ਬਵਾਸੀਰ ਅਤੇ ਇਸ ਨਾਲ ਜੁੜੀਆਂ ਜਿਸਮਾਨੀ ਪ੍ਰੇਸ਼ਾਨੀਆਂ

downloadਡਾ. ਮਨਜੀਤ ਸਿੰਘ ਬੱਲ ( 83508-00237)

ਪਹਿਲਾਂ ਪਹਿਲ ਸਮਝਿਆ ਜਾਂਦਾ ਸੀ ਕਿ ਬਵਾਸੀਰ (ਪਾਈਲਜ਼) ਕੇਵਲ ਪੱਛਮੀ ਮੁਲਕਾਂ ਦੇ ਲੋਕਾਂ ਵਿੱਚ ਹੀ ਜ਼ਿਆਦਾ ਹੁੰਦੀ ਹੈ ਪਰ ਹੁਣ ਤਾਂ ਏਸ਼ੀਅਨ ਦੇਸ਼ਾਂ ਵਿੱਚ ਵੀ ਇਸ ਦੇ ਕਾਫ਼ੀ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੇ ਮੈਡੀਕਲ ਖੇਤਰ ਨਾਲ ਜੁੜੇ ਸਾਹਿਤ ਵਿੱਚ ਵੀ ਇਸ ਰੋਗ ਦਾ ਜ਼ਿਕਰ ਮਿਲਦਾ ਹੈ। ਇਸ ਦੀਆਂ ਅਲਾਮਤਾਂ ਇਸ ਗੱਲ ‘ਤੇ ਨਿਰਭਰ ਕਰਦੀਆਂ ਹਨ ਕਿ ਬਵਾਸੀਰ ਕਿਸ ਕਿਸਮ ਦੀ ਹੈ। ਇਹ ਇੱਕ ਆਮ ਕਲਿਨੀਕਲ ਸਮੱਸਿਆ ਹੈ। ਬਹੁਤ ਦੇਸ਼ਾਂ ਵਿੱਚ ਚਾਲੀ ਸਾਲ ਤੋਂ ਉੱਪਰ ਵਾਲੇ 40 ਤੋਂ 50 ਫ਼ੀਸਦੀ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਇਹ ਤਕਲੀਫ਼ ਗਰਭਵਤੀਆਂ ਜਾਂ ਜਣੇਪੇ ਤੋਂ ਬਾਅਦ ਵਾਲੀਆਂ ਔਰਤਾਂ ਵਿੱਚ ਕੁੱਝ ਵਧੇਰੇ ਹੁੰਦੀ ਹੈ। ਗੁਦਾ ਵਿੱਚ ਸਾਧਾਰਨ ਤੌਰ ‘ਤੇ ਹੀ ਖ਼ੂਨ ਦੀਆਂ ਨਾੜਾਂ ਦਾ ਇੱਕ ਗੁੱਛਾ ਹੁੰਦਾ ਹੈ। ਸੋਜ ਤੇ ਇਨਫਲੇਮੇਸ਼ਨ ਹੋਣ ਕਰਕੇ ਜਦੋਂ ਇਹ ਨਾੜੀਆਂ ਵਧ ਜਾਂਦੀਆਂ ਹਨ ਤਾਂ ਇਹ ਗੁੱਛਾ ਜਿਹਾ ਗੁਦਾ ‘ਚੋਂ ਬਾਹਰ ਆ ਜਾਂਦਾ/ਸਕਦਾ ਹੈ।

ਬਵਾਸੀਰ (ਪਾਈਲਜ਼) ਦੀਆਂ ਮੁੱਖ ਰੂਪ ਵਿੱਚ ਦੋ ਕਿਸਮਾਂ ਹਨ:

* ਬਾਹਰੀ ਬਵਾਸੀਰ, ਇਸ ਨਾਲ ਦਰਦ ਹੁੰਦੀ ਹੈ।

* ਅੰਦਰੂਨੀ, ਇਸ ਵਿੱਚ ਆਮ ਕਰਕੇ ਦਰਦ ਨਹੀਂ ਹੁੰਦਾ ਪਰ ਖ਼ੂਨ ਆਉਂਦਾ ਹੈ।

ਬਾਹਰੀ ਬਵਾਸੀਰ: ਗੁਦਾ ਦੇ ਹੇਠਲੇ ਇੱਕ ਤਿਹਾਈ ਹਿੱਸੇ ਵਿੱਚ ਉਤਪੰਨ ਹੁੰਦੀ ਹੈ। ਇਹ ਬਵਾਸੀਰ ਗੁਦਾ ਤੋਂ ਬਾਹਰ ਨਜ਼ਰ ਆਉਂਦੀ ਹੈ ਜਿਸ ਵਿੱਚ ਸੋਜ ਅਤੇ ਦਰਦ ਹੁੰਦਾ ਹੈ। ਖ਼ਾਰਸ਼ ਜੋ ਇਸ ਦਾ ਮੁੱਖ ਲੱਛਣ ਸਮਝਿਆ ਜਾਂਦਾ ਹੈ, ਅਸਲ ਵਿੱਚ ਨਜ਼ਦੀਕ ਵਾਲੀ ਚਮੜੀ ਦੇ ਅਸਰ ਅਧੀਨ ਹੋਣ ਕਰਕੇ ਹੁੰਦਾ ਹੈ। ਇਸ ਲਈ ਇਸ ਥਾਂ ਤੋਂ ਪਾਣੀ ਜਿਹਾ ਵੀ ਨਿਕਲਦਾ ਹੈ ਤੇ ਜਲਣ ਵੀ ਹੁੰਦੀ ਹੈ। ਇਸ ਕਿਸਮ ਦੀ ਬਵਾਸੀਰ ਦੀਆਂ ਨਾੜੀਆਂ ਅੰਦਰ ਜਦੋਂ ਖ਼ੂਨ ਜੰਮ ਜਾਂਦਾ ਹੈ ਤਾਂ ਇਨ੍ਹਾਂ ਨੂੰ ‘ਥਰੋਂਬੋਜ਼ਡ ਪਾਈਲਜ਼’ ਕਿਹਾ ਜਾਂਦਾ ਹੈ।

ਅੰਦਰੂਨੀ ਬਵਾਸੀਰ: ਇਹ ਕਿਸਮ ਗੁਦਾ ਦੇ ਉੱਪਰੀ ਦੋ-ਤਿਹਾਈ ਹਿੱਸੇ ਵਿੱਚ ਹੁੰਦੀ ਹੈ। ਇਸ ਹਿੱਸੇ ਵਿੱਚ ਕਿਉਂਕਿ ਨਰਵਜ਼ ਨਹੀਂ ਹੁੰਦੀਆਂ ਇਸ ਲਈ ਇਹ ਦਰਦ ਨਹੀਂ ਕਰਦੀ। ਇਸ ਲਈ ਇਸ ਕਿਸਮ ਵਿੱਚ ਪੀੜ-ਰਹਿਤ ਖ਼ੂਨ ਆਉਂਦਾ ਹੈ। ਕਈ ਵਾਰ ਮਰੀਜ਼ ਨੂੰ ਪਤਾ ਹੀ ਨਹੀਂ ਲਗਦਾ ਕਿ ਉਸ ਨੂੰ ਬਵਾਸੀਰ ਹੈ। ਇਸ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਕੰਮ ਕਾਫ਼ੀ ਵਿਗੜ ਸਕਦਾ ਹੈ ਤੇ ਇਹ ਗੁਦਾ ‘ਚੋਂ ਬਾਹਰ ਨੂੰ ਦਿਖਾਈ ਦੇਣ ਲਗਦੀ ਹੈ (ਪ੍ਰੋਲੈਪਸਡ)। ਕਈ ਵਾਰ ਜਦੋਂ ਇਹ ਬਾਹਰ ਨੂੰ ਦਿਖਾਈ ਦੇ ਰਹੀ ਹੋਵੇ ਤਾਂ ਸਫਿੰਕਟਰ ਪੱਠਿਆਂ ਦੇ ਸੁੰਗੜਨ ਨਾਲ ਇਨ੍ਹਾਂ ਦੇ ਖ਼ੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਇਸ ਨੂੰ ‘ਸਟਰੈਂਗੂਲੇਟਡ ਹੈਮਰਾਇਡ’ ਕਿਹਾ ਜਾਂਦਾ ਹੈ। ਇਸ ਦੀਆਂ ਚਾਰ ਸਟੇਜਾਂ ਹੁੰਦੀਆਂ ਹਨ-

ਪਹਿਲੀ ਸਟੇਜ: ਇਸ ਵਿੱਚ ਨਾੜੀਆਂ ਫੁੱਲੀਆਂ ਤਾਂ ਹੁੰਦੀਆਂ ਹਨ ਪਰ ਗੁਦਾ ਤੋਂ ਬਾਹਰ ਨਹੀਂ ਨਿਕਲਦੀਆਂ।

ਦੂਜੀ ਸਟੇਜ: ਇਸ ਵਿੱਚ ਜ਼ੋਰ ਲਗਾ ਕੇ ਟੱਟੀ ਕਰਨ ਵੇਲੇ ਬਾਹਰ ਆਉਂਦੀਆਂ ਹਨ ਪਰ ਆਪਣੇ-ਆਪ ਅੰਦਰ ਚਲੇ ਜਾਂਦੀਆਂ ਹਨ।

ਤੀਜੀ ਸਟੇਜ: ਜਦੋਂ ਨਾੜੀਆਂ ਬਾਹਰ ਆ ਜਾਂਦੀਆਂ ਹਨ ਤਾਂ ਹੱਥ ਨਾਲ ਧੱਕ ਕੇ ਅੰਦਰ ਕੀਤੀਆਂ ਜਾ ਸਕਦੀਆਂ ਹਨ।

ਚੌਥੀ ਸਟੇਜ: ਇਨ੍ਹਾਂ ਨੂੰ ਹੱਥ ਨਾਲ ਧੱਕ ਕੇ ਵੀ ਅੰਦਰ ਨਹੀਂ ਕੀਤਾ ਜਾ ਸਕਦਾ।
ਕਾਰਨ-

* ਕਬਜ਼ ਜਾਂ ਦਸਤਾਂ ਅਤੇ ਸਮੇਤ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ ਜਿਵੇਂ ਵਰਜ਼ਿਸ਼ ਦੀ ਕਮੀ, ਆਹਾਰ ਵਿੱਚ ਰੇਸ਼ੇ (ਫਾਈਬਰ) ਦੀ ਕਮੀ, ਕਬਜ਼ ਕਾਰਨ ਵਧੇਰੇ ਕਿੱਲ੍ਹਣਾ ਜਿਸ ਨਾਲ ਜ਼ਿਆਦਾ ਦੇਰ ਪੇਟ ਅੰਦਰ ਪ੍ਰੈਸ਼ਰ ਵਧਿਆ ਰਹੇ।

* ਗਰਭ ਅਵਸਥਾ, ਜੈਨਟਿਕ ਕਾਰਨ, ਗੁਦਾ ਦੀਆਂ ਖ਼ੂਨ-ਨਾੜੀਆਂ ਦੇ ਵਾਲ਼ (ਵੈਲਵ) ਠੀਕ ਨਾ ਹੋਣੇ ਅਤੇ ਬੁਢਾਪੇ ਦੀ ਉਮਰ ਵੀ ਇਹ ਸਮੱਸਿਆ ਉਤਪੰਨ ਹੋਣ ਦੇ ਮੁੱਖ ਕਾਰਨ ਹਨ।

* ਮੋਟਾਪਾ ਅਤੇ ਬੈਠੇ ਰਹਿਣ ਵਾਲੇ ਕਾਰੋਬਾਰੀ ਜੋ ਸਾਰਾ ਸਾਰਾ ਦਿਨ ਇੱਕੋ ਥਾਂ ‘ਤੇ ਬੈਠੇ ਰਹਿੰਦੇ ਹਨ, ਵਿੱਚ ਵੀ ਗੁਦਾ ਦੀਆਂ ਖ਼ੂਨ-ਨਾੜੀਆਂ ਵਿੱਚ ਪ੍ਰੈਸ਼ਰ ਵਧਿਆ ਰਹਿਣ ਕਰਕੇ ਇਹ ਸਮੱਸਿਆ ਵਧੇਰੇ ਹੁੰਦੀ ਹੈ।

* ਕਈਆਂ ਲੋਕਾਂ ਦੇ ਕਾਰੋਬਾਰ ਹੀ ਇਸ ਤਰ੍ਹਾਂ ਦੇ ਹਨ ਕਿ ਉਨ੍ਹਾਂ ਨੂੰ ਕਈ ਕਈ ਘੰਟੇ ਖੜ੍ਹੇ ਰਹਿਣਾ ਪੈਂਦਾ ਹੈ ਜਿਵੇਂ ਸੁਰੱਖਿਆ ਗਾਰਡ ਤੇ ਸਰਜਨ ਆਦਿ। ਇਨ੍ਹਾਂ ਵਿਅਕਤੀਆਂ ‘ਚ ਬਵਾਸੀਰ ਹੋਣ ਦਾ ਵਧੇਰੇ ਡਰ ਰਹਿੰਦਾ ਹੈ।

* ਗਰਭ ਅਵਸਥਾ ਦੌਰਾਨ ਪਣਪ ਰਹੇ ਬੱਚੇ ਦਾ ਪੇਟ ਅੰਦਰ ਪ੍ਰੈਸ਼ਰ ਤੇ ਹਾਰਮੋਨਜ਼ ਕਰਕੇ ਆਈਆਂ ਤਬਦੀਲੀਆਂ ਵੀ ਇਸ ਦਾ ਕਾਰਨ ਬਣਦੀਆਂ ਹਨ।

* ਪੇਟ ਦੇ ਹੇਠਲੇ ਹਿੱਸੇ ਦੇ ਕਿਸੇ ਅੰਗ ਦਾ ਕੈਂਸਰ ਜਿਸ ਨਾਲ ਪੇਟ ਅੰਦਰ ਪ੍ਰੈਸ਼ਰ ਵਧ ਜਾਂਦਾ ਹੈ।

* ਜਨਣ ਕਿਰਿਆ (ਡਲਿਵਰੀ) ਵੇਲੇ ਪ੍ਰੈਸ਼ਰ ਬਹੁਤ ਵਧ ਹੁੰਦਾ ਹੈ ਜੋ ਗੁਦਾ ਦੀਆਂ ਇਨ੍ਹਾਂ ਨਾੜੀਆਂ ਵਿੱਚ ਅਸਾਧਾਰਨਤਾ ਲਿਆ ਕੇ ਬਵਾਸੀਰ ਦਾ ਕਾਰਨ ਬਣ ਸਕਦਾ ਹੈ ਪਰ ਬੱਚੇ ਦੇ ਜਨਮ ਤੋਂ ਬਾਅਦ, ਸਭ ਆਪਣੇ-ਆਪ ਠੀਕ ਹੋ ਜਾਂਦਾ ਹੈ।
ਬਚਾਓ-

* ਸਭ ਤੋਂ ਪੁਖ਼ਤਾ ਤਰੀਕਾ ਤਾਂ ਇਹ ਹੈ ਕਿ ਟੱਟੀ ਨੂੰ ਸਖ਼ਤ ਨਾ ਹੋਣ ਦਿਓ। ਨਰਮ ਟੱਟੀ, ਪੇਟ ਦਾ ਪ੍ਰੈਸ਼ਰ ਵਧਾਉਣ ਤੋਂ ਬਿਨਾਂ ਹੀ ਆਰਾਮ ਨਾਲ ਖ਼ਾਰਜ ਹੋ ਜਾਵੇਗੀ ਤੇ ਦੁਆਲੇ ਦੀਆਂ ਨਾੜੀਆਂ ਨੂੰ ਜ਼ਖ਼ਮੀ ਨਹੀਂ ਕਰੇਗੀ।

ਜਦ ਵੀ ਹਾਜਤ ਹੋਵੇ ਉਸੇ ਵੇਲੇ ਪਖ਼ਾਨੇ ਜਾ ਕੇ ਆਪਣੇ ਆਪ ਨੂੰ ਸੌਖਿਆਂ (ਈਜ਼) ਕਰ ਲਵੋ।

* ਵਰਜ਼ਿਸ਼ ਦੀ ਆਦਤ ਪਾਓ।

* ਭੋਜਨ ਵਿੱਚ ਰੇਸ਼ਿਆਂ (ਫਾਈਬਰ) ਵਾਲੇ ਤੱਤਾਂ ਦਾ ਸੇਵਨ ਕਰੋ। ਰੇਸ਼ੇ ਵਾਲੇ ਖਾਧ ਪਦਾਰਥ ਹਨ: ਛਿਲਕੇ ਸਮੇਤ ਸੇਬ, ਨਾਖਾਂ, ਖੀਰਾ, ਬੱਘੂਗੋਸ਼ਾ ਜਾਂ ਨਾਸ਼ਪਾਤੀ, ਆੜੂ, ਕੇਲਾ, ਅੰਗੂਰ, ਸੰਤਰਾ, ਤਰਾਂ, ਖ਼ਰਬੂਜ਼ਾ, ਲੀਚੀਆਂ, ਬੇਰ, ਪਲੱਮ, ਸਟਰਾਬੈਰੀ, ਚੀਕੂ, ਗਾਜਰਾਂ, ਮੂਲੀ, ਪਾਲਕ, ਗੰਢਾ, ਟਮਾਟਰ, ਬੰਦ ਗੋਭੀ, ਗੰਢ ਗੋਭੀ, ਫੁੱਲ ਗੋਭੀ, ਬ੍ਰੋਕਲੀ, ਕੱਚੇ ਜਾਂ ਸਟੀਮਡ ਮਟਰ, ਮੇਥੀ, ਹਰੀਆਂ ਫਲੀਆਂ, ਬੀਨਜ਼, ਮੱਕੀ ਦੇ ਫੁੱਲੇ (ਪੋਪ ਕੋਰਨ), ਭੁੱਬਲ ਵਿੱਚ ਭੁੰਨੇ ਜਾਂ ਉਬਾਲੇ ਹੋਏ ਆਲੂ ਅਤੇ ਘੁੰਙਣੀਆਂ।

ਇਲਾਜ: ਬਵਾਸੀਰ ਵਾਸਤੇ ਗਰਮ ਪਾਣੀ ਵਾਲਾ ਇਲਾਜ ਸਭ ਤੋਂ ਸੌਖਾ ਹੈ। ਟੱਬ ਵਿੱਚ ਗਰਮ ਪਾਣੀ ਪਾ ਕੇ, ਉਸ ਵਿੱਚ ਬੈਠੇ ਰਹੋ। ਦਿਨ ਵਿੱਚ ਕਈ ਵਾਰ ਬੈਠੋ। ਕੋਸੇ ਪਾਣੀ ਨਾਲ ਗੁਦਾ ਦੇ ਪੱਠੇ ਢਿੱਲੇ ਅਤੇ ਨਰਮ ਹੋ ਜਾਂਦੇ ਹਨ ਤੇ ਖ਼ੂਨ ਨਾੜੀਆਂ ‘ਤੇ ਚੰਗਾ ਅਸਰ ਪੈਂਦਾ ਹੈ ਜਿਸ ਨਾਲ ਬਵਾਸੀਰ ਤੋਂ ਕੁੱਝ ਰਾਹਤ ਮਿਲਦੀ ਹੈ। ਪਾਣੀ ਵਿੱਚ ਕਿਸੇ ਤਰ੍ਹਾਂ ਦਾ ਤੇਲ ਜਾਂ ਕੋਈ ਨਮਕ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਨ੍ਹਾਂ ਨਾਲ ਖ਼ਾਰਿਸ਼ ਜਾਂ ਜਲੂਹਣ ਵਧ ਸਕਦੀ ਹੈ। ਰੇਸ਼ੇ ਵਾਲੇ ਖਾਣੇ ਅਤੇ ਵਧੇਰੇ ਤਰਲ ਲਓ ਤਾਂ ਕਿ ਟੱਟੀ ਸਖ਼ਤ ਨਾ ਹੋਵੇ।

ਜਿਨ੍ਹਾਂ ਕੇਸਾਂ ਵਿੱਚ ਇਨ੍ਹਾਂ ਤਰੀਕਿਆਂ ਨਾਲ ਫ਼ਰਕ ਨਾ ਪਵੇ ਤਾਂ ਇਸ ਦਾ ਅਪ੍ਰੇਸ਼ਨ ਕਰਨਾ ਪੈਂਦਾ ਹੈ। ਛੋਟੀ ਬਵਾਸੀਰ ਵਿੱਚ ਇਲਾਜ ਦਾ ਇੱਕ ਤਰੀਕਾ ਟੀਕਾ ਲਗਾਉਣ ਵਾਲਾ ਵੀ ਹੈ। ਇਸ ਨੂੰ ਸਕਲੀਰੋ-ਥੈਰੇਪੀ ਕਿਹਾ ਜਾਂਦਾ ਹੈ। ਟੀਕੇ ਦਾ ਕੈਮੀਕਲ ਬਵਾਸੀਰ ਦੀਆਂ ਖ਼ੂਨ ਵਾਲੀਆਂ ਨਾੜੀਆਂ ਨੂੰ ਬੰਦ ਕਰ ਦਿੰਦਾ ਹੈ ਜੋ ਬਾਅਦ ਵਿੱਚ ਆਪਣੇ ਆਪ ਝੜ ਜਾਂਦੀਆਂ ਹਨ। ਇਸ ਇਲਾਜ ਵਾਸਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਵੀ ਲੋੜ ਨਹੀਂ ਪੈਂਦੀ। ਟੀਕੇ ਤੋਂ ਬਾਅਦ 5-6 ਦਿਨ ਤਕ ਖ਼ੂਨ ਆ ਸਕਦਾ ਹੈ ਪਰ ਜਦੋਂ ਬਵਾਸੀਰ ਵਾਲੀਆਂ ਨਾੜੀਆਂ ਝੜ ਜਾਂਦੀਆਂ ਹਨ ਤਾਂ ਖ਼ੂਨ ਬੰਦ ਹੋ ਜਾਂਦਾ ਹੈ। ਟੀਕੇ ਵਾਲੇ ਇਲਾਜ ਤੋਂ ਬਾਅਦ ਦੁਬਾਰਾ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਲਈ ਦੁਬਾਰਾ ਟੀਕਾ ਲਗਵਾਇਆ ਜਾ ਸਕਦਾ ਹੈ ਜਾਂ ਹੋਰ ਤਰੀਕਾ ਜਿਵੇਂ ਅਪ੍ਰੇਸ਼ਨ ਵਾਲਾ ਇਲਾਜ ਵੀ ਕਰਵਾਇਆ ਜਾ ਸਕਦਾ ਹੈ। 1980 ਵਿੱਚ ਵਰਲਡ ਸੀਰੀਜ਼ ਵਿੱਚ ਬੇਸ-ਬਾਲ ਦੇ ਮਸ਼ਹੂਰ ਅਮਰੀਕਨ ਖਿਡਾਰੀ ਜਾਰਜ ਬਰੈਟ ਨੂੰ ਬਵਾਸੀਰ ਦੀ ਪੀੜ ਕਾਰਨ ਮੈਚ ‘ਚੋਂ ਬਾਹਰ ਆਉਣਾ ਪਿਆ ਸੀ। ਫਰਵਰੀ 1981 ਵਿੱਚ ਇਸ ਦਾ ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਅਗਲੀ ਵਾਰ ਉਸ ਨੂੰ ਦੁਬਾਰਾ ਟੀਮ ਵਿਚ ਲੈ ਲਿਆ ਗਿਆ। ਇਸੇ ਤਰ੍ਹਾਂ ਅਮਰੀਕਾ ਦਾ ਮਸ਼ਹੂਰ ਰੇਡੀਓ ਤੇ ਟੀ.ਵੀ. ਐਂਕਰ ਵੀ ਰੋਗ ਤੋਂ ਪੀੜਤ ਸੀ ਤੇ ਉਸ ਨੇ ਇਸ ਰੋਗ ਦੇ ਇਲਾਜ ਲਈ ਅਪ੍ਰੇਸ਼ਨ ਕਰਵਾਇਆ ਸੀ।

ਦਰਦ, ਖ਼ਾਰਿਸ਼ ਜਾਂ ਜਲੂਹਣ ਅਤੇ ਖ਼ੂਨ ਦੀ ਤਕਲੀਫ਼ ਤਾਂ ਹੁੰਦੀ ਹੀ ਹੈ ਪਰ ਕਈ ਵਾਰ ਬਵਾਸੀਰ ਜਾਨਲੇਵਾ ਵੀ ਹੋ ਸਕਦੀ ਹੈ। ਜੇਕਰ ਖ਼ੂਨ ਵਧੇਰੇ ਨਿਕਲ ਜਾਵੇ ਅਤੇ ਇਲਾਜ ਕਰਵਾਉਣ ਵਿੱਚ ਦੇਰੀ ਕਰ ਦਿੱਤੀ ਜਾਵੇ ਤਾਂ ਬੜੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਲਈ ਇਸ ਰੋਗ ਦੇ ਇਲਾਜ ਵਿੱਚ ਸੰਗ-ਸ਼ਰਮ ਕਰਕੇ ਤਕਲੀਫ਼ ਝੱਲਣ ਅਤੇ ਗੰਭੀਰ ਖ਼ਤਰਾ ਪੈਦਾ ਕਰਨ ਦੀ ਥਾਂ ਇਸ ਦਾ ਸਹੀ ਇਲਾਜ ਕਰਵਾਉਣਾ ਜ਼ਰੂਰੀ ਹੈ।



from Punjab News – Latest news in Punjabi http://ift.tt/2d68cMt
thumbnail
About The Author

Web Blog Maintain By RkWebs. for more contact us on rk.rkwebs@gmail.com

0 comments