮਦਦ ਕਰ ਰਿਹਾ ਹੈ। ਭਾਰਤੀ ਕੌਂਸਲੇਟ, ਪ੍ਰਭਾ ਦੀ ਕੰਪਨੀ ਨਾਲ ਵੀ ਲਾਗਤਾਰ ਸੰਪਰਕ ਵਿਚ ਹੈ।
ਆਸਟਰੇਲੀਆ ਦੀ ਪੁਲੀਸ ਨੇ ਅੱਜ ਕਿਹਾ ਹੈ ਕਿ ਆਈਟੀ ਸੈਕਟਰ ਵਿਚ ਭਾਰਤੀ ਮਹਿਲਾ ਦੀ ਹੱਤਿਆ ਨਸਲੀ ਨਫਰਤ ਦੇ ਆਧਾਰ ‘ਤੇ ਨਹੀਂ ਕੀਤੀ ਜਾਪਦੀ। ਇਹ ਅਚਾਨਕ ਕੀਤਾ ਗਿਆ ਹਮਲਾ ਹੋ ਸਕਦਾ ਹੈ। ਇਸ ਦੇ ਕਈ ਪਹਿਲੂ ਹੋ ਸਕਦੇ ਹਨ ਤੇ ਪੁਲੀਸ ਹਰ ਪਹਿਲੂ ‘ਤੇ ਗੌਰ ਕਰ ਰਹੀ ਹੈ। ਨਿਊ ਸਾਊਥ ਹੋਮੀਸਾਈਡ ਸਕੂਐਡ ਦੇ ਕਮਾਂਡਰ ਡਿਡੈਕਟਿਵ ਸੁਪਰਡੈਂਟ ਮਾਈਕਲ ਵਿÇਲੰਗ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਸਬੰਧਤ ਖੇਤਰ ਨੇੜਲੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।
ਸਿਡਨੀ ਵਿਚ ਭਾਰਤੀ ਕੌਂਸਲ ਜਨਰਲ ਸੰਜੈ ਸੁਧੀਰ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਤੇ ਏਜੰਸੀਆਂ ਨਾਲ ਗੱਲਬਾਤ ਕੀਤੀ ਤੇ ਕਿਧਰੋਂ ਵੀ ਕੋਈ ਅਜਿਹੀ ਸੂਹ ਨਹੀਂ ਮਿਲਦੀ ਕਿ ਇਹ ਹਮਲਾ ਨਸਲੀ ਨਫਰਤ ਦੇ ਆਧਾਰ ‘ਤੇ ਕੀਤਾ ਗਿਆ ਹੋਵੇ। ਆਖਰੀ ਸਮੇਂ ਪ੍ਰਭਾ ਭਾਰਤ ਵਿਚ ਆਪਣੇ ਪਤੀ ਨਾਲ ਗੱਲਬਾਤ ਕਰ ਰਹੀ ਸੀ।
ਇਕ ਵਿਸ਼ੇਸ਼ ਜਾਸੂਸੀ ਦਸਤਾ ਸਟਰਾਈਕ ਫੋਰਸ ਮਾਰਕੋਆਲਾ ਕਾਇਮ ਕੀਤਾ ਗਿਆ ਹੈ ਜਿਸ ਵਿਚ ਪੈਰਾਮੈਟਾ ਲੋਕਲ ਏਰੀਆ ਕਮਾਂਡ ਤੇ ਸਟੇਟ ਕਰਾਈਮ ਕਮਾਂਡ ਦਾ ਹੋਮੀਸਾਈਡ ਦਸਤੇ ਦੀ ਪੁਲੀਸ ਸ਼ਾਮਲ ਹੈ। ਇਹ ਵਿਸ਼ੇਸ਼ ਦਸਤਾ ਪ੍ਰਭਾ ਦੀ ਹੱਤਿਆ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਮਾਈਕ ਬੇਅਰਡ ਨੇ ਟੈਲੀਫੋਨ ‘ਤੇ ਭਾਰਤੀ ਕੌਂਸਲ ਜਨਰਲ ਸ੍ਰੀ ਸੁਧੀਰ ਨੂੰ ਭਰੋਸਾ ਦਿਵਾਇਆ ਹੈ ਕਿ ਕਾਤਲਾਂ ਨੂੰ ਹਰ ਹੀਲੇ ਕਾਬੂ ਕੀਤਾ ਜਾਏਗਾ। ਉਨ੍ਹਾਂ ਨੇ ਕਤਲ ਦੀ ਨਿੰਦਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ ਹੈ।
ਪ੍ਰਭਾ ਦੇ ਪਤੀ ਤੇ ਉਨ੍ਹਾਂ ਦੀ 9 ਸਾਲਾ ਧੀ ਉਸ ਦੀ ਲਾਸ਼ ਦੀ ਰਸਮੀ ਪਛਾਣ ਲਈ ਬੰਗਲੌਰ ਤੋਂ ਆਸਟਰੇਲੀਆ ਪੁੱਜ ਗਏ ਹਨ।
ਪ੍ਰਭਾ ਦੇ ਪਤੀ ਅਰੁਣ ਕੁਮਾਰ, ਸ੍ਰੀ ਸੁਧੀਰ ਤੇ ਆਈਟੀ ਫਰਮ ਮਾਈਂਡਟਰੀ ਦੇ ਪ੍ਰਤੀਨਿਧ ਦੀ ਨਿਊ ਸਾਊਥ ਵੇਲਜ਼ ਦੀ ਪੁਲੀਸ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਨੂੰ ਇਸ ਕਾਂਡ ਦੇ ਸਾਰੇ ਵੇਰਵੇ ਦੱਸੇ ਗਏ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਕਤਲ ‘ਤੇ ਗਹਿਰਾ ਦੁਖ ਪ੍ਰਗਟਾਇਆ ਹੈ।
ਸਵਰਾਜ ਨੇ ਕਿਹਾ ਕਿ ਉਸ ਸਿਡਨੀ ‘ਚ ਭਾਰਤੀ ਕੌਂਸਲੇਟ ਨਾਲ ਲਗਾਤਾਰ ਸੰਪਰਕ ‘ਚ ਹਨ। ਉਨ੍ਹਾਂ ਨੇ ਪ੍ਰਭਾ ਦੇ ਪਤੀ ਨਾਲ ਵੀ ਗੱਲਬਾਤ ਕੀਤੀ।
from Punjab News - Latest news in Punjabi http://ift.tt/1Hr2lIO

0 comments