ਬੰਗਾ, 15 ਜੂਨ : ਅੱਜ ਇਥੇ ਵਿਆਹੁਣ ਢੁਕੀ ਜੰਝ ਨੂੰ ਜਦੋਂ ਵਿਚੋਲਣ ਦੇ ਦੱਸੇ ਅਨੁਸਾਰ ਲਾੜੀ ਦਾ ਕੋਈ ਥਹੁ ਪਤਾ ਨਾ ਮਿਲਿਆ ਤਾਂ ਉਸਨੂੰ ਸਥਾਨਕ ਸਿਟੀ ਥਾਣੇ ਪੁੱਜ ਕੇ ਆਪਣੇ ਨਾਲ ਹੋਈ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਉਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਰਾਤ ਕਸਬਾ ਰਾਹੋਂ ਤੋਂ ਇਥੇ ਬਲਵੀਰ ਨਾਂਅ ਦੇ ਲਾੜੇ ਨੂੰ ਵਿਆਹੁਣ ਆਈ ਸੀ। ਬਰਾਤ ਜਿਉਂ ਹੀ ਸ਼ਹਿਰ ਦੇ ਵਸੀਵੇਂ ’ਤੇ ਪੁੱਜੀ ਤਾਂ ਬਰਾਤ ’ਚ ਸ਼ਾਮਿਲ ਵਿਚੋਲਣ ਅਚਾਨਕ ਬੇਹੋਸ਼ ਹੋ ਗਈ, ਜਿਸਨੂੰ ਮੁਕੰਦਪੁਰ ਰੋਡ ’ਤੇ ਸਥਿਤ ਮਹਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਕੁਝ ਸਮੇਂ ਬਾਅਦ ਵਿਚੋਲਣ ਨੂੰ ਜਦੋਂ ਹੋਸ਼ ਆਇਆ ਤਾਂ ਉਸਨੇ ਇਹ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਕਿ ਲਾੜੀ ਕਿਧਰੇ ਗਾਇਬ ਹੋ ਗਈ ਹੈ। ਪਰ ਕੁਝ ਸਮੇਂ ਬਾਅਦ ਵਿਚੋਲਣ ਆਪਣਾ ਬਿਆਨ ਬਦਲਦਿਆਂ ਬਰਾਤ ਨੂੰ ਪਹਿਲਾਂ ਸਿਟੀ ਥਾਣਾ ਪਿੱਛੇ ਦੱਸੀ ਥਾਂ ’ਤੇ ਲੈ ਗਈ ਫਿਰ ਨਜ਼ਦੀਕੀ ਪੈਂਦੇ ਪਿੰਡ ਮਾਹਿਲ ਗਹਿਲਾਂ ਨੂੰ ਲੈ ਤੁਰੀ। ਇਸ ਘੁੰਮਣ ਘੇਰੀ ਤੋਂ ਬਾਅਦ ਬਰਾਤੀਆਂ ਨੂੰ ਵਿਚੋਲਣ ਪ੍ਰਤੀ ਸ਼ੰਕਾ ਪੈਦਾ ਹੋਣ ’ਤੇ ੳੁਹ ਉਸਨੂੰ ਥਾਣੇ ਲੈ ਆਏ। ਦੱਸਣਯੋਗ ਹੈ ਕਿ ਲਾੜਾ ਬਲਵੀਰ ਪਹਿਲਾਂ ਵੀ ਵਿਆਇਆ ਹੋਇਆ ਸੀ ਜਿਸਨੇ ਦੱਸਿਆ ਕਿ ਉਸਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਆਪਣੀ ਭੈਣ ਬਿਮਲਾ ਦੇਵੀ ਕੋਲ ਰਾਹੋਂ ਵਿਖੇ ਰਹਿ ਰਿਹਾ ਹੈ ਅਤੇ ਰੁਜ਼ਗਾਰ ਵਜੋਂ ਉਹ ਲੁਧਿਆਣਾ ਵਿਖੇ ਮਿਸਤਰੀ ਦਾ ਕੰਮ ਕਰਦਾ ਹੈ। ਮਾਤਾ ਪਿਤਾ ਦੇ ਨਾ ਹੋਣ ਕਾਰਨ ਉਹ ਆਪਣੀ ਬਰਾਤ ਵੀ ਭੈਣ ਦੇ ਘਰੋਂ ਲੈ ਕੇ ਆਇਆ ਸੀ। ਦੂਜੇ ਬੰਨੇ ਵਿਚੋਲਣ ਬਿੰਦੂ ਵੀ ਰਾਹੋਂ ਵਿਖੇ ਹੀ ਰਹਿ ਰਹੀ ਹੈ, ਜਿਸਨੇ ਹਫ਼ਤਾ ਕੁ ਪਹਿਲਾਂ ਹੀ ਉਸਦੇ ਵਿਆਹ ਦੀ ਗੱਲ ਪੱਕੀ ਕੀਤੀ ਸੀ। ਲਾੜੇ ਬਲਵੀਰ ਨੇ ਦੱਸਿਆ ਕਿ ਉਸਨੂੰ ਲੜਕੀ ਦੂਰੋਂ ਹੀ ਦਿਖਾ ਕੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਸੀ। ਉਸਨੇ ਦੱਸਿਆ ਕਿ ਵਿਆਹ ਸਬੰਧੀ ਸਾਰੇ ਸਗਨ ਵਿਹਾਰ ਕਰਨ ਤੋਂ ਬਾਅਦ ਅੱਜ ਜਦੋਂ ੳੁਹ ਬਰਾਤ ਲੈ ਕੇ ਬੰਗਾ ਪੁੱਜਾ ਤਾਂ ਉਸ ਨਾਲ ਇਹ ਵਰਤਾਰਾ ਵਾਪਰ ਗਿਆ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐਸਐਚਓ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੜਕੇ ਵਾਲਿਆਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ, ਤਫ਼ਤੀਸ਼ ਕੀਤੀ ਜਾ ਰਹੀ ਹੈ।
from Punjab News - Latest news in Punjabi http://ift.tt/1IgSYd6
0 comments