ਅਹਿਮਦਗੜ੍ਹ, 18 ਸਤੰਬਰ : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਸਮਾਗਮ ‘ਚ ਲੋਕਾਂ ਦੇ ਇਕੱਠ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਆਰਾਮ ਕਰਨ ਦੀਆਂ ਡਾਕਟਰੀ ਸਲਾਹਾਂ ਦੇ ਉਲਟ ਉਹ ਸੂਬੇ ਦੀ ਜਨਤਾ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ, ‘ਮੇਰੀ ਜ਼ਿੰਦਗੀ ਦਾ ਇਕ ਇਕ ਸਾਹ ਪੰਜਾਬ ਦੇ ਲੋਕਾਂ ਲਈ ਹੈ।’
ਬਾਦਲ ਨੇ ਕਿਹਾ ਕਿ ਚੋਣਾਂ ਦੀ ਆਮਦ ਨੂੰ ਵੇਖਦਿਆਂ ਉਨ੍ਹਾਂ ਅਪਣੀਆਂ ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦੇਸ਼ ਅਤੇ ਸੂਬੇ ਦੇ ਲੋਕਾਂ ਨੂੰ ਜਾਤਾਂ, ਧਰਮਾਂ ਅਤੇ ਕੰਮਾਂ ਦੇ ਆਧਾਰ ‘ਤੇ ‘ਵੰਡ ਕੇ ਪਾੜੋ ਅਤੇ ਰਾਜ ਕਰੋ’ ਦੀ ਨੀਤੀ ਤਹਿਤ ਰਾਜ ਕਰਦੀ ਰਹੀ ਹੈ। ਕੇਂਦਰ ਅਤੇ ਸੂਬੇ ਵਿਚ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਵੀ ਨਾਕਾਮ ਰਹੀ ਹੈ ਜਦਕਿ ਸਾਡੀ ਸਰਕਾਰ ਨੇ ਪੂਰੇ ਸੂਬੇ ਵਿਚ ਵਿਸ਼ਵ ਪੱਧਰ ਦੀਆਂ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕੀਤਾ ਹੈ।
ਸਨਅਤ ਅਤੇ ਖੇਤੀ ਦੀ ਦੁਰਦਸ਼ਾ ਲਈ ਵੀ ਉਨ੍ਹਾਂ ਕੇਂਦਰੀ ਕਾਂਗਰਸੀ ਸਰਕਾਰਾਂ ਨੂੰ ਦੋਸ਼ੀ ਠਹਿਰਾਉਦਿਆਂ ਕਿਹਾ ਕਿ ਗੁਆਢੀ ਰਾਜਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਕਾਰਨ ਜਿਥੇ ਪੰਜਾਬ ਦੀ ਸਨਅਤ ਤਬਾਹ ਹੋਈ, ਉਥੇ ਕਿਸਾਨ ਮਾਰੂ ਖੇਤੀ ਨੀਤੀਆਂ ਕਾਰਨ ਕਿਸਾਨ ਆਰਥਕ ਤੌਰ ‘ਤੇ ਕੰਗਾਲ ਹੋਏ ਜਦਕਿ ਅਸੀਂ ਕਿਸਾਨੀ ਨੂੰ ਬਚਾਉਣ ਲਈ ਵਿਸੇਸ਼ ਉਪਰਾਲੇ ਕੀਤੇ ਹਨ ਅਤੇ ਪੰਜ ਹਜ਼ਾਰ ਕਰੋੜ ਰੁਪਏ ਦੀਆਂ ਸਬਸਿਡੀਆਂ ਹਰ ਸਾਲ ਕਿਸਾਨਾਂ ਨੂੰ ਦਿਤੀਆਂ ਜਾਂਦੀਆਂ ਹਨ।
ਕੇਂਦਰ ‘ਚ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਵੀ ਪੰਜਾਬ ਨੂੰ ਵੱਡੇ ਗੱਫੇ ਦਿਤੇ ਜਾ ਰਹੇ ਹਨ। ਹਲਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਹਿਮਦਗੜ੍ਹ ਲਈ ਜੋ ਕੁੱਝ ਸ. ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਰ ਵਿਖਾਇਆ ਹੈ, ਆਜ਼ਾਦੀ ਤੋਂ ਬਾਅਦ ਅੱਜ ਤਕ ਅਜਿਹਾ ਵੇਖਣ ਨੂੰ ਨਹੀਂ ਮਿਲਿਆ।
‘ਸੰਗਤ ਦਰਸ਼ਨ’ ਵਿਚ ਆਏ ਬਹੁਗਿਣਤੀ ਲੋਕਾਂ ਨੂੰ ਗੱਲਬਾਤ ਕਰਨ ਅਤੇ ਸਮੱਸਿਆਵਾਂ ਸਾਂਝੀਆਂ ਕਰਨ ਦਾ ਮੌਕਾ ਹੀ ਨਹੀਂ ਦਿਤਾ ਗਿਆ ਅਤੇ ਸ਼ਾਹੂਕਾਰਾਂ ਨਾਲ ਸਬੰਧਤ ਕੁੱਝ ਕੁ ਜਥੇਬੰਦੀਆਂ ਅਤੇ ਮੁਹਰਲੀ ਕਤਾਰ ਦੇ ਆਗੂ ਹੀ ਮੁੱਖ ਮੰਤਰੀ ਕੋਲ ਸਮੱਸਿਆਵਾਂ ਦਸਦੇ ਰਹੇ।
ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਚੋਣ ਜਿੱਤਣ ਦੀ ਸਮੱਰਥਾ ਰੱਖਣ ਵਾਲੇ ਉਮੀਦਵਾਰਾਂ ਅਤੇ ਯੂਥ ਨੌਜਵਾਨਾਂ ਨੂੰ ਹੀ ਪਾਰਟੀ ਵਲੋਂ ਟਿਕਟ ਦਿਤੀ ਜਾਵੇਗੀ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਪਰਮਜੀਤ ਕੌਰ ਜੱਸਲ, ਅਰਸ਼ਦੀਪ ਸਿੰਘ ਥਿੰਦ, ਪ੍ਰਿਤਪਾਲ ਸਿੰਘ ਥਿੰਦ, ਗੁਰਪ੍ਰੀਤ ਸਿੰਘ ਸਿਕੰਦਰ ਵੀ ਹਾਜ਼ਰ ਸਨ।
from Punjab News – Latest news in Punjabi http://ift.tt/2cURob2

0 comments