ਚੰਡੀਗੜ੍ਹ, 17 ਸਤੰਬਰ : ਆਮ ਆਦਮੀ ਪਾਰਟੀ (‘ਆਪ’) ਦੇ ਸੰਸਦ ਮੈਂਬਰ ਅਤੇ ਪਾਰਟੀ ਦੀ ਪੰਜਾਬ ਦੀ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਕਿਸੇ ਵੇਲੇ ਵੀ ਪ੍ਰਗਟ ਹੋ ਸਕਦੇ ਹਨ। ਉਹ ‘ਆਪ’ ਵੱਲੋਂ 11 ਸਤੰਬਰ ਨੂੰ ਬਾਘਾ ਪੁਰਾਣਾ ਵਿੱਚ ਕਿਸਾਨ ਚੋਣ ਮੈਨੀਫੈਸਟੋ ਜਾਰੀ ਕਰਨ ਲਈ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਲੋਪ ਹੋ ਗਏ ਸਨ।
ਪਿਛਲੇ ਛੇ ਦਿਨਾਂ ਤੋਂ ਪੂਰੀ ਤਰ੍ਹਾਂ ਗੁੰਮਸੁੰਮ ਸ੍ਰੀ ਮਾਨ ਬਾਰੇ ਪਾਰਟੀ ਨਾਲ ਨਾਰਾਜ਼ ਹੋਣ ਸਮੇਤ ਕਈ ਤਰਾਂ ਦੀਆਂ ਅਫਵਾਹਾਂ ਉੱਡ ਰਹੀਆਂ ਸਨ, ਜਦੋਂ ਉਹ ਕੱਲ੍ਹ ਛਪਾਰ ਮੇਲੇ ਵਿੱਚ ਪਾਰਟੀ ਵੱਲੋਂ ਕੀਤੀ ਗਈ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ ਤਾਂ ਇਹ ਚਰਚਾ ਹੋਰ ਗਰਮ ਹੋ ਗਈ ਸੀ। ਸੂਤਰਾਂ ਅਨੁਸਾਰ ਸ੍ਰੀ ਮਾਨ 32 ਉਮੀਦਵਾਰਾਂ ਵੱਲੋਂ ਰੱਖੀਆਂ ਗਈਆਂ ਰੈਲੀਆਂ ਨੂੰ ਪਿਛਲੇ ਇੱਕ ਮਹੀਨੇ ਤੋਂ ਨਿਰੰਤਰ ਸੰਬੋਧਨ ਕਰਦੇ ਆ ਰਹੇ ਸਨ। ਬੱਸੀ ਪਠਾਣਾਂ ਵਿੱਚ ਹੋਈ ਰੈਲੀ ਦੌਰਾਨ ਪੱਤਰਕਾਰਾਂ ਨਾਲ ਤਕਰਾਰ ਹੋਣ ਕਾਰਨ ਪੈਦਾ ਹੋਏ ਤਣਾਅ ਤੋਂ ਉਹ ਕਾਫੀ ਪ੍ਰੇਸ਼ਾਨ ਸਨ। ਇਸੇ ਤਰ੍ਹਾਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਨੀਲੇ ਕਾਰਡਧਾਰਕਾਂ ਬਾਰੇ ਉਨ੍ਹਾਂ ਵੱਲੋਂ ਬੋਲੇ ਕੁਝ ਸ਼ਬਦਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਖੜ੍ਹੇ ਕੀਤੇ ਵਿਵਾਦ ਕਾਰਨ ਵੀ ਉਹ ਤਣਾਅ ਵਿੱਚ ਸਨ। ਇਸ ਤੋਂ ਇਲਾਵਾ ਉਹ ਸਿਹਤ ਪੱਖੋਂ ਵੀ ਕੁਝ ਢਿੱਲੇ ਸਨ।
ਸੂਤਰਾਂ ਅਨੁਸਾਰ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਟੁੱਟੇ ਪਏ ਸਨ, ਜਿਸ ਕਾਰਨ ਉਹ ਪਾਰਟੀ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਆਪਣੇ ਘਰੇਲੂ ਕੰਮ ਨਿਬੇੜਨ ਅਤੇ ਰਿਸ਼ਤੇਦਾਰਾਂ ਆਦਿ ਨੂੰ ਮਿਲਣ ਵਿੱਚ ਰੁੱਝੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਵੀ ਗੁਰੇਜ਼ ਕੀਤਾ ਹੈ। ਪਤਾ ਲੱਗਿਆ ਹੈ ਕਿ ਬਾਘਾਪੁਰਾਣਾ ਦੀ ਰੈਲੀ ਤੋਂ ਬਾਅਦ ਉਹ ਸਿੱਧਾ ਅਬੋਹਰ ਆਪਣੇ ਕਿਸੇ ਨਜ਼ਦੀਕੀ ਕੋਲ ਚਲੇ ਗਏ ਸਨ। ਇਸ ਤੋਂ ਬਾਅਦ ਉਹ ਬਹੁਤਾ ਸਮਾਂ ਰਾਜਸਥਾਨ ਵਿੱਚ ਹੀ ਰਹੇ ਹਨ। ਉਹ ਇਸ ਸਮੇਂ ਦੌਰਾਨ ਗੰਗਾਨਗਰ, ਬੀਕਾਨੇਰ ਅਤੇ ਜੋਧਪੁਰ ਵੀ ਗਏ ਹਨ। ਇਸ ਮੌਕੇ ਉਨ੍ਹਾਂ ਦਾ ਕੋਈ ਐਨਆਰਆਈ ਮਿੱਤਰ ਵੀ ਉਨ੍ਹਾਂ ਦੇ ਨਾਲ ਸੀ। ਇਸ ਤੋਂ ਇਲਾਵਾ ਉਹ ਸੰਗਰੂਰ ਅਤੇ ਪਟਿਆਲਾ ਵਿੱਚ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਦਿਨੀਂ ਪਾਰਟੀ ਦੇ ਨਵੇਂ ਥਾਪੇ ਗਏ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਸ੍ਰੀ ਮਾਨ ਵੱਲੋਂ ਪੰਜਾਬ ਵਿੱਚ ਕਈ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਹੁਣ ਇਹ ਪ੍ਰੋਗਰਾਮ ਪੰਜਾਬ ਵਿਧਾਨ ਸਭਾ ਦੀਆਂ 2017ਦੇ ਸ਼ੁਰੂ ਵਿੱਚ ਹੋ ਰਹੀਆਂ ਚੋਣਾਂ ਤੱਕ ਬੇਰੋਕ ਜਾਰੀ ਰਹਿਣੇ ਹਨ। ਇਸ ਕਾਰਨ ਸ੍ਰੀ ਮਾਨ ਕੁਝ ਸਮਾਂ ਪੂਰੀ ਤਰ੍ਹਾਂ ਆਰਾਮ ਕਰਨ ਦੇ ਮੂਡ ਵਿੱਚ ਸਨ। ਹੋਰ ਜਾਣਕਾਰੀ ਅਨੁਸਾਰ ਅਗਲੇ ਦਿਨੀਂ ਉਮੀਦਵਾਰਾਂ ਦੀ ਤੀਸਰੀ ਸੂਚੀ ਵੀ ਜਾਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਦੀਆਂ ਸਰਗਰਮੀਆਂ ਅਗਲੇ ਦਿਨੀਂ ਪੂਰੀ ਤਰ੍ਹਾਂ ਸਿਖਰ ’ਤੇ ਪੁੱਜਣ ਦੀ ਸੰਭਾਵਨਾ ਹੈ। ਸ੍ਰੀ ਮਾਨ ਪ੍ਰਚਾਰ ਕਮੇਟੀ ਦੇ ਮੁਖੀ ਹੋਣ ਕਾਰਨ, ਜਿਥੇ ਉਨ੍ਹਾਂ ਨੂੰ ਪਾਰਟੀ ਦੇ ਹਰੇਕ ਵੱਡੇ-ਛੋਟੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਪੈਂਦਾ ਹੈ ਉਥੇ ਹਰੇਕ ਉਮੀਦਵਾਰ ਆਪਣੀ ਰੈਲੀ ਵਿੱਚ ਸ੍ਰੀ ਮਾਨ ਦੀ ਮੁੱਖ ਤੌਰ ’ਤੇ ਮੰਗ ਕਰਦਾ ਹੈ ਕਿਉਂਕਿ ਭਗਵੰਤ ਮਾਨ ਪਿਛਲੇ ਸਮੇਂ ਤੋਂ ਰੈਲੀਆਂ ਵਿੱਚ ਵੱਡੀਆਂ ਭੀੜਾਂ ਇਕੱਠੀਆਂ ਕਰਨ ਵਿੱਚ ਕਾਮਯਾਬ ਹੋਏ ਹਨ। ਪਾਰਟੀ ਸੂਤਰਾਂ ਅਨੁਸਾਰ ਸ੍ਰੀ ਮਾਨ ਇੱਕ-ਅੱਧੇ ਦਿਨ ਵਿੱਚ ਹੀ ਮੁੜ ਪਾਰਟੀ ਦੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਹੋ ਰਹੇ ਹਨ।
ਸੰਪਰਕ ਕਰਨ ’ਤੇ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਦੁਰਗੇਸ਼ ਪਾਠਕ ਨੇ ਪੁਸ਼ਟੀ ਕੀਤੀ ਕਿ ਸ੍ਰੀ ਮਾਨ ਪਾਰਟੀ ਤੋਂ ਕੁਝ ਦਿਨਾਂ ਲਈ ਛੁੱਟੀ ਲੈ ਕੇ ਗਿਆ ਸੀ ਅਤੇ ਉਹ ਕੱਲ੍ਹ ਤੋਂ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦੇਣਗੇ।
from Punjab News – Latest news in Punjabi http://ift.tt/2cY7kb1

0 comments