ਬਿਹਾਰ ਦੇ ਸੋਢ-ਵੰਸ਼ੀ ਖਾਲਸਾ-ਸਾਡੀ ਅਣਜਾਣੀ ਵਿਰਾਸਤ-(1)

(ਸ: ਜਗਮੋਹਨ ਸਿੰਘ)

ਜਾਣ-ਪਛਾਣ : ਕੁਝ ਅਜਿਹੇ ਗੁਰਸਿੱਖ ਸਾਨੂੰ ਪੂਰਬੀ ਭਾਰਤ ਦੇ ਵੱਖੋ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਕੋਈ ਨਾ ਕੋਈ ਸੇਵਾ ਅਤੇ ਡਿਊਟੀ ਕਰਦੇ ਆਮ ਮਿਲ ਜਾਣਗੇ, ਜੋ ਬੜੀ ਕਾਬਲੀਅਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ। ਇਨਾਂ ਵਿਚੋਂ ਸ: ਸਹਿਦੇਵ ਸਿੰਘ ਹਨ ਜੋ ਗੁਰਦੁਆਰਾ ਸਾਹਿਬ ਸੰਤ ਕੁਟੀਆ ਦਾ ਹਿਸਾਬ-ਕਿਤਾਬ ਦੇਖਦੇ ਹਨ। ਉਨਾਂ ਵਰਗੇ ਹੀ ਭਾਈ ਭਰਪੂਰ ਸਿੰਘ ਅਤੇ ਭਾਈ ਅਵਿਨਾਸ਼ ਸਿੰਘ ਆਪਣੇ ਜਥਿਆਂ ਨਾਲ ਰਾਂਚੀ, ਗੌਡਿਆ ਅਤੇ ਕਲਕੱਤੇ ਦੇ ਗੁਰਦੁਆਰਾ ਸਾਹਿਬਾਨ ਵਿਚ ਗੁਰਬਾਣੀ ਕੀਰਤਨ ਕਰਦੇ ਦਿਸ ਪੈਂਦੇ ਹਨ, ਭਾਈ ਚਰਨਜੀਤ ਸਿੰਘ ਵਰਗੇ ਪ੍ਰਚਾਰਕ ਸਿੱਖੀ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਇਸੇ ਤਰਾਂ ਵੱਖੋ- ਵੱਖ ਇਲਾਕਿਆਂ ਦੇ ਮੁੱਖ-ਗ੍ਰੰਥੀ ਜਿਵੇਂ ਪਟਨਾ ਸਾਹਿਬ ਦੇ ਭਾਈ ਰਾਜਿੰਦਰ ਸਿੰਘ, ਭਾਈ ਗੁਰਦਾਸ ਸਿੰਘ, ਭਾਈ ਹਰਭਜਨ ਸਿੰਘ, ਭਾਈ ਦੀਵਾਨ ਸਿੰਘ, ਭਾਈ ਰਾਜੂ ਸਿੰਘ ਅਤੇ ਹੋਰ ਇਨਾਂ ਵਰਗੇ ਗਿਆਨੀ ਸੱਜਣ ਸ: ਗੁਰਨਾਮ ਸਿੰਘ, ਸ: ਗੁਰਦੀਪ ਸਿੰਘ, ਸ: ਸਤਪਾਲ ਸਿੰਘ, ਸ: ਰਘੂਬੀਰ ਸਿੰਘ, ਸ: ਜਗਮੇਲ ਸਿੰਘ, ਸ: ਸੂਰਜਪਾਲ ਸਿੰਘ ਵਰਗੇ ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਹਨ। ਸ: ਮਨੋਹਰ ਸਿੰਘ, ਸ: ਤਿਰਲੋਕ ਸਿੰਘ ਵਰਗੇ ਲਾਂਗਰੀ ਸਿੰਘ ਜੋ ਗੁਰਦੁਆਰਾ ਸਾਹਿਬ ਵਿਚ ਲੰਗਰ ਬਣਾਉਣ ਦੀ ਸੇਵਾ ਕਰਦੇ ਹਨ ਅਤੇ ਕਈ ਸੇਵਾਦਾਰ, ਚੌਕੀਦਾਰ ਹਨ। ਪੂਰੇ ਭਾਰਤ ਦੀਆਂ ਵੱਖ-ਵੱਖ ਥਾਵਾਂ ਵਿਚ ਬਣੇ ਗੁਰਦੁਆਰਾ ਸਾਹਿਬਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਇਹ ਗੁਰਸਿੱਖ ਸੇਵਾ ਕਰਦੇ ਮਿਲ ਜਾਣਗੇ। ਇਹ ਸਾਰੇ ਇੱਕੋ ਬੰਧਨ ਨਾਲ ਬੱਝੇ ਹੋਏ ਹਨ ਅਤੇ ਸਭ ਦਾ ਮਕਸਦ ਇੱਕੋ ਹੀ ਹੈ, ਗੁਰੂ ਦੀ ਸੇਵਾ। ਇਨਾਂ ਸਾਰਿਆਂ ਦਾ ਸੰਬੰਧ ਉੱਤਰੀ ਬਿਹਾਰ ਦੇ ਕਾਟਿਹਾਰ ਜ਼ਿਲੇ (ਪਹਿਲਾਂ ਪੂਰਨੀਆਂ) ਦੇ ਬਰਾਰੀ ਪੁਲਿਸ ਸਟੇਸ਼ਨ ਦੇ ਅਧੀਨ ਪੈਂਦੇ ਕਈ ਪਿੰਡਾਂ ਨਾਲ ਹੈ। ਇਹ ਸਭ ਅੰਮ੍ਰਿਤਧਾਰੀ ਗੁਰਸਿੱਖ ਪੰਜ ਕਕਾਰਾਂ ਦੇ ਧਾਰਨੀ ਹਨ।
ਮੇਰਾ ਨਿੱਜੀ ਰਾਬਤਾ :
ਮੇਰੀ ਪਿਛਲੇ ਵੀਹ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸਿੱਖਾਂ ਦੇ ਜਨ- ਜੀਵਨ ਦੇ ਵਿਚ ਵਿਚਰਦਿਆਂ ਇਨਾਂ ਨਾਲ ਜਾਣ-ਪਹਿਚਾਣ ਹੋਈ। ਭਾਰਤ ਦੇ ਪੂਰਬੀ ਅਤੇ ਕਈ ਹਿੱਸਿਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਜਾਣ ਦਾ ਮੌਕਾ ਮਿਲਿਆ। ਇਨਾਂ ਨੂੰ ਹੋਰ ਨੇੜੇ ਤੋਂ ਵਧੇਰੇ ਜਾਣਨ ਦੀ ਤਾਂਘ ਵਧੀ। ਜਦੋਂ ਵੀ ਮੈਂ ਇਨਾਂ ਨੂੰ ਮਿਲਦਾ ਹਾਂ, ਮੈਂ ਇਹੋ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਨਾਂ ਦਾ ਮੁੱਢ, ਵਡ- ਵਡੇਰਿਆਂ ਦਾ ਇਤਿਹਾਸ, ਇਨਾਂ ਦੀ ਪਿਛਲੇ ਅਤੇ ਅਜੋਕੇ ਯੁੱਗ ਦੇ ਵਿਚ ਰਹਿਣ-ਸਹਿਣ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਜਾਣ ਸਕਾਂ। ਮੈਨੂੰ ਕਈ ਦਿਲਚਸਪ ਜਵਾਬ ਮਿਲੇ ਹਨ ਅਤੇ ਦਿਨੋ-ਦਿਨ ਇਨਾਂ ਲੋਕਾਂ ਦੇ ਵਧੇਰੇ ਨੇੜੇ ਹੋਣ ਲੱਗਾ। ਇਨਾਂ ਥਾਵਾਂ ਦੀਆਂ ਫੇਰੀਆਂ ਦੇ ਦੋ ਮੁੱਖ ਮਕਸਦ ਬਣ ਗਏ, ਪਹਿਲਾਂ ਤਾਂ ਉਨਾਂ ਨੂੰ ਨੇੜੇ ਤੋਂ ਜਾਨਣਾ, ਉਨਾਂ ਦੇ ਅਜਿਹੇ ਥਾਵਾਂ ‘ਤੇ ਰਹਿਣ ਦੇ ਕਾਰਨ, ਉਨਾਂ ਦੇ ਪੁਰਖਿਆਂ ਦੀ ਜਾਣਕਾਰੀ, ਆਰਥਿਕ ਤੇ ਸਮਾਜਿਕ ਹਾਲਾਤ ਅਤੇ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਤੋਂ ਜਾਣੂ ਹੋਣਾ। ਦੂਸਰਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਿੱਖ ਮਿਸ਼ਨ ਕਲਕੱਤਾ ਪੂਰਬੀ ਭਾਰਤ ਦਾ ਸੰਚਾਲਕ ਹੋਣ ਦੇ ਨਾਤੇ ਆਪਣੇ ਖੇਤਰ ਦੇ ਸਿੱਖਾਂ ਨਾਲ ਰਾਬਤਾ ਵਧਾਉਣ ਅਤੇ ਗੁਰਮਤਿ ਕੈਂਪਾਂ ਦਾ ਆਯੋਜਨ ਕਰਨਾ। ਜਿਨਾਂ ਰਾਹੀਂ ਗੁਰਬਾਣੀ-ਗੁਰਮੁਖੀ, ਸਿੱਖ ਇਤਿਹਾਸ ਅਤੇ ਸਿੱਖਾਂ ਦੀ ਸਰਬ-ਪੱਖੀ ਤਰੱਕੀ, ਖਾਸ ਕਰਕੇ ਇਸਤਰੀਆਂ ਤੇ ਬੱਚਿਆਂ ਨੂੰ ਇਸ ਦੀ ਸਿੱਖਿਆ ਦਿੱਤੀ ਜਾ ਸਕੇ। ਸਾਡਾ ਟੀਚਾ ਹੈ ਕਿ ਇਹੋ ਜਿਹੇ ਮਸਲਿਆਂ ਨੂੰ ਸਾਹਮਣੇ ਲਿਆਂਦਾ ਜਾਵੇ ਅਤੇ ਇਸ ਦਾ ਹੱਲ ਲੱਭਿਆ ਜਾਵੇ ਜਿਹੜਾ ਕਿ ਪੂਰੀ ਸਿੱਖ ਕੌਮ ਲਈ ਲਾਹੇਵੰਦ ਹੋਵੇ। ਇਸ ਤਰਾਂ ਦੀ ਯਾਤਰਾ ਰਾਹੀਂ ਅਸੀਂ ਆਪਣੀ ਸੋਚ ਵਿਚ ਗੁਰਮੁਖ ਸੱਜਣਾਂ ਨਾਲ ਮਿਲ ਕੇ ਵਾਧਾ ਕਰ ਸਕਦੇ ਹਾਂ। ਇਹ ਥਾਂ ਕਟਿਹਾਰ ਜ਼ਿਲੇ ਵਿਚ ਕਟਿਹਾਰ ਸ਼ਹਿਰ ਤੋਂ ਕੁਝ ਹੀ ਮੀਲ ਦੂਰ ਸਿਲੀਗੁੜੀ-ਪਟਨਾ ਰੇਲ ਲਾਈਨ ਦੇ ਨਾਲ ਲਗਦੇ ਬਰਾਰੀ ਹਾਟ ਪੁਲਿਸ ਸਟੇਸ਼ਨ ਅਧੀਨ ਹੈ। ਨਾਲ ਲਗਦਾ 31 ਨੰਬਰ ਰਾਸ਼ਟਰੀ ਰਾਜ ਮਾਰਗ ਪੈਂਦਾ ਹੈ। ਸਿੱਖਾਂ ਦੇ ਪੰਜ ਤਖ਼ਤਾਂ ਵਿਚੋਂ ਇਕ ਤਖ਼ਤ ਸ੍ਰੀ ਪਟਨਾ ਸਾਹਿਬ ਇਥੋਂ 290 ਕਿਲੋਮੀਟਰ ਦੂਰ ਪੈਂਦਾ ਹੈ। ਇਹ ਖੇਤਰ ਹਰੇ-ਭਰੇ ਖੇਤਾਂ ਨਾਲ ਘਿਰਿਆ ਹੋਇਆ ਹੈ। ਮਹਾਂਬਲੀ ਗੰਗਾ ਅਤੇ ਉਸ ਦੀਆਂ ਸਹਾਇਕ ਨਦੀਆਂ ਇਸ ਖੇਤਰ ਵਿਚੋਂ ਵਗਦੀਆਂ ਹਨ ਅਤੇ ਨਾਲ ਲਗਦੇ ਪਿੰਡ ਜਿਵੇਂ ਲਕਸ਼ਮੀਪੁਰ, ਗੁਰੂ ਬਾਜ਼ਾਰ, ਉੱਛਲਾ ਭੰਡਰਤਲ, ਕੰਤਨਗਰ, ਹੁਸੈਨਾ, ਭੈਂਸਦਾਰਾ ਅਤੇ ਗੈਰਾਬਾੜੀ ਆਦਿ ਹਨ। ਘੱਟ- ਵਿਕਸਿਤ ਅਤੇ ਪੇਂਡੂ ਹੋਣ ‘ਤੇ ਵੀ ਇਹ ਖੇਤਰ ਕਾਫ਼ੀ ਵੱਖਰਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੰਤਨਗਰ ਆਉਣਾ :
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਜਦੋਂ ਹੀ ਅਸੀਂ ਲਕਸ਼ਮੀਪੁਰ ਦੇ ਵਿਸ਼ਾਲ ਦਰਵਾਜ਼ੇ ਅੰਦਰ ਜਾਂਦੇ ਹਾਂ ਤਾਂ ਸਿੱਖਾਂ ਦਾ ਅਨੋਖਾ ਫੈਲਾਅ ਅਤੇ ਹਰ ਤਰਫ ਸ਼ਾਂਤੀ ਤੋਂ ਕੁਦਰਤੀ ਹੀ ਪ੍ਰਭਾਵਿਤ ਹੋ ਜਾਂਦੇ ਹਾਂ। ਸਾਨੂੰ ਇਕ ਹਰਿਆ-ਭਰਿਆ ਮਨਮੋਹਕ ਵਾਤਾਵਰਨ ਵਾਲਾ ਪਿੰਡ ਵੇਖਣ ਨੂੰ ਮਿਲਦਾ ਹੈ। ਇੱਥੇ ਰਹਿ ਰਹੇ ਸਿੱਖ ਭਾਈਚਾਰੇ ਦਾ ਖਾਸ ਇਤਿਹਾਸ, ਰਹਿਣ-ਸਹਿਣ ਅਤੇ ਵਿਰਾਸਤ ਦੀ ਜਾਣਕਾਰੀ ਹੁੰਦੀ ਹੈ। ਇਸ ਖੇਤਰ ਵਿਚ ਸਿੱਖੀ ਜ਼ਿਆਦਾ ਪੱਕੀ ਲਗਦੀ ਹੈ। ਇੱਥੇ ਕੁਝ ਖਾਸ ਸਿੱਖਾਂ ਦਾ ਪ੍ਰਫੁੱਲਤ ਸਮਾਜ ਹੈ। ਸਿੱਖਾਂ ਦੇ ਇੱਥੇ ਵੱਸਣ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ ਅਤੇ ਸਿੱਖੀ ਦਾ ਪ੍ਰਸਾਰ ਕਾਫ਼ੀ ਦਿਲਚਸਪ ਹੈ। ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਲੈ ਜਾਂਦਾ ਹੈ। ਕਿਹਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਵਿਚ ਫੈਲੇ ਮਨੁੱਖੀ ਦੁਖ ਨੂੰ ਘੱਟ ਕਰਨ ਲਈ 1509 ਈ. ਵਿਚ ਆਪਣੀ ਪਹਿਲੀ ਉਦਾਸੀ ਕੀਤੀ। ਪੂਰਬੀ ਹਿੱਸਿਆਂ ਵਿਚ ਯਾਤਰਾ ਕਰਦੇ ਹੋਏ ਗੁਰੂ ਜੀ ਇਨਾਂ ਥਾਵਾਂ ‘ਤੇ ਵੀ ਆਏ ਸਨ। ਉਸ ਸਮੇਂ ਤੋਂ ਨਾਨਕ-ਪੰਥੀ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੀ ਸੰਗਤ ਕਾਫ਼ੀ ਵੱਡੀ ਗਿਣਤੀ ਵਿਚ ਉਭਰਨ ਲੱਗ ਪਈ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਨਾਨਕ ਨਾਮ-ਲੇਵਾ ਸੰਗਤਾਂ ਪੂਰਬੀ ਹਿੱਸੇ ਜਿਵੇਂ ਆਲਮਗੰਜ, ਪਟਨਾ, ਰਾਜ ਮਹਿਲ, ਢਾਕਾ, ਕੰਤਨਗਰ ਆਦਿ ਥਾਵਾਂ ‘ਤੇ ਪੱਕੀ ਤਰਾਂ ਨਾਲ ਸਥਾਪਿਤ ਹੋ ਗਈਆਂ ਸਨ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ 150 ਸਾਲਾਂ ਬਾਅਦ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪ ਇਨਾਂ ਥਾਵਾਂ ਦਾ ਦੌਰਾ ਕੀਤਾ ਅਤੇ ਸੰਗਤਾਂ ਨੂੰ ਅਕਾਲ ਪੁਰਖ ਨਾਲ ਜੋੜਿਆ ਅਤੇ ਭਰੋਸੇ ਨੂੰ ਦ੍ਰਿੜ ਕਰਵਾਇਆ। ਉਥੇ ਉਨਾਂ ਸੰਗਤਾਂ ਨੂੰ ਧਰਮਸ਼ਾਲਾ ਵਿਚ ਇਕੱਤਰ ਕਰਕੇ ਸਿੱਖਿਆ ਦਿੰਦੇ ਸਨ। 1666 ਈ: ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਜਾਂਦੇ ਹੋਏ ਬਿਹਾਰ ਦੀਆਂ ਬਹੁਤ ਥਾਵਾਂ ‘ਤੇ ਜਿਵੇਂ ਸਾਸਾਰਾਮ, ਗਿਆ, ਪਟਨਾ, ਮੁੰਗੇਰ ਭਾਗਲਪੁਰ, ਰਾਜਮਹਿਲ, ਕਾਹਿਲਗਾਉ, ਸਾਹਿਬਗੰਜ ਤੋਂ ਹੁੰਦੇ ਹੋਏ ਗੰਗਾ ਪਾਰ ਕਰਕੇ ਕੰਤਨਗਰ ਪਹੁੰਚੇ। ਇੱਥੇ ਉਹ ਕਈ ਦਿਨ ਰਹੇ। ਉਨਾਂ ਨੇ ਅਕਾਲ ਪੁਰਖ ਦੇ ਸੁਨੇਹੇ ਅਤੇ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕੀਤਾ ਜਿਸ ਨਾਲ ਲੋਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਿਆ। ਬਹੁਤ ਲੋਕਾਂ ਨੇ ਧਰਮ ਨਾਲ ਸੰਬੰਧਤ ਇਨਾਂ ਧਰਮ ਸਭਾਵਾਂ ਵਿਚ ਹਿੱਸਾ ਲਿਆ। ਉਨਾਂ ਦਿਨਾਂ ਵਿਚ ਕੰਤਨਗਰ ਇਕ ਵੱਡਾ ਅਤੇ ਵਿਕਸਿਤ ਪਿੰਡ ਬਣ ਗਿਆ ਸੀ। 36 ਚੌਕੀਦਾਰ ਪਿੰਡ ਦੀ ਰਾਖੀ ਕਰਦੇ ਸਨ। ਗੰਗਾ ਦੇ ਖੱਬੇ ਪਾਸੇ ਵਾਲੀ ਬੰਦਰਗਾਹ ਉਸ ਸਮੇਂ ਬਹੁਤ ਖਾਸ ਮੰਨੀ ਜਾਂਦੀ ਸੀ। ਉੱਥੇ ਦੇ ਰਹਿਣ ਵਾਲੇ ਸਿੱਖ ਕਹਿੰਦੇ ਹਨ ਕਿ ਉਨਾਂ ਦਾ ਪਿਛੋਕੜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਹਿੰਦੇ ਸਿੱਖਾਂ ਨਾਲ ਜੁੜਦਾ ਹੈ। ਉਨਾਂ ਨੂੰ ਹੁਕਮ ਹੋਇਆ ਸੀ ਕਿ ਉਹ ਕੰਤਨਗਰ ਵਿਚ ਰਹਿਣ ਜਿਸ ਦਾ ਨਾਂ ਕੁੰਤਲਨਗਰ ਵੀ ਸੀ। ਇਹ ਉੱਤਰ ਬਿਹਾਰ ਵਿਚ ਹੈ। ਪੁਰਾਤਨ ਸਮੇਂ ਇਹ ਸਾਰੇ ਇਲਾਕੇ ਨੂੰ ਅੰਗ ਦੇਸ਼ ਵੀ ਕਹਿੰਦੇ ਸਨ। ਇਥੋਂ ਦੀ ਸੰਗਤ ਵਿਚ ਸਿੱਖੀ ਦਾ ਪ੍ਰਚਾਰ ਹੋਣ ਦੇ ਕਾਰਨ ਸਿੱਖੀ ਨਾਲ ਕਾਫ਼ੀ ਸਥਾਨਕ ਲੋਕ ਜੁੜ ਗਏ ਸਨ। ਇਹ ਕਿਹਾ ਜਾਂਦਾ ਹੈ ਕਿ ਇਥੋਂ ਦਾ ਇਕ ਸਿੱਖ ਸ: ਮੰਗਲ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਨੰਦੇੜ ਵਿਚ 1708 ਈ. ਵਿਚ ਮੌਜੂਦ ਸੀ। ਜਦੋਂ ਪਠਾਣ ਨੇ ਗੁਰੂ ਸਾਹਿਬ ‘ਤੇ ਮਾਰੂ ਹਮਲਾ ਕੀਤਾ ਸੀ ਤਾਂ ਉਹ ਸਿੱਖ ਪਠਾਣ ਨਾਲ ਬੜੀ ਬਹਾਦਰੀ ਨਾਲ ਲੜਿਆ ਸੀ। ਪਿਛਲੇ ਸਮੇਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਹੱਥੀਂ ਲਿਖਣ ਕਾਰਨ ਕੰਤਨਗਰ ਮਸ਼ਹੂਰ ਸੀ। ਇਨਾਂ ਮਹਾਨ ਲੇਖਕਾਂ ਵਿਚੋਂ ਇਕ ਸ: ਮਾਨਕ ਸਿੰਘ ਕਲਵਾਰ ਵੀ ਸਨ। ਜਾਣੇ- ਪਹਿਚਾਣੇ ਗੁਰਸਿੱਖ ਸ: ਭਵਾਨੀ ਸਿੰਘ ਦੇ ਨਾਮ ਨਾਲ ਭਵਾਨੀਪੁਰ ਨਾਮ ਦਾ ਪਿੰਡ ਹੋਂਦ ‘ਚ ਆਇਆ। ਸਥਾਨਕ ਸਿੱਖਾਂ ਦੇ ਹਿਸਾਬ ਨਾਲ ਪੂਰਬੀ ਭਾਰਤ ਦਾ ਲੰਬਾ ਦੌਰਾ ਕਰਦੇ ਹੋਏ ਪਟਨਾ ਸਾਹਿਬ ਵੱਲ ਵਾਪਸ ਜਾਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਏਸੇ ਪਿੰਡ ਵਿਚ ਰਹੇ ਸਨ। ਇਸ ਖੇਤਰ ਅਤੇ ਗੁਰੂ ਜੀ ਨਾਲ ਡੂੰਘੇ ਰਿਸ਼ਤੇ ਦਾ ਇਨਾਂ ਇਤਿਹਾਸਕ ਗੱਲਾਂ ਤੋਂ ਪਤਾ ਚਲਦਾ ਹੈ।

ਗੰਗਾ ਦੇ ਕੱਟਣ ਨਾਲ ਸਿੱਖ ਟਿਕਾਣਿਆਂ ਦਾ ਤਬਾਹ ਹੋਣਾ :
ਇਹ ਮੰਨਿਆ ਜਾਂਦਾ ਸੀ ਕਿ ਇੱਥੇ ਰਹਿੰਦੇ ਪੁਰਾਣੇ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਇਧਰ ਵੱਸੇ ਸਨ। 1857 ਵਿਚ ਆਏ ਹੜ ਨਾਲ ਸਾਰੇ ਖੇਤਰ ਜਲਮਗਨ ਹੋ ਗਏ। ਸਿੱਖਾਂ ਦੇ ਦੋ ਟਿਕਾਣੇ ਭਵਾਨੀਪੁਰ ਅਤੇ ਕੰਤਨਗਰ ਦੇ ਬਹੁਤ ਹਿੱਸੇ ਹੜ ਨਾਲ ਰੁੜ ਗਏ। ਉਥੋਂ ਉਹ ਵਸਨੀਕ ਉੱਤਰੀ ਹਿੱਸੇ ਦੇ ਸੁਰੱਖਿਅਤ ਸਥਾਨਾਂ ਲਕਸ਼ਮੀਪੁਰ, ਉਛੱਲਾ, ਗੁਰੂ ਬਜ਼ਾਰ, ਭੰਡਤਰਲ, ਹੁਸੈਨਾ ਆਦਿਕ ਪਿੰਡ ਵੱਲ ਚਲੇ ਗਏ। ਇਹ ਇਤਿਹਾਸ ਬਹੁਤ ਦੁੱਖ ਭਰਿਆ ਹੈ। ਕਈ ਸਦੀਆਂ ਤੋਂ ਲੋਕ ਕਈ ਵਾਰ ਉੱਜੜ ਚੁੱਕੇ ਸਨ ਅਤੇ ਉਨਾਂ ਨੇ ਆਪਣੇ ਜੀਵਨ ਵਿਚ ਬੜਾ ਦੁੱਖ ਹੰਢਾਇਆ ਹੈ। ਜਦੋਂ ਵੀ ਇਹ ਮਿਹਨਤ ਨਾਲ ਅੱਗੇ ਵਧਦੇ ਹਨ, ਉਹ ਆਮ ਨਦੀਆਂ ਦੇ ਕਟਾਵ ਦੇ ਸਰਾਪ ਦਾ ਸ਼ਿਕਾਰ ਬਣ ਜਾਂਦੇ ਹਨ। ਬੰਗਾਲ ਅਤੇ ਬਿਹਾਰ ਵਿਚ ਵਿਸ਼ਵ ਦਾ ਸਭ ਤੋਂ ਵੱਡਾ ਦਰਿਆਈ-ਜਾਲ ਵਾਲਾ ਖਿੱਤਾ ਹੈ। ਇਹ ਇਕ ਜੀਵਨ ਦੇਣ ਵਾਲੀ ਤਾਕਤ ਹੈ ਅਤੇ ਇਸ ਦਾ ਤਾਣਾ-ਬਾਣਾ ਵੱਡੇ ਪੱਧਰ ਤੇ ਸੰਚਾਰਕ ਸਾਧਨ ਹੈ। ਇਹ ਇਕ ਮਾਰੂ ਤਾਕਤ ਵੀ ਹੈ। ਇੱਥੇ ਕਈ ਤਬਾਹਕੁੰਨ ਹੜ ਆਏ ਹਨ। ਇੱਥੇ ਸਾਨੂੰ ਪਤਾ ਲਗਦਾ ਹੈ ਕਿ ਕਿਵੇਂ ਇਸ ਖਿੱਤੇ ਵਿਚ ਨਦੀਆਂ ਦੇ ਕੰਢੇ ‘ਤੇ ਟਿਕਾਣੇ ਉਸਰਦੇ, ਵਪਾਰ ਰਸਤੇ ਬਣਦੇ। ਉਹ ਸਾਰੇ ਨਦੀਆਂ ਦੀਆਂ ਧਾਰਾਵਾਂ ਬਦਲਣ ਨਾਲ ਬਦਲ ਜਾਂਦੇ ਹਨ। ਇਹ ਸਿਲਸਿਲਾ ਅੱਜ ਵੀ ਜਾਰੀ ਹੈ।

ਕੜਾਹਗੋਲਾ ਅਤੇ ਉਸ ਨਾਲ ਲਗਦੇ ਇਲਾਕਿਆਂ ‘ਚ ਰਹਿੰਦੇ ਸਿੱਖ
ਪਹਿਲਾਂ ਉਹ ਮੁੱਖ ਤੌਰ ‘ਤੇ ਪਟਸਨ, ਮਸਾਲੇ, ਰੇਸ਼ਮ ਅਤੇ ਕਪਾਹ ਆਦਿਕ ਦਾ ਵਪਾਰ ਨਦੀ ਦੇ ਰਾਹੀਂ ਮਾਲਦਾ, ਕਲਕੱਤਾ, ਢਾਕਾ ਅਤੇ ਹੋਰ ਥਾਵਾਂ ਨਾਲ ਕਰਦੇ ਸਨ। ਇਨਾਂ ਲੋਕਾਂ ਨੂੰ ਹਾਲੇ ਵੀ ਯਾਦ ਹੈ ਕਿ ਉਨਾਂ ਦੇ ਕੰਤਨਗਰ ਅਤੇ ਭਵਾਨੀਪੁਰ ਰਹਿਣ ਵਾਲੇ ਵਡੇਰੇ ਨਦੀਆਂ ਰਾਹੀਂ ਵਪਾਰ ਕਰਨ ਲਈ ਕਿਵੇਂ ਇਨਾਂ ਪੂਰਬੀ ਇਲਾਕਿਆਂ ਵਿਚ ਕਈ ਸੌ ਕਿਸ਼ਤੀਆਂ ਰਾਹੀਂ ਵਪਾਰ ਕਰਨ ਜਾਂਦੇ ਸਨ। ਇਸ ਦੇ ਨਾਲ ਇਕ ਉਹ ਖਾਸ ਕਿਸ਼ਤੀ ਹੁੰਦੀ ਸੀ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹੁੰਦੀ ਸੀ। ਮਹਾਰਾਜ ਦੀ ਸਵਾਰੀ ਵਾਲੀ ਕਿਸ਼ਤੀ ਕਾਫਲੇ ਦੀ ਅਗਵਾਈ ਕਰਦੀ ਸੀ। ਇਹ ਲੋਕ ਵਪਾਰ ਅਤੇ ਢੋਆ-ਢੁਆਈ ਦੇ ਕੰਮ ਕਰਦੇ ਸਨ। ਉਹ ਸਮਾਨ ਨੂੰ ਕਿਸ਼ਤੀਆਂ ਰਾਹੀਂ ਨਦੀਆਂ ਵਿਚੋਂ ਅਤੇ ਪੁਰਾਣੀਆਂ ਸੜਕਾਂ ‘ਤੇ ਬੈਲ-ਗੱਡੀਆਂ ਰਾਹੀਂ ਲੈ ਕੇ ਜਾਂਦੇ ਸਨ। ਕਿਸ਼ਤੀਆਂ ਰੁਕਣ ਲਈ ਮਲਾਹਾਂ ਲਈ ਅਤੇ ਬੈਲ-ਗੱਡੀਆਂ ਖੜੀਆਂ ਕਰਨ ਲਈ ਉਨਾਂ ਕੋਲ ਆਪਣੀ ਰਾਖਵੀਂ ਥਾਂ ਦਾ ਪ੍ਰਬੰਧ ਹੁੰਦਾ ਸੀ।

ਅੰਗਰੇਜ਼ੀ ਹਕੂਮਤ ਕਾਲ ਵਿਚ ਦਰਭੰਗਾ ਦੇ ਮਹਾਰਾਜਾ ਦੀ ਸਰਪ੍ਰਸਤੀ ਹੇਠ ਉਨਾਂ ਨੇ ਚੰਗਾ ਪੈਸਾ ਬਣਾ ਲਿਆ ਸੀ। ਉਨਾਂ ਮੁਤਾਬਕ ਉਨਾਂ ਕੋਲ ਬਹੁਤ ਵੱਡੇ ਖਿੱਤੇ ਵਿਚ ਜ਼ਮੀਨਾਂ ਸਨ। ਜੋ ਉਨਾਂ ਦੇ ਪਿੰਡ ਤੋਂ ਇਨਾਂ ਦੇ ਜ਼ਿਲਾ ਹੈੱਡਕੁਆਟਰ ਪੂਰਨੀਆ ਤੱਕ ਅਤੇ ਦੂਜੇ ਪਾਸੇ ਗੰਗਾ ਦੇ ਨਾਲ-ਨਾਲ ਫਰਾਕਾ (ਬੰਗਾਲ) ਤੱਕ। ਉਹ ਇਸ ਇਲਾਕੇ ਦੇ ਅਮੀਰ ਜ਼ਿਮੀਂਦਾਰ ਬਣ ਗਏ ਸਨ ਅਤੇ ਉਥੋਂ ਦੇ ਵਸਨੀਕਾਂ ਵਿਚ ਚੰਗੀ ਇੱਜ਼ਤ, ਪ੍ਰਭਾਵ ਅਤੇ ਦਬਦਬਾ ਬਣਾ ਲਿਆ ਸੀ।

ਭਵਾਨੀਪੁਰ, ਉਛਲਾ ਅਤੇ ਲਕਸ਼ਮੀਪੁਰ ਵਿਚ ਵੱਡੀਆਂ ਜਗੀਰਾਂ ਹੋਣਾ ਉਨਾਂ ਦੇ ਜ਼ਿਮੀਂਦਾਰ ਹੋਣ ਦਾ ਸਬੂਤ ਹੈ। ਹੁਣ ਵੀ ਕਈ ਥਾਵਾਂ ‘ਤੇ ਇਨਾਂ ਦੇ ਨਿਸ਼ਾਨ ਦਿਸਦੇ ਹਨ। ਇਥੋਂ ਦੇ ਵਸਨੀਕ ਇਸ ਇਲਾਕੇ ਬਾਰੇ ਦਿਲਚਸਪ ਗੱਲਾਂ ਦੀ ਜਾਣਕਾਰੀ ਦਿੰਦੇ ਹਨ। ਇਥੋਂ ਦਾ ਰੇਲਵੇ ਸਟੇਸ਼ਨ ਕੜਾਹਗੋਲਾ ਰੋਡ ਨਾਮ ਨਾਲ ਜਾਣਿਆ ਜਾਂਦਾ ਹੈ। ਇਥੋਂ ਦੀ ਸੰਗਤ ਦਸਦੀ ਸੀ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੰਗਾ ਦੇ ਕਿਨਾਰੇ ਬਿਰਾਜਮਾਨ ਹੋ ਕੇ ਸੰਗਤਾਂ ਦੇ ਇਕੱਠ ਵਿਚ ਪ੍ਰਵਚਨਾਂ ਰਾਹੀਂ ਪ੍ਰਚਾਰ ਕਰਦੇ ਸਨ ਅਤੇ ਇਸ ਧਰਮ ਇਕੱਠ ਦੇ ਅੰਤ ਵਿਚ ਗੁਰੂ ਜੀ ਕੜਾਹ ਪ੍ਰਸ਼ਾਦ ਦੇ ਰੂਪ ਵਿਚ ਪਿੰਨੀ ਦਾ ਪ੍ਰਸ਼ਾਦ ਵੰਡਦੇ ਸਨ।
ਇਸ ਲਈ ਇਸ ਗੰਗਾ ਘਾਟ ਦਾ ਨਾਮ ਕੜਾਹਗੋਲਾ ਘਾਟ ਅਤੇ ਇਹ ਸੜਕ ਜੋ ਨਦੀ ਦੇ ਕੰਢੇ ‘ਤੇ ਸੀ, ਦਾ ਨਾਮ ਕੜਾਹਗੋਲਾ ਘਾਟ ਰੋਡ ਪੈ ਗਿਆ ਸੀ। ਡਾਕ- ਘਰ ਦਾ ਨਾਮ ਵੀ ਇਸੇ ਨਾਮ ਨਾਲ ਪਿਆ। ਇਥੋਂ ਦੇ ਰਹਿੰਦੇ ਸਿੱਖਾਂ ਦੀ ਜ਼ਮੀਨ ‘ਤੇ 1903 ਈ. ਵਿਚ ਰੇਲਵੇ ਸਟੇਸ਼ਨ ਬਣਾਇਆ ਗਿਆ। ਇਕ ਹੋਰ ਕਥਨ ਵੀ ਹੈ, ਮਾਘ ਦੇ ਮਹੀਨੇ ਵਿਚ ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਮਾਘੀ ਦੇ ਮੇਲੇ ਦਾ ਆਯੋਜਨ ਕੀਤਾ ਜਾਂਦਾ ਸੀ। ਇਸ ਮੇਲੇ ਵਿਚ ਸੰਗਤ ਗੁਰਮਤਿ ਕੈਂਪ ਲਗਾਉਣ ਦਾ ਪ੍ਰਬੰਧ ਵੀ ਕਰਦੀ ਸੀ। ਅੰਗਰੇਜ਼ੀ ਹਕੂਮਤ ਵੇਲੇ ਹਰ ਦੁਕਾਨਦਾਰ ਦਸਵੰਧ ਵਜੋਂ ਅੱਧਾ ਪੈਸਾ ਕੱਢਦਾ ਸੀ ਜੋ ਕਿ ਸਭ ਦਾ ਇਕੱਠਾ ਕਰਕੇ ਢਾਈ ਸੌ ਤੋਂ ਤਿੰਨ ਸੌ ਰੁਪਏ ਤੱਕ ਹੋ ਜਾਂਦਾ ਸੀ। ਉਸ ਵਕਤ ਦੇਸੀ ਘਿਉ ਇਕ ਸੇਰ ਦੋ ਆਨੇ ਦਾ ਮਿਲਦਾ ਸੀ। ਮੇਲੇ ਦੇ ਅੰਤ ਵਿਚ ਕੜਾਹ ਪ੍ਰਸ਼ਾਦ ਬਣਾ ਕੇ ਪੂਰੇ ਇਕੱਠ ਵਿਚ ਵੰਡਿਆ ਜਾਂਦਾ ਸੀ। ਇਸ ਸਥਾਨ ਦਾ ਨਾਮ ਕੜਾਹਗੋਲਾ ਘਾਟ ਪੈ ਗਿਆ। ਗੁਰੂ ਸਾਹਿਬਾਨ ਦੇ ਇਨਾਂ ਇਲਾਕਿਆਂ ਵਿਚ ਆਗਮਨ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪਿੰਡਾਂ ਅਤੇ ਮੁਹੱਲਿਆਂ ਦੇ ਨਾਮ ਗੁਰੂ ਬਾਜ਼ਾਰ, ਗੁਰੂ ਮੇਲਾ, ਕੜਾਹਗੋਲਾ ਰੋਡ ਅਤੇ ਸਰਦਾਰ ਨਗਰ ਆਦਿਕ ਰੱਖੇ ਗਏ ਹਨ।
\ਪੰਜਾਹ ਸਾਲ ਪਹਿਲਾਂ ਵੀ ਕੜਾਹਗੋਲਾ ਘਾਟ ਇਕ ਦਰਿਆਈ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ। ਦੇਸ਼ ਦੇ ਦੂਸਰੇ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਸਾਮਾਨ ਕੜਾਹਗੋਲਾ ਦੇ ਦੂਸਰੇ ਪਾਸੇ ਸਾਹਿਬਗੰਜ ਵਿਚ ਕਾਹਲਗਾਉਂ ਘਾਟ ਵਿਖੇ ਉਤਰਦਾ ਸੀ ਜੋ ਕਿ ਸਾਹਿਬਗੰਜ ਦੇ ਰੇਲਵੇ ਸਟੇਸ਼ਨ ਨਾਲ ਅਤੇ ਭਾਗਲਪੁਰ ਵਲੋਂ ਹੁੰਦੇ ਹੋਏ ਰਾਸ਼ਟਰੀ ਮਾਰਗ ਨਾਲ ਜੁੜਿਆ ਸੀ। ਫਿਰ ਸਾਮਾਨ ਨੂੰ ਕਿਸ਼ਤੀਆਂ ਰਾਹੀਂ ਕੜਾਹਗੋਲਾ ਘਾਟ ਲਿਆਇਆ ਜਾਂਦਾ ਸੀ। ਇੱਥੇ ਛੋਟੇ-ਛੋਟੇ ਲੱਕੜੀ ਦੇ ਬਣੇ ਖੋਖਿਆਂ ਵਿਚ ਟਰਾਂਸਪੋਰਟ ਦੇ ਦਫਤਰ ਅਤੇ ਸਾਮਾਨ ਰੱਖਣ ਲਈ ਗੋਦਾਮ ਬਣੇ ਸਨ। ਕੜਾਹਗੋਲਾ ਘਾਟ ਤੋਂ ਸਾਮਾਨ ਨੂੰ ਦਾਰਜੀਲਿੰਗ, ਸਿਲੀਗੁੜੀ, ਨੇਪਾਲ, ਅਸਾਮ ਅਤੇ ਉੱਤਰ-ਪੂਰਬੀ ਰਾਜਾਂ ਦੇ ਵੱਖ-ਵੱਖ ਟਿਕਾਣਿਆਂ ‘ਤੇ ਲਿਜਾਇਆ ਜਾਂਦਾ ਸੀ।

ਇਸ ਸੜਕ ਨੂੰ ”ਗੰਗਾ-ਦਾਰਜਲਿੰਗ ਸੜਕ” ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਕਿ ਅੱਗੋਂ ਰਾਸ਼ਟਰੀ ਰਾਜ ਮਾਰਗ ਨਾਲ ਜੁੜਿਆ ਸੀ। ਵਪਾਰਕ ਤੌਰ ‘ਤੇ ਕੜਾਹਗੋਲਾ ਘਾਟ ਦੀ ਬੰਦਰਗਾਹ ਬਹੁਤ ਮਹੱਤਵਪੂਰਨ ਸੀ। ਉਕਤ ਜਾਣਕਾਰੀ ਉਸ ਵੇਲੇ ਦੇ ਵਪਾਰ ਕਰਦੇ ਬਜ਼ੁਰਗਾਂ ਕੋਲੋਂ ਅਤੇ ਕਲਕੱਤਾ ਦੇ ਕਈ ਬਜ਼ੁਰਗ ਟਰਾਂਸਪੋਰਟਰਾਂ ਕੋਲੋਂ ਮਿਲੀ ਹੈ ਜੋ ਕਿ ਸਾਮਾਨ ਕਲਕੱਤਾ ਤੋਂ ਉੱਪਰ ਦੱਸੇ ਇਲਾਕਿਆਂ ਵਿਚ ਨਦੀਆਂ ਵਿਚੋਂ ਹੁੰਦੇ ਹੋਏ ਕਿਸ਼ਤੀਆਂ ਰਾਹੀਂ ਲੈ ਜਾਇਆ ਕਰਦੇ ਸਨ। ਹੁਣ ਇਸ ਬੰਦਰਗਾਹ ਦੀ ਮਹੱਤਤਾ ਨਹੀਂ ਰਹੀ ਹੈ, ਕਈ ਥਾਵਾਂ ‘ਤੇ ਨਦੀ ਦੇ ਉੱਪਰ ਪੁਲ ਬਣ ਗਏ ਹਨ। ਹਾਈਵੇ ਦੇ ਰਸਤੇ ਚੌੜੇ ਕਰ ਦਿੱਤੇ ਗਏ ਹਨ ਅਤੇ ਕਈ ਨਵੇਂ ਬੁਨਿਆਦੀ ਢਾਂਚਿਆਂ ਦੀ ਉਸਾਰੀ ਹੋ ਗਈ ਹੈ।

ਹੋਰ ਛੋਟੇ ਪਿੰਡ ਅਤੇ ਉਨਾਂ ਦਾ ਸਿੱਖ-ਸੰਸਾਰ ਨਾਲ ਸੰਬੰਧ :
ਹੁਣ ਦਸ ਕਿਲੋਮੀਟਰ ਦੇ ਘੇਰੇ ਦੇ ਅੰਦਰ ਕਈ ਪਿੰਡ ਹਨ। ਜਿੱਥੇ ਬਿਹਾਰੀ ਸਿੱਖ ਵਿਚਰਦੇ ਨਜ਼ਰ ਆਉਂਦੇ ਹਨ। ਗੰਗਾ ਖੇਤਰ ਦੇ ਉਪਜਾਊ ਮੈਦਾਨੀ ਇਲਾਕਿਆਂ ਵਿਚ 100 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਕਈ ਸੌ ਪਰਵਾਰਾਂ ਦਾ ਕਿੱਤਾ ਖੇਤੀਬਾੜੀ ਹੈ। ਇਥੋਂ ਦੇ ਸਿੱਖਾਂ ਨੇ ਪੰਜਾਬ ਦੇ ਸਿੱਖਾਂ ਨਾਲ ਵਿਆਹਕ ਸੰਬੰਧਾਂ ਰਾਹੀਂ ਮੇਲ-ਜੋਲ ਵਧਾਇਆ ਹੈ ਅਤੇ ਆਮ ਤੌਰ ‘ਤੇ ਆਪਣੇ ਸਮਾਜਿਕ ਤਾਣੇ-ਬਾਣੇ ਨਾਲ ਬੱਝੇ ਹੋਏ ਹਨ। ਪੰਜਾਬ ਦੇ ਲੋਕ ਵੀ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਲਈ ਇਥੋਂ ਦਾ ਦੌਰਾ ਕਰਦੇ ਰਹਿੰਦੇ ਹਨ। ਕਈ ਸਾਲ ਪਹਿਲਾਂ ਇਥੋਂ ਦੇ ਸਿੱਖ ਵਿਦਿਆਰਥੀ ਨਨਕਾਣਾ ਸਾਹਿਬ (ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ, ਜੋ ਹੁਣ ਪਾਕਿਸਤਾਨ ਵਿਚ ਹੈ) ਅਤੇ ਕਾਲਜਾਂ ਦੇ ਸਕੂਲਾਂ ਵਿਚ ਪੜਾਈ ਕਰਨ ਜਾਂਦੇ ਸਨ। ਉਸ ਕਾਲਜ ਦੇ ਮੁੱਖ ਅਧਿਆਪਕ ਸਰਦਾਰ ਫੂਲਾ ਸਿੰਘ ਸਨ, ਜਿਨਾਂ ਦਾ ਸੰਬੰਧ ਇਸ ਖਿੱਤੇ ਨਾਲ ਸੀ ਅਤੇ ਉਹ ਅਸਾਮ ਦੇ ਪਿੰਡ ਚਾਪਰ ਮੁੱਖ ਦੇ ਰਹਿਣ ਵਾਲੇ ਸਨ। ਇਕ ਸ: ਕੁੰਜਲਾਲ ਸਿੰਘ ਉੱਚ-ਸਿੱਖਿਆ ਪ੍ਰਾਪਤ ਕਰਨ ਲਈ ਪਟਿਆਲੇ ਗਏ। ਭਾਰਤ ਦੀ ਵੰਡ ਦੇ ਕਾਰਨ ਪੰਜਾਬ ਨਾਲ ਸੰਬੰਧ ਢਿੱਲੇ ਪੈ ਗਏ ਸਨ। ਉਨਾਂ ਦੇ ਰਿਸ਼ਤੇ ਆਪਸ ਵਿਚ ਜਾਂ ਪੂਰਬੀ ਭਾਰਤ ਦੇ ਆਸਾਮ (ਨਾਉ-ਗਾਉਂ ਜ਼ਿਲੇ ਦੇ ਪਿੰਡ) ਦੇ ਸਿੱਖਾਂ ਨਾਲ ਸਾਸਾਰਾਮ, ਤ੍ਰਿਵੇਣੀਗੰਜ, ਪੂਰਨੀਆ, ਕਟਿਹਾਰ, ਫੋਰਬਿਸਗੰਜ, ਰਾਂਚੀ, ਪਟਨਾ, ਦੂਰ- ਦੱਖਣ ਦੇ ਨੰਦੇੜ ਤੱਕ ਅਤੇ ਪੰਜਾਬ ਦੀ ਵੰਡ ਤੋਂ ਮਗਰੋਂ ਇਧਰ ਵੱਸ ਗਏ ਸਿੱਖਾਂ ਨਾਲ ਵਧੇਰੇ ਬਣਨ ਲੱਗ ਪਏ ਹਨ। ਇਸ ਤਰਾਂ ਇਥੋਂ ਦੇ ਸਿੱਖਾਂ ਦਾ ਰਿਸ਼ਤਾ ਖਿੱਲਰੇ ਰੂਪ ਵਿਚ ਉੱਤਰ ਤੋਂ ਪੂਰਬ ਤੱਕ ਪਸਰਿਆ ਹੋਇਆ ਹੈ। ਸਾਨੂੰ ਇਹ ਯਾਤਰਾ ਕਰਨ ਨਾਲ ਬਿਹਾਰ ਦੇ ਦੂਰ ਦੁਰਾਡੇ ਹਿੱਸਿਆਂ ਬਾਰੇ ਗਿਆਨ ਪ੍ਰਾਪਤ ਹੋਇਆ। ਇਸ ਖੋਜ ਨੇ ਸਾਨੂੰ ਹੈਰਾਨ ਅਤੇ ਮੋਹਿਤ ਕਰ ਦਿੱਤਾ ਹੈ। ਇਹੋ ਜਿਹੇ ਥਾਵਾਂ ਦੀ ਖੋਜ ਜੋ ਕਿ ਦਿਲਾਂ ਨਾਲ ਜੁੜੀ ਹੈ ਅਤੇ ਆਮ ਸਿੱਖਾਂ ਨੂੰ ਇਸ ਬਾਰੇ ਬਹੁਤ ਕੁਝ ਪਤਾ ਨਹੀਂ ਸੀ। ਕਈ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਹਨ। ਉਹ ਇਨਾਂ ਗੁਰਦੁਆਰਾ ਸਾਹਿਬਾਨ ਵਿਚ ਗੁਰਪੁਰਬਾਂ ਦਾ ਪ੍ਰਬੰਧ ਕਰਦੇ ਹਨ ਅਤੇ ਧੂਮ-ਧਾਮ ਨਾਲ ਮਨਾਉਂਦੇ ਹਨ।

ਇਸ ਖੇਤੀ ਉਤਪਾਦਕ ਖੇਤਰ ਵਿਚ ਦੀ ਸਫਰ ਕਰਦੇ ਹੋਏ ਅਸੀਂ ਵਿੰਗੇ-ਟੇਢੇ ਰਸਤੇ ਅਤੇ ਉੱਚੀਆਂ-ਨੀਵੀਆਂ ਗਲੀਆਂ ਵਿਚੋਂ ਲੰਘੇ। ਸਥਾਨਕ ਸਿੱਖਾਂ ਨਾਲ ਗੱਲਾਂ ਕਰਨ ‘ਤੇ ਸਾਨੂੰ ਉਨਾਂ ਦੀ ਜ਼ਿੰਦਗੀ ਅਤੇ ਪੇਸ਼ੇ ਬਾਰੇ ਪਤਾ ਲੱਗਾ, ਜਿਸ ਨੇ ਮੇਰੇ ਤਜਰਬੇ ਵਿਚ ਹੋਰ ਵਾਧਾ ਕੀਤਾ। ਜੇ ਤੁਹਾਡੇ ਮਨ ਅੰਦਰ ਇਨਾਂ ਸਿੱਖਾਂ ਬਾਰੇ ਵਧੇਰੇ ਜਾਣਕਾਰੀ ਦੀ ਰੀਝ ਹੈ ਤਾਂ ਨਦੀਆਂ, ਹਰਿਆਵਲ ਅਤੇ ਕੁਦਰਤੀ ਨਜ਼ਾਰੇ ਨਾਲ ਭਰਿਆ ਇਹ ਇਲਾਕਾ ਤੁਹਾਡੇ ਮਨ ਨੂੰ ਸ਼ਾਂਤੀ ਅਤੇ ਸਕੂਨ ਦੇਣ ਵਿਚ ਬਹੁਤ ਹੀ ਢੁਕਵਾਂ ਹੋ ਸਕਦਾ ਹੈ।

ਕੁਝ ਅਹਿਮ ਪਿੰਡਾਂ ਬਾਰੇ ਜਾਣਕਾਰੀ
ਲਕਸ਼ਮੀਪੁਰ ਦਾ ਸਰਦਾਰ ਨਗਰ ਸਿੱਖਾਂ ਦਾ ਸਭ ਤੋਂ ਵੱਡਾ ਵਸੋਂ ਵਾਲਾ ਅਤੇ ਖਾਸ ਟਿਕਾਣਾ ਹੈ, ਜਿੱਥੇ ਤਿੰਨ ਸੌ ਤੋਂ ਵੱਧ ਪਰਿਵਾਰ ਰਹਿੰਦੇ ਹਨ। ਇਹ ਕੜਾਹਗੋਲਾ ਰੇਲਵੇ ਸਟੇਸ਼ਨ ਦੇ ਉੱਤਰ ਵਿਚ ਹੈ ਅਤੇ ਰਾਸ਼ਟਰੀ ਰਾਜ ਮਾਰਗ ਨੰਬਰ 31 ਨਾਲ ਲਗਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਲਕਸ਼ਮੀਪੁਰ ਵਿਖੇ ਇਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਹੈ। ਇੱਥੇ ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਤਿੰਨ ਦਿਨਾਂ ਲਈ ਸਿੱਖਾਂ ਦਾ ਮਹਾਨ ਇਕੱਠ ਹੁੰਦਾ ਹੈ। ਇਥੋਂ ਦੇ ਜਿਹੜੇ ਸਿੱਖ ਬਾਹਰ ਵੱਸੇ ਹਨ, ਇਸ ਸਮੇਂ ਇਸ ਖੇਤਰ ਵਿਚ ਜ਼ਰੂਰ ਆਉਂਦੇ ਹਨ। ਇਵੇਂ ਹੀ ਜਿਵੇਂ ਬਿਹਾਰ ਦੇ ਪਰਵਾਸੀ ਹਿੰਦੂ ”ਛੱਠ ਪੂਜਾ” ਮਨਾਉਣ ਲਈ ਅਤੇ ਮੁਸਲਮਾਨ ”ਈਦ” ਵੇਲੇ ਆਉਂਦੇ ਹਨ। ਇਸ ਦੇ ਖਾਸ ਦੋ ਕਾਰਨ ਹਨ, ਇਕ ਤਾਂ ਧਾਰਮਿਕ ਕਾਰਨ ਹੈ ਅਤੇ ਦੂਜਾ ਸਮਾਜਿਕ ਅਤੇ ਜ਼ਰੂਰੀ ਕਾਰਨ ਹੈ ਕਿ ਇਨਾਂ ਦਾ ਇਕ ਦੂਜੇ ਦੀ ਭਾਈਚਾਰਕ ਸਾਂਝ ਵਿਚ ਵਾਧਾ ਹੁੰਦਾ ਹੈ। ਇੱਥੇ ਕਿਹਾ ਜਾਂਦਾ ਹੈ ਕਿ ਹੁਕਮਨਾਮਿਆਂ ਰਾਹੀਂ ਸੰਗਤ ਦਾ ਸਿੱਧਾ ਮੇਲ ਜਾਂ ਰਿਸ਼ਤਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੀ। ਅੱਜ ਵੀ ਇਤਿਹਾਸਕ ਦਸਤਾਵੇਜ਼ਾਂ ਰਾਹੀਂ ਇਸ ਗੱਲ ਦੀ ਗਵਾਹੀ ਮਿਲਦੀ ਹੈ। 1701 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛਿਆਣਾ ਦੀ ਸੰਗਤ ਦੇ ਨਾਮ ਹੁਕਮਨਾਮਾ ਭੇਜਿਆ ਸੀ। ਇਸ ਥਾਂ ਦੇ ਬਾਰੇ ਹਾਲੇ ਵੀ ਸਾਡੇ ਦਿਲ ਵਿਚ ਗੁੰਝਲ ਹੈ। ਮੇਰੀ ਖੋਜ ਮੁਤਾਬਕ ਆਂਢ-ਗੁਆਂਢ ‘ਚ ਇਸ ਨਾਮ ਦਾ ਕੋਈ ਸਥਾਨ ਨਹੀਂ ਹੈ। ਇਵੇਂ ਲਗਦਾ ਹੈ ਕਿ ਮਛਿਆਣਾ ਅਤੇ ਮਾਛੀਵਾੜਾ ਦੋਵੇਂ ਇਕੋ ਹੀ ਹਨ। ਅਜਿਹੇ ਜਿਹੜੇ ਹੁਕਮਨਾਮੇ ਮਾਛਿਆਣਾ ਦੀ ਸੰਗਤ ਨੂੰ ਸੰਬੋਧਿਤ ਸਨ ਅੱਜ ਵੀ ਵੇਖੇ ਜਾ ਸਕਦੇ ਹਨ। ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਸਮੇਂ ਤੋਂ ਬਾਅਦ ਦੇ ਸਿੱਖਾਂ ਦੇ ਅਨਿਸ਼ਚਿਤਤਾ ਦੇ ਸਮੇਂ ਵੇਲੇ ਮਾਛੀਵਾੜੇ ਦੇ ਕੁਝ ਸਿੱਖ ਜਿਨਾਂ ਦਾ ਸੰਬੰਧ ਕੰਤਨਗਰ ਨਾਲ ਹੋ ਸਕਦਾ ਹੈ, ਇਹ ਹੁਕਮਨਾਮੇ ਲਿਆਏ ਹੋਣ। ਲਕਸ਼ਮੀਪੁਰ ਦੇ ਗੁਰਦੁਆਰਾ ਸਾਹਿਬ ਵਿਚ ਵੀ ਕਈ ਦਸਤਾਵੇਜ਼ ਸਾਂਭ ਕੇ ਰੱਖੇ ਗਏ ਹਨ। ਇਨਾਂ ਵਿਚ 1861 ਅਤੇ 16ਝ ਵਿਚ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਹਨ, ਜੋ ਕਿ ਕੰਤਨਗਰ, ਮਹੇਸ਼ਵਾ, ਸਾਦਲਪੁਰ, ਭਵਾਨੀਪੁਰ, ਚਿਤੌਰੀਆ, ਬਹਰਥਾਲ ਅਤੇ ਪੂਰਨੀਆ (ਲਕਸ਼ਮੀਪੁਰ ਨਾਲ ਲਗਦੇ ਪਿੰਡ) ਦੀ ਸੰਗਤ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਵਿਚ ਦਿਲ ਖੋਲ ਕੇ ਹਿੱਸਾ ਪਾਉਣ ਲਈ ਕਿਹਾ ਗਿਆ ਹੈ। ਇਕ ਹੁਕਮਨਾਮਾ ਬਿਨਾਂ ਤਾਰੀਖ ਅਤੇ ਸਾਲ ਦੇ ਕੰਤਨਗਰ ਭਵਾਨੀਪੁਰ ਦੀ ਸੰਗਤ ਅਤੇ ਪੂਰਨੀਆ ਦੇ ਗੰਗਾ ਪ੍ਰਸਾਦ ਪਾਸ ਭੇਜਿਆ ਗਿਆ ਸੀ। ਸਿੱਖਾਂ ਨੂੰ ਸਿੰਘ ਸਭਾ ਬਣਾਉਣ ਦਾ ਵਧਾਈ-ਪੱਤਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਦਾ ਸੱਦਾ-ਪੱਤਰ ਵੀ ਏਥੇ ਹਨ। ਇਕ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਹੈ। ਇਸ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਵੀ ਹਨ ਅਤੇ ਇਨਾਂ ਦੀ ਜਿਲਦ ਕਰਨ ਲਈ ਪਟਨਾ ਸਾਹਿਬ ਲਿਆਂਦਾ ਗਿਆ ਸੀ। ਇਹ ਕਿਹਾ ਜਾਂਦਾ ਹੈ ਕਿ ਪਟਨਾ ਸਾਹਿਬ ਵਿਖੇ ਭਾਈ ਮੁਕੰਦ ਸਿੰਘ ਨੇ ਲਕਸ਼ਮੀਪੁਰ ਦੀ ਸੰਗਤ ਨੂੰ ਇਤਿਹਾਸਕ ਬੀੜ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਕਰਨ ਲਈ ਮਨਾਇਆ ਤਾਂ ਕਿ ਦੁਨੀਆ ਭਰ ਦੀ ਸੰਗਤ ਇਸ ਪਵਿੱਤਰ ਬੀੜ ਦੇ ਸ਼ਰਧਾਪੂਰਵਕ ਦਰਸ਼ਨ ਕਰ ਸਕੇ।

ਲਕਸ਼ਮੀਪੁਰ ਦੇ ਗੁਰਦੁਆਰਿਆਂ ਬਾਰੇ ਹੋਰ ਜਾਣਕਾਰੀ :
ਬਹੁਤ ਦੂਰ ਤੋਂ ਲਕਸ਼ਮੀਪੁਰ ਗੁਰਦੁਆਰੇ ਦੇ ਸਾਹਮਣੇ ਲੱਗਾ ਅੱਸੀ ਫੁੱਟ ਉੱਚਾ ਨਿਸ਼ਾਨ ਸਾਹਿਬ ਦਿਸ ਪੈਂਦਾ ਹੈ। ਸੰਗਤਾਂ ਦੀ ਮਦਦ ਨਾਲ ਕੁਝ ਕਮਰਿਆਂ ਦੀ ਇਕ ਇਮਾਰਤ ਉਸਾਰੀ ਗਈ ਹੈ, ਜਿਸ ਵਿਚ ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਰਹਿਣ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਗੁਰਦੁਆਰਾ ਕਮੇਟੀ ਵਲੋਂ I.C.S.E. ਬੋਰਡ ਦਾ ਅੰਗਰੇਜ਼ੀ ਮਾਧਿਅਮ ਸਕੂਲ, ਪੰਜਵੀਂ ਕਲਾਸ ਤੱਕ ਚਲਾਇਆ ਜਾ ਰਿਹਾ ਹੈ। ਇੱਥੇ ਪੁਰਾਣੇ ਸਮੇਂ ਦੇ ਹਥਿਆਰ, ਹੱਥ- ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹਨ। ਇਹ ਕਿਹਾ ਜਾਂਦਾ ਹੈ ਕਿ 1826 ਈ. ਵਿਚ ਆਏ ਤਬਾਹਕੁੰਨ ਹੜ ਵਿਚ ਕਿਸ਼ਤੀ ਸਮੇਤ ਇਹ ਗ੍ਰੰਥ ਨਦੀ ਵਿਚ ਗੁਆਚ ਗਏ ਸਨ। ਛੇ ਮਹੀਨੇ ਦੀ ਖੋਜ ਬਾਅਦ ਜਦੋਂ ਪਾਣੀ ਉਤਰਿਆ ਤਾਂ ਇਹ ਮਿਲ ਗਏ, ਪਰ ਇਨਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੁਝ ਹਿੱਸਾ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲਕਸ਼ਮੀਪੁਰ ਵਿਖੇ ਲੈਮੀਨੇਸ਼ਨ ਕਰਵਾ ਕੇ ਬੜੀ ਸ਼ਰਧਾ ਨਾਲ ਸੰਭਾਲ ਕੇ ਸੁਰੱਖਿਅਤ ਰੱਖੇ ਹਨ। ਇਹ ਕੁਝ ਖਾਸ ਕਿਸਮ ਦੀ ਸਿਆਹੀ ਨਾਲ ਲਿਖੇ ਗਏ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1736 ਈ. ਵਿਚ ਲਿਖਿਆ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲਕਸ਼ਮੀਪੁਰ ਦੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੇਲੇ ਕੰਤਨਗਰ ਤੋਂ ਪੰਜ ਗੱਡਿਆਂ ਵਿਚ ਮਿੱਟੀ ਲੱਦ ਕੇ ਲਿਆਂਦੀ ਗਈ ਸੀ ਅਤੇ ਗੁਰਦੁਆਰਾ ਸਾਹਿਬ ਦੀ ਨੀਂਹ ਦੇ ਵਿਚ ਇਹ ਮਿੱਟੀ ਪਾਈ ਗਈ।

ਪਛਾਣ ਸੰਕਟ ਅਤੇ ਹੱਲ :
ਗੁਰਦੁਆਰਾ ਲਕਸ਼ਮੀਪੁਰ ਵਿਖੇ ਅਸਲੀ ਇਕਰਾਰਨਾਮਾ ਹੈ, ਜਿਸ ਉੱਤੇ ਵੈਸਾਖ ਵਦੀ 3, 1912 (ਈਸਵੀ ਮੁਤਾਬਕ 5 ਅਪ੍ਰੈਲ, 1855) ਤਾਰੀਖ ਲਿਖੀ ਗਈ ਹੈ। ਇਹ ਦਸਤਾਵੇਜ਼ ਸਥਾਨਕ ਸਿੱਖ ਅਤੇ ਦੂਜੇ ਭਾਈਚਾਰੇ ਵਿਚ ਦਰਭੰਗਾ ਰਾਜੇ ਦੀ ਕਚਹਿਰੀ ਵਿਚ ਲਿਖਿਆ ਗਿਆ ਸੀ। ਸਿੱਖਾਂ ਦੇ ਇੱਥੇ ਵੱਸਣ ਮਗਰੋਂ ਇਥੋਂ ਦੇ ਬ੍ਰਾਹਮਣਾਂ ਨੇ ਉਨਾਂ ਦੀ ਪਛਾਣ ਉੱਤੇ ਪ੍ਰਸ਼ਨ ਕੀਤਾ। ਜਿਵੇਂ-ਜਿਵੇਂ ਸਿੱਖਾਂ ਨੇ ਤਰੱਕੀ ਕੀਤੀ ਅਤੇ ਅਮੀਰ ਬਣੇ ਉਨਾਂ ਨੇ ਸਮਾਜਿਕ ਦਰਜੇ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨਾਂ ਦੀ ਆਬਾਦੀ ਘੱਟ ਸੀ, ਉਨਾਂ ਨੇ ਆਪਣੀ ਹੋਂਦ ਦੀ ਕਾਇਮੀ ਲਈ ਸਮਾਜ ਭਲਾਈ ਕੰਮ ਕੀਤੇ, ਜੋ ਕਿ ਲੋਕ-ਹਿੱਤ ਵਾਲੇ ਸਨ। ਜਿਵੇਂ ਕਿ ਛੋਟੇ-ਵੱਡੇ ਛੱਪੜ ਅਤੇ ਖੂਹ ਪੁਟਾਉਣੇ। ਆਮ ਤੌਰ ‘ਤੇ ਇਹੋ ਜਿਹੇ ਕੰਮ ਆਪਣੇ ਨਾਮ ਅਤੇ ਪ੍ਰਸਿੱਧੀ ਲਈ ਉਹ ਲੋਕ ਕਰਦੇ ਸਨ, ਜਿਹੜੇ ਸਥਾਨਕ ਸਮਾਜ ਵਿਚ ਅਮੀਰ ਹੋ ਗਏ ਸਨ। ਅਜਿਹੇ ਕੰਮਾਂ ਦੀ ਸਮਾਜਿਕ ਅਤੇ ਧਾਰਮਿਕ ਮਾਨਤਾ ਲਈ ਆਮ ਬ੍ਰਾਹਮਣਾਂ ਤੋਂ ਭੂਮੀ ਪੂਜਨ ਕਰਵਾਇਆ ਜਾਂਦਾ ਸੀ, ਪਰ ਜਿੱਥੇ ਸਿੱਖਾਂ ਦਾ ਸਵਾਲ ਸੀ, ਉਨਾਂ ਦੀ ਪਛਾਣ ਨਾ ਜਾਣਨ ਕਰਕੇ ਪੰਡਤ ਇਨਾਂ ਨਾਲ ਜੁੜੇ ਨਹੀਂ ਸਨ। ਉਹ ਉਨਾਂ ਨੂੰ ਭੁਲੇਖੇ ਨਾਲ ਮੁਸਲਮਾਨ ਜਾਂ ਹੋਰ ਜਾਤ ਦੇ ਸਮਝਦੇ ਸਨ। ਇਥੋਂ ਦੇ ਸਿੱਖ ਸਨਾਤਨੀ ਪਰੰਪਰਾਵਾਂ ‘ਤੇ ਭਰੋਸਾ ਨਹੀਂ ਸਨ ਕਰਦੇ, ਇਸ ਲਈ ਆਮ ਲੋਕਾਂ ਵਿਚ ਗਲਤਫਹਿਮੀ ਪੈਦਾ ਹੋ ਗਈ। ਉਥੋਂ ਦੇ ਰਹਿੰਦੇ ਸਿੱਖਾਂ ਦੇ ਪੰਜ ਮੈਂਬਰੀ ਪ੍ਰਤੀਨਿਧੀ ਦਰਭੰਗਾ ਦੇ ਮਹਾਰਾਜਾ ਦੇ ਮਹਿਲ ਵਿਚ ਉਨਾਂ ਨੂੰ ਮਿਲਣ ਗਏ, ਮਹਾਰਾਜਾ ਸਿੱਖਾਂ ਅਤੇ ਨਾਨਕਪੰਥੀਆਂ ਦੀਆਂ ਰਵਾਇਤਾਂ ਬਾਰੇ ਚੰਗੀ ਤਰਾਂ ਜਾਣੂ ਸਨ। ਉਨਾਂ ਨੇ ਸਿੱਖਾਂ ਨੂੰ ਸੁਝਾਅ ਦਿੱਤਾ ਕਿ ਉਹ ਇਥੋਂ ਦੇ ਰਹਿੰਦੇ ਲੋਕਾਂ ਦੇ ਸੱਭਿਆਚਾਰ ਨਾਲ ਥੋੜਾ ਬਹੁਤ ਜੁੜਨ ਤਾਂ ਕਿ ਉਹ ਸਿੱਖਾਂ ਨੂੰ ਬਾਹਰ ਵਾਲੇ ਨਾ ਸਮਝਣ। ਸਿੱਖਾਂ ਅਤੇ ਉਥੋਂ ਦੇ ਰਹਿਣ ਵਾਲੇ ਲੋਕਾਂ ਨਾਲ ਮਹਾਰਾਜਾ ਨੇ ਗੱਲਬਾਤ ਰਾਹੀਂ ਇਕ ਸਮਝੌਤਾ ਕਰਵਾਇਆ। ਇਸ ਦੀ ਰਜਿਸਟਰੀ ਕਾਪੀ ਅੱਜ ਵੀ ਲਕਸ਼ਮੀਪੁਰ ਦੇ ਗੁਰਦੁਆਰੇ ਵਿਚ ਮੌਜੂਦ ਹੈ। ਉਨਾਂ ਨੇ ਇਹ ਸਮਝੌਤਾ ਕਿਸੇ ਧਾਰਮਿਕ ਦਬਾਅ ਕਾਰਨ ਨਹੀਂ ਕੀਤਾ। ਮਗਰੋਂ ਦਰਭੰਗੇ ਰਾਜੇ ਦੇ ਨਾਇਬ ਇਕ ਵੱਡੇ ਸਿਖ ਅਫਸਰ ਸਰਦਾਰ ਮੱਲ ਸਿੰਘ ਨਿਯੁਕਤ ਹੋਏ। ਉਨਾਂ ਨੇ ਸਿੱਖਾਂ ਅਤੇ ਰਾਜੇ ਵਿਚਕਾਰ ਚੰਗਾ ਰਾਬਤਾ ਬਣਾ ਕੇ ਰੱਖਿਆ।

ਭਾਈਚਾਰਕ ਸਦਭਾਵਨਾ ਦੀ ਤਸਵੀਰ
ਉਸ ਖੇਤਰ ਦੇ ਲੋਕਾਂ ਨਾਲ ਹੁਣ ਇਨਾਂ ਸਿੱਖਾਂ ਦਾ ਰਿਸ਼ਤਾ ਘਿਉ-ਖਿਚੜੀ ਵਾਲਾ ਬਣ ਗਿਆ ਹੈ। ਉਥੋਂ ਦੇ ਵੱਖ-ਵੱਖ ਭਾਈਚਾਰੇ ਜਿਵੇਂ ਕਿ ਹਿੰਦੂ ਅਤੇ ਮੁਸਲਮਾਨ ਵਰਗ ਦੇ ਲੋਕ ਗੁਰਪੁਰਬਾਂ ਵਿਚ ਸਦਭਾਵਨਾ ਦਰਸਾਉਣ ਲਈ ਸ਼ਾਮਲ ਹੁੰਦੇ ਹਨ। ਜਦੋਂ ਗਲੀਆਂ ਵਿਚੋਂ ਮੁਸਲਮਾਨ ਭਰਾਵਾਂ ਵਲੋਂ ਤਾਜੀਏ ਦੇ ਜਲੂਸ ਨਿਕਲ ਕੇ ਸਿੱਖਾਂ ਦੇ ਗਰਾਂ ਦੇ ਅੱਗਿਓਂ ਦੀ ਲੰਘਦਾ ਹੈ ਤਾਂ ਸਿੱਖ, ਮੁਸਲਮਾਨ ਭਰਾਵਾਂ ਦਾ ਵੀ ਭਰਵਾਂ ਸੁਆਗਤ ਕਰਦੇ ਹਨ। ਇਸ ਸਮੇਂ ਕਟਿਹਾਰ ਦੇ ਜ਼ਿਲਾ ਪਰੀਸ਼ਦ ਦੇ ਉਪ-ਸਭਾਪਤੀ ਸਰਦਾਰ ਅਮਰਿੰਦਰ ਸਿੰਘ ਹਨ ਅਤੇ ਪਿੰਡਾਂ ਦੇ ਡਿਪਟੀ ਮੁਖੀਆ ਇਸ ਪਿੰਡ ਦੇ ਸਰਦਾਰ ਕੰਵਲਜੀਤ ਸਿੰਘ ਹਨ। ਪੁਰਾਣੇ ਸਰਪੰਚ ਜਿਵੇਂ ਸ: ਅਰੂਣ ਸਿੰਘ ਅਤੇ ਉਪ-ਸਰਪੰਚ ਸ: ਬਲਭਦਰ ਸਿੰਘ ਵਰਗੇ ਉਥੋਂ ਦੇ ਲੋਕ ਸਮਾਜ ਦੇ ਲੀਡਰ ਸਨ। ਸ: ਪਰਮੇਸ਼ਵਰ ਸਿੰਘ ਅਤੇ ਸਰਦਾਰਨੀ ਮਹੇਸ਼ਵਰੀ ਕੌਰ ਜੋ ਕਿ ਲਕਸ਼ਮੀਪੁਰ ਦੇ ਵਸਨੀਕ ਸਨ।

(ਚਲਦਾ)



from Punjab News – Latest news in Punjabi http://ift.tt/2ddZ472
thumbnail
About The Author

Web Blog Maintain By RkWebs. for more contact us on rk.rkwebs@gmail.com

0 comments