ਉੜੀ ਹਮਲੇ ਦਾ ਨਿੱਗਰ ਜਵਾਬ ਦੇਣ ਬਾਰੇ ਰਣਨੀਤੀ ਨੂੰ ਅੰਤਿਮ ਛੋਹਾਂ

ਇਕ ਹੋਰ ਸੈਨਿਕ ਦੇ ਦਮ ਤੋੜਨ ਨਾਲ ਮ੍ਰਿਤਕਾਂ ਦੀ ਗਿਣਤੀ 18 ਹੋਈ

ਨਵੀਂ ਦਿੱਲੀ : ਉੜੀ ’ਚ ਦਹਿਸ਼ਤੀ ਹਮਲੇ ਦੇ ਜਵਾਬ ’ਚ ਨਪਿਆ-ਤੁਲਿਆ, ਬਹੁ-ਪੱਧਰੀ ਅਤੇ ਰਣਨੀਤਕ ਜਵਾਬ ਦੇਣ ਲਈ ਵਚਨਬੱਧ ਭਾਰਤ ਵੱਲੋਂ ਕੌਮਾਂਤਰੀ ਪੱਧਰ ’ਤੇ ਪਾਕਿਸਤਾਨ ਦੀ ਪੋਲ ਖੋਲ੍ਹਣ ਦੀ ਰਣਨੀਤੀ ਵੀ ਬਣਾਈ ਜਾ ਰਹੀ ਹੈ। ਇਸ ਤਹਿਤ ਪਾਕਿਸਤਾਨ ਵੱਲੋਂ ਅਤਿਵਾਦ ਨੂੰ ਸ਼ਹਿ ਦੇਣ ਦੇ ਕਾਰਵਾਈ ਯੋਗ ਸਬੂਤ ਪੇਸ਼ ਕੀਤੇ ਜਾਣਗੇ ਅਤੇ ਇਸ ਮੁਲਕ ਨੂੰ ਅਲੱਗ-ਥਲੱਗ ਕਰਨ ਲਈ ਦਬਾਅ ਪਾਇਆ ਜਾਏਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਰ ਸ਼ਾਮ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ। ਇਸ ਤੋਂ ਕਿਆਸਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿਉਂਕਿ ਰਾਸ਼ਟਰਪਤੀ ਭਾਰਤੀ ਸੈਨਾਵਾਂ ਦੇ ਸੁਪਰੀਮ ਕਮਾਂਡਰ ਹਨ। ਫ਼ੌਜ ਨੇ ਵੀ ਕਿਹਾ ਹੈ ਕਿ ਉਹ ਆਪਣੇ ਚੁਣੇ ਗਏ ਟਿਕਾਣੇ ’ਤੇ ਸਹੀ ਸਮਾਂ ਆਉਣ ’ਤੇ ਜਵਾਬ ਦੇਵੇਗੀ। ਉਧਰ ਕੱਲ੍ਹ ਤੜਕੇ ਫ਼ੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ’ਚ ਜ਼ਖ਼ਮੀ ਹੋਏ ਸਿਪਾਹੀ ਕੇ ਵਿਕਾਸ ਜਨਾਰਧਨ ਦੇ ਅੱਜ ਦਮ ਤੋੜਨ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 18 ਹੋ ਗਈ ਹੈ।

ਭਾਰਤ ਨੇ ਚਾਰ ਦਹਿਸ਼ਤਗਰਦਾਂ ਵੱਲੋਂ ਵਰਤੇ ਗਏ ਪਾਕਿਸਤਾਨੀ ਮਾਅਰਕੇ ਵਾਲੇ ਹਥਿਆਰਾਂ, ਭੋਜਨ, ਐਨਰਜੀ ਡ੍ਰਿੰਕਸ ਅਤੇ ਜੀਪੀਐਸ ਟਰੈਕਰਾਂ ਦੇ ਸਬੂਤ ਪਾਕਿਸਤਾਨ ਨੂੰ ਸੌਂਪੇ ਜਾਣ ਦੀ ਯੋਜਨਾ ਬਣਾਈ ਹੈ। ਇਹ ਸੰਕੇਤ ਉਸ ਸਮੇਂ ਮਿਲੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਦੋ ਘੰਟਿਆਂ ਤਕ ਗ੍ਰਹਿ ਮੰਤਰੀ ਰਾਜਨਾਥ ਸਿੰਘ, ਰੱਖਿਆ ਮੰਤਰੀ ਮਨੋਹਰ ਪਰੀਕਰ, ਵਿੱਤ ਮੰਤਰੀ ਅਰੁਣ ਜੇਤਲੀ, ਐਨਐਸਏ ਅਜੀਤ ਡੋਵਾਲ, ਥਲ ਸੈਨਾ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਭਾਰਤ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਬਾਰੇ ਵਿਚਾਰ ਵਟਾਂਦਰਾ ਕੀਤਾ। ਸੂਤਰਾਂ ਨੇ ਕਿਹਾ ਕਿ ਸਰਕਾਰ ਦੇ ਸਿਖਰਲੇ ਅਹੁਦੇਦਾਰ ਚਾਹੁੰਦੇ ਹਨ ਕਿ ਭਾਰਤ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈਅਤੇ ਸੰਯੁਕਤ ਰਾਸ਼ਟਰ ਸਮੇਤ ਹੋਰ ਕੌਮਾਂਤਰੀ ਮੰਚਾਂ ’ਤੇ ਪਾਕਿਸਤਾਨ ਦੀ ਪੋਲ ਖੋਲ੍ਹੀ ਜਾਣੀ ਚਾਹੀਦੀ ਹੈ। ਯੋਜਨਾ ਤਹਿਤ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀਜੀਐਮਓ) ਵੱਲੋਂ ਛੇਤੀ ਹੀ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਉੜੀ ਹਮਲੇ ’ਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਸਬੂਤ ਸੌਂਪੇ ਜਾਣਗੇ। ਬੈਠਕ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਗ਼ੈਰ ਹਾਜ਼ਰੀ ਰੜਕ ਰਹੀ ਸੀ। ਸੂਤਰਾਂ ਨੇ ਕਿਹਾ ਕਿ ਬੈਠਕ ’ਚ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਉੜੀ ’ਚ ਬ੍ਰਿਗੇਡ ਹੈੱਡਕੁਆਰਟਰ ’ਤੇ ਦਹਿਸ਼ਤੀ ਹਮਲੇ ਤੋਂ ਬਾਅਦ ਕਸ਼ਮੀਰ ਵਾਦੀ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਰੱਖਿਆ ਮੰਤਰੀ ਅਤੇ ਥਲ ਸੈਨਾ ਦੇ ਮੁਖੀ, ਜਿਨ੍ਹਾਂ ਕੱਲ੍ਹ ਹਮਲੇ ਤੋਂ ਬਾਅਦ ਕਸ਼ਮੀਰ ਦਾ ਦੌਰਾ ਕੀਤਾ ਸੀ, ਨੇ ਪ੍ਰਧਾਨ ਮੰਤਰੀ ਨੂੰ ਆਪਣੀ ਰਾਇ ਤੋਂ ਜਾਣੂ ਕਰਾਇਆ।

ਬੈਠਕ ਦੌਰਾਨ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਵੀ ਹਾਜ਼ਰ ਸਨ ਜਿਨ੍ਹਾਂ ਅੱਜ ਸ੍ਰੀਨਗਰ ਦੇ ਦੌਰੇ ’ਤੇ ਜਾਣਾ ਸੀ ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਗ੍ਰਹਿ ਮੰਤਰੀ, ਰੱਖਿਆ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਬੈਠਕ ਕਰ ਕੇ ਪੰਜਾਬ ਤੋਂ ਗੁਜਰਾਤ ਤਕ ਸਰਹੱਦਾਂ ਉਪਰ ਸੁਰੱਖਿਆ ਹਾਲਾਤ ਦੀ ਨਜ਼ਰਸਾਨੀ ਕੀਤੀ। ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਵੱਲੋਂ ਹਮਲੇ ਵਾਲੀ ਥਾਂ ਦਾ ਦੌਰਾ ਕਰ ਕੇ ਉਥੋਂ ਸਬੂਤ ਇਕੱਠੇ ਕੀਤੇ ਜਾਣ ਦੀ ਸੰਭਾਵਨਾ ਹੈ।

ਜਵਾਨਾਂ ਦੇ ਪਰਿਵਾਰਾਂ ਲਈ ਮਾਲੀ ਸਹਾਇਤਾ ਦਾ ਐਲਾਨ: ਉੱਤਰ ਪ੍ਰਦੇਸ਼ ਅਤੇ ਝਾਰਖੰਡ ਸਰਕਾਰਾਂ ਨੇ ਉੜੀ ’ਚ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਆਪਣੇ ਸੂਬਿਆਂ ਦੇ ਜਵਾਨਾਂ ਦੇ ਪਰਿਵਾਰਾਂ ਲਈ ਮਾਲੀ ਸਹਾਇਤਾ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਹਿਸ਼ਤੀ ਹਮਲੇ ਵਿੱਚ ਮਾਰੇ ਗਏ ਸੂਬੇ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 20-20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਝਾਰਖੰਡ ਦੇ ਮੁੱਖ ਮੰਤਰੀ ਰਘੂਬਰ ਦਾਸ ਨੇ ਸੂਬੇ ਨਾਲ ਸਬੰਧਤ ਦੋ ਜਵਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਹਮਲੇ ਲਈ ਦਬਾਅ ਵਧਿਆ: ਸੂਚਨਾ ਅਤੇ ਪ੍ਰਸਾਰਣ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਭਾਰਤ ਨੂੰ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਸਜ਼ਾ ਦੇਣ ਲਈ ਜਵਾਬ ਦੇਣਾ ਪਏਗਾ ਅਤੇ ਮੁਲਕ ਹੁਣ ਹੋਰ ਨਿਮਰਤਾ ਨਹੀਂ ਦਿਖਾ ਸਕਦਾ। ਕੇਂਦਰੀ ਮੰਤਰੀ ਅਤੇ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਨੇ ਕਿਹਾ ਕਿ ਯੋਜਨਾਬੱਧ ਤਰੀਕੇ ਅਤੇ ਠੰਢੇ ਦਿਮਾਗ ਨਾਲ ਜਵਾਬ ਦੇਣ ਦੀ ਲੋੜ ਹੈ ਅਤੇ ਇਸ ਮਾਮਲੇ ’ਚ ਭਾਵੁਕਤਾ ਨਹੀਂ ਦਿਖਾਈ ਜਾਣੀ ਚਾਹੀਦੀ। ਭਾਜਪਾ ਦੀ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਹੈ ਕਿ ਹੁਣ ਮੋਦੀ ਸਰਕਾਰ ਵੱਲੋਂ ਹੌਂਸਲਾ ਦਿਖਾਉਣ ਦਾ ਵੇਲਾ ਹੈ। ਉਨ੍ਹਾਂ ਕਿਹਾ ਹੈ ਕਿ ਉਸਾਮਾ ਬਿਨ ਲਾਦਿਨ ਨੂੰ ਜਿਵੇਂ ਅਮਰੀਕਾ ਨੇ ਪਾਕਿਸਤਾਨ ’ਚ ਦਾਖ਼ਲ ਹੋ ਕੇ ਮਾਰਿਆ ਸੀ, ਉਸੇ ਤਰ੍ਹਾਂ ਜੇਕਰ ਭਾਰਤ ’ਚ ਪਾਕਿਸਤਾਨ ’ਤੇ ਹਮਲਾ ਕਰਨ ਦਾ ਜੇਰਾ ਨਹੀਂ ਹੈ ਤਾਂ ਸ੍ਰੀ ਮੋਦੀ ਨੂੰ ਕੌਮਾਂਤਰੀ ਪੱਧਰ ’ਤੇ ਆਪਣਾ ਦਬਦਬਾ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਉਧਰ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਹੈ ਕਿ ਪਾਕਿਸਤਾਨ ਬਾਰੇ ਸਰਕਾਰ ਦੀ ਨੀਤੀ ਉੜੀ ’ਚ ਹੋਏ ਦਹਿਸ਼ਤੀ ਹਮਲੇ ਲਈ ਜ਼ਿੰਮੇਵਾਰ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੀ ਸਿਆਸੀ ਲੀਡਰਸ਼ਿਪ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦੀ ਜ਼ਿੰਮੇਵਾਰੀ ਤੈਅ ਕਰਦਿਆਂ ਮੋਦੀ ਨੂੰ ਰੱਖਿਆ ਮੰਤਰੀ ਮਨੋਹਰ ਪਰੀਕਰ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸ੍ਰੀ ਸੁਰਜੇਵਾਲਾ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਹੁਣ 56 ਇੰਚ ਦੀ ਛਾਤੀ ਦਿਖਾ ਕੇ ਪਾਕਿਸਤਾਨ ’ਤੇ ਹਮਲਾ ਬੋਲਣਾ ਚਾਹੀਦਾ ਹੈ।

ਕੌਮਾਂਤਰੀ ਭਾਈਚਾਰਾ ਵੀ ਭਾਰਤ ਦੀ ਪਿੱਠ ’ਤੇ ਆਇਆ: ਉੜੀ ਹਮਲੇ ਦੀ ਕੌਮਾਂਤਰੀ ਭਾਈਚਾਰੇ ਨੇ ਵੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਕਿ ਸਾਜ਼ਿਸ਼ਘਾੜਿਆਂ ਨੂੰ ਸਜ਼ਾ ਦਿੱਤੀ ਜਾਏਗੀ ਅਤੇ ਸਾਰੀਆਂ ਧਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ। ਫਰਾਂਸ, ਅਫ਼ਗਾਨਿਸਤਾਨ, ਇੰਗਲੈਂਡ ਅਤੇ ਕੈਨੇਡਾ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਅਤਿਵਾਦ ਖ਼ਿਲਾਫ਼ ਭਾਰਤ ਨਾਲ ਖੜ੍ਹਨ ਲਈ ਹਮਾਇਤ ਦਿੱਤੀ ਹੈ।



from Punjab News – Latest news in Punjabi http://ift.tt/2cDo60B
thumbnail
About The Author

Web Blog Maintain By RkWebs. for more contact us on rk.rkwebs@gmail.com

0 comments