30 ਕਰੋੜ ਦਾ ਦੇਣਦਾਰ ਹੈ ਇੰਮੀਗਰੇਸ਼ਨ ਕਾਰੋਬਾਰੀ
ਪੁਲੀਸ ਨੂੰ ਉਲਝਾ ਕੇ ਆਖਰ ਉਗਲ ਦਿੱਤਾ ਸੱਚ
ਐਸ.ਏ.ਐਸ. ਨਗਰ (ਮੁਹਾਲੀ), 7 ਦਸੰਬਰ : ਇੰਮੀਗਰੇਸ਼ਨ ਕੰਸਲਟੈਂਟ ਕਰਨ ਅਰੋੜਾ ਨੂੰ ਅਗਵਾ ਕਰਨ ਦੀ ਕਹਾਣੀ ਝੂਠੀ ਨਿਕਲੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਸੀਆਈਏ ਸਟਾਫ਼ ਦੇ ਕੈਂਪਸ ਆਫ਼ਿਸ ਵਿੱਚ ਪੁਲੀਸ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਅਰੋੜਾ ਤੋਂ ਕੀਤੀ ਗਈ ਪੁੱਛ-ਗਿੱਛ ਵਿੱਚ ਹੋਇਆ ਹੈ। ਉਂਜ ਇਸ ਬਾਰੇ ਪਰਿਵਾਰ ਵਾਲੇ ਵੀ ਸਾਰਾ ਕੁਝ ਜਾਣਦੇ ਸੀ। ਉਧਰ ਪੁਲੀਸ ਨੇ ਹੁਣ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੇ ਅਗਵਾ ਦੇ ਕੇਸ ਨੂੰ ਰੱਦ ਕਰਨ ਦੀ ਮੁੱਢਲੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਸੂਤਰਾਂ ਅਨੁਸਾਰ ਕਰਨ ਅਰੋੜਾ 30 ਕਰੋੜ ਦਾ ਕਰਜ਼ਈ ਹੈ। ਉਸ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਕੋਟਕਪੂਰਾ ਤੇ ਮੱਖੂ ਦੇ ਆੜ੍ਹਤੀਆਂ ਨੇ 13 ਕਰੋੜ ਰੁਪਏ ਲੈਣੇ ਹਨ ਜਦੋਂਕਿ 15 ਕਰੋੜ ਰੁਪਏ ਅਲਾਹਾਬਾਦ ਬੈਂਕ ਦਾ ਕਰਜ਼ਦਾਰ ਹੈ। ਇਸ ਤੋਂ ਇਲਾਵਾ ਕਰਨ ਦਾ ਆਂਸਲ ਰਿਹਾਇਸ਼ੀ ਕੰਪਲੈਕਸ ਨੇੜੇ ਉਸ ਦਾ ਮਹਿਲਨੁਮਾ ਘਰ ਅਤੇ ਖੰਨਾ ਵਿਚਲਾ ਸ਼ੈਲਰ ਵੀ ਗਹਿਣੇ ਧਰਿਆ ਹੋਇਆ ਹੈ। ਘਰ ਵਿੱਚ ਸਵੀਮਿੰਗ ਪੁਲ ਸਮੇਤ ਹੋਰ ਸਾਰੀਆਂ ਸਹੂਲਤਾਂ ਉਪਲਬਧ ਹਨ।
ਅਗਵਾ ਦਾ ਡਰਾਮਾ ਰਚਣ ਵਾਲੇ ਕਰਨ ਅਰੋੜਾ ਨੇ ਪੁੱਛ-ਗਿੱਛ ਦੌਰਾਨ ਆਪਣੇ ਅਗਵਾ ਹੋਣ ਬਾਰੇ ਝੂਠੀ ਕਹਾਣੀ ਦੱਸ ਕੇ ਕਾਫੀ ਉਲਝਾਉਣ ਦਾ ਯਤਨ ਕੀਤਾ। ਪਹਿਲਾਂ ਉਸ ਨੇ ਦੱਸਿਆ ਕਿ 2 ਦਸੰਬਰ ਨੂੰ 5 ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ ਪ੍ਰੰਤੂ ਜਦੋਂ ਵੱਖ-ਵੱਖ ਅਧਿਕਾਰੀਆਂ ਨੇ ਕਰਾਸ ਪੁੱਛ-ਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ। ਕਰਨ ਨੇ ਦੱਸਿਆ ਕਿ ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਅਗਵਾ ਦਾ ਝੂਠਾ ਢੰਡੋਰਾ ਪਿੱਟ ਕੇ ਪਹਿਲਾਂ ਦੋ ਦਿਨ ਮਨਾਲੀ ਰਿਹਾ। ਫਿਰ ਉਥੇ ਪਾਣੀਪਤ ਵਿੱਚ ਆਪਣੇ ਇਕ ਦੋਸਤ ਕੋਲ ਚਲਾ ਗਿਆ। ਜਦੋਂ ਉਸ ਨੂੰ ਅੰਮ੍ਰਿਤਸਰ ਦੇ ਆੜ੍ਹਤੀਏ ਯਸ਼ਪਾਲ ਸੇਤੀਆ ਵੱਲੋਂ ਦੁਖੀ ਹੋ ਕੇ ਕਟਿਹਾਰ ਐਕਸਪ੍ਰੈੱਸ ਥੱਲੇ ਆ ਕੇ ਆਤਮ ਹੱਤਿਆ ਕਰਨ ਬਾਰੇ ਪਤਾ ਲੱਗਾ ਤਾਂ ਉਹ ਕਾਫੀ ਘਬਰਾ ਗਿਆ। ਇਸ ਮਗਰੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ਦੇ ਪਿੰਡ ਕੁਡਾਣਾ ਚਲਾ ਗਿਆ ਅਤੇ ਆਪਣੀ ਪਤਨੀ ਨੂੰ ਫੋਨ ਕਰਕੇ ਉਸ ਨੂੰ ਇਥੋਂ ਲੈ ਆਉਣ ਬਾਰੇ ਕਹਿ ਦਿੱਤਾ। ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਇੰਮੀਗਰੇਸ਼ਨ ਕੰਸਲਟੈਂਟ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਕਿਹਾ ਹੈ ਕਿ ਹੁਣ ਜਦੋਂ ਕਰਨ ਵਾਪਸ ਆ ਗਿਆ ਹੈ ਤਾਂ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਰਨ ਦੇ ਸਾਲੇ ਅਮਿਤ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੇ ਕੇਸ ਨੂੰ ਰੱਦ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੁਹਾਲੀ ਪੁਲੀਸ ਨੇ ਬੀਤੇ ਕੱਲ੍ਹ ਕਰਨ ਅਰੋੜਾ ਨੂੰ ਉੱਤਰ ਪ੍ਰਦੇਸ਼ ਪੁਲੀਸ ਦੀ ਮਦਦ ਨਾਲ ਪਿੰਡ ਕੁਡਾਣਾ (ਯੂ.ਪੀ) ਤੋਂ ਬਰਾਮਦ ਕੀਤਾ ਸੀ।
ਕਰਨ ਅਰੋੜਾ ਬਚ ਗਿਆ ਆੜ੍ਹਤੀਏ ਦੀ ਜਾਨ ਗਈ
ਕਰਨ ਅਰੋੜਾ ਨੇ ਭਾਵੇਂ ਬੈਂਕ ਤੇ ਹੋਰ ਲੋਕਾਂ ਤੋਂ ਬਚਣ ਲਈ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਘੜੀ ਸੀ ਪ੍ਰੰਤੂ ਇਸ ਦੌਰਾਨ ਅੰਮ੍ਰਿਤਸਰ ਦੇ ਇਕ ਆੜ੍ਹਤੀ ਯਸ਼ਪਾਲ ਸੇਤੀਆਂ ਨੇ ਬੀਤੇ ਦਿਨੀਂ ਕਟਿਹਾਰ ਐਕਸਪ੍ਰੈੱਸ ਥੱਲੇ ਆ ਕੇ ਆਤਮ ਹੱਤਿਆ ਕਰ ਲਈ। ਆੜ੍ਹਤੀਆ ਤੋਂ ਪੈਸੇ ਲੈਣ ਬਦਲੇ ਕਰਨ ਨੇ ਜਿਹੜੇ ਚੈੱਕ ਦਿੱਤੇ ਸੀ। ਉਹ ਬਾਊਂਸ ਹੋ ਗਏ। ਜਿਸ ਕਾਰਨ ਬਾਕੀ ਆੜ੍ਹਤੀਏ ਸੇਤੀਆ ਉੱਤੇ ਉਨ੍ਹਾਂ ਦੇ ਪੈਸੇ ਦੇਣ ਲਈ ਲਗਾਤਾਰ ਦਬਾਅ ਪਾ ਰਹੇ ਸੀ। ਉਹ ਕਾਫੀ ਪ੍ਰੇਸ਼ਾਨ ਸੀ ਅਤੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ।
from Punjab News - Latest news in Punjabi http://ift.tt/1lpBiZf
0 comments