ਅਸੀਂ ਕੀ ਕਰੀਏ?

ਹਰਜੀਤ ਸਿੰਘ ਜਲੰਧਰ

ਅੱਜ ਥੋੜੀ ਜਿਹੀ ਵੀ ਕੌਮੀ ਸੋਚ ਰੱਖਣ ਵਾਲੇ ਹਰ ਪੰਥ ਦਰਦੀ ਦੇ ਅੰਦਰੋਂ ਇਕ ਹੂਕ ਜਿਹੀ ਨਿਕਲਦੀ ਹੈ ਕਿ ਸਾਡੀ ਕੌਮ ਦਾ ਕੀ ਬਣੇਗਾ। ਇਹ ਹੂਕ ਨਿਕਲੇ ਵੀ ਕਿਉਂ ਨਾ? ਹਾਲਾਤ ਇਤਨੇ ਨਾਜ਼ੁਕ ਤੇ ਚਿੰਤਾਜਨਕ ਹਨ ਕਿ ਕੁਝ ਕੁ ਪੰਥ ਦਰਦੀ ਤਾਂ ਇਸ ਤਰਾਂ ਮਹਿਸੂਸ ਕਰਨ ਲੱਗ ਪਏ ਹਨ ਕਿ ਕਿਤੇ ਸਿੱਖ ਧਰਮ ਆਪਣਾ ਅਸਲੀ ਸਰੂਪ ਹੀ ਨਾ ਗਵਾ ਬੈਠੇ। ਕੌਮਾਂ ਨੂੰ ਸੰਕਟ ਵਿਚੋਂ ਕੱਢਣ ਲਈ ਅਤੇ ਇਸ ਉੱਤੇ ਅੰਦਰੋਂ ਤੇ ਬਾਹਰੋਂ ਹੋ ਰਹੇ ਹਮਲਿਆਂ ਤੋਂ ਬਚਣ ਲਈ ਕਿਸੇ ਵੀ ਕੌਮ ਨੂੰ ਆਪਣੀ ਨਿਆਰੀ ਤੇ ਨਿਵੇਕਲੀ ਹੋਂਦ ਤੇ ਹਸਤੀ ਉੱਤੇ ਮਾਣ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਜਿੱਥੇ ਆਪਣੀ ਪ੍ਰਭੂ ਸੱਤਾ ‘ਤੇ ਮਾਣ ਹੋਣਾ ਜ਼ਰੂਰੀ ਹੈ ਉੱਥੇ ਹੀ ਉਸ ਕੌਮ ਦੀ ਲੀਡਰਸ਼ਿਪ ਨੂੰ ਵੀ ਸਮੇਂ ਦਾ ਹਾਣੀ ਬਣ ਕੇ ਕੌਮ ਦੀ ਅਗਵਾਈ ਕਰਨੀ ਅਤਿ ਜ਼ਰੂਰੀ ਹੁੰਦੀ ਹੈ। ਪਿਛਲੇ ਸਮੇਂ ਵਿਚ ਕੀ ਖੱਟਿਆ ਤੇ ਕੀ ਗਵਾਇਆ ਦੀ ਬਰੀਕੀ ਨਾਲ ਘੋਖ ਕਰਕੇ ਮੌਜੂਦਾ ਸਮੇਂ ਵਿਚ ਕੌਮੀ ਰੂਪ-ਰੇਖਾ ਨੂੰ ਉਲੀਕਣਾ ਅਤਿ ਜ਼ਰੂਰੀ ਹੁੰਦਾ ਹੈ ਤਾਂ ਕਿ ਭਵਿੱਖ ਲਈ ਕੌਮ ਦੇ ਵਾਰਸਾਂ ਲਈ ਦਿਸ਼ਾ-ਨਿਰਦੇਸ਼ ਧਾਰਨ ਕੀਤਾ ਜਾ ਸਕੇ। ਪਰ ਮੌਜੂਦਾ ਕੌਮੀ ਹਾਲਤਾਂ ਨੂੰ ਦੇਖਦਿਆਂ ਹੋਇਆਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਅੱਜ ਸਾਡੀ ਕੌਮ ਕੋਲ ਇਨਾਂ ਢੰਗਾਂ ਦੀ ਹੀ ਘਾਟ ਹੈ। ਨਾ ਤਾਂ ਸਾਨੂੰ ਅੱਜ ਵੱਖਰੀ ਤੇ ਆਜ਼ਾਦ ਹਸਤੀ ‘ਤੇ ਮਾਣ ਹੈ ਤੇ ਨਾ ਹੀ ਸਾਡੇ ਕੋਲ ਸੰਵੇਦਨਸ਼ੀਲ ਆਗੂ ਹਨ। ਇਹ ਪਿੜ ਧਾਰਮਿਕ ਤੇ ਰਾਜਨੀਤਕ ਆਗੂਆਂ ਵਲੋਂ ਲਗਭਗ ਖਾਲੀ ਹੀ ਛੱਡ ਦਿੱਤਾ ਗਿਆ ਹੈ। ਇਸ ਮਾਮਲੇ ਦਾ ਹੱਲ ਹੋਣਾ ਅਤਿ ਜ਼ਰੂਰੀ ਹੈ ਅਤੇ ਇਸ ਤੋਂ ਅਵੇਸਲੇ ਹੋਇਆਂ ਕੌਮ ਨੂੰ ਭਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ। ਹਾਲਤ ਦਾ ਡਟ ਕੇ ਸਾਹਮਣਾ ਕਰਨ ਅਤੇ ਹਿੰਮਤ, ਹੌਸਲੇ, ਨਿਸਚੇ ਤੇ ਪੱਕੇ ਇਰਾਦੇ ਨਾਲ ਇਨਾਂ ਨੂੰ ਠੀਕ ਕਰਨਾ ਵੇਲੇ ਦੀ ਮੁੱਖ ਲੋੜ ਹੈ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਰਿਚਟਰ ਦੇ ਕਥਨ ਅਨੁਸਾਰ ਦਲੇਰੀ ਇਹ ਨਹੀਂ ਹੁੰਦੀ ਕਿ ਖਤਰੇ ਤੋਂ ਅੱਖਾਂ ਮੀਟ ਲਈਆਂ ਜਾਣ ਤੇ ਇਸ ਦੀ ਪਰਵਾਹ ਨਾ ਕੀਤੀ ਜਾਵੇ, ਸਗੋਂ ਦਲੇਰੀ ਇਸ ਵਿਚ ਹੈ ਕਿ ਇਸ ਨੂੰ ਅੱਖਾਂ ਖੋਲ ਕੇ ਵੇਖਿਆ ਜਾਵੇ ਤੇ ਫਿਰ ਦੂਰ ਕੀਤਾ ਜਾਵੇ।

ਜੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਉਦਾਲੇ ਦੀ ਭੈੜੀ ਦੁਨੀਆਂ ਦਾ ਸੁਧਾਰ ਕਰੀਏ ਅਤੇ ਇਸ ਦੀ ਥਾਂ ਚੰਗੀ ਦੁਨੀਆਂ ਨੂੰ ਹੋਂਦ ਵਿਚ ਲਿਆਈਏ ਤਾਂ ਫਿਰ ਸਾਨੂੰ ਮਰਦਾਨਗੀ ਦੇ ਵੱਡ ਸਾਰੇ ਜੇਰੇ ਨਾਲ ਕੰਮ ਕਰਨਾ ਪਵੇਗਾ। ਪੰਥ ਦੀ ਸਮਾਜੀ ਤੇ ਪਬਲਿਕ ਦੀ ਜ਼ਿੰਦਗੀ ਵਿਚ ਬਹੁਤ ਕੁਝ ਅਜਿਹਾ ਹੈ ਜੋ ਸਿੱਖੀ ਦੇ ਆਸ਼ੇ ਅਨੁਸਾਰ ਨਹੀਂ, ਸਗੋਂ ਸਿੱਖ ਵਿਰੋਧੀ ਸੋਚ ਅਧੀਨ ਹੋ ਰਿਹਾ ਹੈ। ਸਾਡੇ ਆਸਪਾਸ ਜੋ ਕੁਝ ਹੋ ਰਿਹਾ ਹੈ ਤੇ ਸਾਡੇ ਅਗਵਾਈ ਕਰਨ ਵਾਲੇ ਅਜਿਹੇ ਅਸਰ ਅਧੀਨ ਕੰਮ ਕਰ ਰਹੇ ਹਨ ਜੋ ਸਾਨੂੰ ਤੇ ਸਾਡੀ ਭਵਿੱਖ ਦੀ ਪਨੀਰੀ ਨੂੰ ਉਸ ਜੀਵਨ ਤੋਂ ਦੂਰ ਕਰਨ ਵਾਲੇ ਹਨ ਜਿਸ ਨੂੰ ਪ੍ਰਚੱਲਤ ਕਰਨਾ ਸਿਖ ਧਰਮ ਦਾ ਮੁੱਖ ਮੰਤਵ ਹੈ। ਤਾਂ ਫਿਰ ਅਜਿਹੀ ਵਿਰੋਧੀ ਸੋਚ ਤੇ ਅਨਸਰਾਂ ਨੂੰ ਦੂਰ ਕਰਨਾ ਅੱਜ ਦੀ ਮੁੱਖ ਲੋੜ ਹੈ। ਸਾਡੇ ਮਨ, ਬਚਨ ਤੇ ਕਰਮ, ਕਹਿਣੀ ਤੇ ਰਹਿਣੀ ਸਿੱਖ ਆਦਰਸ਼ ਦੇ ਅਨੁਸਾਰੀ ਹੋਣੀ ਜ਼ਰੂਰੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਸਾਹਿਬ, ਸੱਚੀ ਰਹਿਣੀ ਤੇ ਸੱਚੇ ਆਚਰਨ ਨੂੰ ਹੀ ਜੀਵਨ ਦਾ ਮਨੋਰਥ ਦੱਸਦੇ ਹਨ।

ਸਾਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰੀਏ ਤੇ ਉਹਨਾਂ ਦੇ ਪਾਏ ਪੂਰਨਿਆਂ ‘ਤੇ ਸੱਚੇ ਦਿਲੋਂ ਚੱਲਣ ਦਾ ਯਤਨ ਪਰਮਾਤਮਾ ਦੀ ਸਿਫ਼ਤ-ਸਾਲਾਹ ਕੇਵਲ ਮੁੱਖ ਤੋਂ ਬੋਲ ਕੇ ਹੀ ਨਾ ਕਰੋ ਸਗੋਂ ਆਪਣੇ ਵਤੀਰੇ ਰਾਹੀਂ ਕਰੋ। ਬੋਲਣ, ਤੁਰਨ ਫਿਰਨ ਤੇ ਕੰਮ ਕਰਨ ਲੱਗਿਆਂ ਅਜਿਹੀ ਸ਼ਾਂਤੀ ਨਾਲ ਵਿਚਰੋ ਜਿਵੇਂ ਤੁਸੀ ਰੱਬ ਦੀ ਅਰਾਧਨਾ ਕਰ ਰਹੇ ਹੁੰਦੇ ਹੋ। ਜਿੰਨਾ ਅਸਰ ਕਰਨੀ ਦਾ ਹੁੰਦਾ ਹੈ ਉੱਨਾ ਅਸਰ ਕਿਸੇ ਹੋਰ ਚੀਜ਼ ਦਾ ਨਹੀਂ ਹੁੰਦਾ। ਜੇ ਸਾਡੇ ਬੱਚੇ ਤੇ ਸਾਡੀ ਨੌਜਵਾਨ ਪੀੜੀ ਸਾਡੇ ਜੀਵਨ ਨੂੰ ਅਜਿਹੇ ਸਾਂਚੇ ਵਿਚ ਢਲਿਆਂ ਵੇਖਣਗੇ ਤਾਂ ਉਹਨਾਂ ਨੂੰ ਸਮਝ ਆ ਜਾਵੇਗੀ ਕਿ ਸਿੱਖ ਜੀਵਨ ਕਿਤਨਾ ਸੁੰਦਰ ਤੇ ਮਨਮੋਹਨਾ ਹੈ, ਉਹ ਆਪ-ਮੁਹਾਰੇ ਹੀ ਇਸ ਵੱਲ ਖਿੱਚੇ ਜਾਣਗੇ ਤੇ ਫਿਰ ਉਨਾਂ ਨੂੰ ਸਿੱਖੀ ਦੇ ਸਾਂਚੇ ਵਿਚ ਢਾਲਣ ਦਾ ਕੰਮ ਸੌਖਾ ਹੋ ਜਾਵੇਗਾ। ਅੱਜ ਦੀ ਪੀੜੀ ਨੂੰ ਸਿੱਖੀ ਤੋਂ ਦੂਰ ਹੁੰਦਾ ਵੇਖ ਕੇ ਸਾਨੂੰ ਇਹ ਕਦਾਚਿਤ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਨੌਜਵਾਨ ਪੀੜੀ ਦੇ ਸੁਭਾਵਾਂ ਅੰਦਰ ਕੋਈ ਭੈੜ ਹੈ ਸਗੋਂ ਰੁੱਸ ਕੇ ਮੂੰਹ ਮੋੜ ਚੁੱਕੇ ਨੌਜਵਾਨਾਂ ਦੇ ਅਸਲੇ ਤੇ ਉਹਨਾਂ ਦੀਆਂ ਔਕੜਾਂ ਨੂੰ ਸਮਝੀਏ, ਉਹਨਾਂ ਨਾਲ ਹਮਦਰਦੀ ਕਰੀਏ। ਜੇਕਰ ਅਸੀਂ ਉਹਨਾਂ ਨੂੰ ਬਾਗ਼ੀ ਸਮਝਣ ਦੀ ਗ਼ਲਤੀ ਕਰ ਬੈਠੇ ਤਾਂ ਫਿਰ ਅਸੀਂ ਉਨਾਂ ਨਾਲ ਹਮਦਰਦੀ ਤੇ ਪਿਆਰ ਨਹੀਂ ਕਰ ਸਕਦੇ। ਪਿਆਰ ਤੇ ਹਮਦਰਦੀ ਤੋਂ ਬਿਨਾਂ ਉਹਨਾਂ ਦੇ ਅੰਦਰ ਦੀ ਸੋਚ ਨੂੰ ਅਸੀਂ ਠੀਕ ਤਰਾਂ ਸਮਝ ਨਹੀਂ ਸਕਦੇ। ਲਾਰਡ ਮੈਕਡਾਨਲਡ ਦਾ ਕਥਨ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ‘ਜਦ ਸਾਡੀ ਨੌਜਵਾਨਾਂ ਨਾਲ ਹਮਦਰਦੀ ਨਾ ਰਹੇ ਤਾਂ ਮੇਰਾ ਖਿਆਲ ਹੈ ਕਿ ਸਾਡਾ ਇਸ ਜਗਤ ਵਿਚ ਮੁੱਕ ਚੁੱਕਿਆ ਗਿਣਨਾ ਚਾਹੀਦਾ ਹੈ।’

ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਥੋੜੀ ਬਹੁਤ ਲਾਪਰਵਾਹੀ ਤੇ ਭਵਿੱਖ ਵਾਲਾ ਬਹੁਤ ਧਿਆਨ ਨਾ ਦੇਣ ਦਾ ਸੁਭਾਅ ਨੌਜਵਾਨਾਂ ਵਿਚ ਹੋਇਆ ਹੀ ਕਰਦਾ ਹੈ। ਸਮੇਂ ਦੇ ਨਾਲ ਆਈਆਂ ਤਬਦੀਲੀਆਂ ਤੇ ਸੰਸਾਰ ਵਿਚ ਉਠੀਆਂ ਲੋਕ ਰਾਜ ਦੀਆਂ ਲਹਿਰਾਂ ਦਾ ਅਸਰ ਵੀ ਹੋਣਾ ਸੁਭਾਵਿਕ ਹੀ ਹੈ। ਪ੍ਰਸਿੱਧ ਵਿਦਵਾਨ ਐਲ. ਪੀ. ਜੈਕਸ ਆਪਣੀ ਕਿਤਾਬ ‘The Elemental Religion’ ਵਿਚ ਲਿਖਦਾ ਹੈ ਕਿ, ”ਪੰਚਾਇਤੀ ਰਾਜ ਦਾ ਇਕ ਅਫਸੋਸਨਾਕ ਅਸਰ ਇਹ ਹੋਇਆ ਹੈ ਕਿ ਲੋਕਾਂ ਦੇ ਦਿਲਾਂ ਵਿਚ ਜ਼ਬਤ ਜਾਂ ਸੰਜਮ ਵਿਰੁੱਧ ਅਰੁਚੀ ਹੀ ਨਹੀਂ ਸਗੋਂ ਨਫ਼ਰਤ ਪੈਦਾ ਹੋ ਗਈ ਹੈ। ਅੱਜ ਦਾ ਮਨੁੱਖ ਕਿਸੇ ਦੇ ਮਗਰ ਲੱਗ ਕੇ ਤੁਰਨਾ ਪਸੰਦ ਨਹੀਂ ਕਰਦਾ ਤੇ ਅਜਿਹੇ ਨਿਜ਼ਾਮ ਵਿਚ ਆਗੂ ਦਾ ਕੰਮ ਨਿਭਾਉਣਾ ਬੜਾ ਔਖਾ ਹੈ ਜਿੱਥੇ ਹਰ ਜਣਾ ਤੁਰਦਾ ਫਿਰਦਾ ਆਜ਼ਾਦੀ ਦਾ ਐਲਾਨ ਹੋਵੇ।” ਅਜਿਹੇ ਹਾਲਾਤਾਂ ਵਿਚ ਸਾਨੂੰ ਉੱਦਮ ਕਰਕੇ ਨੌਜਵਾਨਾਂ ਦੇ ਨਜ਼ਦੀਕ ਹੋਣ ਦੀ ਲੋੜ ਹੈ ਤੇ ਉਹਨਾਂ ਨੂੰ ਇਹ ਸਮਝਾ ਦੇਈਏ ਕਿ ਆਜ਼ਾਦੀ ਦਾ ਨਿੱਘ ਲੈਣ ਲਈ ਜ਼ਾਬਤੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਭਾਵੇਂ ਸਾਡਾ ਨਿਸਚਾ ਕਿੰਨਾ ਪੱਕਾ ਹੋਵੇ ਕਿ ਹਰ ਇਨਸਾਨ ਨੂੰ ਜ਼ਿੰਦਗੀ, ਆਜ਼ਾਦੀ ਤੇ ਸੁਖ ਲਈ ਉੱਦਮ ਕਰਨ ਦਾ ਇਕੋ ਜਿਹਾ ਹੱਕ ਹੈ ਪਰ ਜੇ ਜ਼ਬਤ (ਸੰਜਮ) ਤੇ ਜੀਵਨ ਦੀ ਮਰਯਾਦਾ ਮਿਟ ਜਾਵੇ ਤਾਂ ਜ਼ਿੰਦਗੀ ਤੇ ਆਜ਼ਾਦੀ ਆਤਮਘਾਤ ਕਰ ਲੈਂਦੀਆਂ ਹਨ। ਮਰਯਾਦਾ ਦੀ ਮੌਤ ਹੋਣ ਨਾਲ ਜੀਵਨ ਕਦੇ ਵੀ ਸੁਖੀ ਨਹੀਂ ਹੁੰਦਾ, ਜਿਸ ਦੀ ਪ੍ਰਾਪਤੀ ਲਈ ਉੱਦਮ ਕੀਤਾ ਜਾ ਰਿਹਾ ਹੁੰਦਾ ਹੈ।

ਵਰਤਮਾਨ ਪੀੜੀ ਦੇ ਅੜੀਅਲ ਰਵੱਈਏ ਤੇ ਸਿੱਖੀ ਤੋਂ ਟੁੱਟ ਚੁੱਕੇ ਮੋਹ ਨੂੰ ਮੁੜ ਠੀਕ ਕਰਨ ਲਈ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕੁਝ ਹੱਦੋਂ ਵੱਧ ਬਲਵਾਨ ਹੋ ਜਾਏ ਤਾਂ ਉਸ ਦੇ ਵਿਰੋਧ ਨੂੰ ਤਕੜਿਆਂ ਕਰੋ। ਅੱਜ ਦੀ ਦੁਨੀਆਂ ਵਿਚ ਜੋ ਤਾਕਤਾਂ ਬਹੁਤ ਹੀ ਤਕੜੀਆਂ ਹੋ ਚੁੱਕੀਆਂ ਹਨ, ਉਹਨਾਂ ਵਿਚ ਸਭ ਤੋਂ ਵੱਧ ਨੌਜਵਾਨ ਦੀ ਜ਼ਿੰਦਗੀ ਵਿਚ ਬੇ-ਸੰਜਮੀ ਦੀ ਤਾਕਤ ਹੈ। ਤਾਂ ਫਿਰ ਇਸ ਦੇ ਵਿਰੋਧ ਵਿਚ ਆਪਾ ਵੱਸ ਨੂੰ ਤਕੜਿਆਂ ਕਰਨ ਦੀ ਜ਼ਰੂਰਤ ਹੈ। ਜੋ ਕੇਵਲ ਧਰਮ ਦੀ ਮਰਯਾਦਾ ਵਿਚ ਰਹਿ ਕੇ ਕੀਤਾ ਜਾ ਸਕਦਾ ਹੈ। ਇਹ ਜ਼ਰੂਰੀ ਹੈ ਕਿ ਨੌਜਵਾਨ ਪੀੜੀ ਨੂੰ ਧਰਮ ਦੀ ਮਰਯਾਦਾ ਵਿਚ ਲਿਆਉਣ ਲਈ ਅਸੀਂ ਉਹਨਾਂ ਨੂੰ ਯਕੀਨ ਦਿਵਾ ਦੇਈਏ ਕਿ ਅਨੁਸ਼ਾਸਨ ਨਾਲ ਭਰੀ ਜ਼ਿੰਦਗੀ ਹੀ ਉਚਾਈਆਂ ‘ਤੇ ਪਹੁੰਚ ਸਕਦੀ ਹੈ ਤੇ ਅਸੀਂ ਇਹ ਸਭ ਕੁਝ ਉਹਨਾਂ ਦੇ ਭਲੇ ਲਈ ਹੀ ਕਰ ਰਹੇ ਹਾਂ ਨਾ ਕਿ ਉਹਨਾਂ ਉੱਪਰ ਆਪਣਾ ਰੁਹਬ ਜਾਂ ਹੁਕਮ ਲਾਗੂ ਕਰਨ ਲਈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਧਾਰਮਿਕ ਭਾਵ ਤੇ ਸੁਭਾਅ ਅਜਿਹੇ ਵਾਯੂਮੰਡਲ ਵਿਚ ਪੈਦਾ ਨਹੀਂ ਹੋ ਸਕਦੇ ਜਿਸ ਵਿਚ ਅਜਿਹੇ ਅਸਰ ਪ੍ਰਬਲ ਹੋਣ ਜੋ ਦਿਲ ਤੇ ਦਿਮਾਗ਼ ਨੂੰ ਖਿਲਾਰਦੇ ਹੋਣ ਤੇ ਉਹਨਾਂ ਨੂੰ ਧਰਮ ਤੋਂ ਪਰੇ ਵੱਲ ਨੂੰ ਖਿੱਚਦੇ ਹੋਣ। ਅੱਜ ਸਾਡੇ ਘਰਾਂ, ਸਕੂਲਾਂ, ਕਾਲਜਾਂ ਵਿਚ ਤੇ ਸਾਡੀ ਨਿੱਜੀ ਤੇ ਸਮਾਜੀ ਜ਼ਿੰਦਗੀ ਵਿਚ ਬਹੁਤ ਕੁਝ ਅਜਿਹਾ ਹੈ ਜੋ ਉਸ ਜ਼ਿੰਦਗੀ ਬਾਬਤ ਬੇ-ਪਰਤੀਤੀ ਜਾਂ ਅਰੁਚੀ ਪੈਦਾ ਕਰਦਾ ਹੈ ਜਿਸ ਦੀ ਧਰਮ ਸਿੱਖਿਆ ਦਿੰਦਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਅਜਿਹੇ ਵਾਤਾਵਰਨ ਵਿਚ ਅਸੀਂ ਕੀ ਕਰੀਏ ਤੇ ਸਾਡਾ ਹੁਣ ਕੀ ਫ਼ਰਜ਼ ਬਣਦਾ ਹੈ।

ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਆਪਣਾ ਜੀਵਨ ਸਿੱਖੀ ਆਦਰਸ਼ ਦਾ ਨਮੂਨਾ ਹੋਣਾ ਅਤਿ ਜ਼ਰੂਰੀ ਹੈ। ਧਰਮ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਦਾ ਸ਼ਖ਼ਸੀ ਤੇ ਸਮਾਜਿਕ ਜੀਵਨ ਅਜਿਹਾ ਹੋਣਾ ਚਾਹੀਦਾ ਹੈ ਕਿ ਇਸ ਦੀ ਸੁੰਦਰਤਾ ਤੇ ਮਿਠਾਸ ਲੋਕਾਂ ਨੂੰ ਇਨਾਂ ਵੱਲ ਅਤੇ ਉਸ ਸੋਮੇ ਵੱਲ ਜਿੱਥੋਂ ਇਹ ਇਹਨਾਂ ਸ਼ੁੱਭ ਗੁਣਾਂ ਨੂੰ ਪ੍ਰਾਪਤ ਕਰਦੇ ਹਨ-ਸਿੱਖ ਧਰਮ ਵੱਲ ਖਿੱਚਣ। ਧਰਮ ਕੋਈ ਜਾਦੂ ਨਹੀਂ ਅਤੇ ਧਰਮ ਦੇ ਖੇਤਰ ਵਿਚ ਪ੍ਰਚਾਰਕ ਕੋਈ ਜਾਦੂਗਰ ਨਹੀਂ ਤੇ ਨਾ ਹੀ ਜਾਦੂਗਰ ਵਾਂਗ ਹੋਣਾ ਚਾਹੀਦਾ ਹੈ ਜਿਸ ਦੀ ਜ਼ਿੰਦਗੀ ਅਸਲ ਵਿਚ ਕੁਝ ਹੋਰ ਤੇ ਦਿਖਾਉਣ ਲਈ ਕੁਝ ਹੋਰ ਹੋਵੇ। ਅੱਜ ਸਾਡਾ ਸਭ ਤੋਂ ਵੱਡਾ ਦੁਖਾਂਤ ਹੀ ਇਹ ਹੈ ਕਿ ਧਾਰਮਿਕ ਖੇਤਰ ਵਿਚ ਸਾਡੇ ਆਗੂ ਅਸਲ ਵਿਚ ਕੁਝ ਹੋਰ ਹਨ ਤੇ ਦੇਖਣ ਵਿਚ ਕੁਝ ਹੋਰ ਹਨ। ਉੱਚ ਪਦਵੀਆਂ ‘ਤੇ ਸੁਸ਼ੋਭਿਤ ਆਗੂ ਜਦੋਂ ਧਾਰਮਿਕ ਅਹੁਦਿਆਂ ਦੀ ਵਰਤੋਂ ਆਪਣੇ ਨਿਜ ਲਈ ਜਾਂ ਆਪਣੇ ਸਿਆਸੀ ਆਕਿਆਂ ਨੂੰ ਖੁਸ਼ ਕਰਨ ਲਈ ਕਰਦੇ ਹਨ ਤਾਂ ਉਹਨਾਂ ਦਾ ਪ੍ਰਭਾਵ ਆਮ ਸਿੱਖ ‘ਤੇ ਪੈਣਾ ਸੁਭਾਵਿਕ ਹੈ। ਮਿੱਠੀ ਤੋਂ ਮਿੱਠੀ ਦਾਤ ਤੇ ਪਿਆਰੀ ਤੋਂ ਪਿਆਰੀ ਬਖਸ਼ਸ਼ ਥੋੜੇ ਜਿਹੇ ਵਿਗਾੜ ਨਾਲ ਕਈ ਵਾਰੀ ਕੌੜੇ ਫਲ ਦੇ ਦਿੰਦੀ ਹੈ। ਇਹ ਧਾਰਮਿਕ ਆਗੂ ਕੌਮ ਲਈ ਜੀਵਨ ਦੇਣ ਵਾਲੇ ਹਨ ਪਰ ਇਹਨਾਂ ਦੇ ਜੀਵਨ ਵਿਚ ਤੇ ਕਿਰਦਾਰ ਵਿਚ ਆਇਆ ਵਿਗਾੜ ਅੱਜ ਕੌਮ ਦੇ ਭਵਿੱਖ ਦੇ ਵਾਰਸਾਂ ਦੇ ਜੀਵਨ ਵਿਚ ਸੁਗੰਧੀ ਦੀ ਥਾਂ ‘ਤੇ ਦੁਰਗੰਧ ਭਰ ਰਿਹਾ ਹੈ। ਸੱਚ ਤਾਂ ਇਹ ਹੈ ਕਿ ਰੱਬ ਦੇ ਘਰ ਦੀ ਬਾਣੀ ਦੇ ਪ੍ਰਚਾਰਕ, ਗੁਰਦੁਆਰਿਆਂ ਦੇ ਮਹੰਤ ਤੇ ਸੇਵਾਦਾਰ ਜਦ ਤੱਕ ਸਵੱਛ ਤੇ ਪਵਿੱਤਰ ਹਿਰਦੇ ਵਾਲੇ ਰਹਿੰਦੇ ਹਨ, ਤਦ ਤੱਕ, ਇਹਨਾਂ ਦੀ ਰਾਹੀਂ ਬਾਣੀ ਦੀ ਸੁਗੰਧੀ ਖਿਲਰਦੀ ਹੈ, ਪਰ ਜਿਹੜੇ ਹਿਰਦੇ ਰੂਪ ਭਾਂਡੇ ਗੰਦੇ ਹੋ ਜਾਂਦੇ ਹਨ, ਉਹਨਾਂ ਦੀ ਰਾਹੀਂ ਮੁਰਦਿਹਾਣ ਹੀ ਖਿਲਰਦੀ ਹੈ। ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਗੁਰਦੁਆਰੇ ਥਾਂ-ਥਾਂ ਸਾਰੇ ਦੇਸ਼ ਅਤੇ ਵਿਦੇਸ਼ਾਂ ਵਿਚ ਬਣੇ ਹੋਏ ਹਨ। ਇਹਨਾਂ ਪਾਸ ਮਾਇਆ ਤੇ ਹੋਰ ਸਾਧਨਾਂ ਦੀ ਵੀ ਕੋਈ ਕਮੀ ਨਹੀਂ ਹੈ। ਜੇਕਰ ਇਹਨਾਂ ਸਾਧਨਾਂ ਦੀ ਠੀਕ ਵਰਤੋਂ ਕੀਤੀ ਜਾਵੇ ਤਾਂ ਇਹ ਸਿੱਖੀ ਦੀ ਫੁਲਵਾੜੀ ਦੇ ਸੋਮੇ ਤੇ ਮਨੁੱਖ ਦੇ ਆਤਮਿਕ ਜੀਵਨ ਦੇ ਆਧਾਰ ਹੋ ਸਕਦੇ ਹਨ ਜਿਸ ਦਾ ਪ੍ਰਚਾਰ ਕਰਨ ਲਈ ਗੁਰੂ ਸਾਹਿਬਾਨ ਨੇ ਸੰਸਾਰ ਵਿਚ ਆਗਮਨ ਕੀਤਾ ਸੀ। ਇਹ ਜ਼ਰੂਰੀ ਹੈ ਕਿ ਗੁਰਦੁਆਰਿਆਂ ਵਿਚ ਸੇਵਾ ਕਰਨ ਵਾਲਿਆਂ ਲਈ ਹੋਰਨਾਂ ਨਾਲੋਂ ਵਧੇਰੇ ਜ਼ਰੂਰੀ ਹੈ ਕਿ ਉਹ ਸਿੱਖੀ ਦੇ ਰੰਗ ਵਿਚ ਰੰਗੇ ਹੋਣ ਤੇ ਉਹਨਾਂ ਗੁਣਾਂ ਨਾਲ ਭਰਪੂਰ ਹੋਣ ਜੋ ਗੁਰੂ ਸਾਹਿਬਾਨ ਨੂੰ ਪਿਆਰੇ ਸਨ, ਮਿਠਤ ਨੀਵੀਂ, ਖਿਆਲਤਾ, ਰਹਿਣੀ ਤੇ ਕਹਿਣੀ ਦੀ ਪਵਿੱਤਰਤਾ, ਸਰਬ- ਪਿਆਰ, ਤਾਂ ਜੋ ਜਿਹੜੇ ਗੁਰਦੁਆਰੇ ਦੇ ਦਰਸ਼ਨਾਂ ਲਈ ਆਉਣ, ਉਹ ਸਹਿਜੇ ਹੀ ਉਸ ਜੀਵਨ, ਆਸ਼ੇ ਤੇ ਉਤਸ਼ਾਹ ਦੀ ਛੂਹ ਪ੍ਰਾਪਤ ਕਰਨ ਸਕਣ ਜੋ ਸਿੱਖੀ ਜੀਵਨ ਦਾ ਜ਼ਰੂਰੀ ਅੰਗ ਹਨ। ਗੁਰਦੁਆਰਿਆਂ ਦੇ ਨਿੱਕੇ, ਵੱਡੇ ਸਭ ਸੇਵਾਦਾਰਾਂ ਦੇ ਵਤੀਰੇ ਵਿਚ ਕਿਸੇ ਕਿਸਮ ਦਾ ਹੰਕਾਰ ਜਾਂ ਅੜਬਪੁਣਾ, ਰੁੱਖਾਪਨ ਆਦਿ ਨਹੀਂ ਹੋਣਾ ਚਾਹੀਦਾ। ਸ਼ਰਾਬੀਆਂ ਜਾਂ ਪਤਿਤ ਲੋਕਾਂ ਦਾ ਗੁਰਦੁਆਰਾ-ਪ੍ਰਬੰਧ ਅਤੇ ਸੇਵਾ ਨਾਲ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ।

ਇਸ ਗਰਜ਼ ਲਈ ਕਿ ਸਿੱਖੀ ਜੀਵਨ ਨੂੰ ਠੀਕ ਤਰਾਂ ਢਾਲਣ ਅਤੇ ਠੀਕ ਤਰਾਂ ਦੀ ਰੌਸ਼ਨੀ ਤੇ ਸੱਤਿਆ ਦਾ ਪ੍ਰਭਾਵ ਪੈਦਾ ਕਰਨ ਵਿਚ ਗੁਰਦੁਆਰੇ ਠੀਕ ਠੀਕ ਸਹਾਇਤਾ ਕਰ ਸਕਣ, ਇਹ ਜ਼ਰੂਰੀ ਹੈ ਕਿ ਗੁਰਦੁਆਰਿਆਂ ਦੇ ਸੇਵਕ ਤੇ ਸੇਵਾਦਾਰ ਰਾਜਸੀ ਧੜਿਆਂ ਦੇ ਸਰਗਰਮ ਮੈਂਬਰ ਨਾ ਹੋਣ। ਗੁਰਦੁਆਰਾ ਪ੍ਰਬੰਧ ਦੇ ਪਵਿੱਤਰ ਕੰਮ ਲਈ ਤਨਖਾਹਦਾਰ ਤੇ ਇੱਜ਼ਤੀ ਅਹੁਦਿਆਂ ‘ਤੇ ਸੇਵਾ ਕਰਨ ਵਾਲੇ ਪ੍ਰਧਾਨ, ਸਕੱਤਰ, ਕਮੇਟੀ ਮੈਂਬਰ, ਗ੍ਰੰਥੀ, ਜਥੇਦਾਰ, ਆਦਿਕ-ਅਜਿਹੇ ਸੱਜਣ ਹੋਣੇ ਚਾਹੀਦੇ ਹਨ ਜਿਨਾਂ ਵਿਚ ਪ੍ਰਬੰਧ ਕਰਨ ਦੀ ਸ਼ਕਤੀ, ਚੁੱਪ ਕੀਤੇ ਇਮਾਨਦਾਰੀ ਨਾਲ ਤੇ ਲੁਕੇ ਛੁਪੇ ਰਹਿ ਕੇ ਕੰਮ ਕਰਨ ਦੀ ਤਾਕਤ, ਸਿੱਖ ਧਰਮ ਤੇ ਸਿੱਖੀ ਜੀਵਨ ਦਾ ਵਾਧਾ ਤੇ ਪ੍ਰਚਾਰ ਕਰਨ ਦੀ ਲਗਨ ਹੋਵੇ। ਗੁਰਦੁਆਰੇ ਧੜੇਬਾਜ਼ੀ ਦੇ ਵਿਖਾਵਿਆਂ ਤੇ ਝਗੜਿਆਂ ਝਾਂਜਿਆਂ ਤੋਂ ਪਾਕ ਰਹਿਣੇ ਚਾਹੀਦੇ ਹਨ। ਇਨਾਂ ਨੂੰ ਰਾਜਸੀ ਧੜੇਬਾੜੀ ਦੇ ਅਖਾੜੇ ਨਹੀਂ ਬਨਾਉਣਾ ਚਾਹੀਦਾ ਅਤੇ ਨਾ ਹੀ ਇਨਾਂ ਨੂੰ ਕਿਸੇ ਰਾਜਸੀ ਧੜੇ ਦੇ ਲਾਭਾਂ ਹਿਤ ਹਥਿਆਰ ਬਣਾ ਕੇ ਵਰਤਣਾ ਚਾਹੀਦਾ ਹੈ। ਮੌਜੂਦਾ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਸੀਕਰਣ ਹੋਣ ਕਰਕੇ ਕੌਮ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ।

ਗੁਰਦੁਆਰਾ ਫੰਡਾਂ ਦਾ ਇਕ ਹਿੱਸਾ ਜਨਤਾ ਵਿਚ ਤਾਲੀਮ (ਵਿੱਦਿਆ) ਤੇ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਵਰਤਣਾ ਚਾਹੀਦਾ ਹੈ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹਰ ਸਿੱਖ ਗੁਰਮੁਖੀ ਲਿਖਣ ਪੜਨ ਜੋਗਾ ਹੋ ਜਾਵੇ। ਠੀਕ ਢੰਗ ਨਾਲ ਦਿੱਤੀ ਗਈ ਠੀਕ ਵਿੱਦਿਆ ਦੇ ਵਸੀਲੇ ਨਾਲ ਅਸੀਂ ਲੋਕਾਂ ਦੇ ਜੀਵਨਾਂ ਵਿਚ ਰੱਬ ਲਿਆ ਸਕਦੇ ਹਾਂ ਅਤੇ ਦੁਨੀਆਂ ਵਿਚ ਰੱਬੀ ਰਾਜ ਦੀ ਕਾਇਮੀ ਵਿਚ ਸਹਾਈ ਹੋ ਸਕਦੇ ਹਾਂ। ਇਹ ਫੰਡ ਸਾਨੂੰ ਸਿੱਖ ਯੂਨੀਵਰਸਿਟੀ ਕਾਇਮ ਕਰਨ ਵਿਚ ਸਹਾਈ ਹੋਣੇ ਚਾਹੀਦੇ ਹਨ। ਮੌਜੂਦਾ ਸਿੱਖ ਕਾਲਜਾਂ ਵਿਚ ਸਿੱਖ ਧਰਮ ਦੀ ਪੜਾਈ ਲਈ ਉਚੇਚੇ ਲਾਇਕ ਪ੍ਰੋਫੈਸਰਾਂ ਰਾਹੀਂ ਯੋਗ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਅਤੇ ਜਿੱਥੇ ਅੱਗੇ ਹੈ ਉਸ ਨੂੰ ਚੰਗੇਰਾ ਕਰਨਾ ਚਾਹੀਦਾ ਹੈ। ਸਕੂਲਾਂ ਤੇ ਕਾਲਜਾਂ ਵਿਚ ਧਾਰਮਿਕ ਵਜ਼ੀਫੇ ਕਾਇਮ ਕੀਤੇ ਜਾਣ। ਲਿਖਾਰੀਆਂ ਨੂੰ ਉਤਸ਼ਾਹ ਦਿੱਤਾ ਜਾਵੇ ਕਿ ਉਹ ਹਰ ਉਮਰ ਦੇ ਲੋਕਾਂ ਲਈ, ਖਾਸ ਕਰਕੇ ਬੱਚਿਆਂ ਤੇ ਨੌਜਵਾਨਾਂ ਲਈ, ਸੁਹਣੀਆਂ ਧਾਰਮਿਕ ਪੁਸਤਕਾਂ ਰਚਣ, ਉਨਾਂ ਦੇਸ਼ਾਂ ਵਾਂਗ ਜਿਨਾਂ ਨੇ ਆਪਣੇ ਖਿਆਲਾਂ ਦਾ ਪ੍ਰਚਾਰ ਆਪਣੀ ਜਨਤਾ ਵਿਚ ਪੂਰੀ ਤਰਾਂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ।

ਕੌਮ ਦੇ ਭਵਿੱਖ ਨੂੰ ਕੌਮ ਨਾਲ ਜੋੜਨ ਲਈ ਪਹਿਲਾਂ ਪੰਜਾਬ ਵਿਚ ਥਾਂ-ਥਾਂ ਪ੍ਰਚਾਰ ਦੇ ਕੇਂਦਰ ਕਾਇਮ ਕਰਨ ਚਾਹੀਦੇ ਹਨ। ਪਿੰਡਾਂ ਦੀਆਂ ਧਰਮਸ਼ਾਲਾਵਾਂ ਵਿਚ ਪਹਿਲਾਂ ਵਾਂਗ ਫਿਰ ਪਿੰਡ ਦੇ ਬੱਚਿਆਂ ਦੀ ਪੜਾਈ ਹੋਇਆ ਕਰੇ ਅਤੇ ਗੁਰਮੁਖੀ ਪੜ ਲਿਖ ਸਕਣ ਤੇ ਗੁਰਬਾਣੀ ਸਮਝ ਸਕਣ ‘ਤੇ ਵਧੇਰੇ ਜ਼ੋਰ ਦਿੱਤਾ ਜਾਵੇ।ਪਰ ਪੰਜਾਬੋਂ ਬਾਹਰ ਵੀ ਪ੍ਰਚਾਰ ਕਰਨਾ ਜ਼ਰੂਰੀ ਹੈ ਨਹੀਂ ਤਾਂ ਹੋ ਸਕਦਾ ਹੈ ਕਿ ਆਪਣੇ ਆਪ ਨੂੰ ਕੇਵਲ ਪੰਜਾਬ ਵਿਚ ਹੀ ਮਹਿਦੂਦ ਅਤੇ ਇੱਥੇ ਵੀ ਇਕ ਘੱਟ ਗਿਣਤੀ ਵੇਖ ਕੇ ਸਿੱਖ ਦਿਲ ਛੱਡ ਬਹਿਣ ਅਤੇ ਆਪਣੇ ਆਪ ਨੂੰ ਇਕ ਮਾੜੀ ਜਿਹੀ ਕੌਮ ਸਮਝਣ ਲੱਗ ਪੈਣ। ਇਹ ਗੱਲ ਬੜੀ ਅਫਸੋਸਨਾਕ ਹੋਵੇਗੀ। ਜੇ ਦੁਨੀਆਂ ਦੇ ਹਰ ਹਿੱਸੇ ਵਿਚ ਪ੍ਰਚਾਰ ਦੇ ਕੇਂਦਰ ਕਾਇਮ ਕੀਤੇ ਜਾ ਸਕਣ ਤਾਂ ਇਨਾਂ ਤੋਂ ਇਹ ਸਾਡੇ ਲੋਕਾਂ ਵਿਚ ਨਵੇਂ ਉਤਸ਼ਾਹ ਦੇ ਸੋਮੇ ਬਣ ਸਕਦੇ ਹਨ। ਇਹ ਸਿੱਖ ਹਿਰਦਿਆਂ ਵਿਚ ਸਿੱਖੀ ਦਾ ਪ੍ਰਕਾਸ਼ ਕਰਨ ਵਿਚ ਸਹਾਈ ਹੋਣਗੇ। ਇਸ ਕੰਮ ਲਈ ਪਹਿਲੀ ਲੋੜ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਲਥਾ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਬੋਲੀਆਂ ਵਿਚ ਕੀਤਾ ਜਾਵੇ, ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਕਮੇਟੀ ਚੋਣਵੇਂ ਵਿਦਵਾਨ ਨੀਯਤ ਕਰੇ ਅਤੇ ਫਿਰ ਇਸ ਉਲਥੇ ਨੂੰ ਅਜਿਹੇ ਹੀ ਸੁੰਦਰ ਢੰਗ ਨਾਲ, ਸਗੋਂ ਵਧੇਰੇ ਸੁੰਦਰ ਰੂਪ ਵਿਚ ਪ੍ਰਕਾਸ਼ਤ ਕੀਤਾ ਜਾਵੇ ਜਿਵੇਂ ਕਿ ਈਸਾਈ ਭਰਾਵਾਂ ਦੀ ਅੰਜੀਲ ਛਪੀ ਹੁੰਦੀ ਹੈ। ਇਨਾਂ ਬੀੜਾਂ ਤੇ ਗੁਟਕਿਆਂ ਦੀ ਭੇਟਾ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਲੋਕਾਂ ਵਿਚ ਪ੍ਰਚਾਰ ਹੋਵੇ ਅਤੇ ਅਸ਼ੁੱਧ ਤੇ ਘਟੀਆ ਛਪਾਈ ਕਰਨ ਵਾਲੇ ਦੁਕਾਨਦਾਰ ਇਹ ਕੰਮ ਛੱਡ ਦੇਣ।

ਸਾਰੇ ਪੰਥ ਵਿਚ ਇਕ ਜ਼ੋਰਦਾਰ ਲੋਕ-ਰਾਏ ਕਾਇਮ ਹੋਣੀ ਤੇ ਵਰਤਣੀ ਚਾਹੀਦੀ ਹੈ ਜੋ ਸਿੱਖੀ ਜੀਵਨ ਲਈ ਪ੍ਰੇਰਨਾ ਕਰੇ, ਸਿੱਖੀ ਰਹਿਤ-ਅੰਦਰ ਦੀ ਤੇ ਬਾਹਰ ਦੀ ਸਿੱਖੀ ਰਹਿਤ-ਰੱਖਣ ਵਾਲਿਆਂ ਨੂੰ ਸ਼ਾਬਾਸ਼ ਕਹੇ ਤੇ ਉਤਸ਼ਾਹ ਦੇਵੇ ਅਤੇ ਜਿਨਾਂ ਦਾ ਜੀਵਨ ਗੁਰਸਿੱਖੀ ਦੀ ਰਹਿਤ ਮਰਯਾਦਾ ਦੇ ਉਲਟ ਹੋਵੇ ਉਨਾਂ ਨੂੰ ਕੋਸੇ, ਮਾੜਾ ਸਮਝੇ ਤੇ ਠੀਕ ਰਾਹੇ ਲਿਆਉਣ ਦੇ ਯਤਨਾਂ ਵਿਚ ਸਹਾਈ ਹੋਵੇ। ਜੇ ਇਹ ਕੁਝ ਕੀਤਾ ਜਾ ਸਕੇ ਤਾਂ ਬਹੁਤ ਸਾਰੀਆਂ ਖਰਾਬੀਆਂ ਜੋ ਅੱਜਕੱਲ ਸਾਡੀ ਜਨਤਾ ਦੇ ਜੀਵਨ ਨੂੰ ਨਾਸ ਕਰ ਰਹੀਆਂ ਹਨ, ਦੂਰ ਹੋ ਜਾਣ। ਫਿਰ ਇਹ ਨਾ ਹੋਵੇ ਕਿ ਦਾਹੜੀਆਂ ਕਤਰਨ ਵਾਲੇ ਤੇ ਪੂਰੀ ਤਰਾਂ ਪਤਿਤ ਹੋ ਚੁੱਕੇ ਸਿੱਖ ਇਸ ਤਰਾਂ ਹਿੱਕਾਂ ਕੱਢੀ ਨਖਰੇ ਤੇ ਆਜ਼ਾਦੀ ਨਾਲ ਪਏ ਫਿਰਨ ਤੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਫਿਰਨ। ਫਿਰ ਇਹ ਨਾ ਹੋਵੇ ਕਿ ਸਿੱਖ ਖੁੱਲਮ ਖੁੱਲਾ ਕੁਰਹਿਤਾਂ ਕਰਨ ਅਤੇ ਉਨਾਂ ਉੱਪਰ ਕੋਈ ਰੋਕ ਨਾ ਹੋਵੇ। ਪੰਥ ਦੇ ਸਾਰੇ ਅੰਗਾਂ ਦੀਆਂ ਚੋਣਵੀਆਂ ਧਾਰਮਿਕ ਹਸਤੀਆਂ, ਤੇ ਸਿੱਖ ਜੀਵਨ ਵਾਲੇ ਵਿਦਵਾਨਾਂ ਦੀ

ਇਕ ਕੇਂਦਰੀ ਕਮੇਟੀ ਹੋਣੀ ਚਾਹੀਦੀ ਹੈ ਜੋ ਕਿ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੋਵੇ। ਧਰਮ ਪ੍ਰਚਾਰ ਖੇਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਰਹਿਤ ਮਰਯਾਦਾ ਨੂੰ ਪ੍ਰਚਾਰਨ ਵਾਲੀਆਂ ਸੰਸਥਾਵਾਂ ਜਾਂ ਵਿਦਵਾਨਾਂ ਨੂੰ ਹੀ ਇਸ ਕਮੇਟੀ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਹ ਕਮੇਟੀ ਉਨਾਂ ਸਭ ਧਾਰਮਿਕ ਮਾਮਲਿਆਂ ‘ਤੇ ਵਿਚਾਰ ਕਰਕੇ ਫ਼ੈਸਲਾ ਦਿਆ ਕਰੇ ਜਿਨਾਂ ਕਰਕੇ ਸਾਡੇ ਵਿਚ ਝਗੜੇ ਜਾਂ ਵਖੇਵੇਂ ਹਨ। ਇਸ ਕਮੇਟੀ ਵਲੋਂ ਦਿੱਤੇ ਗਏ ਫ਼ੈਸਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤਾ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕਿਸੇ ਨੂੰ ਰਾਜਸੀ ਜਾਂ ਧਾਰਮਿਕ ਵਿਰੋਧ ਕਰਕੇ ਛੇਕਣਾ ਸਿੱਖ ਪਰੰਪਰਾਵਾਂ ਦੇ ਅਨੁਸਾਰੀ ਨਹੀਂ ਹੈ।
ਸਾਡੀ ਆਮ ਜਨਤਾ ਵਿਚ ਜੁਰਮਾਂ, ਅਪਰਾਧਾਂ ਤੇ ਇਖ਼ਲਾਕ ਵਿਰੁੱਧ ਕਾਰਵਾਈਆਂ ਦਾ ਜ਼ੋਰ ਵਧਦਾ ਜਾਂਦਾ ਹੈ। ਪਿੰਡਾਂ ਵਿਚ ਤਾਂ ਹਾਲਤ ਬਹੁਤ ਹੀ ਅਫਸੋਸਨਾਕ ਹੁੰਦੀ ਜਾ ਰਹੀ ਹੈ। ਪੇਂਡੂਆਂ ਦੇ ਪੁਰਾਣੇ ਰਵਾਇਤੀ ਗੁਣ ਤੇ ਪੇਂਡੂ ਜੀਵਨ ਦੀਆਂ ਸੁੰਦਰ ਖੂਬੀਆਂ ਸਭ ਕੁਝ ਤੇਜ਼ੀ ਨਾਲ ਮਿਟਦਾ ਜਾ ਰਿਹਾ ਹੈ। ਲੜਾਈਆਂ, ਝਗੜੇ, ਚੋਰੀਆਂ, ਡਾਕੇ, ਜ਼ਨਾਹਕਾਰੀ ਤੇ ਹਰ ਤਰਾਂ ਦੇ ਪਾਪ ਪ੍ਰਧਾਨ ਹੋ ਰਹੇ ਹਨ। ਕੋਈ ਵਿਰਲਾ ਹੀ ਅਜਿਹਾ ਪਿੰਡ ਹੋਵੇਗਾ ਜਿੱਥੇ ਘਰ ਦੀ ਕੱਢੀ ਸ਼ਰਾਬ ਨਹੀਂ ਉਡਦੀ ਅਤੇ ਹੋਰ ਨਸ਼ਿਆਂ ਦਾ ਸੇਵਨ ਨਹੀਂ ਹੁੰਦਾ। ਇਸ ਬੁਰਾਈ ਤੋਂ ਹੋਰ ਸਭ ਐਬ ਤੇ ਔਗੁਣ ਪੈਦਾ ਹੋ ਰਹੇ ਹਨ।
ਸਾਡੇ ਪਿੰਡ ਸਦਾ ਸਿੱਖੀ ਦੇ ਗੜ ਰਹੇ ਹਨ। ਸਾਡੇ ਵਿਚ ਜਿਹੜੀਆਂ ਵੀ ਲਹਿਰਾਂ ਨੇ ਕਦੇ ਕਾਮਯਾਬੀ ਤੇ ਪ੍ਰਸਿੱਧੀ ਪ੍ਰਾਪਤ ਕੀਤੀ, ਉਨਾਂ ਵਿਚ ਕੰਮ ਕਰਨ ਵਾਲਿਆਂ ਦੀ ਬਹੁਤੀ ਗਿਣਤੀ ਸਿੱਧੇ ਸਾਦੇ, ਭਗਤੀ-ਭਾਵ ਵਾਲੇ ਤੇ ਵਿਸ਼ਵਾਸ ਨਾਲ ਭਰਪੂਰ ਪੇਂਡੂਆਂ ਦੀ ਹੁੰਦੀ ਆਈ ਹੈ।

ਪੇਂਡੂਆਂ ਦੀ ਹਾਲਤ ਵਿਗੜ ਜਾਣ ਨਾਲ ਸਮਝੋ ਉਸ ਮਹਾਨ ਬਿਰਛ ਦੀ ਜੜ ਨੂੰ ਮਹੁਰੀ ਲੱਗ ਰਹੀ ਹੈ ਜੋ ਗੁਰੂ ਸਾਹਿਬਾਨ ਨੇ ਇਤਨੀ ਖੇਚਲ ਨਾਲ ਲਗਾਇਆ ਸੀ। ਸਮਾਂ ਹੈ ਕਿ ਅੱਜਕੱਲ ਦੀ ‘ਸੱਭਿਅਤਾ’ ਦੇ ਇਸ ਮਾਰੂ ਵਾਰ ਤੋਂ ਪਿੰਡਾਂ ਦੇ ਪੇਂਡੂਆਂ ਨੂੰ ਬਚਾਇਆ ਜਾਵੇ। ਹੋਰਨਾਂ ਦੁਰੇਡਿਆਂ ਸੂਬਿਆਂ ਵਿਚ ਸਿੱਖੀ ਪ੍ਰਚਾਰ ਦੀ ਬਹੁਤ ਲੋੜ ਹੈ। ਜੋ ਖੂਬ ਉਤਸ਼ਾਹ, ਸਰਗਰਮੀ ਤੇ ਦ੍ਰਿੜਤਾ ਨਾਲ ਕਰਨਾ ਚਾਹੀਦਾ ਹੈ, ਪਰ ਇਸ ਪ੍ਰਚਾਰ ਨਾਲੋਂ ਵੀ ਵਧੇਰੇ ਜ਼ਰੂਰੀ ਇਹ ਕੰਮ ਹੈ ਕਿ ਕੇਂਦਰ ਵਿਚ ਮੁਢਲੇ ਤਣੇ ਨੂੰ ਕਾਇਮ ਤੇ ਸੁਰਜੀਤ ਰੱਖਿਆ ਜਾਵੇ। ਪੰਜਾਬ ਦੇ ਵਸਨੀਕਾਂ, ਖਾਸ ਕਰਕੇ ਸਿੱਖਾਂ, ਦੇ ਦਿਲਾਂ ਤੇ ਦਿਮਾਗਾਂ ਵਿਚ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੂੰ ਫਿਰ ਲਿਆ ਵਸਾਉਣ, ਉਨਾਂ ਵਿਚ ਸਿੱਖੀ ਭਰੋਸੇ ਤੇ ਸਿਦਕ ਦੀ ਜੋਤ ਜਗਾਉਣ ਲਈ ਹਰ ਸੰਭਵ ਉੱਦਮ ਕਰਨ ਦੀ ਲੋੜ ਹੈ। ਇਸ ਲਈ ਆਪਣੇ ਸੁਖ-ਆਰਾਮ ਤੇ ਐਸ਼ੋ-ਇਸ਼ਰਤ ਛੱਡ ਕੇ ਪਿੰਡ ਪੱਧਰ ‘ਤੇ ਇਕਾਈ ਬਣਾ ਕੇ ਉਥੋਂ ਦੇ ਵਸਨੀਕਾਂ ਦੇ ਨੇੜੇ ਹੋ ਕੇ ਗੁਰੂ ਸਿੱਖਿਆ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਅਤਿ-ਜ਼ਰੂਰੀ ਹੈ। ਸਮਾਂ ਮੰਗ ਕਰਦਾ ਹੈ ਕਿ ਅਸੀਂ ਸਾਰੇ ਪੰਥ- ਦਰਦੀ ਕਦਮ ਨਾਲ ਕਦਮ ਮਿਲਾ ਕੇ ਨੌਜਵਾਨ ਪੀੜੀ ਨਾਲ ਪਿਆਰ ਕਰਕੇ ਉਨਾਂ ਨੂੰ ਧਰਮ ਦੇ ਰਾਹ ‘ਤੇ ਤੋਰੀਏ, ਉਹਨਾਂ ਨੂੰ ਪਤਿਤ-ਪਤਿਤ ਜਾਂ ਨਸ਼ੱਈ ਕਹਿ ਕੇ ਨਫ਼ਰਤ ਨਾ ਕਰੀਏ। ਪਿਆਰ ਭਰੀ ਗਲਵਕੜੀ ਹਰ ਕਿਸੇ ਦਾ ਦਿਲ ਮੋਮ ਕਰ ਦਿੰਦੀ ਹੈ। ਜਿੱਥੇ ਉਨਾਂ ਨੂੰ ਗੁਰੂ ਦੇ ਮਾਰਗ ‘ਤੇ ਤੋਰਨਾ ਹੈ, ਉੱਥੇ ਉਨਾਂ ਦੀ ਆਰਥਿਕ ਹਾਲਤ ਤੇ ਸਮਾਜਿਕ ਜ਼ਿੰਦਗੀ ਨੂੰ ਵੀ ਚਮਕਾਉਣ ਦਾ ਉਪਰਾਲਾ ਹੋਣਾ ਜ਼ਰੂਰੀ ਹੈ। ਇਕ ਸਾਂਝੇ ਫੰਡ ਨਾਲ ਉਨਾਂ ਦੀ ਮਦਦ ਕਰਕੇ ਦਸਤਕਾਰੀ ਆਦਿ ਹੁਨਰ ਉਨਾਂ ਅੰਦਰ ਪ੍ਰਵੇਸ਼ ਕੀਤੇ ਜਾ ਸਕਦੇ ਹਨ। ਇੰਜੀਨੀਅਰੀ, ਡਾਕਟਰੀ ਆਦਿ ਪੜਾਈਆਂ ਲਈ ਸਿੱਖ ਸੋਚ ਨਾਲ ਭਰਪੂਰ ਕਾਲਜ ਖੋਲ ਕੇ ਉਚੇਰੀ ਵਿੱਦਿਆ ਨਾਲ ਜਿੱਥੇ ਉਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾ ਸਕਦਾ ਹੈ ਉੱਥੇ ਸਿੱਖੀ ਜੀਵਨ ਵਿਚ ਵੀ ਪੱਕੇ ਕੀਤਾ ਜਾ ਸਕਦਾ ਹੈ। ਸਾਡਾ ਇਹ ਨਿਸਚਾ ਹੈ ਕਿ ਸੱਚੇ ਦਿਲੋਂ ਜੇਕਰ ਕੋਈ ਉੱਦਮ ਕੀਤਾ ਜਾਵੇ ਤਾਂ ਉਸ ਨੂੰ ਫਲ ਜ਼ਰੂਰ ਮਿਲਦਾ ਹੈ ਤੇ ਥੋੜੇ ਸਮੇਂ ਵਿਚ ਹੀ ਇਸ ਉੱਦਮ ਦੇ ਸਾਰਥਕ ਨਤੀਜੇ ਸਾਹਮਣੇ ਆ ਜਾਣਗੇ ਜਿਸ ਨਾਲ ਮੁੜ ਸਿੱਖੀ ਦੀ ਫੁਲਵਾੜੀ ਮਹਿਕ ਸਕੇਗੀ ਤੇ ਖ਼ਾਲਸਾ ਜੀ ਕੇ ਬੋਲ-ਬਾਲੇ ਨਾਲ ਸੰਸਾਰ ਗੂੰਜ ਉਠੇਗਾ।



from Punjab News – Latest news in Punjabi http://ift.tt/2cxH5dx
thumbnail
About The Author

Web Blog Maintain By RkWebs. for more contact us on rk.rkwebs@gmail.com

0 comments