ਨਿਊਯਾਰਕ ’ਚ ਸਿੱਖ ਧਰਮ ਤੇ ਸਿੱਖਾਂ ਬਾਰੇ ਫੋਟੋ ਪ੍ਰਦਰਸ਼ਨੀ

ਨਿਊਯਾਰਕ ਵਿੱਚ ਸਿੱਖਾਂ ਬਾਰੇ ਲਾਈ ਗਈ ਫੋਟੋ ਪ੍ਰਦਰਸ਼ਨੀ ਦੀ ਤਸਵੀਰ।

ਨਿਊਯਾਰਕ ਵਿੱਚ ਸਿੱਖਾਂ ਬਾਰੇ ਲਾਈ ਗਈ ਫੋਟੋ ਪ੍ਰਦਰਸ਼ਨੀ ਦੀ ਤਸਵੀਰ।

9/11 ਹਮਲੇ ਬਾਅਦ ਅਮਰੀਕਾ ’ਚ ਸਿੱਖ ਪਛਾਣ ਬਾਰੇ ਪੈਦਾ ਹੋਏ ਭਰਮਾਂ ਨੂੰ ਖ਼ਤਮ ਕਰਨ ਲਈ ਲਾਈ ਗਈ ਪ੍ਰਦਰਸ਼ਨੀ
ਨਿਊਯਾਰਕ, 17 ਸਤੰਬਰ : 9/11 ਦੇ ਅਤਿਵਾਦੀ ਹਮਲੇ ਬਾਅਦ ਅਮਰੀਕਾ ਵਿੱਚ ਸਿੱਖਾਂ ਨੂੰ ਆਪਣੀ ਵੱਖਰੀ ਪਛਾਣ ਤੇ ਧਾਰਮਿਕ ਚਿੰਨ੍ਹਾਂ ਕਾਰਨ ਨਸਲੀ ਵਿਤਕਰੇ ਸਮੇਤ ਹੋਰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿੱਖ ਧਰਮ ਬਾਰੇ ਅਮਰੀਕੀ ਲੋਕਾਂ ਦੇ ਮਨ ਵਿੱਚੋਂ ਭਰਮ ਕੱਢਣ ਲਈ ਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਅਮਰੀਕੀ ਸਿੱਖਾਂ ਬਾਰੇ ਅੱਜ ਇਥੇ ਫੋਟੋ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ 38 ਅਜਿਹੇ ਸਿੱਖ ਪੁਰਸ਼ਾਂ ਤੇ ਔਰਤਾਂ ਦੀਆਂ ਤਸਵੀਰਾਂ ਸ਼ਾਮਲ ਹਨ, ਜੋ ਰੋਜ਼ਾਨਾ ਜ਼ਿੰਦਗੀ ਵਿੱਚ ਦਸਤਾਰ ਸਜਾ ਕੇ ਵਿਚਰਦੇ ਹਨ।
ਇਸ ਪ੍ਰਦਰਸ਼ਨੀ ਵਿੱਚ ਜਪਜੀ ਸਿੰਘ ਦੀ ਤਸਵੀਰ ਹੈ, ਜਿਸ ਨੇ ਜਾਰਜੀਆ ਵਿੱਚ ਸਕੂਲ ਪ੍ਰਬੰਧਕਾਂ ਖ਼ਿਲਾਫ਼ ਬੁੱਲਿੰਗ ਤੋਂ ਸੁਰੱਖਿਆ ਲਈ ਕਾਨੂੰਨੀ ਲੜਾਈ ਲੜੀ ਸੀ। ਅਮਰੀਕੀ ਫ਼ੌਜ ਦੇ ਮੇਜਰ ਕਮਲਜੀਤ ਸਿੰਘ ਕਲਸੀ, ਜੋ ਇਕ ਡਾਕਟਰ ਹਨ, ਨੇ ਦਸਤਾਰ ਸਜਾਉਣ ਦੇ ਹੱਕ ਲਈ ਸੰਘਰਸ਼ ਕੀਤਾ ਸੀ। ਨਿਊਯਾਰਕ ਸਿਟੀ ਸਬਵੇਅ ਚਲਾਉਣ ਵਾਲੇ ਸਤ ਹਰੀ ਸਿੰਘ ਦੀ ਦਾਸਤਾਨ ਵੀ ਹੈ। ਬ੍ਰਿਟਿਸ਼ ਸਿੱਖ ਫੋਟੋਗ੍ਰਾਫਰ ਨਰੂਪ, ਜਿਸ ਨੇ ਸਾਥੀ ਫੋਟੋਗ੍ਰਾਫਰ ਅਮਿਤ ਨਾਲ ਮਿਲ ਕੇ ਸੋਹੋ ਵਿੱਚ ‘ਦਿ ਸਿੱਖ ਪ੍ਰਾਜੈਕਟ’ ਗੈਲਰੀ ਬਣਾਈ ਹੈ, ਨੇ ਦੱਸਿਆ, ‘ਜਦੋਂ ਲੋਕ ਦਾੜ੍ਹੀ ਅਤੇ ਦਸਤਾਰ ਵਾਲੇ ਪੁਰਸ਼ ਵੱਲ ਦੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਉਹ ਅਤਿਵਾਦੀ ਹੈ। ਸਿੱਖਾਂ ਉਤੇ ਠੱਪਾ ਲਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਅਜਿਹੇ ਗਰੁੱਪਾਂ ਤੇ ਵਿਅਕਤੀਆਂ ਵਿੱਚ ਗਿਣਿਆ ਜਾ ਰਿਹਾ ਹੈ, ਜੋ ਉਹ ਨਹੀਂ ਹਨ। ਇਸ ਕੰਧ ਨੂੰ ਡੇਗਣ ਅਤੇ ਇਸ ਨਾਲ ਜੁੜੀਆਂ ਸਾਰੀਆਂ ਮਿੱਥਾਂ ਨੂੰ ਤੋੜਨ ਦਾ ਇਹ ਸਮਾਂ ਹੈ।’ ਪ੍ਰਦਰਸ਼ਨੀ ’ਚ ਨਿਊਯਾਰਕ ਦੇ ਅਦਾਕਾਰ ਤੇ ਮਾਡਲ ਵਾਰਿਸ ਆਹਲੂਵਾਲੀਆ ਦੀ ਤਸਵੀਰ ਵੀ ਸ਼ਾਮਲ ਹੈ। ਉਸ ਨੂੰ ਫਰਵਰੀ ਵਿੱਚ ਏਅਰੋਮੈਕਸਿਕੋ ਉਡਾਣ ਵਿੱਚੋਂ ਇਸ ਲਈ ਉਤਾਰ ਦਿੱਤਾ ਗਿਆ ਸੀ ਕਿਉਂਕਿ ਸੁਰੱਖਿਆ ਜਾਂਚ ਦੌਰਾਨ ਉਸ ਨੇ ਜਨਤਕ ਸਥਾਨ ਉਤੇ ਦਸਤਾਰ ਲਾਹੁਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਬਾਅਦ ਏਅਰੋਮੈਕਸਿਕੋ ਨੂੰ ਇਸ ਲਈ ਮੁਆਫ਼ੀ ਮੰਗਣੀ ਪਈ ਸੀ। ਕਾਰਟੂਨਿਸਟ ਵਿਸ਼ਵਜੀਤ ਸਿੰਘ, ਜੋ ਨਿਊਯਾਰਕ ਦੀਆਂ ਗਲੀਆਂ ਵਿੱਚ ਸਿੱਖ ਧਰਮ ਤੇ ਸਮਾਜਿਕ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਲਈ ਸਿੱਖ ਕੈਪਟਨ ਅਮੈਰਿਕਾ ਬਣਦਾ ਹੈ, ਦੀ ਫੋਟੋ ਵੀ ਹੈ। ਇਹ ਪ੍ਰਦਰਸ਼ਨੀ ਲਗਾਉਣ ਵਾਲੇ ਸਿੱਖ ਕੁਲੀਸ਼ਨ ਦੀ ਕਾਰਜਕਾਰੀ ਡਾਇਰੈਕਟਰ ਸਪਰੀਤ ਕੌਰ ਨੇ ਕਿਹਾ, ‘ਅਸੀਂ ਇਕ ਪ੍ਰਦਰਸ਼ਨੀ ਲਗਾਉਣਾ ਚਾਹੁੰਦੇ ਸੀ, ਜਿਸ ’ਚ ਅਸੀਂ ਸਿੱਖ ਅਕੀਦਿਆਂ ਦੀ ਸੁੰਦਰਤਾ ਅਤੇ ਅਮਰੀਕੀ ਸਿੱਖਾਂ ਦੇ ਤਜਰਬਿਆਂ ਨੂੰ ਸਾਂਝਾ ਕਰਨਾ ਚਾਹੁੰਦੇ ਸੀ, ਜਿਸ ਨਾਲ ਅਮਰੀਕੀ ਲੋਕ ਸਮਝ ਸਕਣ ਕਿ ਅਸੀਂ ਕੌਣ ਹਾਂ ਤੇ ਸਾਡਾ ਕਿਸ ਚੀਜ਼ ’ਚ ਵਿਸ਼ਵਾਸ ਹੈ।’



from Punjab News – Latest news in Punjabi http://ift.tt/2cY5vuZ
thumbnail
About The Author

Web Blog Maintain By RkWebs. for more contact us on rk.rkwebs@gmail.com

0 comments