ਸੰਦੌੜ/ ਮਾਲੇਰਕੋਟਲਾ, 25 ਜੂਨ : ਮਾਲੇਰਕੋਟਲਾ ਸ਼ਹਿਰ ਵਿੱਚ ਜਰਗ ਰੋਡ ’ਤੇ ਇਕ ਮਦਰੱਸੇ ਨੇੜੇ ਕੱਲ੍ਹ ਰਾਤ ਪਵਿੱਤਰ ਕੁਰਾਨ ਸ਼ਰੀਫ ਦੇ ਪੰਨੇ ਪਾੜ ਕੇ ਸੁੱਟੇ ਜਾਣ ਬਾਅਦ ਸ਼ਹਿਰ ’ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਇਸ ਘਟਨਾ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਜਰਗ ਰੋਡ ’ਤੇ ਧਰਨਾ ਲਾਇਆ ਅਤੇ ਬਾਅਦ ’ਚ ਦੇਰ ਰਾਤ ਮਾਲੇਰਕੋਟਲਾ ਤੋਂ ਅਕਾਲੀ ਵਿਧਾਇਕਾ ਫਰਜਾਨਾ ਆਲਮ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ ਦੀ ਲੁਧਿਆਣਾ ਰੋਡ ਸਥਿਤ ਰਿਹਾਇਸ਼ ’ਤੇ ਹਮਲਾ ਕਰਕੇ ਉਥੇ ਖੜ੍ਹੀ ਇਕ ਸਰਕਾਰੀ ਜਿਪਸੀ ਨੂੰ ਅੱਗ ਲਗਾ ਦਿੱਤੀ ਅਤੇ ਕੋਲ ਹੋਰ ਖੜ੍ਹੀਆਂ ਸਰਕਾਰੀ ਕਾਰਾਂ ਦੀ ਭੰਨਤੋੜ ਕੀਤੀ। ਅੱਧੀ ਰਾਤ ਪ੍ਰਦਰਸ਼ਕਾਰੀਆਂ ਨੇ ਬੱਸ ਅੱਡੇ ਵਿੱਚ ਖੜ੍ਹੀ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਵੀ ਅੱਗ ਲਗਾ ਦਿੱਤੀ। ਭੜਕੀ ਭੀੜ ਨੇ ਆਲਮ ਹਾਊਸ ਦੇ ਬਾਹਰ ਸੁਰੱਖਿਆ ਦਸਤਿਆਂ ਲਈ ਬਣਾਏ ਕਮਰੇ ਨੂੰ ਵੀ ਅੱਗ ਲਗਾ ਦਿੱਤੀ, ਜਿਸ ਕਾਰਨ ਉਥੇ ਪਿਆ ਸਾਮਾਨ ਸੜ ਗਿਆ। ਆਲਮ ਹਾਊਸ ‘ਤੇ ਹੋਏ ਹਮਲੇ ਦੌਰਾਨ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਹਵਾਈ ਫਾਇਰਿੰਗ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਦਿਨ ਚੜ੍ਹਦੇ ਸਾਰ ਹੀ ਮਾਲੇਰਕੋਟਲਾ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਅੱਜ ਡੀਜੀਪੀ (ਲਾਅ ਐਂਡ ਆਰਡਰ) ਹਰਦੀਪ ਸਿੰਘ ਢਿੱਲੋਂ, ਆਈਜੀ ਪਟਿਆਲਾ ਪਰਮਰਾਜ ਸਿੰਘ ਉਮਰਾਨੰਗਲ, ਡੀਆਈਜੀ ਪਟਿਆਲਾ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਸੰਗਰੂਰ ਅਰਸ਼ਦੀਪ ਸਿੰਘ ਥਿੰਦ ਅਤੇ ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਪ੍ਰੋ. ਮਹਿੰਦਰਪਾਲ ਸਿੰਘ ਪਟਿਆਲਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਮਾਲੇਰਕੋਟਲਾ ਪਹੁੰਚੇ ਅਤੇ ਇਸ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਾਮਧਾਰੀ ਸੰਪਰਦਾਇ ਦੀ ਮਾਤਾ ਚੰਦ ਕੌਰ ਦੀ ਹੱਤਿਆ ਅਤੇ ਹੁਣ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਸਬੂਤ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਜਾਣਕਾਰੀ ਅਨੁਸਾਰ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ ਜਦੋਂ ਕਿ ਦੂਜਾ ਜ਼ਖ਼ਮੀ ਸਿਵਲ ਹਸਪਤਾਲ, ਮਾਲੇਰਕੋਟਲਾ ਵਿੱਚੋਂ ਗਾਇਬ ਹੋ ਗਿਆ ਹੈ। ਪੁਲੀਸ ਉਸ ਦੀ ਭਾਲ ਵਿੱਚ ਜੁਟ ਗਈ ਹੈ।
ਮੇਰੀ ਰਿਹਾਇਸ਼ ’ਤੇ ਸਾਜ਼ਿਸ਼ ਤਹਿਤ ਹੋਇਆ ਹਮਲਾ: ਇਜ਼ਹਾਰ ਆਲਮ
ਵਿਧਾਇਕਾ ਫਰਜ਼ਾਨਾ ਦੇ ਪਤੀ ਤੇ ਸਾਬਕਾ ਡੀਜੀਪੀ ਮੁਹੰਮਦ ਇਹਜਾਰ ਆਲਮ ਨੇ ਅੱਜ ਆਪਣੀ ਰਿਹਾਇਸ਼ ਤੋਂ ਬਿਨਾਂ ਦਸਤਖਤਾਂ ਤੋਂ ਪ੍ਰੈੱਸ ਬਿਆਨ ਜਾਰੀ ਕੀਤਾ। ਇਸ ਬਿਆਨ ਅਨੁਸਾਰ ਉਨ੍ਹਾਂ ਦੀ ਰਿਹਾਇਸ ’ਤੇ ਹਮਲਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਹਮਲੇ ਲਈ ਇਕ ਕਾਂਗਰਸੀ ਆਗੂ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਉਹ ਸ਼ਹਿਰ ਵਾਸੀਆਂ ਨਾਲ ਖੜ੍ਹੇ ਹਨ।
ਵੱਖ ਵੱਖ ਧਾਰਾਵਾਂ ਤਹਿਤ ਪੁਲੀਸ ਵੱਲੋਂ ਤਿੰਨ ਕੇਸ ਦਰਜ
ਡੀਜੀਪੀ ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ਕੁਰਾਨ ਸ਼ਰੀਫ ਦੀ ਬੇਅਦਬੀ, ਵਿਧਾਇਕਾ ਫਰਜ਼ਾਨਾ ਆਲਮ ਦੀ ਰਿਹਾਇਸ਼ ’ਤੇ ਹਮਲਾ ਅਤੇ ਪੁਲੀਸ ਉਤੇ ਪੱਥਰਾਅ ਦੇ ਮਾਮਲੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਤਿੰਨ ਕੇਸ ਦਰਜ ਕੀਤੇ ਹਨ।
from Punjab News – Latest news in Punjabi http://ift.tt/2905id9
0 comments