ਰਾਜਸਥਾਨ ਕੈਨਾਲ ਦਾ ਕੱਟ ਬਣਿਆ ਪੰਜਾਬ ਸਰਕਾਰ ਦੇ ‘ਗਲੇ ਦੀ ਹੱਡੀ’

12306CD-_RAJ-23_TIF-112ਸ੍ਰੀ ਮੁਕਤਸਰ ਸਾਹਿਬ, 24 ਜੂਨ : ਮੁਕਤਸਰ ਨੇੜੇ ਪਿੰਡ ਭੁੱਲਰ ਵਿੱਚ ਰਾਜਸਥਾਨ ਕੈਨਾਲ ਵਿੱਚ ਕੱਟ ਲਾ ਕੇ ਉਸਦਾ ਪਾਣੀ ਸਰਹੰਦ ਫੀਡਰ ਵਿੱਚ ਪਾ ਕੇ ਪੰਜਾਬ ਦੇ ਕਿਸਾਨਾਂ ਦਾ ਘਰ ਪੂਰਾ ਕਰਨਾ ਪੰਜਾਬ ਸਰਕਾਰ ਦੇ ‘ਗਲੇ ਦੀ ਹੱਡੀ’ ਬਣ ਗਿਆ ਹੈ ਕਿਉਂਕਿ ਰਾਜਸਥਾਨ ਸਰਕਾਰ ਵੱਲੋਂ ਇਹ ਕੱਟ ਲਾਉਣ ਤੋਂ ਨਾ ਸਿਰਫ ਕੋਰਾ ਜਵਾਬ ਦੇ ਦਿੱਤਾ ਗਿਆ ਹੈ ਸਗੋਂ ਇਸ ਕੱਟ ਨੂੰ ਬੰਦ ਕਰਾਉਣ ਅਤੇ ਅੱਗੇ ਵਾਸਤੇ ਅਜਿਹੀ ਕਾਰਵਾਈ ਨਾ ਹੋਣ ਲਈ ਵੀ ਪੇਸ਼ਬੰਦੀ ਕੀਤੀ ਜਾ ਰਹੀ ਹੈ। ਰਾਜਸਥਾਨ ਸਿੰਜਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਾਰੀ ਕਾਰਵਾਈ ਰੋਕ ਦਿੱਤੀ ਹੈ। ਆਪਣੀ ਇਹ ਯੋਜਨਾ ਫੇਲ੍ਹ ਹੋਣ ’ਤੇ ਹੁਣ ਪੰਜਾਬ ਦੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਰਾਜਸਥਾਨ ਸਰਕਾਰ ਨੂੰ ਕੱਟ ਪਾਉਣ ਦੀ ਇਜਾਜ਼ਤ ਦੇਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪਰ ਇਨ੍ਹਾਂ ਅਪੀਲਾਂ ਦੀ ਸੁਣਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ।

ਮੁਕਤਸਰ ਨਹਿਰੀ ਕਲੋਨੀ ਵਿੱਚ ਮੌਜੂਦ ਰਾਜਸਥਾਨ ਸਿੰਜਾਈ ਵਿਭਾਗ ਦੇ ਚੀਫ ਇੰਜਨੀਅਰ (ਪੂਰਬੀ) ਰਾਜ ਕੁਮਾਰ ਚੌਧਰੀ ਅਤੇ ਐਡੀਸ਼ਨਲ ਚੀਫ ਇੰਜਨੀਅਰ (ਰੈਗੂਲੇਸ਼ਨ) ਬੀਕਾਨੇਰ ਵਿਨੋਦ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੂੰ ਚੀਫ (ਕੈਨਾਲ) ਪੰਜਾਬ ਜੇ.ਪੀ. ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਕੱਟ ਬੰਦ ਕਰ ਦਿੱਤਾ ਜਾਵੇਗਾ ਪ੍ਰੰਤੂ ਇਹ ਅਜੇ ਤੱਕ ਬੰਦ ਨਹੀਂ ਕੀਤਾ ਗਿਆ, ਜਿਸ ਕਰਕੇ ਉਹ ਇੱਥੇ ਬੈਠੇ ਹਨ। ਇਹ ਕੱਟ ਰਾਜਸਥਾਨ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਪਾਇਆ ਗਿਆ ਸੀ।

ਇਸ ਦੌਰਾਨ ਸਰਹੰਦ ਫੀਡਰ ਦੇ ਕਾਰਜਕਾਰੀ ਇੰਜਨੀਅਰ ਅਬੋਹਰ ਆਰ.ਕੇ. ਗੁਪਤਾ ਨੇ ਦੱਸਿਆ ਕਿ ਕੱਟ ਲਾਉਣ ਦੀ ਯੋਜਨਾ ਇਹ ਸੀ ਕਿ ਰਾਜਸਥਾਨ ਸਟੇਟ ਨੂੰ ਲੋੜੀਂਦੇ ਪਾਣੀ ਨਾਲੋਂ 2000 ਕਿਊਜ਼ਿਕ ਮੀਟਰ ਵੱਧ ਪਾਣੀ ਹਰੀ ਕੇ ਪੱਤਣ ਤੋਂ ਇਸ ਨਹਿਰ ਵਿੱਚ ਲਿਆਂਦਾ ਜਾਵੇ ਅਤੇ ਇਸ ਕੱਟ ਰਾਹੀਂ ਸਰਹੰਦ ਫੀਡਰ ਵਿੱਚ ਪਾ ਦਿੱਤਾ ਜਾਵੇ। ਇਸ ਨਾਲ ਪੰਜਾਬ ਦੇ ਕਿਸਾਨਾਂ ਦੀ ਲੋੜ ਵੀ ਪੂਰੀ ਹੋ ਜਾਵੇਗੀ ਅਤੇ ਰਾਜਸਥਾਨ ਦਾ ਵੀ ਕੋਈ ਨੁਕਸਾਨ ਨਹੀਂ ਹੋਵੇਗਾ।
ਦੂਜੇ ਪਾਸੇ ਹੁਣ ਪੰਜਾਬ ਸਰਕਾਰ ਸਰਹੰਦ ਫੀਡਰ ਦੀ ਸਫਾਈ ਲਈ ਹੱਥ ਪੱਲੇ ਮਾਰ ਰਹੀ ਹੈ। ਪੰਜਾਬ ਦੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਸਿੰਜਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਚੱਲਦੇ ਪਾਣੀ ਵਿੱਚ ਨਹਿਰ ਵਿਚੋਂ ਗਾਰ ਕੱਢਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅਪਰੈਲ ਵਿੱਚ ਰਾਜਸਥਾਨ ਸਰਕਾਰ ਵੱਲੋਂ ਐਨ.ਓ.ਸੀ. ਲੈ ਕੇ ਨਹਿਰ ਦੀ ਸਫਾਈ ਲਈ ਪੇਸ਼ਕਸ਼ ਰੱਖੀ ਗਈ ਸੀ ਪਰ ਰਾਜਸਥਾਨ ਸਰਕਾਰ ਨੇ ਨਾ ਹੀ ਨਹਿਰ ਬੰਦੀ ਦੀ ਇਜਾਜ਼ਤ ਦਿੱਤੀ ਤੇ ਨਾ ਹੀ ਲੋੜੀਂਦੇ ਫੰਡ ਮੁਹੱਈਆ ਕਰਵਾਏ। ਪੁਟਾਈ ਵਾਲੀ ਮਸ਼ੀਨ ਕੋਲ ਬੈਠੇ ਟੋਨੀ, ਬਬਲੂ ਤੇ ਪੱਪੀ ਨੇ ਦੱਸਿਆ ਕਿ ਉਹ ਪਿਛਲੇ 50 ਘੰਟਿਆਂ ਤੋਂ ਵਿਹਲੇ ਬੈਠੇ ਹਨ। ਪਹਿਲਾਂ ਤਾਂ ਅਫਸਰ ਕੱਟ ਚਾਲੂ ਕਰਾਉਣ ਲਈ ਕਾਹਲੇ ਸੀ ਪਰ ਹੁਣ ਕੋਈ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਕੱਟ ਚਾਲੂ ਕਰਾਉਣ ਜਾਂ ਬੰਦ ਕਰਾਉਣ ਲਈ ਦੱਸਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹੁਣ ਤੱਕ ਕਰੀਬ ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ।

ਜਥੇਦਾਰ ‘ਛਕ’ ਲੈਂਦੇ ਨੇ ਸਾਰਾ ਪਾਣੀ: ਜਾਖੜ
ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਸੀਨੀਅਰ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਅਸਲ ਸਮੱਸਿਆ ਨਹਿਰਾਂ ਦੇ ਪਾਣੀ ਦੀ ਨਹੀਂ ਸਗੋਂ ਸੱਤਾਧਾਰੀ ਧਿਰ ਦੇ ਜਥੇਦਾਰਾਂ ਵੱਲੋਂ ਕੀਤੀ ਜਾਂਦੀ ਕਥਿਤ ਧੱਕੇਸ਼ਾਹੀ ਦੀ ਹੈ। ਉਨ੍ਹਾਂ ਦੱਸਿਆ ਕਿ ਬੱਲੂਆਣਾ ਤੇ ਅਬੋਹਰ ਖੇਤਰ ਨੂੰ ਜਾਣ ਵਾਲੇ ਨਹਿਰੀ ਪਾਣੀ ਨੂੰ ਮੁੱਖ ਮੰਤਰੀ ਦੇ ਹਲਕੇ ਦੇ ਜਥੇਦਾਰ ‘ਛੱਕ’ ਲੈਂਦੇ ਹਨ ਅਤੇ ਉਨ੍ਹਾ ਦੀਆਂ ਫ਼ਸਲਾਂ ਬਰਬਾਦ ਹੋ ਜਾਂਦੀਆਂ ਹਨ। ਦੂਜੇ ਪਾਸੇ ਲੰਬੀ ਹਲਕੇ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਕਿਹਾ ਕਿ ਸੰਗਤ ਦਰਸ਼ਨਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਾਸ ਤੌਰ ’ਤੇ ਨਹਿਰੀ ਪਾਣੀ ਚੋਰੀ ਨਾ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਪਾਣੀ ਦੀ ਇੱਕ ਬੂੰਦ ਵੀ ਚੋਰੀ ਨਹੀਂ ਹੁੰਦੀ।



from Punjab News – Latest news in Punjabi http://punjabnewsusa.com/2016/06/%e0%a8%b0%e0%a8%be%e0%a8%9c%e0%a8%b8%e0%a8%a5%e0%a8%be%e0%a8%a8-%e0%a8%95%e0%a9%88%e0%a8%a8%e0%a8%be%e0%a8%b2-%e0%a8%a6%e0%a8%be-%e0%a8%95%e0%a9%b1%e0%a8%9f-%e0%a8%ac%e0%a8%a3%e0%a8%bf%e0%a8%86/
thumbnail
About The Author

Web Blog Maintain By RkWebs. for more contact us on rk.rkwebs@gmail.com

0 comments