ਪਰਵਾਸੀਅਾਂ ਨੂੰ ਪੰਜਾਬ ਦਾ ਨਿਜ਼ਾਮ ਬਦਲਣ ਦਾ ਸੱਦਾ

ਟੋਰਾਂਟੋ, 7 ਮਾਰਚ : ਕੈਨੇਡਾ ਫੇਰੀ ’ਤੇ ਆਏ ‘ਆਪ’ ਆਗੂ ਅੈਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ 1984 ਦੇ ਕਤਲੇਆਮ ਬਾਅਦ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਅਪਰਾਧੀਕਰਨ ਦਾ ਚੈਪਟਰ ਜੁਡ਼ ਗਿਆ ਹੈ ਅਤੇ ਹਰਿਆਣਾ ਕਾਂਡ ਵੀ ਉਸੇ ਦੀ ਉਪਜ ਹੈ। ਉਨ੍ਹਾਂ ਦੀ ਅੱਜ ਬਰੈਪਟਨ ਵਿੱਚ ਫੇਰੀ ਦੀ ਆਖਰੀ ਕਾਨਫਰੰਸ ਵਿੱਚ ਰਿਕਾਰਡਤੋਡ਼ ਇਕੱਠ ਹੋਇਆ। ਉਨ੍ਹਾਂ ਸਿੱਖ ਕਤਲੇਆਮ ਤੋਂ ਲੈ ਕੇ ਪੰਜਾਬ ਦੀ ਅਜੋਕੀ ਸਿਆਸੀ ਸਥਿਤੀ ’ਤੇ ਚਾਨਣ ਪਾਇਆ। ਉਨ੍ਹਾਂ ਮੁਤਾਬਕ ’84 ਬਾਅਦ ਭਾਰਤੀ ਸਿਆਸਤ ’ਚ ਮਾਨਵਤਾ ’ਤੇ ਜ਼ੁਲਮ ਤੇ ਕਤਲ ਕਰਨ ਵਾਲਿਆਂ ਨੂੰ ਸਜ਼ਾਵਾਂ ਦੀ ਬਜਾਏ ਇਨਾਮ ਦੇਣ ਦਾ ਗਲਤ ਰੁਝਾਨ ਚੱਲਿਆ ਪਰ ਹੁਣ ਇਸ ਅੱਤ ਨੂੰ ਰੋਕਣ ਦਾ ਵੇਲਾ ਆ ਗਿਆ ਹੈ।
ਅਕਾਲੀਆਂ ’ਤੇ ਵਰ੍ਹਦਿਅਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ’84 ਕਾਂਡ ਦਾ ਕੋਈ ਵੈਰਾਗ ਨਹੀਂ, ਇਹ ਸਿਰਫ ਸਿਆਸੀ ਲਾਹਾ ਉਠਾਉਂਦੇ ਹਨ ਅਤੇ ਹੁਕਮਰਾਨ ਆਪਣੇ ਪਰਿਵਾਰਾਂ ਤੇ ਚੌਧਰਾਂ ਲਈ ਪੰਜਾਬ ਨੂੰ ਜਦੋਂ ਮਰਜ਼ੀ ਵੇਚ ਦਿੰਦੇ ਹਨ। ਉਨ੍ਹਾਂ ਬਾਦਲਾਂ ਦੇ ਨਾਲ ਨਾਲ ਕੈਪਟਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਮੁਤਾਬਕ ਇਸ ਵੇਲੇ ਪਾਣੀ, ਸਿਹਤ ਅਤੇ ਸਿੱਖਿਆ ਪ੍ਰਮੁੱਖ ਮੁੱਦੇ ਹਨ। ਪਾਣੀ ਜ਼ਹਿਰ ਬਣ ਰਿਹਾ ਹੈ ਅਤੇ ਕੀਟਨਾਸ਼ਕ ਕੀਡ਼ੇ ਮਾਰਨ ਦੀ ਥਾਂ ਕਿਸਾਨਾਂ ਨੂੰ ਮਾਰ ਰਹੇ ਹਨ। ਸ੍ਰੀ ਫੂਲਕਾ ਨੇ ਮੰਨਿਆ ਕਿ ਸਿਆਸਤ ਐਸਾ ਚਿੱਕਡ਼ ਬਣ ਗਈ ਹੈ ਕਿ ਸਮਾਜਸੇਵੀ ਬੰਦੇ ਇਸ ਪਾਸੇ ਆਉਣੋਂ ਝਿਜਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੇ ਹਿੱਤ ਆਪਣੇ ਨਾਲੋਂ ਵੀ ਪਿਆਰੇ ਹਨ। ਉਨ੍ਹਾਂ ਪਰਵਾਸੀ ਭਾਰਤੀਅਾਂ ਨੂੰ ਪੰਜਾਬ ਦਾ ਨਿਜ਼ਾਮ ਬਦਲਣ ਲਈ ਡਟਣ ਦਾ ਸੱਦਾ ਦਿੰਦਿਅਾਂ ਕਿਹਾ ਕਿ ਜਿਸ ਦਿਨ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਗਿਆ ਤਾਂ ਨਵਾਂ ਯੁੱਗ ਆਵੇਗਾ। ਉਨ੍ਹਾਂ ਕਿਹਾ ਕਿ ਤੀਲਿਆਂ ਵਾਂਗ ਬਿਖਰੇ ਫਿਰਦੇ ਜਦੋਂ ਸਾਰੇ ਇਕੱਠੇ ਹੋ ਕੇ ‘ਝਾਡ਼ੂ’ ਬਣ ਗਏ ਤਾਂ ਕੋਈ ਵੀ ਤੋਡ਼-ਮਰੋਡ਼ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਪਾਰਟੀ ਜਲਦੀ ਹੀ ਪੰਜਾਬ ਵਿੱਚ ਕਾਬਲ ‘ਚਿਹਰਾ’ ਅੱਗੇ ਲਿਆਵੇਗੀ। ਇਕੱਠ ਵਿੱਚ ਕੁਝ ਸਥਾਨਕ ਵਿਧਾਇਕ, ਸੰਸਦ ਮੈਂਬਰ ਤੇ ਕੌਂਸਲਰ ਵੀ ਹਾਜ਼ਰ ਸਨ।



from Punjab News – Latest news in Punjabi http://ift.tt/1UOCnrk
thumbnail
About The Author

Web Blog Maintain By RkWebs. for more contact us on rk.rkwebs@gmail.com

0 comments