ਭਾਰਤ ਆਪਣੇ ਹਿਸਾਬ ਨਾਲ ਕਰੇਗਾ ਜਵਾਬੀ ਕਾਰਵਾਈ: ਫ਼ੌਜ

11909cd-_ranbirਨਵੀਂ ਦਿੱਲੀ: ਉੜੀ ’ਚ ਫ਼ੌਜੀ ਕੈਂਪ ਉਤੇ ਹਮਲੇ ਬਾਅਦ ਪਾਕਿਸਤਾਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਦਿੱਤੀ ਜਾ ਰਹੀ ਦੁਹਾਈ ਦੌਰਾਨ ਫ਼ੌਜ ਨੇ ਅੱਜ ਕਿਹਾ ਕਿ ਉਹ ਆਪਣੇ ਹਿਸਾਬ ਨਾਲ ਢੁੱਕਵੇਂ ਸਮੇਂ ਅਤੇ ਸਥਾਨ ਉਤੇ ਜਵਾਬ ਦੇਣ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਦੀ ਹੈ, ਭਾਵੇਂ ਉੱਚ ਪੱਧਰੀ ਮੀਟਿੰਗਾਂ ਦੌਰਾਨ ਕਈ ਤਰੀਕਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ ਲੈਫਟੀ. ਜਨਰਲ ਰਣਬੀਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ‘ਭਾਰਤੀ ਫ਼ੌਜ ਕੰਟਰੋਲ ਰੇਖਾ ਨਾਲ ਅਤੇ ਸਰਹੱਦੀ ਖੇਤਰਾਂ ਵਿੱਚ ਅਤਿਵਾਦ ਦੀ ਸਥਿਤੀ ਨਾਲ ਨਜਿੱਠਣ ਸਮੇਂ ਪੂਰੇ ਜ਼ਾਬਤੇ ਵਿੱਚ ਰਹੀ ਹੈ। ਹਾਲਾਂਕਿ ਸਾਡੇ ਵਿੱਚ ਅਜਿਹੇ ਸਿੱਧੇ ਹਮਲਿਆਂ ਅਤੇ ਹਿੰਸਾ ਦਾ ਮੂੰਹ-ਤੋੜ ਜਵਾਬ ਦੇਣ ਦੀ ਸਮਰੱਥਾ ਹੈ। ਕਿਸੇ ਵੀ ਵੈਰ ਵਾਲੀ ਕਾਰਵਾਈ ਦਾ ਜਵਾਬ ਦੇਣ ਦੇ ਸਮੇਂ ਤੇ ਸਥਾਨ ਦੀ ਚੋਣ ਦਾ ਅਧਿਕਾਰ ਅਸੀਂ ਸੁਰੱਖਿਅਤ ਰੱਖਦੇ ਹਾਂ।’ ਉਨ੍ਹਾਂ ਦੱਸਿਆ ਕਿ ਮਾਰੇ ਗਏ ਚਾਰ ਅਤਿਵਾਦੀਆਂ ਕੋਲੋ ਚਾਰ ਏਕੇ 47 ਰਾਈਫਲਾਂ, ਚਾਰ ਅੰਡਰ ਬੈਰਲ ਗ੍ਰਨੇਡ ਲਾਂਚਰ,  ਦੋ ਰੇਡੀਓ ਸੈੱਟ, ਦੋ ਜੀਪੀਐਸ, ਦੋ ਨਕਸ਼ੇ, ਦੋ ਮੈਟਰਿਕਸ ਸ਼ੀਟਾਂ, ਇਕ ਮੋਬਾਈਲ ਫੋਨ ਅਤੇ ਵੱਡੀ ਗਿਣਤੀ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਤੇ ਦਵਾਈਆਂ ਦੇ ਪੈਕੇਟ ਬਰਾਮਦ ਹੋਏ ਹਨ, ਜਿਨ੍ਹਾਂ ਉਤੇ ਪਾਕਿਸਤਾਨ ਦੇ ਮਾਰਕੇ ਹਨ।

ਫ਼ੌਜ ਵੱਲੋਂ ਹਮਲੇ ਦੀ ਜਾਂਚ ਦੇ ਹੁਕਮ

ਸ੍ਰੀਨਗਰ: ਉੜੀ ’ਚ ਹੋਏ ਖ਼ਤਰਨਾਕ ਦਹਿਸ਼ਤੀ ਹਮਲੇ ਦੀ ਫ਼ੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਸਮਾਂਬੱਧ ਜਾਂਚ ਕੀਤੀ ਜਾਏਗੀ ਅਤੇ ਭਵਿੱਖ ’ਚ ਅਜਿਹੇ ਹਮਲਿਆਂ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਝਾਅ ਵੀ ਦਿੱਤੇ ਜਾਣਗੇ। ਸੂਤਰਾਂ ਨੇ ਕਿਹਾ ਕਿ ਸਾਰੀਆਂ ਖਾਮੀਆਂ ਦੀ ਜਾਂਚ ਵੀ ਕੀਤੀ ਜਾਏਗੀ।

ਮੁੱਢਲੀ ਸਮੀਖਿਆ ’ਚ ਪੰਜ ਸੁਰੱਖਿਆ ਖਾਮੀਆਂ ਆਈਆਂ ਸਾਹਮਣੇ

ਨਵੀਂ ਦਿੱਲੀ: (ਅਜੈ ਬੈਨਰਜੀ)  ਉੜੀ ਵਿੱਚ ਹੋਏ ਦਹਿਸ਼ਤੀ ਹਮਲੇ ਸਬੰਧੀ ਫ਼ੌਜ ਦੀ ਉੱਤਰੀ ਕਮਾਂਡ ਵੱਲੋਂ ਕੀਤੀ ਗਈ ਮੁੱਢਲੀ ਸਮੀਖਿਆ ਵਿੱਚ ਸੁਰੱਖਿਆ ਨਾਲ ਸਬੰਧਤ ਪੰਜ ਖਾਮੀਆਂ ਸਾਹਮਣੇ ਆਈਆਂ ਹਨ। ਪਹਿਲੀ ਤਾਂ ਇਹ ਕਿ ਦਹਿਸ਼ਤਗਰਦ ਦੋ ਪੜਾਵੀ ਸੁਰੱਖਿਆ ਲਾਈਨ ਨੂੰ ਪਾਰ ਕਰ ਗਏ ਭਾਵ ਐਲਓਸੀ ’ਤੇ ਲੱਗੀ ਤਾਰ, ਜਿਥੇ 24 ਘੰਟੇ ਜਵਾਨ ਗਸ਼ਤ ਕਰਦੇ ਰਹਿੰਦੇ ਹਨ। ਦੂਜੀ ਖਾਮੀ ਇਹ ਰਹੀ ਕਿ ਦਹਿਸ਼ਤਗਰਦ ਕੈਂਪ ਦੁਆਲੇ ਦਾ ਸੁਰੱਖਿਆ ਘੇਰਾ ਤੋੜਨ ’ਚ ਸਫ਼ਲ ਰਹੇ। ਤੀਜੀ ਖਾਮੀ ਇਹ ਸਾਹਮਣੇ ਆਈ ਕਿ ਇਮਾਰਤਾਂ ਵਿੱਚ ਥਾਂ ਖਾਲੀ ਹੋਣ ਦੇ ਬਾਵਜੂਦ ਖੁੱਲ੍ਹੇ ਵਿੱਚ ਤੰਬੂ ਲਾਏ ਗਏ। ਚੌਥਾ ਜਵਾਨਾਂ ਦੇ ਤੰਬੂ ਤੇਲ ਭੰਡਾਰ ਨੇੜੇ ਲਾਏ ਗਏ। ਪੰਜਵੀਂ ਖਾਮੀ ਇਹ ਰਹੀ ਕਿ ਸੁਰੱਖਿਆ ਲਈ ਲੋੜੀਂਦੇ ਜਵਾਨ ਤਾਇਨਾਤ ਨਹੀਂ ਕੀਤੇ ਗਏ ਜਾਂ ਜਵਾਬੀ ਕਾਰਵਾਈ ਲਈ ਤਿਆਰ ਜਵਾਨਾਂ ਦੀ ਗਿਣਤੀ ਬਹੁਤ ਘੱਟ ਸੀ।

ਦੁਨੀਆਂ ਨੂੰ ਗੁੰਮਰਾਹ ਕਰ ਰਿਹੈ ਭਾਰਤ: ਪਾਕਿ

ਇਸਲਾਮਾਬਾਦ: ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ਉੜੀ ਹਮਲੇ ਸਬੰਧੀ ਬੇਬੁਨਿਆਦ ਬਿਆਨਬਾਜ਼ੀ ਕਰ ਕੇ ਦੁਨੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਕਸ਼ਮੀਰ ਵਿਚਲੇ ਆਪਣੇ ‘ਦਹਿਸ਼ਤੀ ਰਾਜ’ ਉੱਤੇ ਪਰਦਾ ਪਾਉਣਾ ਚਾਹੁੰਦਾ ਹੈ। ਵਿਦੇਸ਼ ਮਾਮਲਿਆਂ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਪਾਕਿਸਤਾਨ ਨਰਿੰਦਰ ਮੋਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਲਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਨੂੰ ਰੱਦ ਕਰਦਾ ਹੈ। ਇਹ ਜ਼ਾਹਰਾ ਤੌਰ ’ਤੇ ਭਾਰਤ ਵੱਲੋਂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰੀਆਂ ਸਬੰਧੀ ਲਗਾਤਾਰ ਵਿਗੜ ਰਹੇ ਹਾਲਾਤ ਤੋਂ ਧਿਆਨ ਲਾਂਭੇ ਕਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚਲੇ ਹਾਲਾਤ ਲਈ ਪਾਕਿਸਤਾਨ ਨਹੀਂ ਭਾਰਤ ਜ਼ਿੰਮੇਵਾਰ ਹੈ।



from Punjab News – Latest news in Punjabi http://ift.tt/2cDnvvP
thumbnail
About The Author

Web Blog Maintain By RkWebs. for more contact us on rk.rkwebs@gmail.com

0 comments