ਕੋਟਕਪੂਰਾ 24 ਜੂਨ : ਕੋਟਕਪੂਰੇ ‘ਚ ਲੱਗੇ ਅਕਾਲੀ ਦਲ ਦੇ ਵਧਾਈ ਸੰਦੇਸ਼ਾਂ ਵਾਲੇ ਹੋਰਡਿੰਗ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਕਾਲੀ ਦਲ ਦੇ ਕੁਝ ਆਗੂਆਂ ਦੀ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਨਾਲ ਕਥਿਤ ਸਾਂਝ ਹੈ। ਮੁਲਜ਼ਮਾਂ ਨਾਲ ਸਿਆਸੀ ਆਗੂਆਂ ਦੀ ਸਾਂਝ ਨੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ।ਕੋਟਕਪੂਰੇ ਸ਼ਹਿਰ ਦੇ ਵਸਨੀਕ ਲਖਜੀਤ ਸਿੰਘ ਕਾਲਾ ਦੀ ਫ਼ਰੀਦਕੋਟ ਪੁਲੀਸ ਪਿਛਲੇ ਨੌ ਮਹੀਨਿਆਂ ਤੋਂ ਲਗਾਤਾਰ ਭਾਲ ਕਰ ਰਹੀ ਹੈ। ਇਸ ਮੁਲਜ਼ਮ ਨੂੰ ਜੁਡੀਸ਼ੀਅਲ ਮੈਜਿਸਟਰੇਟ ਪਹਿਲਾਂ ਦਰਜਾ ਫ਼ਰੀਦਕੋਟ ਸ਼੍ਰੀ ਸਤੀਸ਼ ਕੁਮਾਰ ਦੀ ਅਦਾਲਤ ਨੇ ਲੰਘੀ 22 ਸਤੰਬਰ ਨੂੰ ਭਗੌੜਾ ਕਰਾਰ ਦਿੱਤਾ ਹੈ। ਫਾਰਮਾਸਿਸਟ ਸੁਨੀਲ ਸਿੰਗਲਾ ਦੇ ਘਰ ‘ਤੇ ਹਮਲਾ ਕਰਨ ਤੇ ਫਾਈਰਿੰਗ ਕਰਨ ਅਤੇ ਪੁਰਾਣੇ ਸ਼ਹਿਰ ਦੇ ਵਸਨੀਕ ਨੌਜਵਾਨ ਲਵਰਾਜ ਸਿੰਘ ਉਰਫ ਲਵੀ ਉਪਰ ਜਾਨ ਲੇਵਾ ਹਮਲਾ ਕਰਨ ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਇਸ ਦੇ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ ਹਨ। ਫ਼ਰੀਦਕੋਟ ਪੁਲੀਸ ਦਾ ਪੀ.ਓ. ਵਿੰਗ ਇਸ ਮੁਲਜ਼ਮ ਦੀ ਪਿਛਲੇ ਲੰਮੇਂ ਸਮੇਂ ਤੋਂ ਸਰਗਰਮੀ ਨਾਲ ਭਾਲ ਕਰ ਰਿਹਾ ਹੈ, ਜਦੋਂਕਿ ਇਹ ਮੁਲਜ਼ਮ ਹੁਣ ਸੱਤਾਧਾਰੀ ਧਿਰ ਦੇ ਲੱਗੇ ਹੋਰਡਿੰਗ ਵਿਚ ਇਲਾਕੇ ਦੇ ਨੌਜਵਾਨ ਨੂੰ ਅਕਾਲੀ ਦਲ ਦੇ ਮਾਲਵਾ ਜ਼ੋਨ ਦਾ ਪ੍ਰਧਾਨ ਬਣਾਉਣ ਦੀ ਖੁਸ਼ੀ ਵਿਚ ਲੱਖ ਲੱਖ ਵਧਾਈਆਂ ਦੇ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ ਗੁਪਤਾ ਨੇ ਉੱਚ ਪੁਲੀਸ ਅਧਿਕਾਰੀਆਂ ਨੂੰ ਕੋਲ ਸ਼ਿਕਾਇਤ ਭੇਜ ਕੇ ਜਾਣਕਾਰੀ ਦਿੱਤੀ ਸੀ ਕਿ ਭਾਵੇਂ ਇਹ ਮੁਲਜ਼ਮ ਪੁਲੀਸ ਰਿਕਾਰਡ ਵਿਚ ਭਗੌੜਾ ਹੈ ਪ੍ਰੰਤੂ ਇਲਾਕੇ ਦੇ ਇਕ ਪੁਲੀਸ ਅਧਿਕਾਰੀਆਂ ਨਾਲ ਸਰਪ੍ਰਸਤੀ ਹੇਠ ਇਥੇ ਰੇਤੇ ਦਾ ਕਥਿਤ ਗੈਰਕਾਨੂੰਨੀ ਕਾਰੋਬਾਰ ਧੜੱਲੇ ਨਾਲ ਕਰ ਰਿਹਾ ਹੈ।
from Punjab News – Latest news in Punjabi http://ift.tt/28TKejM
0 comments