”ਅਨਪੜ੍ਹ ਕਿਸਮ ਦੇ ਸੰਪਾਦਕ ਅਤੇ ਲੇਖਕ ਇਸ ਵੇਲੇ ਚਾਣੱਕਿਆ ਦੇ ਹਵਾਲਿਆਂ ਨਾਲ ਆਪਣੀਆਂ ਦਲੀਲਾਂ ਰੱਖ ਰਹੇ ਹਨ ਕਿ ਹੁਣ ਜੰਗ ਕਿਵੇਂ ਲੜੀ ਜਾਵੇ”

24-sep-2ਕੀ ਅਜਿਹੇ ਲੋਕਾਂ ਨੂੰ ਇੰਨੀ ਕੁ ਸਮਝ ਵੀ ਨਹੀਂ ਕਿ ਚਾਣੱਕਿਆ ਦੀ ਸਲਾਹ ਉਸ ਦੇ ਸਮੇਂ ਤੇ ਯੁੱਗ ਦੇ ਹਿਸਾਬ ਨਾਲ ਵਾਜਬ ਸੀ, ਹੁਣ ਵਾਲੇ ਯੁੱਗ ਵਿੱਚ ਨਹੀਂ। ਉਦੋਂ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਲੋਕ ਆਪਣੇ-ਆਪ ਨੂੰ ਬਹੁਤ ਸੂਝਵਾਨ ਦਰਸਾਉਣ ਲਈ ਚਾਣਕਿਆ ਜਾਂ ਮੈਕਿਆਵਲੀ ਦੇ ਹਵਾਲੇ ਦਿੰਦੇ ਹਨ ਪਰ ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਹੁਣ ਯੁੱਗ ਬਦਲ ਚੁੱਕਾ ਹੈ, ਜੰਗੀ ਤਕਨਾਲੋਜੀ ਅਤੇ ਕੂਟਨੀਤੀ ਸਭ ਕੁਝ ਤਬਦੀਲ ਹੋ ਚੁੱਕੇ ਹਨ।”

 – ਹਰੀਸ ਖਰੇ
ਮਹਾਂਭਾਰਤ ਦੇ ਯੁੱਧ ਸਮੇਂ ਅਸ਼ਵਥਾਮਾ ਦੀ ਮੌਤ ਦੀ ਝੂਠੀ ਖ਼ਬਰ ਫੈਲਾਈ ਗਈ ਸੀ, ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਉਦੋਂ ਤੋਂ ਹੀ ਦੇਸ਼ਾਂ ਅਤੇ ਫ਼ੌਜਾਂ ਵਿਚਾਲੇ ਜੰਗ ਦੌਰਾਨ ਗੁੰਮਰਾਹਕੁੰਨ ਜਾਣਕਾਰੀ ਅਤੇ ਅਫ਼ਵਾਹਾਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਆਈਆਂ ਹਨ। 20ਵੀਂ ਸਦੀ ਦੀਆਂ ਜੰਗਾਂ ਦੌਰਾਨ, ਆਗੂਆਂ ਤੇ ਫ਼ੌਜੀ ਜਰਨੈਲਾਂ ਨੇ ਕੂੜ-ਪ੍ਰਚਾਰ ਨੂੰ ਭਰਵੀਂ ਅਹਿਮੀਅਤ ਦਿੱਤੀ ਅਤੇ ਪ੍ਰਚਾਰ ਯੁੱਧਾਂ ਉੱਤੇ ਸਰੋਤ ਵੀ ਖ਼ੂਬ ਝੋਕੇ ਜਾਂ ਪ੍ਰਾਪੇਗੰਡਾ ਆਪਣੇ ਨਾਗਰਿਕਾਂ ਅੰਦਰ ਭਰੋਸਾ ਜਗਾਉਣ ਅਤੇ ਦੁਸ਼ਮਣਾਂ ਅੰਦਰ ਭੰਬਲਭੂਸਾ ਪੈਦਾ ਕਰਨ ਤੇ ਮਨੋਬਲ ਨੂੰ ਖੋਰਨ ਦਾ ਅਹਿਮ ਸਥਾਨ ਸਾਬਤ ਹੁੰਦਾ ਆਇਆ ਹੈ।
21ਵੀਂ ਸਦੀ ਦੌਰਾਨ ਤਾਂ ਇਹ ਖੇਡ ਇੱਕ ਤਰ੍ਹਾਂ ਘੜਮੱਸ ਦਾ ਰੂਪ ਅਖ਼ਤਿਆਰ ਕਰ ਚੁੱਕੀ ਹੈ। ਸਮੁੱਚੀ ਦੁਨੀਆਂ ਦੀਆਂ ਸਰਕਾਰਾਂ – ਸ਼ਾਇਦ ਚੀਨ ਨੂੰ ਛੱਡ ਕੇ – ਜਾਣਕਾਰੀ ਦੇ ਵਹਾਅ ਨੂੰ ਹੋਰਨਾਂ ਤਕ ਪੁੱਜਣ ਤੋਂ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੋ ਕੇ ਰਹਿ ਗਈਆਂ ਹਨ। ਹੁਣ ਸੋਸ਼ਲ ਮੀਡੀਆ ਨੇ ਕਰੋੜਾਂ ਜੰਗੀ-ਜੋਧੇ ਪੈਦਾ ਕਰ ਦਿੱਤੇ ਹਨ, ਅਤੇ ਉਸ ਹਰੇਕ ਜੋਧੇ ਵਿੱਚ ਜੰਗ ਦੀ ਅਫ਼ਵਾਹ ਫੈਲਾਉਣ ਦੀ ਪੂਰੀ ਸਮਰੱਥਾ ਮੌਜੂਦ ਹਨ। ਉਨ੍ਹਾਂ ਵਿੱਚੋਂ ਕੋਈ ਵੀ ਐਲਾਨ ਕਰ ਸਕਦਾ ਹੈ ਕਿ ਅਸੀਂ ਜੰਗ ਜਿੱਤ ਚੁੱਕੇ ਹਾਂ ਜਾਂ ਕੌਣ ਹਾਰ ਰਿਹਾ ਹੈ ਜਾਂ ਉਹ ਇਹ ਤਾਂ ਆਖ ਹੀ ਸਕਦਾ ਹੈ ਕਿ ਇਹ ਜਿੱਤ ਤੇ ਹਾਰ ਕਿਸ ਲਈ ਯਕੀਨੀ ਹੈ।

ਇਸ ਹਫ਼ਤੇ ਭਾਰਤ ਦੇ ਕਿਸੇ ਵੀ ਟੈਲੀਵਿਜ਼ਨ ਚੈਨਲ ਨੂੰ ਜੇ ਤੁਸੀਂ ਪੰਦਰਾਂ ਕੁ ਮਿੰਟ ਵੀ ਚਲਾ ਕੇ ਵੇਖਿਆ ਹੋਵੇਗਾ, ਤਾਂ ਤੁਹਾਡੀ ਇਹੋ ਧਾਰਨਾ ਮਜ਼ਬੂਤ ਹੋਈ ਹੋਵੇਗੀ ਕਿ ਹੁਣ ਤਾਂ ਪਾਕਿਸਤਾਨ ਨਾਲ ਆਰ-ਪਾਰ ਦੀ ਜੰਗ ਬੱਸ ਲੱਗਣ ਹੀ ਵਾਲੀ ਹੈ। ਉੜੀ ਦੇ ਦਹਿਸ਼ਤੀ ਹਮਲੇ ਤੋਂ ਬਾਅਦ ਟੀਵੀ ਖ਼ਬਰਾਂ ਵਾਲਾ ਉਦਯੋਗ ਹਮਲੇ ਦਾ ਬਦਲਾ ਲੈਣ, ਦੁਸ਼ਮਣਾਂ ਦੇ ਦੰਦ ਖੱਟੇ ਕਰਨ ਅਤੇ ਕਰਾਰਾ ਮੋੜਵਾਂ ਜਵਾਬ ਦੇਣ ਵਰਗੀਆਂ ਭਾਵਨਾਵਾਂ ਭੜਕਾਉਣ ਵਿੱਚ ਮਸ਼ਗੂਲ ਹੈ। ਸੋਸ਼ਲ ਮੀਡੀਆ ਦੇ ਅੰਧਰਾਸ਼ਟਰਵਾਦੀ ਜੋਧਿਆਂ ਦਾ ਜਨੂੰਨ ਸੱਤਵੇਂ ਅਸਮਾਨ ‘ਤੇ ਚੜ੍ਹਿਆ ਹੋਇਆ ਹੈ ਅਤੇ ਇਹ ਜਨੂੰਨ ਸਾਡੇ ਸਮੂਹਿਕ ਸਬਰ ਉੱਤੇ ਵੀ ਹਾਵੀ ਹੁੰਦਾ ਜਾ ਰਿਹਾ ਹੈ। ਇਸ ਖ਼ਤਰਨਾਕ ਰੌਂਅ ਨੂੰ ਸ਼ਾਂਤ ਕਿਵੇਂ ਕਰਨਾ ਹੈ? ਥਲ ਸੈਨਾ ਨੇ ਬਹੁਤ ਸਹੀ ਢੰਗ ਨਾਲ ਦ੍ਰਿੜ੍ਹਤਾਪੂਰਬਕ ਆਖਿਆ ਹੈ ਕਿ ਉੜੀ ਹਮਲੇ ਦਾ ਜਵਾਬ ਭਾਰਤ ਆਪਣੀ ਮਰਜ਼ੀ ਦੇ ਸਮੇਂ ਅਤੇ ਸਥਾਨ ‘ਤੇ ਦੇਵੇਗਾ। ਪਰ ਸੋਸ਼ਲ ਮੀਡੀਆ ‘ਤੇ ਸਰਗਰਮ ਘੋਰ ਰਾਸ਼ਟਰਵਾਦੀ ਜੋਧੇ ਫ਼ੌਰੀ ਜਵਾਬੀ ਕਾਰਵਾਈ ਚਾਹੁੰਦੇ ਹਨ।

ਮੋਦੀ ਸਰਕਾਰ ਇਸ ਮਾਮਲੇ ਵਿੱਚ ਬਹੁਤ ਸੂਝ-ਬੂਝ ਨਾਲ ਚੱਲ ਰਹੀ ਹੈ ਅਤੇ ਉਹ ਟੈਲੀਵਿਜ਼ਨ ਦੇ ਸਟੂਡੀਓਜ਼ ਵਿੱਚ ‘ਜੰਗ ਲੱਗਣ ਦੀ ਸੰਭਾਵਨਾ’ ਸਬੰਧੀ ਪੈ ਰਹੇ ਰੌਲੇ-ਰੱਪੇ ਦਾ ਆਪਣੇ ਉੱਤੇ ਕੋਈ ਅਸਰ ਨਹੀਂ ਪੈਣ ਦੇ ਰਹੀ। ਇਸ ਦੇਸ਼ ਦਾ ਹਰੇਕ ਸੀਨੀਅਰ ਸਿਆਸੀ ਆਗੂ ਕੰਧਾਰ ਕਾਂਡ ਤੋਂ ਭਲੀਭਾਂਤ ਵਾਕਿਫ਼ ਹੈ, ਜਦੋਂ ਵਾਜਪਾਈ ਸਰਕਾਰ ਨੂੰ ਟੈਲੀਵਿਜ਼ਨ ਚੈਨਲਾਂ ਵੱਲੋਂ ਪੈਦਾ ਕੀਤੇ ਝੱਲ ਅੱਗੇ ਗੋਡੇ ਟੇਕਣੇ ਪਏ ਸਨ। ਵਾਜਪਾਈ ਸਰਕਾਰ ਦੇ ਇੱਕ-ਇੱਕ ਮੈਂਬਰ ਨੂੰ ਹੁਣ ਉਸ ਘਟਨਾ ‘ਤੇ ਅਫ਼ਸੋਸ ਹੈ, ਘੱਟੋਘੱਟ ਉਹ ਆਪੋ-ਆਪਣੇ ਡਰਾਇੰਗ ਰੂਮਾਂ ਦੇ ਅੰਦਰ ਤਾਂ ਇਸ ਕਾਂਡ ‘ਤੇ ਅਫ਼ਸੋਸ ਦਾ ਇਜ਼ਹਾਰ ਕਰ ਹੀ ਲੈਂਦੇ ਹਨ ਕਿ ਉਸ ਸ਼ਰਮਨਾਕ ਦਿਨ ਭਾਰਤ ਨੂੰ ਚਾਰ ਕੱਟੜ ਦਹਿਸ਼ਤਗਰਦ ਰਿਹਾਅ ਕਰਨੇ ਪਏ ਸਨ। ਉਸ ਫ਼ੈਸਲਾਕੁਨ ਦਿਹਾੜੇ ਕਾਰਗਿਲ ਦੀ ਜਿੱਤੀ ਹੋਈ ਜੰਗ ਦੇ ਲਾਭ ਹਵਾ ਹੋ ਗਏ ਸਨ। ਪਾਕਿਸਤਾਨ ਨੂੰ ਕੌਮਾਂਤਰੀ ਪੱਧਰ ‘ਤੇ ਇੱਕ ਵਾਰ ਫਿਰ ਸ਼ੇਖ਼ੀਆਂ ਮਾਰਨ ਦਾ ਮੌਕਾ ਮਿਲ ਗਿਆ ਸੀ ਕਿ ਕਿਵੇਂ ਉਸ ਨੇ ਭਾਰਤ ਨੂੰ ਢਾਹ ਲਿਆ, ਅਤੇ ਉਸ ਦੀ ਫ਼ੌਜ ਨੂੰ ਪਤਾ ਲੱਗ ਗਿਆ ਸੀ ਕਿ ਦਹਿਸ਼ਤੀ ਗਰੁੱਪਾਂ ਦਾ ਕਿੰਨਾ ਲਾਭ ਹੈ ਅਤੇ ਇਹ ਲਾਭ ਕਿਵੇਂ ਲਿਆ ਜਾ ਸਕਦਾ ਹੈ।

ਮੌਜੂਦਾ ਇੱਕੀਵੀਂ ਸਦੀ ਬਹੁਤ ਖ਼ਤਰਨਾਕ ਹੈ। ਸਰਕਾਰਾਂ ਅਤੇ ਜ਼ਿੰਮੇਵਾਰ ਆਗੂਆਂ ਨੂੰ ਇਹ ਸਿੱਖਣਾ ਹੋਵੇਗਾ ਕਿ ਆਪਣਾ ਦਿਮਾਗੀ ਠੰਢ-ਠੰਢਾਰਾ ਕਿਵੇਂ ਬਣਾਈ ਰੱਖਣਾ ਹੈ ਅਤੇ ਜਜ਼ਬਾਤੀ ਸੁਨਾਮੀਆਂ ਅੱਗੇ ਝੁਕ ਕੇ ਕੋਈ ਫ਼ੈਸਲਾ ਕਿਉਂ ਨਹੀਂ ਲੈਣਾ। ਕੁਝ ਆਗੂ ਇਹ ਮਹਿਸੂਸ ਕਰਦੇ ਹਨ ਕਿ ਆਮ ਜਨਤਾ ਵਿੱਚ ਉਨ੍ਹਾਂ ਦੀ ਸਾਖ਼ ਇੱਕ ਮਜ਼ਬੂਤ ਤੇ ਫ਼ੈਸਲਾਕੁਨ ਆਗੂ ਵਜੋਂ ਬਣੀ ਹੋਈ ਹੈ; ਉਹ ਆਪਣੇ ਭਰਮ-ਭੁਲੇਖਿਆਂ ਦੇ ਢਹੇ ਚੜ੍ਹ ਕੇ ਕੁਝ ਨਾਸਮਝੀ ਵਾਲੇ ਫ਼ੈਸਲੇ ਵੀ ਲੈ ਬੈਠਦੇ ਹਨ।

ਇਸ ਤੱਥ ਦਾ ਵੀ ਹੁਣ ਸਭ ਨੂੰ ਤੇਜ਼ੀ ਨਾਲ ਪਤਾ ਲੱਗਦਾ ਜਾ ਰਿਹਾ ਹੈ ਕਿ ਵਿਸ਼ਵ ਪੱਧਰ ਦੀਆਂ ਪੇਸ਼ੇਵਰਾਨਾ ਏਜੰਸੀਆਂ ਇਸ ਵੇਲੇ ਇੰਟਰਨੈਟ ਅਤੇ ਉਸ ਦੇ ਨਵ-ਜਨਮੇ ਚਚੇਰੇ ਭਰਾ ‘ਸੋਸ਼ਲ ਮੀਡੀਆ’ ਨੂੰ ਆਪਣੇ ਹਿਸਾਬ ਨਾਲ ਵਰਤਣ, ਅਫ਼ਵਾਹਾਂ ਫੈਲਾਉਣ ਅਤੇ ਕੱਚਘਰੜ ਸੱਚਾਈਆਂ ਦਾ ਕੂੜ ਪ੍ਰਚਾਰ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਇਹ ਸਭ ਪਾਕਿਸਤਾਨ ਵੀ ਬਾਖ਼ੂਬੀ ਕਰ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਉਸ ਨੂੰ ਘੱਟ ਸਮਝਣ ਦਾ ਟਪਲ਼ਾ ਕਦੇ ਨਹੀਂ ਖਾਣਾ ਚਾਹੀਦਾ। ਉਹ ਯਕੀਨੀ ਤੌਰ ‘ਤੇ ਸਾਡੇ ਦਿਮਾਗ਼ਾਂ ਨੂੰ ਆਪਣੇ ਹਿਸਾਬ ਨਾਲ ਵਰਤਣ ਦੇ ਯੋਗ ਵੀ ਹਨ। ਉਦਾਹਰਣ ਵਜੋਂ, ਸ਼ੁੱਕਰਵਾਰ ਸਵੇਰੇ ਮਚੇ ਹੰਗਾਮੇ ਨੂੰ ਹੀ ਲੈ ਲਵੋ। ਸਾਡੇ ਸਾਰੇ ਟੈਲੀਵਿਜ਼ਨ ਨਿਊਜ਼ ਚੈਨਲ ਇੱਕ ਪਾਕਿਸਤਾਨੀ ਪੱਤਰਕਾਰ ਦੇ ‘ਟਵੀਟ’ ਤੋਂ ਭੜਕੇ ਹੋਏ ਸਨ, ਜਦ ਕਿ ਉਸ ‘ਟਵੀਟ’ ਦੀ ਨਾ ਤਾਂ ਕਿਸੇ ਨੇ ਕੋਈ ਪੁਸ਼ਟੀ ਕੀਤੀ ਅਤੇ ਨਾ ਹੀ ਅਜਿਹੀ ਕੋਈ ਪੁਸ਼ਟੀ ਹੋ ਸਕਦੀ ਸੀ। ਉਸ ਪੱਤਰਕਾਰ ਨੇ ਦਾਅਵਾ ਕੀਤਾ ਸੀ ਕਿ ‘ਪਾਕਿਸਤਾਨੀ ਹਵਾਈ ਫ਼ੌਜ ਦੇ ਜੰਗੀ ਐਫ਼-16 ਹਵਾਈ ਜਹਾਜ਼ ਇਸਲਾਮਾਬਾਦ ਦੇ ਆਕਾਸ਼ ‘ਤੇ ਉਡਾਰੀਆਂ ਮਾਰਦੇ ਵੇਖੇ ਗਏ’। ਇਹ ਕੇਵਲ ਇੱਕ ‘ਟਵੀਟ’ ਸੀ, 140 ਤੋਂ ਘੱਟ ਕਰੈਕਟਰਾਂ ਵਾਲਾ ਟਵੀਟ। ਪਰ ਸਮੁੱਚੇ ਭਾਰਤੀ ਟੈਲੀਜ਼ਿਨ ਜਗਤ ਨੇ ਆਪਣਾ ਪੂਰਾ ਜ਼ੋਰ ਅਤੇ ਧਿਆਨ ਆਪੋ-ਆਪਣੇ ਹਿਸਾਬ ਨਾਲ ਇਸ ਟਵੀਟ ਦੇ ਵੱਖੋ-ਵੱਖਰੇ ਮਤਲਬ ਕੱਢਣ ‘ਤੇ ਲਾ ਦਿੱਤਾ ਸੀ।

ਕਿਉਂਕਿ ਇਸ ਸਮੇਂ ਰੌਂਅ ਤੇ ਮਾਹੌਲ ਤੌਖਲੇ-ਭਰਪੂਰ ਅਤੇ ਦਬੇ ਹੋਏ ਗੁੱਸੇ ਵਾਲਾ ਹੈ, ਇਸ ਵਾਸਤੇ ਭਾਰਤੀ ਨਾਗਰਿਕਾਂ ਦਾ ਕਿਸੇ ਵੀ ਅਫ਼ਵਾਹ ਦਾ ਸ਼ਿਕਾਰ ਬਣਨਾ ਬਹੁਤ ਸੁਭਾਵਿਕ ਹੈ। ਜੇ ਅਸੀਂ ਸੋਸ਼ਲ ਮੀਡੀਆ ਦੇ ਕਹਾਣੀਕਾਰਾਂ ਉੱਤੇ ਯਕੀਨ ਕਰਨ ਲੱਗੀਏ ਤਾਂ ਅਸੀਂ ਕਦੋਂ ਦੇ ਪਾਕਿਸਤਾਨ ਨਾਲ ਸਿੱਧੀ ਜੰਗ ਕਰ ਕੇ ਉਸ ਨੂੰ ਜਿੱਤ ਵੀ ਚੁੱਕੇ ਹਾਂ।

ਉਂਜ, ਇੱਕ ਚੰਗੀ ਅਫ਼ਵਾਹ ਦਾ ਆਕਰਸ਼ਕ ਪੱਖ ਇਹ ਹੁੰਦਾ ਹੈ ਕਿ ਤੁਸੀਂ ਇਸ ਤੋਂ ਨਾ ਤਾਂ ਇਨਕਾਰ ਕਰ ਸਕਦੇ ਹੋ ਅਤੇ ਨਾ ਇਸ ਨੂੰ ਮੰਨ ਸਕਦੇ ਹੋ। ਇਸ ਲਈ ਇਹ ਸਭ ਝੱਲਦੇ ਰਹੋ!

ਸ਼ਨਿੱਚਰਵਾਰ ਦੀ ਸਵੇਰ ਨੂੰ ਮੈਂ (ਸਾਬਕਾ ਵਿਦੇਸ਼ ਮੰਤਰੀ) ਨਟਵਰ ਸਿੰਘ ਨੂੰ ਫ਼ੋਨ ਕੀਤਾ। ਉਨ੍ਹਾਂ ਮੈਨੂੰ ਸੁਆਲ ਕੀਤਾ: ”ਕੀ ਅਸੀਂ ਪਾਕਿਸਤਾਨ ਨਾਲ ਜੰਗ ਲੜਨ ਜਾ ਰਹੇ ਹਾਂ?” ਮੈਂ ਤੁਰੰਤ ਜਵਾਬ ਦਿੱਤਾ: ”ਜਨਾਬ, ਤੁਸੀਂ ਤਾਂ ਕੂਟਨੀਤੀ ਦੀ ਪਿੜ ਦੇ ਸੁਲਝੇ ਤੇ ਤਜਰਬੇਕਾਰ ਖਿਡਾਰੀ ਹੋ ਅਤੇ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹੋ। ਅਜਿਹਾ ਸੁਆਲ ਤਾਂ ਤੁਹਾਡੇ ਤੋਂ ਮੈਨੂੰ ਪੁੱਛਣਾ ਚਾਹੀਦਾ ਹੈ।”

ਉਨ੍ਹਾਂ ਨੇ ਉੜੀ ਹਮਲੇ ਤੋਂ ਬਾਅਦ ਜੰਗ ਬਾਰੇ ਹੋਣ ਵਾਲੀਆਂ ਗੱਲਾਂ ‘ਤੇ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਦੀ ਟਿੱਪਣੀ ਸੀ, ‘ਛੱਤੀਸਗੜ੍ਹ ‘ਚ ਅਤਿਵਾਦੀਆਂ ਨੇ ਪੁਲੀਸ ਦੇ 70 ਜਵਾਨਾਂ ਨੂੰ ਮਾਰ ਮੁਕਾਇਆ ਸੀ, ਉਦੋਂ ਤਾਂ ਕਿਸੇ ਨੂੰ ਇਸ ਤਰ੍ਹਾਂ ਗੁੱਸਾ ਨਹੀਂ ਸੀ ਚੜ੍ਹਿਆ?’

ਨਟਵਰ ਸਿੰਘ ਭਾਰਤ ਦੇ ਉਨ੍ਹਾਂ ਗਿਣੇ-ਚੁਣੇ ਵਿਅਕਤੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਵੀਹਵੀਂ ਸਦੀ ਦੀਆਂ ਜੰਗਾਂ ਬਾਰੇ ਬਹੁਤ ਬਾਰੀਕੀ ਨਾਲ ਜਾਣਕਾਰੀ ਹੈ। ਉਨ੍ਹਾਂ ਕੁਝ ਤਲਖ਼ ਲਹਿਜੇ ਨਾਲ ਮੈਨੂੰ ਪੁੱਛਿਆ: ”ਇਹ ਜਿਹੜਾ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਇਹ ਸਭ ਕੀ ਬਕਵਾਸ ਹੈ? ਅਨਪੜ੍ਹ ਕਿਸਮ ਦੇ ਸੰਪਾਦਕ ਅਤੇ ਲੇਖਕ ਇਸ ਵੇਲੇ ਚਾਣੱਕਿਆ ਦੇ ਹਵਾਲਿਆਂ ਨਾਲ ਆਪਣੀਆਂ ਦਲੀਲਾਂ ਰੱਖ ਰਹੇ ਹਨ ਕਿ ਹੁਣ ਜੰਗ ਕਿਵੇਂ ਲੜੀ ਜਾਵੇ। ਕੀ ਅਜਿਹੇ ਲੋਕਾਂ ਨੂੰ ਇੰਨੀ ਕੁ ਸਮਝ ਵੀ ਨਹੀਂ ਕਿ ਚਾਣੱਕਿਆ ਦੀ ਸਲਾਹ ਉਸ ਦੇ ਸਮੇਂ ਤੇ ਯੁੱਗ ਦੇ ਹਿਸਾਬ ਨਾਲ ਵਾਜਬ ਸੀ, ਹੁਣ ਵਾਲੇ ਯੁੱਗ ਵਿੱਚ ਨਹੀਂ। ਉਦੋਂ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਲੋਕ ਆਪਣੇ-ਆਪ ਨੂੰ ਬਹੁਤ ਸੂਝਵਾਨ ਦਰਸਾਉਣ ਲਈ ਚਾਣਕਿਆ ਜਾਂ ਮੈਕਿਆਵਲੀ ਦੇ ਹਵਾਲੇ ਦਿੰਦੇ ਹਨ ਪਰ ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਹੁਣ ਯੁੱਗ ਬਦਲ ਚੁੱਕਾ ਹੈ, ਜੰਗੀ ਤਕਨਾਲੋਜੀ ਅਤੇ ਕੂਟਨੀਤੀ ਸਭ ਕੁਝ ਤਬਦੀਲ ਹੋ ਚੁੱਕੇ ਹਨ।”

ਮੈਂ ਅਜਿਹੇ ਸਮਝਦਾਰ ਇਨਸਾਨ ਵੱਲੋਂ ਦਿੱਤੀ ਇਸ ਵਾਜਬ ਦਲੀਲ ਨੂੰ ਕਿਵੇਂ ਚੁਣੌਤੀ ਦੇ ਸਕਦਾ ਸਾਂ! ਇਹ ਦਲੀਲ ਨਹੀਂ ਸੀ, ਸਾਡੀ ਬਦਲਾਖੋਰੀ ਤੇ ਰੱਤ-ਪੀਣੀ ਮਾਨਸਿਕਤਾ ਉੱਤੇ ਵਾਰ ਸੀ।
ਨਵਤੇਜ ਸਿੰਘ ਸਰਨਾ ਵਾਸ਼ਿੰਗਟਨ ‘ਚ ਸਾਡੇ ਨਵੇਂ ਸਫ਼ੀਰ ਹੋਣਗੇ। ਅਮਰੀਕਾ ਵਿੱਚ ਸਫ਼ੀਰ ਬਣਨਾ, ਭਾਰਤੀ ਵਿਦੇਸ਼ ਸੇਵਾ ਦੇ ਕਿਸੇ ਵੀ ਅਧਿਕਾਰੀ ਲਈ ਦੂਜੀ ਸਭ ਤੋਂ ਵੱਕਾਰੀ ਨਿਯੁਕਤੀ ਮੰਨਿਆ ਜਾਂਦਾ ਹੈ।
ਵਾਸ਼ਿੰਗਟਨ ਵਿੱਚ ਅਨੇਕਾਂ ਵਿਲੱਖਣ ਭਾਰਤੀ ਪੁਰਸ਼ ਤੇ ਔਰਤਾਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੇ ਰਹੇ ਹਨ। ਆਸਿਫ਼ ਅਲੀ, ਵਿਜੇ ਲਕਸ਼ਮੀ ਪੰਡਿਤ, ਬੀ.ਕੇ. ਨਹਿਰੂ, ਆਬਿਦ ਹੁਸੈਨ, ਨਰੇਸ਼ ਚੰਦਰਾ, ਸਿਧਾਰਥ ਸ਼ੰਕਰ ਰੇਅ, ਮੀਰਾ ਸ਼ੰਕਰ, ਨਿਰੂਪਮਾ ਰਾਓਂਪ੍ਰਤਿਭਾਸ਼ਾਲੀ, ਤਜਰਬੇਕਾਰ ਅਤੇ ਪੇਸ਼ੇਵਰਾਨਾ ਲੋਕਾਂ ਦੀ ਇਹ ਇੱਕ ਬੜੀ ਲੰਮੀ ਸੂਚੀ ਹੈ।

ਸਰਨਾ ਇਹ ਜ਼ਿੰਮੇਵਾਰੀ ਸੰਭਾਲਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹੋਣਗੇ। ਭਾਵੇਂ ਕੇਵਲ ਸਿੰਘ ਵਾਸ਼ਿੰਗਟਨ ‘ਚ ਭਾਰਤੀ ਰਾਜਦੂਤ ਬਣਨ ਵਾਲੇ ਪਹਿਲੇ ਸਿੱਖ ਸਨ, ਪਰ ਦਸਤਾਰਧਾਰੀ ਨਹੀਂ ਸਨ। ਭਾਰਤੀ ਵਿਦੇਸ਼ ਸੇਵਾ ‘ਚ ਸ਼ਾਮਲ ਹੋਣ ਸਮੇਂ ਤਾਂ ਕੇਵਲ ਸਿੰਘ ਦਸਤਾਰ ਸਜਾਉਂਦੇ ਸਨ ਤੇ ਦਾੜ੍ਹੀ ਵੀ ਰੱਖੀ ਹੋਈ ਸੀ, ਪਰ ਫਿਰ ਛੇਤੀ ਹੀ ਉਹ ‘ਮੋਨੇ’ ਹੋ ਗਏ ਸਨ।

ਸਰਨਾ ਜਿੱਥੇ ਅੱਵਲ ਦਰਜੇ ਦੇ ਪੇਸ਼ੇਵਰਾਨਾ ਕੂਟਨੀਤਕ ਹਨ, ਉੱਥੇ ਉਨ੍ਹਾਂ ਦਾ ਇੱਕ ਸਾਹਿਤਕ ਸ਼ਖ਼ਸੀਅਤ ਵਜੋਂ ਵੀ ਬੇਹੱਦ ਮਾਣ-ਸਤਿਕਾਰ ਹੈ। ਇੱਕ ਸਾਹਿਤਕ ਆਲੋਚਕ ਵਜੋਂ ਨਵਤੇਜ ਨੂੰ ਮੈਂ ਪਹਿਲੀ ਵਾਰ ਉਦੋਂ ਜਾਣਿਆ ਸੀ, ਜਦੋਂ ਮੈਂ ‘ਦਿ ਹਿੰਦੂ’ ਲਈ ਕੰਮ ਕਰਦਾ ਸਾਂ। ਉਦੋਂ ਉਹ ‘ਦਿ ਹਿੰਦੂ’ ਲਈ ਨਿਯਮਿਤ ਤੌਰ ‘ਤੇ ਕਿਤਾਬਾਂ ਬਾਰੇ ਇੱਕ ਕਾਲਮ ਲਿਖਦੇ ਹੁੰਦੇ ਸਨ।

ਇਹ ਗੱਲ ਸੱਚਮੁਚ ਬੇਹੱਦ ਤਸੱਲੀਬਖ਼ਸ਼ ਹੈ ਕਿ ਅੱਵਲਤਰੀਨ ਅਦੀਬ ਵਾਲੀ ਸਾਖ਼ ਉਨ੍ਹਾਂ ਦੀ ਪੇਸ਼ੇਵਰਾਨਾ ਤਰੱਕੀ ਦੇ ਰਾਹ ‘ਚ ਅੜਿੱਕਾ ਨਹੀਂ ਬਣੀ।
ਇੱਕ ਵਾਰ ਫਿਰ ਪ੍ਰਿਯੰਕਾ ਚੋਪੜਾ ਵੱਲ ਪਰਤਦਾ ਹਾਂ, ਜੋ ‘ਐਮੀ ਐਵਾਰਡਜ਼’ ਸ਼ੋਅ ਦੀ ਪੇਸ਼ਕਾਰ ਵਜੋਂ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਉਹ ਸੱਚਮੁਚ ਆਦਰਯੋਗ ਅਤੇ ਕਾਬਿਲੇ ਤਾਰੀਫ਼ ਹੈ; ਕੇਵਲ ਇਸ ਲਈ ਨਹੀਂ ਕਿ ਉਹ ਇੱਕ ਪ੍ਰਸਿੱਧ ਹਸਤੀ ਹੈ, ਸਗੋਂ ਇਸ ਕਰ ਕੇ ਵੀ ਕਿ ਉਹ ਪ੍ਰਤਿਭਾਸ਼ਾਲੀ ਭਾਰਤੀਆਂ ਦੀ ਇੱਕ ਅਜਿਹੀ ਨਵੀਂ ਪੀੜ੍ਹੀ ਦੀ ਪ੍ਰਤੀਕ ਹੈ ਜੋ ਬਾਹਰ ਜਾ ਕੇ ਆਲਮੀ ਮੰਚ ਉੱਤੇ ਮੁਕਾਬਲੇ ਵਿੱਚ ਡਟਣ ਤੋਂ ਨਹੀਂ ਡਰਦੀ। ਪ੍ਰਿਯੰਕਾ ਚੋਪੜਾ ਦੀ ਸ਼ਖ਼ਸੀਅਤ ਨੂੰ ਜਿਹੜੀ ਗੱਲ ਚਾਰ ਚੰਦ ਲਾਉਂਦੀ ਹੈ, ਉਹ ਹੈ ਕਿ ਜਿਸਮਾਨੀ ਆਕਰਸ਼ਣ ਦੇ ਨਾਲ ਨਾਲ ਉਹ ਅੰਤਾਂ ਦੇ ਸਵੈ-ਭਰੋਸੇ ਤੇ ਜੁਰਅੱਤਮੰਦੀ ਨਾਲ ਲੈਸ ਹੈ।

ਇੱਕ ਪਾਸੇ ਪ੍ਰਿਯੰਕਾ ਚੋਪੜਾ ਜਦੋਂ ਲਾੱਸ ਏਂਜਲਸ ‘ਚ ਐਮੀ ਐਵਾਰਡਜ਼ ਦੀ ਪੇਸ਼ਕਾਰੀ ਕਰ ਰਹੀ ਸੀ, ਦੂਜੇ ਪਾਸੇ ਬੌਲੀਵੁੱਡ ਦੇ ਇੱਕ ਹਿੱਸੇ ‘ਚ ਪਾਕਿਸਤਾਨੀ ਫ਼ਿਲਮ ਤੇ ਟੀ.ਵੀ. ਕਲਾਕਾਰਾਂ ਦੀ ਮੁੰਬਈ ਵਿੱਚ ਮੌਜੂਦਗੀ ਬਾਰੇ ਬੇਲੋੜਾ ਹੰਗਾਮਾ ਖੜ੍ਹਾ ਕੀਤਾ ਜਾ ਰਿਹਾ ਸੀ। ਸਾਡੇ ਆਪਣੇ ਪ੍ਰਤਿਭਾਸ਼ਾਲੀ ਕਲਾਕਾਰ, ਬੁੱਧੀਜੀਵੀ, ਲੇਖਕ ਅਤੇ ਪੇਸ਼ੇਵਰ ਪੱਛਮੀ ਦੇਸ਼ਾਂ ਵਿੱਚ ਉਪਲਬਧ ਖੁੱਲ੍ਹੇ ਮੌਕਿਆਂ ਦਾ ਭਰਪੂਰ ਫ਼ਾਇਦਾ ਉਠਾ ਰਹੇ ਹਨ, ਪਰ ਅਸੀਂ ਬਾਹਰਲੇ ਸਿਰਜਣਸ਼ੀਲ ਕਲਾਕਾਰਾਂ ਲਈ ਆਪਣੇ ਦਰ ਬੰਦ ਕਰਨਾ ਚਾਹੁੰਦੇ ਹਾਂ, ਉਹ ਵੀ ਖ਼ਾਸ ਤੌਰ ‘ਤੇ ਪਾਕਿਸਤਾਨੀਆਂ ਲਈ। ਦੂਜੇ ਦਰਜੇ ਦੇ ਦਿਮਾਗ਼ ਅਤੇ ਦਰਮਿਆਨੇ ਦਰਜੇ ਦੇ ਕਲਾਕਾਰ ਅਕਸਰ ਪਾਕਿਸਤਾਨ ਤੋਂ ਆਉਣ ਵਾਲੇ ਪ੍ਰਤਿਭਾਸ਼ਾਲੀ ਕਲਾਕਾਰਾਂ ਖ਼ਿਲਾਫ਼ ਊਲ-ਜਲੂਲ ਬੋਲ ਕੇ ਦੇਸ਼ਭਗਤੀ ਅਤੇ ਰਾਸ਼ਟਰਵਾਦ ਦੇ ਜਜ਼ਬੇ ਦਾ ‘ਮੁਜ਼ਾਹਰਾ’ ਹਨ। ਇਸ ਕਿਸਮ ਦੇ ਜਾਅਲੀ ਗੁੱਸੇ ਪ੍ਰਗਟਾ ਕੇ ਅਤੇ ਵਿਦੇਸ਼ੀਆਂ ਪ੍ਰਤੀ ਨਫ਼ਰਤ ਦੇ ਇਜ਼ਹਾਰ ਕਰ ਕੇ ਅਸੀਂ ਤੇਜ਼ੀ ਨਾਲ ਉੱਭਰ ਰਹੀ ਆਲਮੀ ਤਾਕਤ ਹੋਣ ਦਾ ਦਾਅਵਾ ਕਦੇ ਵੀ ਨਹੀਂ ਕਰ ਸਕਦੇ।

ਮੈਂਨੂੰ ਯਕੀਨ ਹੈ ਕਿ ਬਹੁਤੇ ਭਾਰਤੀਆਂ ਨੂੰ ਇੱਕ ਭਾਰਤੀ ਡਿਪਲੋਮੈਟ ਵੱਲੋਂ ਲਏ ਉਸ ਦੋਸ਼ ਦੀ ਬਿਲਕੁਲ ਵੀ ਸਮਝ ਨਹੀਂ ਆਈ ਹੋਣੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪਾਕਿਸਤਾਨ ਤਾਂ ‘ਦਹਿਸ਼ਤਗਰਦੀ ਦੀ ਆਇਵੀ ਲੀਗ ਦਾ ਮੇਜ਼ਬਾਨ ਹੈ।’ ਸ਼ਾਇਦ ਅਜਿਹਾ ਸੂਤਰੀਕਰਨ ਅਮਰੀਕੀ ਕੰਨਾਂ ਲਈ ਕੀਤਾ ਗਿਆ ਹੋਵੇਗਾ।

ਅਸਲ ‘ਆਇਵੀ ਲੀਗ’ ਦੀ ਪੈਦਾਇਸ਼ ਹੋਣ ਦੇ ਨਾਤੇ ਮੈਨੂੰ ਇਹ ਵਾਜਬ ਜਾਪਦਾ ਹੈ ਕਿ ਮੈਂ ਇਸ ਲੀਗ ਬਾਰੇ ਕੁਝ ਦੱਸਾਂ। ਲੀਗ’ ਸ਼ਬਦਾਂ ਦੀ ਵਰਤੋਂ ਅਮਰੀਕਾ ਦੇ ਉੱਤਰ-ਪੂਰਬੀ ਸਾਹਿਲ ਉੱਤੇ ਮੌਜੂਦ ਉਚੇਰੀ ਸਿੱਖਿਆ ਦੇ ਅੱਠ ਕੇਂਦਰਾਂ ਲਈ ਕੀਤੀ ਜਾਂਦੀ ਹੈ ਪਰ ਇਸ ਦੀ ਸਾਖ਼ ਤੇ ਸ਼ਾਨਦਾਰ ਵਿਆਪਕਤਾ ਅਤੇ ਸਰੇਸ਼ਠਤਾ ਹਾਰਵਰਡ, ਪ੍ਰਿੰਸਟਨ ਅਤੇ ਯੇਲ ਨਾਂਅ ਦੀਆਂ ਤਿੰਨ ਯੂਨੀਵਰਸਿਟੀਜ਼ ਨਾਲ ਹੀ ਮੁੱਖ ਤੌਰ ‘ਤੇ ਜੁੜੀ ਹੋਈ ਹੈ। ਇਨ੍ਹਾਂ ਤਿੰਨੇ ਯੂਨੀਵਰਸਿਟੀਜ਼ ਨੇ ਅਮਰੀਕਾ ਦੇ ਸਾਰੇ ਖੇਤਰਾਂ ਨੂੰ ਬਿਹਤਰੀਨ ਪ੍ਰਤਿਭਾਵਾਂ ਦਿੱਤੀਆਂ ਹਨ। ਪਿਛਲੇ ਸੌ ਵਰ੍ਹਿਆਂ ਦੌਰਾਨ ਲਗਭਗ ਹਰੇਕ ਵਿਲੱਖਣ ਰਾਸ਼ਟਰਪਤੀ – ਵੁੱਡਰੋਅ ਵਿਲਸਨ, ਫਰੈਂਕਲਿਨ ਡੀ. ਰੂਜ਼ਵੈਲਟ, ਜੌਹਨ ਐਫ਼. ਕੈਨੇਡੀ, ਕਲਿੰਟਨ, ਦੋਵੇਂ ਬੁਸ਼, ਬਰਾਕ ਓਬਾਮਾ – ਨੇ ਉਚੇਰੀ ਸਿੱਖਿਆ ਦੇ ਇਨ੍ਹਾਂ ਤਿੰਨ ਕੇਂਦਰਾਂ ਵਿੱਚੋਂ ਕਿਸੇ ਇੱਕ ਤੋਂ ਹੀ ਆਪਣੀ ਸਿੱਖਿਆ ਹਾਸਲ ਕੀਤੀ ਹੈ ਜਾਂ ਇਨ੍ਹਾਂ ਨਾਲ ਜੁੜੇ ਰਹੇ ਹਨ।

ਮੈਨੂੰ ਨਹੀਂ ਲਗਦਾ ਕਿ ਜਿਸ ਕਿਸੇ ਵੀ ਵਿਅਕਤੀ ਨੇ ‘ਆਇਵੀ ਲੀਗ’ ਤੋਂ ਸਿੱਖਿਆ ਹਾਸਲ ਕੀਤੀ ਹੋਵੇਗੀ, ਉਹ ਇਸ ਲੀਗ ਦੀ ਪਾਕਿਸਤਾਨ ਨਾਲ ਜੋੜੀ ਤਜ਼ਬੀਹ ਤੋਂ ਰਤਾ ਵੀ ਖੁਸ਼ ਹੋਇਆ ਹੋਵੇਗਾ। ਜਿਸ ਮੁਲਕ ਨੂੰ ਦਹਿਸ਼ਤਗਰਦੀ ਦੀ ਵਰਤੋਂ ਦਾ ਸੰਸਥਾਈ ਝੱਸ ਪਿਆ ਹੋਵੇ, ਉਸ ਨਾਲ ਕੌਣ ਜੁੜਨਾ ਚਾਹੇਗਾ? ਖ਼ੈਰ, ਅੱਜ ਦਾ ਯੁੱਗ ਤਾਂ ਹੱਦੋਂ ਵੱਧ ਉਤੇਜਨਾ ਪ੍ਰਗਟਾਉਣ ਅਤੇ ਬੜਬੋਲੇਪਣ ਦਾ ਯੁੱਗ ਹੈ। ਇਸ ਲਈ ਤੁਲਨਾ ਕਿਤੇ ਵੀ ਕਰ ਦਿੱਤੀ ਜਾਂਦੀ ਹੈ।

ਆਓ, ਅਫ਼ਵਾਹਾਂ ਦੇ ਇਸ ਦੌਰ ਤੋਂ ਮਾਯੂਸ ਹੋ ਕੇ ਵਧੀਆ ਕੌਫ਼ੀ ਦੇ ਕੱਪ ਦਾ ਸੁਆਦ ਖ਼ਰਾਬ ਨਾ ਹੋਣ ਦੇਈਏ।



from Punjab News – Latest news in Punjabi http://ift.tt/2cCPhG6
thumbnail
About The Author

Web Blog Maintain By RkWebs. for more contact us on rk.rkwebs@gmail.com

0 comments