ਅਣਚਾਹੇ ਬੱਚਿਆਂ ਦੀ ਜਾਨ ਬਚਾਉਣ ਵਿਚ ਸਹਾਈ ਹੋਇਆ ਰੈਡ ਕਰਾਸ ਦਾ ਪੰਘੂੜਾ

ਪੰਘੂੜੇ ਨੇ ਹੁਣ ਤੱਕ 92 ਬੱਚਿਆਂ ਨੂੰ ਦਿੱਤੀ ਨਵੀਂ ਜਿੰਦਗੀ


2008 ਵਿੱਚ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਕੀਤੀ ਸੀ ਸ਼ੁਰੂਆਤ


PPN0403201506

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਅਣਚਾਹੇ ਬੱਚਿਆਂ, ਜਿਸ ਵਿਚ ਲੜਕੀ ਨੂੰ ਨਾ ਚਾਹੁਣ ਵਾਲੇ ਮਾਪੇ, ਗਰੀਬੀ ਕਾਰਨ ਮਾਂ-ਪਿਉ ਤੋਂ ਸਾਂਭੇ ਨਾ ਜਾ ਸਕਣ ਵਾਲੇ ਬੱਚੇ ਨਾਜਾਇਜ਼ ਸਬੰਧਾਂ ਕਾਰਨ ਪੈਦਾ ਹੋਏ ਬੱਚੇ ਸ਼ਾਮਿਲ ਹਨ, ਨੂੰ ਨਵੀਂ ਜਿੰਦਗੀ ਦੇਣ ਵਿਚ ਅੰਮ੍ਰਿਤਸਰ ਵਿਖੇ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਵਰਦਾਨ ਸਿੱਧ ਹੋਈ ਹੈ।ਲੋਕ ਅਜਿਹੇ ਅਣਚਾਹੇ ਬੱਚੇ ਅਕਸਰ ਬਾਹਰ ਲਾਵਾਰਸ ਸੁੱਟ ਦਿੰਦੇ ਜਾਂ ਮਾਰ ਦਿੰਦੇ ਸਨ। ਅਕਸਰ ਅਜਿਹੇ ਕੇਸ ਸਾਹਮਣੇ ਆ ਰਹੇ ਸਨ, ਜਿਸ ਤੋਂ ਪਰੇਸ਼ਾਨ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਸ. ਕਾਹਨ ਸਿੰਘ ਪਨੂੰ ਨੇ ਆਪਣੀਆਂ ਨਿੱਜੀ ਕੋਸ਼ਿਸ਼ਾਂ ਨਾਲ ਰੈਡ ਕਰਾਸ ਦੀ ਇਮਾਰਤ, ਜੋ ਕਿ ਸ਼ਹਿਰ ਦੀ ਮੁੱਖ ਸੜਕ ‘ਤੇ ਸਥਿਤ ਹੈ, ਦੀ ਕੰਧ ਵਿਚ ਬਾਰੀ ਲਗਾ ਕੇ ਇਕ ਪੰਘੂੜਾ ਲਗਾ ਕੇ ਲੋਕਾਂ ਵਿਚ ਇਹ ਹੋਕਾ ਦਿੱਤਾ, ਕਿ ਜੋ ਵੀ ਆਪਣਾ ਬੱਚਾ ਸਾਂਭ ਨਹੀਂ ਸਕਦਾ, ਉਹ ਇਸ ਪੰਘੂੜੇ ਵਿਚ ਪਾ ਦੇਵੇ, ਅਸੀਂ ਆਪ ਸਾਂਭ ਲਵਾਂਗੇ।

ਉਨਾਂ ਨੇ ਇੱਥੇ ਆਉਣ ਵਾਲੇ ਬੱਚੇ ਦੀ ਸਾਂਭ-ਸੰਭਾਲ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤਹਿ ਕਰ ਦਿੱਤੀਆਂ ਸਨ। ਡਿਪਟੀ ਕਮਿਸ਼ਨਰ ਦੇ ਸੱਦੇ ਦਾ ਅਸਰ ਇਹ ਹੋਇਆ ਕਿ ਇਕ ਤਾਂ ਕੁੱਝ ਲੋਕਾਂ ਦਾ ਅੰਦਰ ਜਾਗ ਪਿਆ ਅਤੇ ਉਹ ਅਜਿਹੇ ਕੁਕਰਮ ਕਰਨ ਤੋਂ ਹਟ ਕੇ ਬੱਚੇ ਨੂੰ ਸਾਂਭਣ ਵਿਚ ਲੱਗ ਗਏ ਅਤੇ ਕੁੱਝ ਜੋ ਨਹੀਂ ਸਨ, ਸਾਂਭ ਸਕਦੇ, ਨੇ ਬੱਚੇ ਨੂੰ ਮਾਰਨ ਨਾਲੋਂ ਇਸ ਪੰਘੂੜੇ ਵਿਚ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਇਸ ਪੰਘੂੜੇ ਵਿਚ 92 ਬੱਚੇ ਆ ਚੁੱਕੇ ਹਨ, ਜੋ ਕਿ ਸ਼ਾਇਦ ਇਹ ਸਤਰਾਂ ਪ੍ਰਕਾਸ਼ਿਤ ਹੋਣ ਤੱਕ ਸੈਂਕੜਾ ਪੂਰਾ ਕਰ ਲੈਣਗੇ।ਸ. ਕਾਹਨ ਸਿੰਘ ਪਨੂੰ ਦੇ ਇਥੋਂ ਤਬਦੀਲ ਹੋਣ ਮਗਰੋਂ ਜ਼ਿਲ੍ਹੇ ਵਿਚ ਆਏ ਹਰੇਕ ਡਿਪਟੀ ਕਮਿਸ਼ਨਰ ਨੇ ਇਸ ਪੰਘੂੜਾ ਸਕੀਮ ਦੀ ਕੇਵਲ ਸਿਫਤ ਹੀ ਨਹੀਂ ਕੀਤੀ, ਬਲਕਿ ਇਸ ਜ਼ਿੰਮੇਵਾਰੀ ਨੂੰ ਬੜੀ ਸ਼ਿਦਤ ਨਾਲ ਨਿਭਾਇਆ ਵੀ ਹੈ।ਡਿਪਟੀ ਕਮਿਸ਼ਨਰ ਤੇ ਉਨਾਂ ਦੀਆਂ ਧਰਮ ਪਤਨੀਆਂ ਨੇ ਖਿੜੇ ਮੱਥੇ ਇਨਾਂ ਬੱਚਿਆਂ ਨੂੰ ਸਵਿਕਾਰ ਕੀਤਾ ਅਤੇ ਇਨਾਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਈ ਹੈ। ਅੱਜਕੱਲ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਇਹ ਸੇਵਾ ਲੈ ਰਹੇ ਹਨ।

ਕਿਵੇਂ ਕੰਮ ਕਰਦਾ ਹੈ ਪੰਘੂੜਾ

ਇਸ ਲੱਕੜ ਦੇ ਪੰਘੂੜੇ ਵਿਚ ਬੱਚੇ ਲਈ ਬਿਸਤਰਾ ਵਿਛਾ ਦਿੱਤਾ ਗਿਆ ਅਤੇ ਉਸ ਦੇ ਹੇਠਾਂ ਇਕ ਘੰਟੀ ਦਾ ਬਟਨ ਲਗਾ ਦਿੱਤਾ। ਰੈਡ ਕਰਾਸ ਦੇ ਕਰਮਚਾਰੀਆਂ ਨੂੰ ਸਿਫਟਾਂ ਵਿਚ 24 ਘੰਟੇ ਤਾਇਨਾਤ ਕੀਤਾ ਗਿਆ। ਜਦ ਵੀ ਕੋਈ ਬੱਚਾ ਇਸ ਪੰਘੂੜੇ ਵਿਚ ਆਉਂਦਾ ਹੈ, ਤਾਂ ਇਹ ਅੰਦਰ ਲੱਗੀ ਘੰਟੀ ਵੱਜ ਜਾਂਦੀ ਹੈ, ਜਿਸ ਨਾਲ ਰੈਡ ਕਰਾਸ ਕਰਮਚਾਰੀ ਨੂੰ ਬੱਚੇ ਦੀ ਆਮਦ ਦਾ ਪਤਾ ਲੱਗ ਜਾਂਦਾ ਹੈ। ਉਹ ਤਰੁੰਤ ਇਸ ਬੱਚੇ ਨੂੰ ਰੈਡ ਕਰਾਸ ਦੀ ਇਮਾਰਤ ਦੇ ਸਾਹਮਣੇ ਸਥਿਤ ਮਾਤਾ ਪਾਰਵਤੀ ਹਸਪਤਾਲ ਵਿਚ ਲੈ ਜਾਂਦਾ ਹੈ, ਜੋ ਕਿ ਬੱਚੇ ਨੂੰ ਤਰੁੰਤ ਡਾਕਟਰੀ ਸਹਾਇਤਾ ਦੇ ਕੇ ਫਿਟ ਕਰ ਦਿੰਦੇ ਹਨ। ਜਿਸ ਮਗਰੋਂ ਬੱਚੇ ਨੂੰ ਰੈਡ ਕਰਾਸ ਵਿਚ ਫਿਰ ਲਿਆਂਦਾ ਜਾਂਦਾ ਹੈ। ਬੱਚੇ ਦੀ ਸਾਂਭ-ਸੰਭਾਲ ਵਿਚ ਕੋਈ ਕਮੀ ਨਾ ਰਹੇ, ਇਸ ਲਈ ਡਿਪਟੀ ਕਮਿਸ਼ਨਰ ਜਾਂ ਉਨਾਂ ਦੀ ਧਰਮ ਪਤਨੀ ਇਸ ਬੱਚੇ ਨੂੰ ਜਾ ਕੇ ਰਿਸੀਵ ਕਰਦੇ ਹਨ ਤੇ ਪਿਆਰ ਦਿੰਦੇ ਹਨ। ਇਸ ਪਿਛੋਂ ਇਸ ਤੰਦਰੁਸਤ ਹੋਏ ਬੱਚੇ ਨੂੰ ਸ਼ਿਸੂ ਗ੍ਰਹਿ ਟਰੱਸਟ ਜਲੰਧਰ ਤੇ ਲੁਧਿਆਣਾ ਭੇਜ ਦਿੱਤਾ ਜਾਂਦਾ ਹੈ।

ਬੇਔਲਾਦ ਜੋੜੇ ਗੋਦ ਲੈਂਦੇ ਹਨ ਇਨਾਂ ਬੱਚਿਆਂ ਨੂੰ

ਸ਼ਿਸੂ ਗ੍ਰਹਿ ਟਰੱਸਟ ਵਿਚ ਜਾਣ ਤੋਂ ਬਾਅਦ ਇਨਾਂ ਬੱਚੇ-ਬੱਚੀਆਂ ਨੂੰ ਬੇਔਲਾਦ ਮਾਤਾ-ਪਿਤਾ ਗੋਦ ਲੈਂਦੇ ਹਨ।ਆਰਥਿਕ ਤੌਰ ‘ਤੇ ਮਜ਼ਬੂਤ ਲੋਕ ਕਾਨੂੰਨੀ ਪਕ੍ਰਿਆ ਪੂਰੀ ਕਰਕੇ ਇੰਨਾਂ ਬੱਚਿਆਂ ਨੂੰ ਆਪਣੇ ਘਰ ਦੀ ਰੌਣਕ ਬਣਾਉਂਦੇ ਹਨ। ਲੀਗਲ ਅਡਾਪਸ਼ਨ ਐਂਡ ਪਲੇਸਮੈਂਟ ਏਜੰਸੀ ਇਹ ਕੰਮ ਪੂਰੀ ਤਰਾਂ ਕਾਨੂੰਨ ਦੀ ਸਹਾਇਤਾ ਨਾਲ ਕਰਦੀ ਹੈ। ਇਸ ਤਰਾਂ ਇਨਾਂ ਬੱਚਿਆਂ, ਜੋ ਕਿ ਕਿਸੇ ਕਾਰਨ ਮੌਤ ਦੇ ਮੂੰਹ ਵਿਚ ਜਾ ਪੈਣੇ ਸਨ, ਨੂੰ ਖੁਸ਼ਹਾਲ ਜਿੰਦਗੀ ਮਿਲ ਜਾਂਦੀ ਹੈ।

ਹੁਣ ਤੱਕ 92 ਬੱਚੇ ਆ ਚੁੱਕੇ ਹਨ ਪੰਘੂੜੇ ਵਿਚ ਜਨਵਰੀ 2008 ਵਿਚ ਸ਼ੁਰੂ ਕੀਤੇ ਗਏ ਇਸ ਪੰਘੂੜੇ ਵਿਚ ਹੁਣ ਤੱਕ 92 ਬੱਚੇ ਆ ਚੁੱਕੇ ਹਨ। ਇਨਾਂ ਵਿਚੋਂ 87 ਲੜਕੀਆਂ ਅਤੇ 5 ਲੜਕੇ ਹਨ। ਇਨਾਂ ਵਿਚੋਂ ਜ਼ਿਆਦਾਤਰ ਬੱਚੇ ਨਵਜੰਮੇ ਹਨ। ਜੇਕਰ ਪੰਘੂੜਾ ਨਾ ਹੁੰਦਾ ਤਾਂ ਸ਼ਾਇਦ ਇੰਨੇ ਬੱਚੇ-ਬੱਚੀਆਂ ਨੂੰ ਉਨਾਂ ਦੇ ਮਾਪਿਆਂ ਵੱਲੋਂ ਕਿਸੇ ਮਜ਼ਬੂਰੀ ਵੱਸ ਸੜਕ ਜਾਂ ਗਟਰ ਵਿਚ ਸੁੱਟ ਦਿੱਤਾ ਜਾਂਦਾ।







from Punjab Post http://ift.tt/1EoncMP
thumbnail
About The Author

Web Blog Maintain By RkWebs. for more contact us on rk.rkwebs@gmail.com

0 comments