ਬਸਪਾ ਨੇ ਐਸਸੀ ਕਮਿਸ਼ਨ ’ਤੇ ਸਾਧਿਆ ਨਿਸ਼ਾਨਾ
ਜਲੰਧਰ, 7 ਦਸੰਬਰ : ਮਰੀ ਹੋਈ ਗਾਂ ਦੀ ਖੱਲ ਲਾਹੁਣ ਦੀ ਘਟਨਾ ’ਚ ਗ੍ਰਿਫ਼ਤਾਰ ਕੀਤੇ ਗਏ ਪੀੜਤ ਪਰਮਜੀਤ ਸਿੰਘ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੀੜਤ ਦੀ ਪਤਨੀ ਨੂੰ ਨਾਲ ਲੈ ਕੇ ਐਸ.ਐਸ.ਪੀ. ਨੂੰ ਮੰਗ ਪੱਤਰ ਦਿੰਦਿਆਂ ਪੰਜਾਬ ਦੇ ਐਸ.ਸੀ. ਕਮਿਸ਼ਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਿਰਫ ਅਕਾਲੀ-ਭਾਜਪਾ ਗੱਠਜੋੜ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਦਲਿਤਾਂ ਦੀ ਆਵਾਜ਼ ਉਠਾਉਣ ਤੋਂ ਅਸਮਰੱਥ ਹੋਏ ਸੂਬੇ ਦੇ ਕਮਿਸ਼ਨ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਉਧਰ, ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਰਮਜੀਤ ਦੀ ਬਜਰੰਗ ਦਲ ਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਵੱਲੋਂ ਕੀਤੀ ਗਈ ਕੁੱਟਮਾਰ ਨੂੰ ਮੰਦਭਾਗਾ ਦੱਸਿਆ ਹੈ। ਯੂਥ ਅਕਾਲੀ ਦਲ ਦੇ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਵੀ ਇਸ ਘਟਨਾ ਨੂੰ ਲੈ ਕੇ ਰੋਸ ਜਤਾਉਂਦਿਆਂ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਿਆ ਹੈ।
ਬਹੁਜਨ ਸਮਾਜ ਪਾਰਟੀ ਦੇ ਆਗੂ ਗੁਰਮੇਲ ਸਿੰਘ ਚੁੰਬਰ ਅਤੇ ਬਲਵਿੰਦਰ ਕੁਮਾਰ ਅੰਬੇਡਕਰ ਦੀ ਅਗਵਾਈ ਵਿਚ ਐਸ.ਐਸ.ਪੀ. ਦਿਹਾਤੀ ਹਰਮੋਹਣ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗੲੀ ਹੈ ਕਿ ਬਜਰੰਗ ਦਲ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਉਨ੍ਹਾਂ ਕਾਰਕੁਨਾਂ ਵਿਰੁੱਧ ਕੇਸ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਮਰੀ ਹੋਈ ਗਾਂ ਦੀ ਖੱਲ ਲਾਹੁਣ ਵਾਲੇ ਪਰਮਜੀਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਹੈ। ਬਸਪਾ ਆਗੂ ਬਲਵਿੰਦਰ ਕੁਮਾਰ ਨੇ ਦੋਸ਼ ਲਾਇਆ ਕਿ ਇਹ ਕਮਿਸ਼ਨ ਭਾਜਪਾ ਦੇ ਵਿੰਗ ਵਜੋਂ ਕੰਮ ਕਰ ਰਿਹਾ ਹੈ। ੳੁਨ੍ਹਾਂ ਦੱਸਿਆ ਕਿ ਘਟਨਾ ਦੇ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਕਮਿਸ਼ਨ ਵੱਲੋਂ ਧਾਰੀ ਗਈ ਚੁੱਪ ਦਲਿਤਾਂ ਨੂੰ ਤਕਲੀਫ ਪਹੁੰਚਾ ਰਹੀ ਹੈ।
ਐਸ.ਐਸ.ਪੀ. ਨੂੰ ਮਿਲਣ ਵਾਲੇ ਬਸਪਾ ਆਗੂਆਂ ਵਿਚ ਪੀੜਤ ਪਰਮਜੀਤ ਦੀ ਪਤਨੀ, ਜਗਦੀਸ਼ ਰਾਣਾ, ਗੋਪਾਲ ਚੰਦ ਢਿਲਵਾਂ, ਸੁਰਿੰਦਰ ਮਹੇ, ਧਰਮਵੀਰ ਧੰਮਾ ਤੇ ਬਾਬੂ ਗੁਰਮੀਤ ਲਾਲ ਸ਼ਾਮਲ ਸਨ। ਇਸੇ ਦੌਰਾਨ ਐਸ.ਐਸ.ਪੀ. ਨੇ ਇਸ ਮਾਮਲੇ ਦੀ ਜਾਂਚ ਐਸ.ਪੀ. ਡੀ ਹਰਕੰਵਲਪ੍ਰੀਤ ਸਿੰਘ ਖੱਖ ਨੂੰ ਸੌਂਪ ਦਿੱਤੀ ਹੈ ਤੇ ਜਲਦੀ ਹੀ ਜਾਂਚ ਕਰਕੇ ਰਿਪੋਰਟ ਦੇਣ ਦੀਆਂ ਹਦਾਇਤਾਂ ਕੀਤੀਆਂ ਹਨ।
from Punjab News - Latest news in Punjabi http://ift.tt/1OeYArw
0 comments