ਜਮਸ਼ੇਦਪੁਰ, 24 ਜੂਨ : ਮਾਓਵਾਦੀਆਂ ਨੇ ਅੱਜ ਤੜਕੇ ਝਾਰਖੰਡ ਦੇ ਸਰਾਏਕੇਲਾ-ਖਰਸਵਾਨ ਜ਼ਿਲ੍ਹੇ ਵਿੱਚ ਇਕ ਵੱਡਾ ਹਮਲਾ ਕਰਦਿਆਂ ਹੁਰੂੰਗਦਾ ਵਿਖੇ ਜੰਗਲਾਤ ਮਹਿਕਮੇ ਦਾ ਇਕ ਗੈਸਟ ਹਾਊਸ ਧਮਾਕੇ ਨਾਲ ਉਡਾ ਦਿੱਤਾ। ਨਾਲ ਹੀ ਉਨ੍ਹਾਂ ਇਕ ਉਸਾਰੀ ਕੰਪਨੀ ਦੇ ਅੱਠ ਵਾਹਨਾਂ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ।
ਜਾਣਕਾਰੀ ਮੁਤਾਬਕ ਇਹ ਗੈਸਟ ਹਾਊਸ ਕਈ ਸਾਲਾਂ ਤੋਂ ਬੇਆਬਾਦ ਪਿਆ ਸੀ ਅਤੇ ਕਰੀਬ 10 ਮਹੀਨੇ ਪਹਿਲਾਂ ਹੀ ਇਸ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਅੱਜ ਤੜਕੇ ਮਾਓਵਾਦੀਆਂ ਦਾ ਇਕ ਟੋਲਾ ਉਥੇ ਪੁੱਜਿਆ ਅਤੇ ਉਨ੍ਹਾਂ ਗੈਸਟ ਹਾਊਸ ਨੂੰ ਧਮਾਕੇ ਰਾਹੀਂ ਉਡਾ ਦਿੱਤਾ ਤੇ ਫਿਰ ਨੇੜਲੇ ਇਲਾਕੇ ਵਿੱਚ ਕੰਮ ਕਰ ਰਹੀ ਇਕ ਉਸਾਰੀ ਕੰਪਨੀ ਦੇ ਅੱਠ ਵਾਹਨਾਂ ਨੂੰ ਅੱਗ ਲਾ ਦਿੱਤੀ। ਜ਼ਿਲ੍ਹੇ ਦੇ ਪੁਲੀਸ ਮੁਖੀ ਇੰਦਰਜੀਤ ਮਹੰਤਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਮਾਓਵਾਦੀਆਂ ਵੱਲੋਂ ਸੁੱਟੇ ਗਏ ਕੁਝ ਪਰਚੇ ਵੀ ਮਿਲੇ ਹਨ।
ਸ੍ਰੀ ਮਹੰਤਾ ਨੇ ਦੱਸਿਆ ਕਿ ਬੀਤੀ ਰਾਤ ਹੀ ਇਲਾਕੇ ਵਿੱਚ ਤਾਇਨਾਤ ਵੱਡੀ ਗਿਣਤੀ ਸਲਾਮਤੀ ਦਸਤੇ ਇਕ ਮਾਓਵਾਦੀ-ਵਿਰੋਧੀ ਅਪਰੇਸ਼ਨ ਲਈ ਕਿਤੇ ਹੋਰ ਗਏ ਸਨ ਅਤੇ ਮਾਓਵਾਦੀਆਂ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ ਘਟਨਾ ਨੂੰ ਅੰਜਾਮ ਦਿੱਤਾ। ਜਿਸ ਕੰਪਨੀ ਦੇ ਵਾਹਨ ਸਾੜੇ ਗਏ ਹਨ, ਉਹ ਸੁਰੂ ਡੈਮ ਪ੍ਰਾਜੈਕਟ ਤਹਿਤ ਇਲਾਕੇ ਵਿੱਚ ਨਹਿਰ ਦੀ ਉਸਾਰੀ ਦੇ ਕੰਮ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈ ਗਈ ਸਖ਼ਤ ਸੁਰੱਖਿਆ ਤਹਿਤ ਨਹਿਰ ਉਸਾਰੀ ਦਾ ਬਹੁਤਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਨਹਿਰ ਦੀ ਉਸਾਰੀ ਦਾ ਕੰਮ ਦਹਾਕਿਆਂ ਤੱਕ ਰੁਕਿਆ ਰਿਹਾ ਹੈ ਪਰ ਹੁਣ ਪ੍ਰਸ਼ਾਸਨ ਨੇ ਇਸ ਨੂੰ ਸਖ਼ਤ ਸੁਰੱਖਿਆ ਹੇਠ ਪੂਰਾ ਕਰਨ ਦਾ ਫ਼ੈਸਲਾ ਕੀਤਾ ਸੀ।
from Punjab News – Latest news in Punjabi http://punjabnewsusa.com/2016/06/%e0%a8%ae%e0%a8%be%e0%a8%93%e0%a8%b5%e0%a8%be%e0%a8%a6%e0%a9%80%e0%a8%86%e0%a8%82-%e0%a8%a8%e0%a9%87-%e0%a8%9c%e0%a9%b0%e0%a8%97%e0%a8%b2%e0%a8%be%e0%a8%a4-%e0%a8%97%e0%a9%88%e0%a8%b8%e0%a8%9f/
0 comments