ਜਲੰਧਰ, 24 ਜੂਨ : ਸੰਗਤ ਦਰਸ਼ਨਾਂ ਦੌਰਾਨ ਹਰ ਪਿੰਡ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਨੂੰ ਉਭਾਰ ਕੇ ਲੋਕਾਂ ਨੂੰ ਪਾਣੀਆਂ ਦੇ ਮਾਮਲੇ ਵਿੱਚ ਕੁਰਬਾਨੀਆਂ ਲਈ ਤਿਆਰ ਰਹਿਣ ਦਾ ਸੱਦਾ ਦੇ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ‘ਪੰਜਾਬ ਵਾਟਰ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ-2004’ ਦੀ ਬੁਹਚਰਚਿਤ ਧਾਰਾ 5 ਨੂੰ ਰੱਦ ਕਰ ਦਿੱਤਾ ਗਿਆ ਹੈ। ਉਹ ਅੱਜ ਇੱਥੇ ਨਕੋਦਰ ਦੇ ਪਿੰਡ ਧਾਲੀਵਾਲ ਵਿੱਚ ਸੰਗਤ ਦਰਸ਼ਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਐਕਟ ਦੀ ਵਿਵਾਦਤ ਧਾਰਾ 5 ਨੂੰ ਰੱਦ ਕਰਨ ਦੀ ਕੋਈ ਤਰੀਕ ਬਾਰੇ ਪੁੱਛੇ ਜਾਣ ’ਤੇ ਮੁੱਖ ਮੰਤਰੀ ਕੋਈ ਜਵਾਬ ਨਹੀਂ ਦੇ ਸਕੇ।
ਜ਼ਿਕਰਯੋਗ ਹੈ ਕਿ ‘ਪੰਜਾਬ ਵਾਟਰ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ-2004’ ਦੀ ਧਾਰਾ 5 ਅਨੁਸਾਰ ਦੂਜੇ ਸੂਬਿਆਂ ਨੂੰ ਜਿੰਨਾ ਪਾਣੀ ਜਾ ਰਿਹਾ ਹੈ ਓਨਾ ਹੀ ਜਾਂਦਾ ਰਹੇਗਾ। ਸ਼੍ਰੋਮਣੀ ਅਕਾਲੀ ਦਲ 2007 ਤੋਂ ਹੀ ਆਪਣੇ ਚੋਣ ਮਨੋਰਥ ਪੱੱਤਰ ਵਿੱਚ ਇਸ ਧਾਰਾ ਨੂੰ ਰੱਦ ਕਰਨ ਦਾ ਵਾਅਦਾ ਕਰਦਾ ਆ ਰਿਹਾ ਹੈ। ਇਸ ਐਕਟ ਦੀ ਧਾਰਾ 5 ਨੂੰ ਰੱਦ ਕਰਨ ਨਾਲ ਦਿੱਲੀ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਹੁਣ ਤੱਕ ਪੰਜਾਬ ਦੇ ਦਰਿਆਈ ਪਾਣੀਆਂ ਨੂੰ 1981 ਦੇ ਹੋਏ ਸਮਝੌਤੇ ਮੁਤਾਬਕ ਹੀ ਵੰਡਿਆ ਜਾ ਰਿਹਾ ਹੈ। ਮੁੱਖ ਮੰਤਰੀ ਹੁੰਦਿਆਂ ਜੁਲਾਈ-2004 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਵਾਟਰ ਟਰਮੀਨੇਸ਼ਨ ਆਫ਼ ਐਗਰੀਮੈਂਟ ਐਕਟ’ ਉਦੋਂ ਲਿਆਂਦਾ ਸੀ ਜਦੋਂ ਅਦਾਲਤ ਨੇ ਪੰਜਾਬ ਦੇ ਹਿੱਸੇ ਵਿੱਚ ਰਹਿੰਦੀ ਸਤਲੁਜ-ਯੁਮਨਾ ਲਿੰਕ ਨਹਿਰ ਨੂੰ ਮੁਕੰਮਲ ਕਰਨ ਲਈ ਕਿਹਾ ਸੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਇਸ ਐਕਟ ਦੀ ਧਾਰਾ 5 ਨੂੰ ਕਾਨੂੰਨੀ ਪੱਖ ਤੋਂ ਜਾਂਚਣ ਦੀ ਗੱਲ ਕਹੀ ਸੀ।
ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਪਾਣੀ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ’ਤੇ ਕੋਈ ਦੋਸ਼ ਨਹੀਂ ਲਾ ਰਹੇ ਪਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੀ ਹੋਣ ਵਾਲਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਪਹਿਲਾਂ ਹੀ ਬਹੁਤ ਘੱਟ ਹੈ ਅਤੇ ਸੂਬੇ ਦੀ ਸਾਰੀ ਆਰਥਿਕਤਾ ਹੀ ਪਾਣੀ ’ਤੇ ਟਿਕੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਹਰਿਆਣਾ ਤੇ ਰਾਜਸਥਾਨ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਰਾਜਸਥਾਨ ਨੂੰ ਜਾਂਦਾ ਪਾਣੀ ਰੋਕਣ ਸਬੰਧੀ ਸਵਾਲ ’ਤੇ ਸ੍ਰੀ ਬਾਦਲ ਭੜਕ ਉੱਠੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕਿ ਕੀ ਤੁਹਾਨੂੰ ਪਾਣੀ ਨਹੀਂ ਚਾਹੀਦਾ? ਤੰਦਰੁਸਤੀ ਦਾ ਰਾਜ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਏਨੀ ਗਰਮੀ ਵਿੱਚ ਵੀ ਕੰਮ ਕਰੀਦਾ ਆ, ਏ.ਸੀ. ਕਮਰਿਆਂ ਵਿੱਚ ਨਹੀਂ ਬੈਠੇ ਰਹੀ ਦਾ।
ਕੌਮੀ ਸ਼ਾਹਰਾਹ ਅਥਾਰਟੀ ਨਾਲ ਘਪਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ
ਹੁਸ਼ਿਆਰਪੁਰ ਦੇ ਤਿੰਨ ਅਕਾਲੀ ਆਗੂਆਂ ਵੱਲੋਂ ਕੌਮੀ ਸ਼ਾਹਰਾਹ ਅਥਾਰਟੀ ਨਾਲ ਕੀਤੇ ਕਥਿਤ 100 ਕਰੋੜ ਦੇ ਘਪਲੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕੱਲ੍ਹ ਹੀ ਸ੍ਰੀ ਬਾਦਲ ਨੇ ਇਸ ਘਪਲੇ ਨੂੰ ਘਪਲਾ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਇਹ ਘਪਲਾ ਨਹੀਂ ਸਿਰਫ਼ ਦੋਸ਼ ਹਨ। ਪ੍ਰਧਾਨ ਮੰਤਰੀ ਦਫ਼ਤਰ ਤੋਂ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਅੱਜ ਸ੍ਰੀ ਬਾਦਲ ਨੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਾਉਣ ਦੀ ਗੱਲ ਆਖੀ।
from Punjab News – Latest news in Punjabi http://ift.tt/28T2mOv
0 comments