ਪੇਇਚਿੰਗ, 24 ਜੂਨ : ਚੀਨ ਦੇ ਪੂਰਬੀ ਜਿਆਂਗਸੂ ਸੂਬੇ ਵਿੱਚ ਭਾਰੀ ਮੀਂਹਾਂ ਕਾਰਨ ਘੱਟੋ ਘੱਟ 98 ਜਣੇ ਮਾਰੇ ਗਏ ਅਤੇ 800 ਤੋਂ ਵੱਧ ਜ਼ਖ਼ਮੀ ਹੋਏ। ਸਰਕਾਰੀ ਖ਼ਬਰ ਏਜੰਸੀ ਜਿਨਹੂਆ ਮੁਤਾਬਕ ਯਾਨਚੇਂਗ ਸ਼ਹਿਰ ਵਿੱਚ ਭਾਰੀ ਮੀਂਹ, ਗੜਿਆਂ ਤੇ ਤੂਫ਼ਾਨ ਕਾਰਨ ਕਈ ਘਰ ਤਬਾਹ ਹੋ ਗਏ। ਯਾਨਚੇਂਗ ਦੇ ਬਾਹਰ ਫਨਿੰਗ ਤੇ ਸ਼ੇਯਾਂਗ ਕਾਊਂਟੀਆਂ ਦੀਆਂ ਕਈ ਬਸਤੀਆਂ ਵਿੱਚ ਵੀ ਮੌਸਮ ਕਹਿਰਵਾਨ ਰਿਹਾ।
ਫਨਿੰਗ ਕਾਊਂਟੀ ਵਿੱਚ 125 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਝੱਖੜ ਆਇਆ, ਜਦੋਂ ਕਿ ਸ਼ੇਯਾਂਗ ਵਿੱਚ ਹਵਾਵਾਂ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਪੁੱਜੀ। ਝੱਖੜ ਕਾਰਨ ਕਈ ਮਕਾਨ ਢਹਿ ਢੇਰੀ ਹੋ ਗਏ ਅਤੇ 51 ਮੌਤਾਂ ਤੇ ਦਰਜਨਾਂ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ।
ਕਈ ਖਿੱਤਿਆਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ ਤੇ ਸੰਚਾਰ ਵਿੱਚ ਵੀ ਅੜਿੱਕਾ ਆਇਆ। ਚਸ਼ਮਦੀਦਾਂ ਨੇ ਕਿਹਾ ਕਿ ਉਨ੍ਹਾਂ ਸੜਕਾਂ ਉਤੇ ਵੱਡੇ ਦਰੱਖ਼ਤ ਡਿੱਗੇ ਦੇਖੇ ਅਤੇ ਕਈ ਪੂਰੇ ਪਿੰਡ ਹੀ ਖ਼ਤਮ ਹੋ ਗਏ। ਖੰਡਰ ਬਣੇ ਘਰਾਂ ਵਿੱਚ ਫਸੇ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਬੁੱਧਵਾਰ ਨੂੰ ਸਿਵਲ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਸੀ ਕਿ ਚੀਨ ਦੇ 10 ਸੂਬਿਆਂ ਵਿੱਚ ਪੰਜ ਦਿਨਾਂ ਵਿੱਚ ਪਏ ਭਾਰੀ ਮੀਂਹ ਕਾਰਨ 42 ਜਣੇ ਮਾਰੇ ਗਏ ਅਤੇ 25 ਲਾਪਤਾ ਹੋਏ। ਮੰਤਰਾਲੇ ਨੇ ਕਿਹਾ ਕਿ ਜ਼ੇਜਿਆਂਗ, ਜਿਆਂਗਸੀ, ਹੁਬੇਈ ਅਤੇ ਸਿਚੁਆਨ ਸਣੇ ਚੀਨ ਦੇ ਦੱਖਣੀ ਹਿੱਸੇ ਦੇ 10 ਖਿੱਤਿਆਂ ਵਿੱਚ ਲਗਾਤਾਰ ਮੀਂਹ ਪੈਣ ਮਗਰੋਂ 4.60 ਲੱਖ ਲੋਕਾਂ ਨੂੰ ਹੋਰ ਥਾਂ ਲਿਜਾਇਆ ਗਿਆ ਅਤੇ 3.21 ਲੱਖ ਵਿਅਕਤੀਆਂ ਨੂੰ ਐਮਰਜੈਂਸੀ ਰਾਹਤ ਦੀ ਲੋੜ ਹੈ।
from Punjab News – Latest news in Punjabi http://punjabnewsusa.com/2016/06/%e0%a8%9a%e0%a9%80%e0%a8%a8-%e0%a8%b5%e0%a8%bf%e0%a9%b1%e0%a8%9a-%e0%a8%ad%e0%a8%be%e0%a8%b0%e0%a9%80-%e0%a8%ae%e0%a9%80%e0%a8%82%e0%a8%b9-%e0%a8%95%e0%a8%be%e0%a8%b0%e0%a8%a8-98-%e0%a8%ae%e0%a9%8c/
0 comments