ਵੱਡੀ ਉਮਰ ਵਿੱਚ ਯਾਦਾਸ਼ਤ ਕਮਜ਼ੋਰ ਕਿਉਂ ਹੋ ਜਾਂਦੀ ਹੈ

memory loss-ਡਾ. ਹਰਚੰਦ ਸਿੰਘ ਸਰਹਿੰਦੀ
ਜੀਵਨ ਵਿਚ ਵਾਪਰੀਆਂ ਘਟਨਾਵਾਂ, ਅਨੁਭਵਾਂ ਤੇ ਤਜਰਬਿਆਂ ਦੁਆਰਾ ਪ੍ਰਾਪਤ ਕੀਤੇ ਗਿਆਨ ਨੂੰ ਦਿਮਾਗ਼ ਵਿਚ ਸੁਰੱਖਿਅਤ ਕਰਨ ਅਤੇ ਭਵਿੱਖ ਵਿਚ ਕਿਸੇ ਵੀ ਮੌਕੇ ‘ਤੇ ਇਸ ਨੂੰ ਯਾਦ ਕਰਨ ਸਕਣ ਦੀ ਯੋਗਤਾ ਨੂੰ ਯਾਦਦਾਸ਼ਤ ਦਾ ਨਾਂ ਦਿੱਤਾ ਜਾਂਦਾ ਹੈ। ਯਾਦਾਂ ਦੇ ਸਹਾਰੇ ਹੀ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿਚ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹਾਂ, ਕਿਉਂਕਿ ਵਰਤਮਾਨ ਨੂੰ ਸਮਝਣ ਲਈ ਅਤੀਤ ‘ਚ ਵਾਪਰੀਆਂ ਘਟਨਾਵਾਂ ਨੂੰ ਯਾਦ ਰੱਖਣਾ ਅਤਿ ਜ਼ਰੂਰੀ ਹੈ। ਤਾਹੀਓਂ! ”ਜੋ ਅਤੀਤ ਨੂੰ ਯਾਦ ਨਹੀਂ ਰੱਖਦੇ, ਉਨਾਂ ਕੋਲੋਂ ਵਾਰ-ਵਾਰ ਉਹੋ ਭੁੱਲ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।” ਂ ਜਾਰਜ ਸੰਤਾਇਨ। ਇਹੋ ਕਾਰਨ ਹੈ ਕਿ ਜਦੋਂ ਕੋਈ ਬੰਦਾ ਯਾਦਦਾਸ਼ਤ ਗੁਆ ਬੈਠਦਾ ਹੈ ਤਾਂ ਉਸ ਦੀ ਜ਼ਿੰਦਗੀ ਵਿਚ ਇਕਦਮ ਖੜੋਤ ਆ ਜਾਂਦੀ ਹੈ।

ਦਿਮਾਗ਼ ਦੇ ਸਭ ਤੋਂ ਵੱਡੇ ਤੇ ਮਹੱਤਵਪੂਰਨ ਹਿੱਸੇਂਸੈਰੀਬਰਮ ਵਿਚ ਇਕ ਖ਼ਾਸ ਸਥਾਨ ‘ਤੇ ਯਾਦਦਾਸ਼ਤ ਕੇਂਦਰ ਸਥਿਤ ਹੁੰਦਾ ਹੈ, ਜਿੱਥੇ ਯਾਦਾਂ ਸਾਂਭੀਆਂ ਹੁੰਦੀਆਂ ਹਨ। ਜਦੋਂ ਕੋਈ ਅਨੁਭਵ ਜਾਂ ਤਜਰਬਾ, ਯਾਦਦਾਸ਼ਤ ਕੇਂਦਰ ਵਿਚ ਸਮਾ ਕੇ ਯਾਦ ਵਿਚ ਤਬਦੀਲ ਹੁੰਦਾ ਹੈ ਤਾਂ ਦਿਮਾਗ਼ ਅੰਦਰ ਕਈ ਪ੍ਰਕਾਰ ਦੀਆਂ ਰਸਾਇਣਕ ਤਬਦੀਲੀਆਂ ਵਾਪਰਦੀਆਂ ਹਨ। ਵਿਗਿਆਨੀਆਂ ਨੇ ਹਾਲ ਹੀ ਵਿਚ, ਦਿਮਾਗ਼ ਅੰਦਰ ਵਾਪਰਦੀਆਂ ਇਨਾਂ ਤਬਦੀਲੀਆਂ ਦੀਆਂ ਫੋਟੋਆਂ ਖਿੱਚੀਆਂ ਹਨ। ਇਸ ਵਿਲੱਖਣ ਖੋਜ ਦਾ ਕੰਮ, ਯੂਨੀਵਰਸਿਟੀ ਆਫ਼ ਜੀਨੀਵਾ (ਸਵਿਟਜ਼ਰਲੈਂਡ) ਦੇ ਵਿਗਿਆਨੀ ਡਾ: ਡੋਮੀਨੀਕਿਯੂ ਮੁੱਲਰ ਦੀ ਦੇਖ-ਰੇਖ ਹੇਠ ਨੇਪਰੇ ਚੜਿਆ।
ਯਾਦਦਾਸ਼ਤ ਕੇਂਦਰ ਵਿਚ ਨਵੀਆਂ ਯਾਦਾਂ ਨੂੰ ਥਾਂ ਦੇਣ ਲਈ ਦਿਮਾਗ਼ ਸਮੇਂ-ਸਮੇਂ ਸਿਰ ਬੇਲੋੜੀਆਂ ਯਾਦਾਂ ਦੀ ਛਾਂਟੀ ਕਰਦਾ ਰਹਿੰਦਾ ਹੈ। ਉਂਝ ਵੀ ਕੌੜੀਆਂ-ਕੁਸੈਲੀਆਂ ਯਾਦਾਂ ਨੂੰ ਭੁਲਾ ਦੇਣਾ ਸਾਡੇ ਹਿੱਤ ਵਿਚ ਹੁੰਦਾ ਹੈ। ਇਸ ਨਾਲ ਸਾਡੀਆਂ ਕਈ ਸਮੱਸਿਆਵਾਂ ਸੁਤੇ-ਸਿੱਧ ਹੀ ਹੱਲ ਹੋ ਜਾਂਦੀਆਂ ਹਨ।

ਯਾਦਦਾਸ਼ਤ ਕੇਂਦਰ ਦੋ ਪੱਧਰਾਂ ‘ਤੇ ਯਾਦਾਂ ਨੂੰ ਸਟੋਰ ਕਰਦਾ ਹੈ :
(1) ਥੋੜੇ ਅਰਸੇ ਲਈ ਅਤੇ (2) ਲੰਬੇ ਅਰਸੇ ਲਈ। ਕਿਸ ਯਾਦ ਨੂੰ ਥੋੜੇ ਅਰਸੇ ਲਈ ਅਤੇ ਕਿਸ ਯਾਦ ਨੂੰ ਲੰਮੇ ਅਰਸੇ ਲਈ ਸਟੋਰ ਕਰਨਾ ਹੈ ਇਸ ਗੱਲ ਦਾ ਫ਼ੈਸਲਾ ਸਥਿਤੀ ਅਨੁਸਾਰ ਦਿਮਾਗ਼ ਨੇ ਖੁਦ ਕਰਨਾ ਹੁੰਦਾ ਹੈ। ਕਿਸੇ ਯਾਦ ਨੂੰ ਲੰਬੇ ਅਰਸੇ ਲਈ ਸਟੋਰ ਕਰਨਾ, ਇਕ ਤਿੰਨ ਸਟੇਜਾਂ ਵਿਚ ਵਾਪਰਨ ਵਾਲੀ ਕ੍ਰਿਆ ਹੈ। ਪਹਿਲੀ ਸਟੇਜ ਹੈ ਰਜਿਸਟ੍ਰੇਸ਼ਨ (ਅੰਦਰਾਜ), ਦੂਜੀ ਸਟੇਜ ਹੈ ਰਿਟੈਨਸ਼ਨ (ਯਾਦ ਰੱਖਣਾ) ਅਤੇ ਤੀਜੀ?ਰਿਕਾਲ (ਲੋੜ ਪੈਣ ‘ਤੇ ਯਾਦ ਕਰ ਸਕਣਾ)। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਕਿਸੇ ਗੱਲ ਦਾ ਅੰਦਰਾਜ ਗੰਭੀਰਤਾ ਨਾਲ ਕੀਤਾ ਜਾਵੇ ਅਤੇ ਫਿਰ ਉਸ ਨੂੰ ਯਾਦ ਰੱਖਣ ਲਈ ਤਰੱਦਦ ਕੀਤਾ ਜਾਵੇ ਤਾਂ ਉਸ ਗੱਲ ਨੂੰ ਲੋੜ ਪੈਣ ‘ਤੇ ਯਾਦ ਕਰ ਸਕਣ ਵਿਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ। ਇਹੋ ਤੱਥ, ਡਾਕਟਰੀ ਵਿਗਿਆਨ ਦੀ ਇਕ ਪੁਸਤਕ ਵਿਚ ਕੁਝ ਇਸ ਤਰਾਂ ਦਰਜ ਹੈ : Recall of Information at will is ensured if we adopt correct ways while dealing with the Registration and the Retention Process. ਕੁਝ ਲੋਕਾਂ ਦੀ ਯਾਦਦਾਸ਼ਤ ਇੰਨੀ ਤੇਜ਼ ਹੁੰਦੀ ਹੈ ਕਿ ਉਸ ਨੂੰ ਚਮਤਕਾਰ ਸਮਝਿਆ ਜਾਂਦਾ ਹੈ। ਇਸ ਦੇ ਉਲਟ, ਕਈ ਵਿਅਕਤੀਆਂ ਦੀ ਕਮਜ਼ੋਰ ਯਾਦਦਾਸ਼ਤ ਦੀਆਂ ਅਨੇਕਾਂ ਕਹਾਣੀਆਂ ਪ੍ਰਚੱਲਤ ਹਨ। ਵਿਸ਼ਵ ਪ੍ਰਸਿੱਧ ਵਿਗਿਆਨੀ ਥਾਮਸ ਐਲਵਾ ਐਡੀਸਨ ਇਕ ਮੌਕੇ ‘ਤੇ ਆਪਣਾ ਹੀ ਨਾਂ ਭੁੱਲ ਗਿਆ ਸੀ ਅਤੇ ਸਰ ਵਾਲਟਰ ਸਕਾਟ ਇਕ ਅਵਸਰ ‘ਤੇ ਆਪਣੀ ਹੀ ਨਜ਼ਮ ਦੀ ਤਾਰੀਫ ਵਿਚ ਬਹੁਤ ਕੁਝ ਕਹਿ ਗਿਆ ਸੀ, ਕਿਉਂਕਿ ਉਹ ਇਸ ਨਜ਼ਮ ਨੂੰ ਲਾਰਡ ਬਾਇਰਨ ਦੀ ਲਿਖੀ ਨਜ਼ਮ ਸਮਝ ਬੈਠਾ ਸੀ। ਖ਼ੈਰ! ਯਾਦਦਾਸ਼ਤ ਦੇ ਕਮਜ਼ੋਰ ਹੋ ਜਾਣ ਦੀ ਸਮੱਸਿਆ, ਮੁੱਖ ਤੌਰ ‘ਤੇ, ਤਿੰਨ ਕਾਰਨਾਂ ਕਰਕੇ ਪੈਦਾ ਹੁੰਦੀ ਹੈ :

1. ਜਦੋਂ ਕੋਈ ਵਿਅਕਤੀ ਜਾਣਕਾਰੀ ਨੂੰ ਯਾਦ ਰੱਖਣ ਵਿਚ ਦਿਲਚਸਪੀ ਨਹੀਂ ਰੱਖਦਾ। 2. ਜਦੋਂ ਕੋਈ ਵਿਅਕਤੀ ਇਹ ਮਹਿਸੂਸ ਕਰਦਾ ਹੈ ਕਿ ਉਸ ਦੀ ਯਾਦਦਾਸ਼ਤ ਕੰਮ ਨਹੀਂ ਕਰਦੀ।

3. ਯਾਦ-ਸ਼ਕਤੀ ਦੀ ਵਰਤੋਂ ਨਾ ਕਰਨਾ। ਜਦੋਂ ਕੋਈ ਵਿਅਕਤੀ ਆਪਣੀ ਯਾਦ-ਸ਼ਕਤੀ ਤੋਂ ਕੰਮ ਲੈਣਾ ਬੰਦ ਕਰ ਦਿੰਦਾ ਹੈ ਤਾਂ ਉਸ ਦੇ ਯਾਦਦਾਸ਼ਤ ਕੇਂਦਰ ਦੇ ਨਰਵ-ਸੈਲਜ਼ ਦੇ ਆਪਸੀ ਜੋੜ (Contact Points) ਢਿੱਲੇ ਪੈ ਜਾਂਦੇ ਹਨ, ਜਿਸ ਦੇ ਸਿੱਟੇ ਵਜੋਂ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ।

ਉਕਤ ਕਾਰਨਾਂ ਤੋਂ ਇਲਾਵਾ ਵਧਦੀ ਉਮਰ ਵੀ ਯਾਦਦਾਸ਼ਤ ‘ਤੇ ਦੁਰਪ੍ਰਭਾਵ ਪਾਉਂਦੀ ਹੈ। ਦਰਅਸਲ, ਦਿਮਾਗ਼ ਵੀ ਸਰੀਰ ਦੇ ਦੂਸਰੇ ਅੰਗਾਂ ਵਾਂਗ ਉਮਰ ਦੇ ਅਸਰ ਨੂੰ ਕਬੂਲਦਾ ਹੈ। ਇਹ ਇਕ ਜਾਣੀ-ਪਛਾਣੀ ਸੱਚਾਈ ਹੈ ਕਿ ਵਡੇਰੀ ਉਮਰ ਦੇ ਮਨੁੱਖ ਨਾਲੋਂ 5 ਸਾਲਾਂ ਦੇ ਬੱਚੇ ਦੀ ਯਾਦਦਾਸ਼ਤ ਜ਼ਿਆਦਾ ਤੇਜ਼ ਹੁੰਦੀ ਹੈ। ਅਮਰੀਕੀ ਵਿਗਿਆਨੀਆਂ ਨੇ ਇਕ ਤਾਜ਼ਾ ਖੋਜ ਦੁਆਰਾ ਇਹ ਸਿੱਧ ਕੀਤਾ ਹੈ ਕਿ 40 ਵਰਿਆਂ ਦੀ ਉਮਰ ਤੋਂ ਬਾਅਦ ਯਾਦ-ਸ਼ਕਤੀ ਘਟਣ ਲਗਦੀ ਹੈ, ਜਦੋਂ ਕਿ ਤਣਾਉ ਵਧਦਾ ਜਾਂਦਾ ਹੈ। ਜਦੋਂ ਤਣਾਉ, ਚਿੰਤਾ ਤੇ ਉਦਾਸੀ ਆ ਘੇਰਦੀ ਹੈ ਤਾਂ ਯਾਦ-ਸ਼ਕਤੀ ਦਾ ਗ੍ਰਾਫ ਨਿਵਾਣਾਂ ਵੱਲ ਜਾਣ ਲਗਦਾ ਹੈ, ਕਿਉਂਕਿ ਅਜਿਹੀਆਂ ਪ੍ਰਸਥਿਤੀਆਂ ਵਿਚ ਕਾਰਟੀਸੋਲ (Cortisol) ਨਾਮਕ ਹਾਰਮੋਨ ਦਾ ਰਸਾਓ ਵਧ ਜਾਂਦਾ ਹੈ, ਜੋ ਯਾਦਦਾਸ਼ਤ ‘ਤੇ ਦੁਰਪ੍ਰਭਾਵ ਪਾਉਂਦਾ ਹੈ। ਇਵੇਂ ਹੀ, ਜਾਪਾਨੀ ਵਿਗਿਆਨੀਆਂ ਵਲੋਂ ਕੀਤੇ ਇਕ ਤਾਜ਼ਾ ਅਧਿਐਨ ਤੋਂ ਵੀ ਇਹੋ ਤੱਥ ਸਾਹਮਣੇ ਆਇਆ ਹੈ ਕਿ ਉਮਰ ਦੇ ਛੇਕੜਲੇ ਪੱਖ ਵਿਚ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਵਿਗਿਆਨੀਆਂ ਨੇ ਵੇਖਿਆ ਕਿ ਜਵਾਨ ਚਿੰਪੈਜ਼ੀਆਂ ਦੀ ਯਾਦਸ਼ਕਤੀ ਵੱਡੀ ਉਮਰ ਦੇ ਮਨੁੱਖਾਂ ਤੋਂ ਤੇਜ਼ ਹੁੰਦੀ ਹੈ।
ਇਹੋ ਕਾਰਨ ਹੈ ਕਿ ਉਮਰ ਦੇ ਵਾਧੇ ਨਾਲ ਇਕ ਖ਼ਾਸ ਬਿਮਾਰੀ, ਥੋੜੀ ਜਾਂ ਬਹੁਤੀ, ਹਰ ਸੋਚਵਾਨ ਇਨਸਾਨ ਨੂੰ ਲੱਗ ਹੀ ਜਾਂਦੀ ਹੈਂਉਹ ਗੱਲਾਂ ਕਰਦਾ-ਕਰਦਾ ਬੰਦਿਆਂ ਦੇ ਨਾਂ, ਘਟਨਾਵਾਂ ਦਾ ਵੇਰਵਾ ਤੇ ਹੋਰ ਕਈ ਕੁਝ ਭੁੱਲ ਜਾਂਦਾ ਹੈ।

ਕਈ ਮੌਕਿਆਂ ‘ਤੇ ਤਾਂ ਗੱਲ ਯਾਦ ਹੁੰਦੇ ਹੋਏ ਵੀ ਉਸ ਦੇ ਗਲੇ ‘ਚ ਹੀ ਫਸੀ ਰਹਿੰਦੀ ਹੈ। ਇਸ ਦੇ ਉਲਟ, ਪਹਿਲੀ ਉਮਰੇ ਯਾਦਦਾਸ਼ਤ ਕੇਂਦਰ ਗੁੰਮ ਹੋਈ ਗੱਲ ਨੂੰ ਆਮ ਤੌਰ ‘ਤੇ ਲੱਭ ਲਿਆਉਂਦਾ ਹੈ। ਇਹੋ ਤੱਥ, ਵਿਸ਼ੇ ਦੇ ਇਕ ਮਾਹਿਰ ਦੇ ਸ਼ਬਦਾਂ ਵਿਚ : Elderly People are unable to spontaneously use area of brain, which aid memory processing. ਬੇਸ਼ੱਕ ਵਕਤ ਨੂੰ ਪੁੱਠਾ ਗੇੜਾ ਤਾਂ ਨਹੀਂ ਦਿੱਤਾ ਜਾ ਸਕਦਾ, ਪਰ ਹਾਂ! ਜੇ ਬੰਦਾ ਯਤਨ ਕਰੇ ਤਾਂ ਉਹ ਯਾਦ-ਸ਼ਕਤੀ ਦੇ ਪਤਨ ਦੀ ਰਫ਼ਤਾਰ ਨੂੰ ਮੱਠੀ ਜ਼ਰੂਰ ਕਰ ਸਕਦਾ ਹੈ। ਯਾਦਦਾਸ਼ਤ ਨੂੰ ਕਾਇਮ ਰੱਖਣ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਉਮਰੇ ਬੰਦੇ ਕੋਲ ਉਸ ਦੇ ਮਨਪਸੰਦ ਦਾ ਕੋਈ ਉਸਾਰੂ ਰੁਝੇਵਾਂ ਹੋਣਾ ਚਾਹੀਦਾ ਹੈ। ਵੇਖਣ ਵਿਚ ਆਉਂਦਾ ਹੈ ਕਿ ਪਿਛਲੀ ਉਮਰੇ ਬਹੁਤੇ ਲੋਕੀਂ ਆਪਣੇ ਦਿਮਾਗ ਦੀਆਂ ਲਗਪਗ ਸਾਰੀਆਂ ਯੋਗਤਾਵਾਂ ਨੂੰ ਅਚਨਚੇਤ ਹੀ ਚੁਣੌਤੀਆਂ ਦਾ ਮੁਕਾਬਲਾ ਕਰਨ ਤੋਂ ਮੁਕਤ ਕਰ ਦਿੰਦੇ ਹਨ। ਫਲਸਰੂਪ, ਦਿਮਾਗ਼ ਦੇ ਸੈੱਲਜ਼ ਚਰਿੱਤਰਹੀਣ (Degenerate) ਹੋਣ ਲਗਦੇ ਹਨ ਅਤੇ ਯਾਦ-ਸ਼ਕਤੀ ਘਟਣ ਲਗਦੀ ਹੈ। ਪ੍ਰਸਿੱਧ ਨਸ-ਵਿਗਿਆਨੀ ਡਾ: ਬੀ. ਰਾਮਾਮੂਰਥੀ, ਪ੍ਰਧਾਨ, ਵਰਲਡ ਫੈਡਰੇਸ਼ਨ ਆਫ਼ ਨਿਊਰੋ- ਸਰਜਨਜ਼ ਦਾ ਕਹਿਣਾ ਹੈ ਕਿ ਢਲਦੀ ਉਮਰੇ ਯਾਦਦਾਸ਼ਤ ਨੂੰ ਕਾਇਮ ਰੱਖਣ ਲਈ ਇਹ ਜ਼ਰੂਰੀ ਬਣਦਾ ਹੈ ਕਿ ਬੰਦਾ ਆਪਣੇ ਆਪ ਨੂੰ ਉਸਾਰੂ ਕੰਮਾਂ ਵਿਚ ‘ਉਲਝਾਈ’ ਰੱਖੇ ਅਤੇ ਬਾਹਰੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰੇ। ਉਸ ਦਾ ਕਹਿਣਾ ਹੈ ਕਿ ਵਿਦਵਤਾ ਵਾਲੇ ਕੰਮ- ਕਾਜ ਦਿਮਾਗ਼ ਨੂੰ ਚੁਣੌਤੀ ਦਿੰਦੇ ਹਨ ਅਤੇ ਯਾਦਦਾਸ਼ਤ ਨੂੰ ਕਾਇਮ ਰੱਖਣ ਵਿਚ ਸਹਾਈ ਸਿੱਧ ਹੁੰਦੇ ਹਨ। ਦੂਜਾ, ਇਸ ਉਮਰੇ ਜਿਹੜੇ ਵਿਅਕਤੀ ਆਪਣੇ ਆਲੇ-ਦੁਆਲੇ ਵਿਚ ਦਿਲਚਸਪੀ ਗੁਆ ਬੈਠਦੇ ਹਨ ਅਤੇ ਆਪਣੀ ਦਿਮਾਗ਼ੀ ਯੋਗਤਾ ਦਾ ਪੂਰਾ ਪ੍ਰਯੋਗ ਨਹੀਂ ਕਰਦੇ, ਉਹ ਵੀ ਯਾਦਦਾਸ਼ਤ ਸਬੰਧੀ ਸਮੱਸਿਆਵਾਂ ਵਿਚ ਘਿਰ ਜਾਂਦੇ ਹਨ।

ਪਿਛਲੀ ਉਮਰੇ ਜਿਸਮਾਨੀ ਕਸਰਤ ਦੀ ਘਾਟ ਵੀ ਯਾਦ-ਸ਼ਕਤੀ ਦੇ ਪਤਨ ਦਾ ਕਾਰਨ ਬਣ ਸਕਦੀ ਹੈ। ਪ੍ਰੋ. ਟੋਨੀ ਬੂਜ਼ਾਨ, ਫਾਊਂਡਰ ਆਫ ਵਰਲਡ ਮੈਮਰੀ ਚੈਂਪੀਅਨਸ਼ਿਪ ਦਾ ਕਹਿਣਾ ਹੈ ਕਿ ”ਯਾਦਦਾਸ਼ਤ ਇਕ ਮਾਸਪੇਸ਼ੀ ਦੀ ਤਰਾਂ ਹੈ ਜਿਸ ਨੂੰ ਬਾਕਾਇਦਾ ਕਸਰਤ ਦੀ ਲੋੜ ਹੁੰਦੀ ਹੈਂਸੋ ਇਸ ਨੂੰ ਸਰਗਰਮ ਰੱਖਿਆ ਜਾਵੇ।” ਵੈਸਟ ਆਸਟ੍ਰੇਲੀਅਨ ਸੈਂਟਰ ਫ਼ਾਰ ਹੈਲਥ ਐਂਡ ਏਜਿੰਗ ਦੀ ਇਕ ਟੀਮ ਨੇ ਇਹ ਪਤਾ ਲਗਾਇਆ ਹੈ ਕਿ ਲਗਾਤਾਰ ਨਿਯਮਤ ਕਸਰਤ ਕਰਨ ਵਾਲਿਆਂ ਦੀ ਯਾਦ-ਸ਼ਕਤੀ ਹੋਰਨਾਂ ਲੋਕਾਂ ਦੀ ਤੁਲਨਾ ‘ਚ ਚੰਗੀ ਰਹਿੰਦੀ ਹੈ। ਸੰਸਥਾ ਦੇ ਨਿਰਦੇਸ਼ਕ ਲਿਓਨ ਜ਼ਲੀਕਰ ਅਨੁਸਾਰ 50 ਦੀ ਉਮਰ ਪਾਰ ਕਰਨ ਤੋਂ ਬਾਅਦ ਰੋਜ਼ਾਨਾ 20 ਮਿੰਟ ਕਸਰਤ ਕਰਨ ਨਾਲ ਯਾਦਦਾਸ਼ਤ ਤੇਜ਼ ਬਣੀ ਰਹਿ ਸਕਦੀ ਹੈ; ਇਸ ਦੇ ਲਈ ਹਲਕੀ ਕਸਰਤ, ਜਿਵੇਂ ਤੁਰਨਾ ਜਾਂ ਡਾਂਸ ਕਰਨਾ ਹੀ ਕਾਫ਼ੀ ਹੈ। ਕਸਰਤ ਕਰਨ ਨਾਲ ਖ਼ੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ ਅਤੇ ਦਿਮਾਗ਼ ਨੂੰ ਆਕਸੀਜਨ ਦੀ ਸਪਲਾਈ ਵਧ ਜਾਂਦੀ ਹੈ।

ਜੇਕਰ ਦਿਮਾਗ਼ ਦੇ ਸੈਲਜ਼ (ਨਰਵਸ ਟਿਸ਼ੂ) ਨੂੰ ਪੂਰੀ ਮਾਤਰਾ ਵਿਚ ਖ਼ੁਰਾਕ ਤੇ ਆਕਸੀਜਨ ਮਿਲਦੀ ਰਹੇ ਤਾਂ ਯਾਦ-ਸ਼ਕਤੀ ਬਰਕਰਾਰ ਰਹਿੰਦੀ ਹੈ। ਕੈਂਬਰਿਜ ਯੂਨੀਵਰਸਿਟੀ ਦੇ ਖੋਜਾਰਥੀ ਉਕਤ ਤੱਥ ਦੀ ਪੁਸ਼ਟੀ ਕਰਦੇ ਹਨ। ਉਨਾਂ ਦਾ ਕਹਿਣਾ ਹੈ ਕਿ ਤਸੱਲੀਬਖਸ਼ ਨਾਸ਼ਤਾ ਲੈਣ ਨਾਲ ਯਾਦ-ਸ਼ਕਤੀ ਕਾਇਮ ਰਹਿੰਦੀ ਹੈ, ਕਿਉਂਕਿ ਰੂਹ ਭਰ ਕੇ ਖਾਣਾ ਖਾਣ ਤੋਂ ਬਾਅਦ ਦਿਮਾਗ਼ ‘ਚ ਸਿਰੋਟੋਨਿਨ ਨਾਮਕ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ। ਖੋਜ ਟੋਲੀ ਦੇ ਮੋਹਰੀ ਮੌਲੀ ਕ੍ਰੋਕਿਟ ਦਾ ਕਹਿਣਾ ਹੈ ਕਿ ਸਿਰੋਟੋਨਿਨ ਜਿੱਥੇ ਯਾਦ-ਸ਼ਕਤੀ ਵਿਚ ਵਾਧਾ ਕਰਦਾ ਹੈ, ਉੱਥੇ ਹਿੰਸਕ ਜਾਂ ਉਲਾਰ ਵਰਤਾਰੇ ਨੂੰ ਵੀ ਠੱਲ ਪਾਉਂਦਾ ਹੈ…ਪਰ ਖਾਣ ਪੀਣ ਦੇ ਮਾਮਲੇ ਵਿਚ ਸੰਜਮ ਬੜਾ ਜ਼ਰੂਰੀ ਹੈ, ਕਿਉਂਕਿ ਮੋਟਾਪਾ ਯਾਦਦਾਸ਼ਤ ਦਾ ਪੱਕਾ ਦੁਸ਼ਮਣ ਹੈ।

ਅਸੀਂ ਇਸ ਨਤੀਜੇ ‘ਤੇ ਪਹੁੰਚਦੇ ਹਾਂ ਕਿ ਯਾਦਦਾਸ਼ਤ ਨੂੰ ਕਾਇਮ ਰੱਖਣ ਲਈ ਇਕ ਨਿਸਚਿਤ ਜਿਊਣ-ਢੰਗ ਨੂੰ ਅਪਨਾਉਣ ਦੀ ਲੋੜ ਹੁੰਦੀ ਹੈ। ਸੋ, ਜੇ ਬੰਦਾ ਸਿਦਕਦਿਲੀ ਨਾਲ ਯਤਨ ਕਰੇ ਤਾਂ ਉਹ ਆਪਣੀ ਯਾਦ-ਸ਼ਕਤੀ ਨੂੰ ਢਲਦੀ ਉਮਰ ਦੇ ਪਰਛਾਵਿਆਂ ਤੋਂ ਅਪ੍ਰਭਾਵਿਤ ਕਰ ਸਕਦਾ ਹੈ। ਹਾਂ, ਇੱਥੇ ਇਹ ਗੱਲ ਸਪੱਸ਼ਟ ਕਰ ਦੇਣੀ ਜ਼ਰੂਰੀ ਬਣਦੀ ਹੈ ਕਿ 65-70 ਵਰਿਆਂ ਦੀ ਉਮਰ ਤੋਂ ਬਾਅਦ ਯਾਦਦਾਸ਼ਤ ਕੇਂਦਰ ਨਵਾਂ ਡਾਟਾ ਸਾਂਭਣ ਵਿਚ ਦਿੱਕਤ ਮਹਿਸੂਸ ਕਰਦਾ ਹੈ, ਜਿਸ ਕਾਰਨ ਕੁਝ ਹੀ ਸਮਾਂ ਪਹਿਲਾਂ ਕਹੀ/ਸੁਣੀ ਗੱਲ ਜਾਂ ਕੀਤਾ ਕਾਰਜ ਕਈ ਵਾਰ ਯਾਦ ਨਹੀਂ ਰਹਿੰਦਾ। ਗੱਲ ਕੀ, ਸ਼ਾਰਟ ਟਰਮ ਮੈਮਰੀ ਗੜਬੜਾ ਜਾਂਦੀ ਹੈ। ਤਾਹੀਓਂ, ਕਈ ਵਾਰ ਬਜ਼ੁਰਗ ਦਵਾਈ ਦੀ ਨਿਸਚਿਤ ਖ਼ੁਰਾਕ ਲੈ ਲੈਣ ਉਪਰੰਤ ਭੁੱਲ ਜਾਂਦੇ ਹਨ ਅਤੇ ਫਿਰ ਕੁਝ ਹੀ ਸਮੇਂ ਬਾਅਦ ਦੁਬਾਰਾ ਉਹੀਉ ਖ਼ੁਰਾਕ ਲੈ ਲੈਂਦੇ ਹਨ। ਇਤਵਾਕਵੱਸ ਬਰਲਿਨ (ਜਰਮਨੀ) ਦੀ ਮੈਕਸ-ਪਲੈਂਟ ਇੰਸਟੀਚਿਊਟ ਦੇ ਡਾਇਰੈਕਟਰ ਹੈਨਸ ਹਿਗਲਰ ਰੋਪਰਜ਼ ਨੇ ਵਡੇਰੀ ਉਮਰ ਦੇ ਵਿਅਕਤੀਆਂ ਲਈ ਇਕ ਅਜਿਹੀ ਦਵਾਈ (ਗੋਲੀ) ਤਿਆਰ ਕੀਤੀ ਹੈ, ਜੋ ਉਨਾਂ ਦੇ ਦਿਮਾਗ ਦੇ ਸੁੱਤੇ ਹੋਏ ਜਾਂ ਕਮਜ਼ੋਰ ਪੈ ਚੁੱਕੇ ਸੈਲਜ਼ ਨੂੰ ਮੁੜ ਸਰਗਰਮ ਕਰ ਦੇਵੇਗੀ। ਹੁਣ ਤੱਕ ਇਸ ਦਵਾਈ ਦੇ ਜਾਨਵਰਾਂ ‘ਤੇ ਕੀਤੇ ਗਏ ਤਜਰਬਿਆਂ ਤੋਂ ਬੜੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ। ਚੇਤੇ ਰਹੇ! ‘ਸੰਖ ਪੁਸ਼ਪੀ’ ਵਰਗੀਆਂ ਦਵਾਈਆਂ, ਜੋ ਯਾਦ-ਸ਼ਕਤੀ ਵਧਾਉਣ ਦਾ ਦਾਅਵਾ ਕਰਦੀਆਂ ਹਨ, ਦੀ ਵਰਤੋਂ ਮਹਿਜ਼ ਮਨੋ- ਸੰਤੁਸ਼ਟੀ ਹੀ ਹੈ।…ਯਾਦ ਸ਼ਕਤੀ ਵਧਾਉਣ ਲਈ ਕੇਵਲ ਵਿਗਿਆਨਕ ਤਕਨੀਕ ਹੀ ਕਾਰਗਰ ਸਿੱਧ ਹੋ ਸਕਦੀ ਹੈ। ਗੱਲ ਨੂੰ ਸਮੇਟਦਿਆਂ, ਜਿਵੇਂ ਇਕ ਖੜੀ ਮਸ਼ੀਨ ਨੂੰ ਜੰਗਾਲ ਲੱਗ ਜਾਂਦਾ ਹੈ, ਉਵੇਂ ਹੀ ਦਿਮਾਗ਼ ਤੋਂ ਕੰਮ ਲੈਣਾ ਛੱਡ ਦੇਣਾ, ਯਾਦਦਾਸ਼ਤ ਦੇ ਕਮਜ਼ੋਰ ਹੋ ਜਾਣ ਦਾ ਮੁੱਖ ਕਾਰਨ ਹੋ ਨਿੱਬੜਦਾ ਹੈ। ਉਂਝ ਵੀ ”ਜੇ ਤੁਸੀਂ ਆਪਣੇ ਦਿਮਾਗ ਦੀ ਪੂਰੀ ਤਰਾਂ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਜਾਨਵਰਾਂ ਦੀ ਕਤਾਰ ਵਿਚ ਸ਼ਾਮਲ ਹੋ ਜਾਵੋਗੇ।”ਂਲਾਲਾ ਹਰਦਿਆਲ। ਸੋ, ਹਰ ਸਮੇਂ ਕੁਝ ਕਰਦੇ ਰਹਿਣ ਦਾ ਇਰਾਦਾ ਅਤੇ ਇਰਾਦੇ ਦੀ ਬੁਲੰਦੀ ਦਿਮਾਗ ਨੂੰ ਜੰਗਾਲ ਲੱਗਣ ਤੋਂ ਬਚਾਉਂਦੀ ਹੈ। ਮੁੱਕਦੀ ਗੱਲ, ਉਮਰ-ਭਰ ਸਿਖਿਆਰਥੀ ਬਣੇ ਰਹੋ, ਕਿਉਂਕਿ ਸਿੱਖਿਆ ਪ੍ਰਾਪਤ ਕਰਦੇ ਰਹਿਣ ਨਾਲ ਦਿਮਾਗ਼ ਸਜਗ ਰਹਿੰਦਾ ਹੈ ਅਤੇ ਯਾਦਦਾਸ਼ਤ ਕੇਂਦਰ ਰੂਪੀ ਕੋਠੜੀ ਵਿਚ ਦੀਵਾ ਬਲਦਾ ਰਹਿੰਦਾ ਹੈ।



from Punjab News – Latest news in Punjabi http://ift.tt/2cQ0Y2u
thumbnail
About The Author

Web Blog Maintain By RkWebs. for more contact us on rk.rkwebs@gmail.com

0 comments