ਜਲੰਧਰ, 17 ਸਤੰਬਰ : 18ਵੇਂ ਓਲੰਪੀਅਨ ਮਹਿੰਦਰ ਮੁਣਸ਼ੀ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਖੇਡੇ ਗਏ ਕੁਆਟਰ ਫਾਈਨਲਜ਼ ’ਚ ਸੁਰਜੀਤ ਹਾਕੀ ਅਕੈਡਮੀ, ਮੁਹਾਲੀ, ਐਸਜੀਪੀਸੀ ਅਤੇ ਖਡੂਰ ਸਾਹਿਬ ਅਕੈਡਮੀ ਨੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਅੱਜ ਪਹਿਲਾ ਮੈਚ ਸੁਰਜੀਤ ਹਾਕੀ ਅਕੈਡਮੀ ਤੇ ਧਾਲੀਵਾਲ ਹਾਕੀ ਅਕੈਡਮੀ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਸੁਰਜੀਤ ਹਾਕੀ ਟੀਮ ਨੇ 7-0 ਦੇ ਫਰਕ ਨਾਲ ਇਕ-ਪਾਸੜ ਮੁਕਾਬਲਾ ਬਣਾ ਕੇ ਸੈਮੀਫਾਈਨਲ ਵਿੱਚ ਪੁੱਜਣ ’ਚ ਸਫ਼ਲਤਾ ਹਾਸਲ ਕੀਤੀ। ਦੂਜਾ ਮੈਚ ਮੁਹਾਲੀ ਤੇ ਖਾਲਸਾ ਅਕੈਡਮੀ ਮਹਿਤਾ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਕਪਤਾਨ ਪ੍ਰਭਜੋਤ ਦੇ ਦੋ ਫੀਲਡ ਗੋਲਾਂ ਤੇ ਜਸਜੀਤ ਦੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਨ ਸਦਕਾ 3-1 ਦੇ ਫਰਕ ਨਾਲ ਮੁਹਾਲੀ ਟੀਮ ਜੇਤੂ ਰਹੀ। ਤੀਜਾ ਮੈਚ ਐਸਜੀਪੀਸੀ ਤੇ ਛੇਹਰਟਾ ਅਕੈਡਮੀ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਅਸ਼ਾਨ ਅਤੇ ਪਰਮੀਤ ਵੱਲੋਂ ਕੀਤੇ ਇਕ ਇਕ ਗੋਲ ਸਦਕਾ ਐਸਜੀਪੀਸੀ ਅਕੈਡਮੀ 2-1 ਨਾਲ ਜੇਤੂ ਬਣੀ। ਅੱਜ ਦਾ ਆਖਰੀ ਕੁਆਟਰ ਫਾਈਨਲ ਮੁਕਾਬਲਾ ਸੰਗਰੂਰ ਤੇ ਖਡੂਰ ਸਾਹਿਬ ਹਾਕੀ ਅਕੈਡਮੀਆਂ ਵਿਚਾਲੇ ਹੋਇਆ। ਦੋਵੇਂ ਟੀਮਾਂ ਪੂਰੇ ਸਮੇਂ ਤੱਕ 2-2 ਨਾਲ ਬਰਾਬਰ ਰਹੀਆਂ। ਮੈਚ ਦਾ ਫ਼ੈਸਲਾ ਪੈਨਲਟੀ ਸਟਰੋਕ ਨਿਯਮ ਅਪਣਾ ਕੇ ਕੀਤਾ ਗਿਆ ਜਿਸ ਵਿਚ ਖਡੂਰ ਸਾਹਿਬ ਟੀਮ 5-3 ਦੇ ਫਰਕ ਨਾਲ ਜੇਤੂ ਬਣ ਕੇ ਸੈਮੀਫਾਈਨਲ ਵਿੱਚ ਪੁੱਜ ਗਈ। ਮੁੱਖ ਮਹਿਮਾਨ ਵਜੋਂ ਪੁੱਜੇ ਖੇਡ ਪ੍ਰਮੋਟਰ ਜਗਜੀਤ ਸਿੰਘ, ਸਾਹਿਬ ਸਿੰਘ ਹੁੰਦਲ, ਓਲੰਪੀਅਨ ਗੁਨਦੀਪ ਕੁਮਾਰ, ਕਸਟਮ ਸੁਪਰਡੈਂਟ ਦਲਜੀਤ ਸਿੰਘ, ਡੀਐਸਪੀ ਸੁਖਵਿੰਦਰ ਸਿੰਘ ਸੁੱਖਾ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ। ਭਲਕੇ 18 ਸਤੰਬਰ ਨੂੰ ਪਹਿਲਾ ਸੈਮੀਫਾਈਨਲ ਸੁਰਜੀਤ ਅਕੈਡਮੀ ਅਤੇ ਖਡੂਰ ਸਾਹਿਬ ਅਕੈਡਮੀ ਵਿਚਾਲੇ ਦੁਪਹਿਰ 2.30 ਵਜੇ ਹੋਵੇਗਾ ਜਦਕਿ ਦੂਜਾ ਸੈਮੀਫਾਈਨਲ ਮੈਚ ਐਸਜੀਪੀਸੀ ਤੇ ਮੁਹਾਲੀ ਅਕੈਡਮੀ ਵਿਚਾਲੇ ਸ਼ਾਮ 4.00 ਵਜੇ ਖੇਡਿਆ ਜਾਵੇਗਾ।
from Punjab News – Latest news in Punjabi http://ift.tt/2d9zT8P

0 comments