ਮਲੇਸ਼ੀਆ ਕਿਸ਼ਤੀ ਹਾਦਸਾ: ਨੌਜਵਾਨ ਦੀ ਲਾਸ਼ ਅੰਮ੍ਰਿਤਸਰ ਪੁੱਜੀ

ਜ਼ੋਰਾਵਰ ਸਿੰਘ ਦੀ ਲਾਸ਼ ਅੰਮ੍ਰਿਤਸਰ ਪੁੱਜਣ ਮੌਕੇ ਵਿਰਲਾਪ ਕਰਦੇ ਹੋਏ ਮਾਪੇ ਤੇ (ਇਨਸੈੱਟ) ਜ਼ੋਰਾਵਰ ਸਿੰਘ ਦੀ ਪੁਰਾਣੀ ਤਸਵੀਰ।

ਜ਼ੋਰਾਵਰ ਸਿੰਘ ਦੀ ਲਾਸ਼ ਅੰਮ੍ਰਿਤਸਰ ਪੁੱਜਣ ਮੌਕੇ ਵਿਰਲਾਪ ਕਰਦੇ ਹੋਏ ਮਾਪੇ ਤੇ (ਇਨਸੈੱਟ) ਜ਼ੋਰਾਵਰ ਸਿੰਘ ਦੀ ਪੁਰਾਣੀ ਤਸਵੀਰ।

ਅੰਮ੍ਰਿਤਸਰ : ਮਲੇਸ਼ੀਆ ਵਿੱਚ ਕਿਸ਼ਤੀ ਪਲਟਣ ਕਰਕੇ ਫ਼ੋਤ ਹੋਏ ਅੰਮ੍ਰਿਤਸਰ ਵਾਸੀ ਜ਼ੋਰਾਵਰ ਸਿੰਘ (20 ਸਾਲ) ਦੀ ਲਾਸ਼ ਅੱਜ ਇੱਥੇ ਪੁੱਜ ਗਈ ਹੈ। ਇਸ ਨਾਲ ਮਜੀਠਾ ਰੋਡ ਦੇ ਰਿਹਾਇਸ਼ੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪੀੜਤ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਅੰਤਿਮ ਰਸਮਾਂ ਪੂਰੀਆਂ ਕਰਨ ਮਗਰੋਂ ਸਬੰਧਤ ਕੰਪਨੀ ਖ਼ਿਲਾਫ਼ ਸਿਖਲਾਈ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਜ਼ੋਰਾਵਰ ਸਿੰਘ ਅਤੇ ਮਲੇਸ਼ੀਆ ਵਾਸੀ ਤਨਬੁਨ ਹਿਯਾਂਗ ਬੇੜੀ ਪਲਟਣ ਨਾਲ ਮਾਰੇ ਗਏ ਸਨ, ਜਦੋਂਕਿ ਬੇੜੀ ਵਿੱਚ ਸਵਾਰ ਦੋ ਹੋਰ ਵਿਅਕਤੀਆਂ ਨੂੰ ਬਚਾ ਲਿਆ ਗਿਆ ਸੀ। ਇਹ ਦੋਵੇਂ ਵੀ ਭਾਰਤੀ ਸਨ। ਇਹ ਸਾਰੇ ਮਲੇਸ਼ੀਆ ਵਿੱਚ ਮਰਚੈਂਟ ਨੇਵੀ ਵਾਸਤੇ ਸਿਖਲਾਈ ਲੈ ਰਹੇ ਸਨ। ਇਸ ਦੌਰਾਨ ਇਨ੍ਹਾਂ ਨੂੰ ਇੱਕ ਛੋਟੀ ਬੇੜੀ ਰਾਹੀਂ ਜਹਾਜ਼ ਤੱਕ ਭੇਜਿਆ ਗਿਆ ਸੀ ਪਰ ਰਸਤੇ ਵਿੱਚ ਬੇੜੀ ਪਲਟ ਗਈ ਅਤੇ ਇਹ ਹਾਦਸਾ ਵਾਪਰ ਗਿਆ।

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਖੁਸ਼ਵੰਤ ਸਿੰਘ ਨੇ ਆਖਿਆ ਕਿ ਸਿਖਲਾਈ ਦੇਣ ਵਾਲੀ ਕੰਪਨੀ ਦੀ ਲਾਪਰਵਾਹੀ ਸਦਕਾ ਘਟਨਾ ਵਾਪਰੀ ਹੈ। ਕੰਪਨੀ ਵੱਲੋਂ ਸਿਖਲਾਈ ਦੌਰਾਨ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਨਹੀਂ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੇੜੀ ਵਿੱਚ ਘਟਨਾ ਵੇਲੇ ਕੋਈ ਸੁਰੱਖਿਆ ਜੈਕੇਟ ਨਹੀਂ ਸੀ ਅਤੇ ਨਾ ਹੀ ਲੋੜੀਂਦੇ ਸੁਰੱਖਿਆ ਪ੍ਰਬੰਧ ਸਨ। ਇਸ ਤੋਂ ਵੀ ਵੱਡੀ ਗੱਲ ਕਿ ਸਿਖਲਾਈ ਅਧੀਨ ਨੌਜਵਾਨਾਂ ਨੂੰ ਤੈਰਨ ਦੀ ਜਾਚ ਵੀ ਨਹੀਂ ਸੀ। ਉਨ੍ਹਾ ਆਖਿਆ ਕਿ ਪਰਿਵਾਰ ਵੱਲੋਂ ਕੰਪਨੀ ਖ਼ਿਲਾਫ਼ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਜ਼ੋਰਾਵਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਚੋਣ ਨੋਇਡਾ ਆਧਾਰਿਤ ਇੱਕ ਸ਼ਿਪਿੰਗ ਕੰਪਨੀ ਵੱਲੋਂ ਕੀਤੀ ਗਈ ਸੀ ਅਤੇ ਉਸ ਨੂੰ ਮਰਚੈਂਟ ਨੇਵੀ ਦੀ ਸਿਖਲਾਈ ਲਈ ਪੰਜ ਸਤੰਬਰ ਨੂੰ ਮਲੇਸ਼ੀਆ ਭੇਜਿਆ ਗਿਆ ਸੀ। ਫਿਲਹਾਲ ਇਸ ਸਬੰਧ ਵਿਚ ਸਬੰਧਤ ਕੰਪਨੀ ਵੱਲੋਂ ਵਾਰਸਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ।



from Punjab News – Latest news in Punjabi http://ift.tt/2cYQs5Q
thumbnail
About The Author

Web Blog Maintain By RkWebs. for more contact us on rk.rkwebs@gmail.com

0 comments