ਕਿਸੇ ਵਿਦੇਸ਼ੀ ਟੀ-20 ਕ੍ਰਿਕਟ ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ
ਨਵੀਂ ਦਿੱਲੀ, 24 ਜੂਨ : ਭਾਰਤੀ ਹਰਫ਼ਨਮੌਲਾ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਕਿਸੇ ਵਿਦੇਸ਼ੀ ਟਵੰਟੀ-20 ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਆਸਟਰੇਲੀਆ ਦੀ ਟੀ-20 ਲੀਗ ਬਿੱਗ ਬੈਸ਼ ਲੀਗ ਦੇ ਦੂਜੇ ਸੈਸ਼ਨ ਲਈ ਇਸ ਦੀ ਫਰੈਂਚਾਈਜ਼ੀ ਸਿਡਨੀ ਥੰਡਰ ਨਾਲ ਇਕਰਾਰ ’ਤੇ ਸਹੀ ਪਾਈ ਹੈ।
ਗ਼ੌਰਤਲਬ ਹੈ ਕਿ ਇਸ ਮਹੀਨੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਬੀਆਈ) ਨੇ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੀ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਕਿਸੇ ਭਾਰਤੀ ਖਿਡਾਰੀ ਨੇ ਇਹ ਪਹਿਲਾ ਇਕਰਾਰਨਾਮਾ ਸਹੀਬੰਦ ਕੀਤਾ ਹੈ। ਬੋਰਡ ਦੀ ਵਰਕਿੰਗ ਕਮੇਟੀ ਦੀ ਹਿਮਾਚਲ ਪ੍ਰਦੇਸ਼ ਵਿੱਚ ਧਰਮਸ਼ਾਲਾ ਵਿਖੇ ਹੋਈ ਮੀਟਿੰਗ ਦੇ ਅੰਤਿਮ ਦਿਨ ਅੱਜ ਬੋਰਡ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਇਸ ਇਕਰਾਰਨਾਮੇ ਦੀ ਪੁਸ਼ਟੀ ਕੀਤੀ।
ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਹੈ, ਜਿਸ ਨੂੰ ਬਿੱਗ ਬੈਸ਼ ਦੀਆਂ ਤਿੰਨ ਟੀਮਾਂ ਤੋਂ ਖੇਡਣ ਦੀ ਪੇਸ਼ਕਸ਼ ਹੋਈ ਸੀ। ਇਨ੍ਹਾਂ ਵਿੱਚ ਬਿੱਗ ਬੈਸ਼ ਦੇ ਪਹਿਲੇ ਸੈਸ਼ਨ ਦੀ ਉਪ ਜੇਤੂ ਸਿਡਨੀ ਸਿਕਸਰਜ਼ ਵੀ ਸ਼ਾਮਲ ਹੈ, ਪਰ ਹਰਮਨਪ੍ਰੀਤ ਨੇ ਸਿਡਨੀ ਥੰਡਰ ਦੀ ਚੋਣ ਕੀਤੀ। ਇਸ ਤੋਂ ਪਹਿਲਾਂ ਥੰਡਰ ਦੀ ਕਪਤਾਨ ਅਲੈਕਸ ਬਲੈਕਵੈੱਲ ਨੇ ਵੀ ਕਿਹਾ ਸੀ, ‘‘ਮੇਰੇ ਖ਼ਿਆਲ ਵਿੱਚ ਭਾਰਤੀ ਟੀਮ ’ਚ ਕੁਝ ਬਹੁਤ ਜ਼ਬਰਦਸਤ ਖਿਡਾਰਨਾਂ ਹਨ, ਜਿਵੇਂ ਵੇਦਾ ਕ੍ਰਿਸ਼ਨਾਮੂਰਤੀ ਤੇ ਹਰਮਨਪ੍ਰੀਤ ਕੌਰ। ਇਹ ਦੋਵੇਂ ਤਾਂ ਕਾਫ਼ੀ ਵਧੀਆ ਹਨ।’’ ਉਸ ਨੇ ਕਿਹਾ ਸੀ, ‘‘ਸਾਡੀ ਟੀਮ ਕਾਫ਼ੀ ਮਜ਼ਬੂਤ ਹੈ… ਪਰ ਸਾਡੇ ਕੋਲ ਹੋਰ ਵਿਦੇਸ਼ੀ ਖਿਡਾਰਨਾਂ ਨੂੰ ਨਾਲ ਲੈਣ ਦਾ ਮੌਕਾ ਹੈ ਅਤੇ ਅਸੀਂ ਇਸ ਨੂੰ ਵਧੀਆ ਖਿਡਾਰਨਾਂ ਦੀ ਚੋਣ ਲਈ ਵਰਤਾਂਗੇ। ਉਮੀਦ ਹੈ ਕਿ ਸਾਨੂੰ ਦੁਨੀਆਂ ਦੀਆਂ ਬਿਹਤਰੀਨ ਖਿਡਾਰਨਾਂ ਮਿਲ ਜਾਣਗੀਆਂ।’’
ਆਸਟਰੇਲੀਆ ਖ਼ਿਲਾਫ਼ ਖੇਡੀ ਸੀ ਸ਼ਾਨਦਾਰ ਪਾਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਨੂੰ ਹਰਾ ਕੇ ਦੁਵੱਲੀ ਲੜੀ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਸੀ। ਭਾਰਤ ਨੇ ਇਹ ਲੜੀ 2-1 ਨਾਲ ਜਿੱਤੀ ਸੀ ਅਤੇ ਲੜੀ ਦੇ ਪਹਿਲੇ ਮੈਚ ਵਿੱਚ ਹਰਮਨਪ੍ਰੀਤ ਨੇ 31 ਗੇਂਦਾਂ ਵਿੱਚ 46 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ 27 ਸਾਲਾ ਖਿਡਾਰਨ ਨੇ ਭਾਰਤ ਦੀ ਨਮੋਸ਼ੀਪੂਰਨ ਵਿਸ਼ਵ ਕੱਪ ਮੁਹਿੰਮ ਵਿੱਚ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਸੀ। ਉਸ ਨੇ ਚਾਰ ਮੈਚਾਂ ਦੌਰਾਨ 89 ਦੌੜਾਂ ਬਣਾਈਆਂ ਅਤੇ ਸੱਤ ਵਿਕਟਾਂ ਝਟਕਾਈਆਂ ਸਨ।
from Punjab News – Latest news in Punjabi http://punjabnewsusa.com/2016/06/%e0%a8%86%e0%a8%b8%e0%a8%9f%e0%a8%b0%e0%a9%87%e0%a8%b2%e0%a9%80%e0%a8%85%e0%a8%a8-%e0%a8%ac%e0%a8%bf%e0%a9%b1%e0%a8%97-%e0%a8%ac%e0%a9%88%e0%a8%b6-%e0%a8%b2%e0%a9%80%e0%a8%97-%e0%a8%b5%e0%a8%bf/
0 comments