ਮੈਲਬਰਨ, 15 ਜੂਨ : ਮੈਲਬਰਨ ਦੇ ਦੱਖਣੀ-ਪੂਰਬੀ ਇਲਾਕੇ ’ਚ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬੀਆਂ ਦੇ ਕਾਰੋਬਾਰ ’ਤੇ ਹਮਲੇ ਕਰਨ ’ਤੇ ਚੋਰੀ ਕਰਨ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਹਨ। ਸ਼ਹਿਰ ਦੇ ਸਪਰਿੰਗਵੇਲ ਇਲਾਕੇ ’ਚ ਅੱਧੀ ਰਾਤ ਮਗਰੋਂ ਦੋ ਪੰਜਾਬੀਆਂ ਦੀ ਮਲਕੀਅਤ ਵਾਲੇ ਰੈਸਟੋਰੈਂਟਾਂ ਅਤੇ ਇਕ ਕਰਿਆਨੇ ਦੇ ਕਾਰੋਬਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਅੰਮ੍ਰਿਤਸਰ ਨਾਲ ਸਬੰਧਤ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਰੈਸਟੋਰੈਂਟ ‘ਭਰਾਵਾਂ ਦਾ ਢਾਬਾ’ ਤੇ ‘ਇੰਡੋਜ਼’ ’ਚ ਭੰਨ-ਤੋੜ ਕੀਤੀ ਗਈ ਹੈ ਤੇ ਉਸ ਦੇ ਡਾਲਰ ਵੀ ਚੋਰੀ ਹੋ ਗਏ। ਇਨ੍ਹਾਂ ਵਪਾਰਕ ਅਦਾਰਿਆਂ ਦੇ ਮੂਹਰਲੇ ਕੱਚ ਦੇ ਗੇਟ ਤੋੜ ਕੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਰਾਤੀਂ ਜਦੋਂ ਰੈਸਟੋਰੈਂਟਾਂ ਦਾ ਸਟਾਫ ਆਪਣਾ ਕੰਮ ਨਿਬੇੜ ਕੇ ਜਾ ਚੁੱਕਾ ਸੀ, ਉਸ ਮਗਰੋਂ ਇਹ ਭੰਨ-ਤੋੜ ਤੇ ਚੋਰੀ ਹੋਈ। ਜਗਦੀਪ ਸਿੰਘ ਨੂੰ ਘਟਨਾਵਾਂ ਦਾ ਪਤਾ ਸਵੇਰੇ ਲੱਗਿਆ ਜਦੋਂ ਉਹ ਮੁੜ ਰੈਸਟੋਰੈਂਟ ਖੋਲ੍ਹਣ ਲਈ ਪਹੁੰਚਿਆ। ਇਸੇ ਤਰ੍ਹਾਂ ਨੇੜਲੀ ਇਕ ਭਾਰਤੀ ਕਰਿਆਨੇ ਦੀ ਦੁਕਾਨ ’ਚ ਵੀ ਭੰਨ-ਤੋੜ ਮਗਰੋਂ ਚੋਰੀ ਹੋਈ ਹੈ। ਇਨ੍ਹਾਂ ਘਟਨਾਵਾਂ ਦੀ ਰਿਪੋਰਟ ਮਗਰੋਂ ਪੁਲੀਸ ਨੇ ਭਾਵੇਂ ਕਾਰਵਾਈ ਚਾਲੂ ਹੋਣ ਦੀ ਗੱਲ ਕਹੀ ਹੈ, ਪਰ ਢਾਬਿਆਂ ਤੇ ਦੁਕਾਨ ਦੇ ਮਾਲਕ ਨੇ ਪੁਲੀਸ ਦੀ ਕਾਰਵਾਈ ਬਹੁਤ ਢਿੱਲੀ ਹੋਣ ਦੀ ਗੱਲ ਕਹੀ ਹੈ। ਖ਼ਬਰ ਲਿਖੇ ਜਾਣ ਤੱਕ ਕਾਨੂੰਨੀ ਕਾਰਵਾਈ ’ਚ ਇਨ੍ਹਾਂ ਵਾਰਦਾਤਾਂ ’ਚ ਸ਼ਾਮਲ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਸੰਕੇਤ ਨਹੀਂ ਮਿਲੇ। ਹਫਤੇ ’ਚ ਵਾਪਰੀ ਅਜਿਹੀ ਇਹ ਦੂਜੀ ਘਟਨਾ ਹੈ। ਬੀਤੇ ਸੋਮਵਾਰ ਕਪੂਰਥਲਾ ਨੇੜਲੇ ਪੰਜਾਬੀ ਹਰਭਜਨ ਸਿੰਘ ਖਹਿਰਾ ਦੇ ਰੈਸਟੋਰੈਂਟ ਨੂੰ ਅੱਗ ਲਾ ਕੇ ਸਾੜਿਆ ਗਿਆ ਹੈ। ਇਸ ਘਟਨਾ ’ਚ ਕਰੀਬ 60 ਹਜ਼ਾਰ ਆਸਟਰੇਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਭਾਰਤੀ ਸਫਾਰਤਖਾਨੇ ਦੇ ਰਵੱਈਏ ਨੂੰ ਪੰਜਾਬੀ ਕਲਚਰਲ ਐਸੋਸੀਏਸ਼ਨ ਤੇ ਪੰਜਾਬੀ ਸੱਭਿਆਚਾਰ ਕੇਂਦਰ ਨੇ ਵਿਤਕਰੇ ਭਰਪੂਰ ਕਿਹਾ ਹੈ।
from Punjab News - Latest news in Punjabi http://ift.tt/1GoPVBJ
0 comments