ਪਾਕਿ ’ਚ ਲੱਗੇ ‘ਭਗਤ ਸਿੰਘ ਜ਼ਿੰਦਾਬਾਦ’ ਦੇ ਨਾਅਰੇ

ਅੰਮ੍ਰਿਤਸਰ : ਪਾਕਿਸਤਾਨ ਦੇ ਸ਼ਹਿਰ ਫ਼ੈਸਲਾਬਾਦ ਦੇ ਪਿੰਡ ਬੰਗਾ ਦੇ ਚੱਕ ਨੰਬਰ 105 ’ਚ ਮੌਜੂਦ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ’ਤੇ ਅੱਜ ਸ਼ਾਮ ਕੁਕਨਾਸ, ਪੰਜਾਬ ਲੋਕ ਸੁਜ਼ਾਗ ਅਤੇ ਪੰਜਾਬ ਵੇਵਜ਼ ਆਦਿ ਸੰਸਥਾਵਾਂ ਵੱਲੋਂ ਉਨ੍ਹਾਂ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਾਏ ਗਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਕਵਿਤਾਵਾਂ, ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਦਿੱਤੀ ਗਈ ਅਤੇ ਪੂਰਾ ਬੰਗਾ ਪਿੰਡ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਭਗਤ ਸਿੰਘ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਦਾ ਰਿਹਾ। ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ’ਚ ਰਹਿ ਰਹੇ ਇਕਬਾਲ ਵਿਰਕ ਨੇ ਦੱਸਿਆ ਕਿ ਉਨ੍ਹਾਂ ਇਸ ਘਰ ਨੂੰ ‘ਹਵੇਲੀ ਭਗਤ ਸਿੰਘ ਸੰਧੂ’ ਦਾ ਨਾਂ ਦਿੰਦਿਆਂ ਇਸ ਦਾ ਵੱਡਾ ਹਿੱਸਾ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਹੈ। ਇਥੇ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ 100 ਦੇ ਕਰੀਬ ਦੇਸ਼ਭਗਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।

ਉਧਰ ਲਾਹੌਰ ਵਿੱਚ ਪਾਕਿਸਤਾਨ ਲੇਬਰ ਪਾਰਟੀ ਵੱਲੋਂ ਦਿਆਲ ਸਿੰਘ ਮੈਨਸ਼ਨ ਵਿੱਚ ਕੇਕ ਕੱਟ ਕੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਫਾਂਸੀ ਦੇ ਤਖ਼ਤੇ ਵਾਲੇ ਸਥਾਨ, ਜਿਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ’ਤੇ ਲਟਕਾਇਆ ਗਿਆ ਸੀ, ’ਤੇ ਬਣੇ ਚੌਕ ਦਾ ਨਾਂ ‘ਭਗਤ ਸਿੰਘ ਚੌਕ’ ਨਾ ਰੱਖ ਕੇ ਹੁਰਮਤ-ਏ-ਰਸੂਲ ਚੌਕ ਰੱਖੇ ਜਾਣ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਉਪਰੋਕਤ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਸਬੰਧੀ ਪਾਕਿਸਤਾਨੀ ਅਤਿਵਾਦੀ ਸੰਗਠਨ ਜਮਾਤ-ਉਦ-ਦਾਵਾ ਨੇ ਕਿਹਾ ਸੀ ਕਿ ਭਗਤ ਸਿੰਘ ਨਾਸਤਿਕ ਸਿੱਖ ਸੀ ਅਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਅਲਾਮਾ-ਏ-ਇਕਬਾਲ ਮੁਹੰਮਦ ਇਕਬਾਲ ਦੇ ਬਣਾਏ ਪਾਕਿਸਤਾਨ ਵਿੱਚ ਇਸਲਾਮ ਧਰਮ ਨਾਲ ਜੁੜੇ ਨਾਮ, ਹਸਤੀਆਂ ਅਤੇ ਵਿਚਾਰਧਾਰਾ ਨੂੰ ਹੀ ਲਾਗੂ ਕੀਤਾ ਜਾਵੇਗਾ।



from Punjab News – Latest news in Punjabi http://ift.tt/2cX3r5V
thumbnail
About The Author

Web Blog Maintain By RkWebs. for more contact us on rk.rkwebs@gmail.com

0 comments