ਕਸ਼ਮੀਰ: ਸ਼ਰੀਫ਼ ਵੱਲੋਂ ਭਾਰਤ ’ਤੇ ਤਿੱਖੇ ਹਮਲੇ

ਵਧੀਕੀਆਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦਾ ਤੱਥ ਪੜਤਾਲ ਮਿਸ਼ਨ ਕਸ਼ਮੀਰ ਭੇਜਣ ਦੀ ਮੰਗ
* ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੀ ਮੰਗ ਦੀ ਹਮਾਇਤ
* ਭਾਰਤ ਨੂੰ ਦਿੱਤਾ ਅਰਥਪੂਰਣ ਗੱਲਬਾਤ ਦਾ ਸੱਦਾ
ਸੰਯੁਕਤ ਰਾਸ਼ਟਰ :
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਸੰਯੁਕਤ ਰਾਸ਼ਟਰ ਆਮ ਸਭਾ ’ਚ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਬੁਰਹਾਨ ਵਾਨੀ ਦੀ ਵਡਿਆਈ ਕੀਤੀ ਅਤੇ ਕਸ਼ਮੀਰ ’ਚ ਭਾਰਤ ਸਰਕਾਰ ਵੱਲੋਂ ਮੁਸਲਮਾਨਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਬਾਰੇ ਬੋਲਿਦਆਂ ਕਿਹਾ ਕਿ ਉਹ ਭਾਰਤ ਨਾਲ ਜੰਮੂ ਕਸ਼ਮੀਰ ਸਮੇਤ ਸਾਰੇ ਬਕਾਇਆ ਮੁੱਦਿਆਂ ਦੇ ਸ਼ਾਂਤੀਪੂਰਬਕ ਹੱਲ ਲਈ ਗੰਭੀਰ ਅਤੇ ਅਰਥਪੂਰਣ ਵਾਰਤਾ ਲਈ ਤਿਆਰ ਹਨ। ਕਰੀਬ 20 ਮਿੰਟਾਂ ਦੇ ਭਾਸ਼ਨ ਦੌਰਾਨ ਸ੍ਰੀ ਸ਼ਰੀਫ਼ ਨੇ ਜ਼ਿਆਦਾਤਰ ਸਮਾਂ ਕਸ਼ਮੀਰ ਅਤੇ ਉਥੋਂ ਦੇ ਹਾਲਾਤ ’ਤੇ ਕੇਂਦਰਤ ਰੱਖਿਆ। ਉਨ੍ਹਾਂ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੀ ਮੰਗ ਦੀ ਹਮਾਇਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰ ਵਿੱਚਲੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਸੰਯੁਕਤ ਰਾਸ਼ਟਰ ਵੱਲੋਂ ਤੱਥ ਪੜਤਾਲ ਮਿਸ਼ਨ ਕਸ਼ਮੀਰ ਭੇਜਿਆ ਜਾਵੇ ਤਾਂ ਜੋ ਵਧੀਕੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਦਾ ਮਸਲਾ ਹੱਲ ਕੀਤੇ ਬਿਨਾਂ ਪਾਕਿਸਤਾਨ ਅਤੇ ਭਾਰਤ ਦਰਮਿਆਨ ਸ਼ਾਂਤੀ ਨਹੀਂ ਹੋ ਸਕਦੀ। ਸ਼ਰੀਫ਼ ਨੇ ਵਾਦੀ ’ਚ ਅਸ਼ਾਂਤੀ ਦੇ ਮੌਜੂਦਾ ਹਾਲਾਤ ਬਾਰੇ ਕਈ ਦੋਸ਼ ਲਾਏ। ਉਨ੍ਹਾਂ ਪਾਕਿਸਤਾਨ ਨੂੰ ਅਤਿਵਾਦ ਤੋਂ ਪੀੜਤ ਦੱਸਦਿਆਂ ਕਸ਼ਮੀਰ ਦੇ ਲੋਕਾਂ ਦੇ ਪੱਖ ’ਚ ਹਾਅ ਦਾ ਨਾਅਰਾ ਮਾਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਮਨੁੱਖੀ ਹੱਕਾਂ ਦੀ ਕੀਤੀ ਜਾ ਰਹੀ ਉਲੰਘਣਾ ਸਬੰਧੀ ਖਰੜਾ ਪਾਕਿਸਤਾਨ ਵੱਲੋਂ ਸਕੱਤਰ ਜਨਰਲ ਨਾਲ ਸਾਂਝਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਨੇ ਜੰਮੂ ਕਸ਼ਮੀਰ ’ਚ ਰਾਇਸ਼ੁਮਾਰੀ ਕਰਾਉਣ ਲਈ ਕਿਹਾ ਸੀ ਪਰ ਕਸ਼ਮੀਰੀ ਲੋਕ ਪਿਛਲੇ 70 ਸਾਲਾਂ ਤੋਂ ਇਸ ਵਾਅਦੇ ਨੂੰ ਲਾਗੂ ਕਰਨ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਨੂੰ ਆਪਣੇ ਲਏ ਗਏ ਫ਼ੈਸਲੇ ਨੂੰ ਲਾਗੂ ਕਰਨਾ ਚਾਹੀਦਾ ਹੈ। ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਭਾਰਤ ਨਾਲ ਦੋਸਤੀ ਦਾ ਹੱਥ ਵੀ ਮਿਲਾਇਆ ਸੀ ਅਤੇ ਵਾਰ ਵਾਰ ਬਕਾਇਆ ਮੁੱਦਿਆਂ ਦੇ ਹੱਲ ਲਈ ਵਾਰਤਾ ਦੀ ਪੇਸ਼ਕਸ਼ ਕੀਤੀ ਸੀ ਪਰ ਭਾਰਤ ਨੇ ਗੱਲਬਾਤ ਲਈ ਕਈ ਗ਼ੈਰ ਲੋੜੀਂਦੀਆਂ ਸ਼ਰਤਾਂ ਰੱਖ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਮੰਚ ਤੋਂ ਭਾਰਤ ਨੂੰ ਫਿਰ ਸੰਜੀਦਾ ਅਤੇ ਨਿਰੰਤਰ ਗੱਲਬਾਤ ਦਾ ਸੱਦਾ ਦਿੰਦੇ ਹਨ ਤਾਂ ਜੋ ਬਕਾਇਆ ਮੁੱਦਿਆਂ ਦਾ ਸ਼ਾਂਤੀਪੂਰਬਕ ਢੰਗ ਨਾਲ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਰਮਾਣੂ ਪ੍ਰੀਖਣ ’ਤੇ ਪਾਬੰਦੀ ਲਈ ਦੁਵੱਲੀ ਸੰਧੀ ’ਤੇ ਸਹਿਮਤੀ ਬਣਾਉਣ ਲਈ ਗੱਲਬਾਤ ਕਰਨ ਨੂੰ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਭਾਰਤ ਨਾਲ ਹਥਿਆਰਾਂ ਦੀ ਦੌੜ ’ਚ ਸ਼ਾਮਲ ਨਹੀਂ ਹੈ ਅਤੇ ਉਹ ਬਿਨਾ ਸ਼ਰਤ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ।



from Punjab News – Latest news in Punjabi http://ift.tt/2dcg4Pn
thumbnail
About The Author

Web Blog Maintain By RkWebs. for more contact us on rk.rkwebs@gmail.com

0 comments