ਪੰਥ ਦੇ ਤਖ਼ਤ ’ਤੇ ਭਾਰੀ ਪੈ ਗਿਆ ਬਾਦਲ ਦਾ ਤਾਜ

ਬਠਿੰਡਾ ਬਾਦਲ ਵੀ.ਆਈ.ਪੀ ਸੜਕ ਜੋ ਹੁਣ ਨੈਸ਼ਨਲ ਹਾਈਵੇ ਬਣੇਗੀ।

ਬਠਿੰਡਾ ਬਾਦਲ ਵੀ.ਆਈ.ਪੀ ਸੜਕ ਜੋ ਹੁਣ ਨੈਸ਼ਨਲ ਹਾਈਵੇ ਬਣੇਗੀ।

ਤਖ਼ਤ ਦਮਦਮਾ ਸਾਹਿਬ ਸੜਕ ਨੂੰ ਵਿਸਾਰ ਕੇ ਬਾਦਲਾਂ ਦੇ ਪਿੰਡ ਨੂੰ ਜਾਂਦੀ ਸੜਕ ਨੂੰ ਨੈਸ਼ਨਲ ਹਾਈਵੇ ਐਲਾਨਿਆ 
ਬਠਿੰਡਾ, 17 ਸਤੰਬਰ : ਕੇਂਦਰ ਸਰਕਾਰ ਹੁਣ ਬਠਿੰਡਾ-ਬਾਦਲ ਸੜਕ ਨੂੰ ਕੌਮੀ ਸ਼ਾਹਰਾਹ ਬਣਾਏਗੀ ਜਦੋਂ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਾਂਦੀ ਸੜਕ (ਬਠਿੰਡਾ-ਤਲਵੰਡੀ ਸਾਬੋ) ਨੂੰ ਇਹ ਰੁਤਬਾ ਨਹੀਂ ਮਿਲੇਗਾ। ਇਕਲੌਤਾ ਤਖ਼ਤ ਦਮਦਮਾ ਸਾਹਿਬ ਹੈ, ਜੋ ਰੇਲ ਲਿੰਕ ਤੋਂ ਵੀ ਵਾਂਝਾ ਹੈ। ਕੇਂਦਰ ਨੇ ਤਖ਼ਤ ਸਾਹਿਬ ਤੋਂ ਜ਼ਿਆਦਾ ਮੁੱਖ ਮੰਤਰੀ ਦੇ ਪਿੰਡ ਨੂੰ ਤਰਜੀਹ ਦਿੱਤੀ ਹੈ। ਭਾਵੇਂ ਰਾਮਪੁਰਾ ਤੋਂ ਤਲਵੰਡੀ ਸਾਬੋ ਵਾਇਆ ਮੌੜ ਸੜਕ ਨੂੰ ਕੌਮੀ ਸ਼ਾਹਰਾਹ ਬਣਾਇਆ ਜਾ ਰਿਹਾ ਹੈ ਪਰ ਬਠਿੰਡਾ ਤੋਂ ਜੋ ਮੁੱਖ ਸੜਕ ਤਲਵੰਡੀ ਸਾਬੋ ਵੱਲ ਜਾਂਦੀ ਹੈ, ਉਹ ਪੰਜਾਬ ਸਰਕਾਰ ਲਈ ਤਰਜੀਹੀ ਨਹੀਂ ਜਾਪਦੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੋ ਦਿਨ ਪਹਿਲਾਂ ਬਠਿੰਡਾ-ਬਾਦਲ-ਖਿਓਵਾਲੀ ਸੜਕ ਨੂੰ ‘ਨੈਸ਼ਨਲ ਹਾਈਵੇਅ’ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਦਾ ਨੋਟੀਫਿਕੇਸ਼ਨ ਜਲਦੀ ਹੋ ਜਾਣਾ ਹੈ। ਪੰਜਾਬ ਸਰਕਾਰ ਨੇ ਇਸ ਨੂੰ ਆਪਣੀ ਪ੍ਰਾਪਤੀ ਵਜੋਂ ਪ੍ਰਚਾਰਿਆ ਹੈ। ਕੌਮੀ ਸ਼ਾਹਰਾਹ ਬਣਨ ਮਗਰੋਂ ਬਠਿੰਡਾ-ਬਾਦਲ 30 ਕਿਲੋਮੀਟਰ ਸੜਕ ਦਾ ਸਾਰਾ ਖਰਚ ਕੇਂਦਰ ਚੁੱਕੇਗਾ। ਇਹ ਵੀਆਈਪੀ ਸੜਕ ਸ਼ੁਰੂ ਤੋਂ ਹੀ ਭਾਗਾਂ ਵਾਲਾ ਰਹੀ ਹੈ। ਕੇਂਦਰੀ ਸੜਕ ਫੰਡ ਨਾਲ ਕੁਝ ਵਰ੍ਹੇ ਪਹਿਲਾਂ ਰਾਮਪੁਰਾ-ਤਲਵੰਡੀ ਸਾਬੋ ਦਾ ਪ੍ਰਾਜੈਕਟ ਕੇਂਦਰ ਨੂੰ ਭੇਜਿਆ ਸੀ ਪਰ ਮਗਰੋਂ ਰਾਜ ਸਰਕਾਰ ਨੇ ਇਸ ਦੀ ਥਾਂ ਬਠਿੰਡਾ-ਬਾਦਲ ਸੜਕ ਪਾ ਦਿੱਤੀ ਸੀ। ਉਦੋਂ ਕੇਂਦਰੀ ਸੜਕ ਫੰਡ ਤਹਿਤ ਬਠਿੰਡਾ-ਬਾਦਲ ਸੜਕ ’ਤੇ 30 ਕਰੋੜ ਰੁਪਏ ਖਰਚੇ ਗਏ ਸਨ।

ਇਸ ਵੀਆਈਪੀ ਸੜਕ ’ਤੇ ਵਿਸ਼ੇਸ਼ ਤੌਰ ਉਤੇ 23 ਕਰੋੜ ਦੀ ਲਾਗਤ ਨਾਲ ਓਵਰਬ੍ਰਿਜ ਬਣਾਇਆ ਗਿਆ ਹੈ, ਜਿਸ ਬਾਰੇ ਰੇਲਵੇ ਨੇ ਇਹ ਤਰਕ ਦੇ ਕੇ ਪੈਸਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਇਸ ਸੜਕ   ’ਤੇ ਟਰੈਫ਼ਿਕ ਨਹੀਂ ਹੈ। ਮਗਰੋਂ ਪੰਜਾਬ ਸਰਕਾਰ ਨੇ ਖੁਦ ਹੀ ਰੇਲਵੇ ਵਾਲੀ 3 ਕਰੋੜ ਦੀ ਹਿੱਸੇਦਾਰੀ ਪਾ ਦਿੱਤੀ ਸੀ। ਉਸ ਤੋਂ ਪਹਿਲਾਂ ਢਾਈ ਕਰੋੜ ਦੀ ਲਾਗਤ ਨਾਲ ਇਸ ਸੜਕ ਨੂੰ 18 ਫੁੱਟ ਤੋਂ 23 ਫੁੱਟ ਚੌੜਾ ਕੀਤਾ ਗਿਆ ਸੀ। ਇੱਥੋਂ ਤਕ ਕਿ ਮਗਰੋਂ ਸਰਕਾਰ ਨੇ ਇਕੱਲੀ ਇਸ ਸੜਕ ਦੇ ਪੈਚ ਵਰਕ ਵਾਸਤੇ ਸਾਲ 2014-15 ’ਚ 30 ਲੱਖ ਦੇ ਫੰਡ ਜਾਰੀ ਕੀਤੇ ਸਨ। ਇਸ ਸੜਕ ਨੂੰ ਰਿੰਗ ਰੋਡ ਨਾਲ ਜੋੜਿਆ ਗਿਆ ਹੈ। ਇਸ ਸੜਕ ’ਤੇ ਹੀ ਆਲੀਸ਼ਾਨ ਨੰਨ੍ਹੀ ਛਾਂ ਚੌਕ ਬਣਾਇਆ ਗਿਆ ਹੈ।

ਬਠਿੰਡਾ-ਬਾਦਲ ਸੜਕ ਉਤੇ ਡਿਵਾਈਡਰ ਤੇ ਕੰਢਿਆਂ ’ਤੇ ਲਗਾਏ ਪੌਦਿਆਂ ਦੀ ਸਾਂਭ ਸੰਭਾਲ ਉਤੇ ਹੀ ਹੁਣ ਤਕ 2 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਜਦੋਂ ਕਿ ਦੂਜੇ ਪਾਸੇ ਤਖਤ ਦਮਦਮਾ ਸਾਹਿਬ ਨੂੰ ਜਾਂਦੀ ਸੜਕ ਨੂੰ ਕੋਟਸ਼ਮੀਰ ਤੋਂ ਤਲਵੰਡੀ ਸਾਬੋ ਤਕ ਡਿਵਾਈਡਰ ਹੀ ਨਸੀਬ ਨਹੀਂ ਹੋਇਆ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਕਈ ਵਰ੍ਹੇ ਪਹਿਲਾਂ ਗੁਰਤਾ ਗੱਦੀ ਸਮਾਗਮਾਂ ਲਈ 70 ਕਰੋੜ ਦੇ ਫੰਡ ਤਲਵੰਡੀ ਸਾਬੋ ਲਈ ਜਾਰੀ ਕੀਤੇ ਸਨ, ਜਿਨ੍ਹਾਂ ’ਚੋਂ ਕੁਝ ਪੈਸਿਆਂ ਨਾਲ ਤਲਵੰਡੀ ਸਾਬੋ-ਬਠਿੰਡਾ ਸੜਕ ਬਣਾਈ ਗਈ ਸੀ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਏ.ਕੇ. ਸਿੰਗਲਾ ਨੇ ਕਿਹਾ ਕਿ ਬਠਿੰਡਾ-ਬਾਦਲ-ਖਿਉਵਾਲੀ ਸੜਕ ਅੱਗੇ ਜਾ ਕੇ ਐਨ.ਐਚ-10 (ਫਾਜ਼ਿਲਕਾ-ਦਿੱਲੀ) ਨੂੰ ਮਿਲਦੀ ਹੈ। ਐਨ.ਐਚ-10 ਨਾਲ ਹੀ ਮਿਲਾਉਣ ਵਾਸਤੇ ਬਠਿੰਡਾ-ਬਾਦਲ ਸੜਕ ਨੂੰ ਕੌਮੀ ਸ਼ਾਹਰਾਹ ਐਲਾਨਿਆ ਗਿਆ ਹੈ, ਜਿਸ ਦੀ ਪ੍ਰਵਾਨਗੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਕੇਂਦਰ ਸਰਕਾਰ ਤਾਂ ਬਾਦਲ ਨੂੰ ਹੀ ਤਖ਼ਤ ਸਾਹਿਬ ਤੋਂ ਉਪਰ ਸਮਝਦੀ ਹੈ: ਯੂਨਾਈਟਿਡ ਅਕਾਲੀ ਦਲ: ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਤਾਂ ਬਾਦਲ ਨੂੰ ਹੀ ਤਖ਼ਤ ਸਾਹਿਬ ਤੋਂ ਉਪਰ ਸਮਝਦੀ ਹੈ ਅਤੇ ਬਾਦਲ ਸਰਕਾਰ ਨੂੰ ਵੀ ਤਖ਼ਤ ਸਾਹਿਬ ਨਾਲੋਂ ਆਪਣੇ ਹਿੱਤ ਵੱਧ ਪਿਆਰੇ ਹਨ। ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਤਖ਼ਤ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਤਾਂ ਕੀ ਜੋੜਨਾ ਸੀ, ਇਸ ਨੂੰ ਜਾਂਦੀ ਸੜਕ ਨੂੰ ਕੌਮੀ ਸ਼ਾਹਰਾਹ ਦਾ ਦਰਜਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਤਖ਼ਤ ਸਾਹਿਬ ਨੂੰ ਬਠਿੰਡਾ ਤੋਂ ਜਾਂਦੀ ਸੜਕ ਨੂੰ ਵੀ ਕੌਮੀ ਸ਼ਾਹਰਾਹ ਐਲਾਨਿਆ ਜਾਵੇ।



from Punjab News – Latest news in Punjabi http://ift.tt/2cPgABh
thumbnail
About The Author

Web Blog Maintain By RkWebs. for more contact us on rk.rkwebs@gmail.com

0 comments