ਕਾਂਗਰਸ ਨੇ ਸੂਬੇ ਭਰ ਵਿੱਚ ਚੋਣ ਪਿੜ ਮਘਾਇਆ

ਫਿਲੌਰ ਵਿੱਚ ਸੋਮਵਾਰ ਨੂੰ ‘ਕਾਂਗਰਸ ਲਿਆਓ, ਪੰਜਾਬ ਬਚਾਓ’ ਰੈਲੀ ਦੌਰਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਆਪਣੇ ਪੁੱਤਰ ਵਿਕਰਮਜੀਤ ਸਿੰਘ ਚੌਧਰੀ ਦੇ ਨਾਲ ਮੋਟਰਸਾਈਕਲ ’ਤੇ ਬੈਠ ਕੇ ਰੈਲੀ ਦੀ ਅਗਵਾਈ ਕਰਦੇ ਹੋਏ।

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ 37 ਰੋਜ਼ਾ ਪ੍ਰਚਾਰ ਮੁਹਿੰਮ ਦੇ ਪਹਿਲੇ ਦਿਨ ਅੱਜ ਸੂਬੇ ਦੇ ਇੱਕ ਦਰਜਨ ਵਿਧਾਨ ਸਭਾ ਹਲਕਿਆਂ ਵਿੱਚ ਕੀਤੀਆਂ ਨੁੱਕੜ ਮੀਟਿੰਗਾਂ ਦੌਰਾਨ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਚਲਦਾ ਕਰਨ ਅਤੇ ਪੰਜਾਬ ਦੀ ਬਿਹਤਰੀ ਲਈ ਕਾਂਗਰਸ ਨੂੰ ਮੌਕਾ ਦੇਣ ਦਾ ਸੱਦਾ ਦਿਤਾ।  ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਅਤੇ 37 ਰੋਜ਼ਾ ਮੁਹਿੰਮ ਦੇ ਇੰਚਾਰਜ ਸਾਬਕਾ ਮੰਤਰੀ ਲਾਲ ਸਿੰਘ ਨੇ ਦੱਸਿਆ ਕਿ ਸੰਗਰੁੂਰ ਲੋਕ ਸਭਾ ਹਲਕੇ ਦੇ ਲਹਿਰਾਗਾਗਾ ਵਿਧਾਨ ਸਭਾ ਹਲਕੇ ਵਿੱਚ ਇੱਕ ਦਿਨ ਪਹਿਲਾਂ ਛੇ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ ਕਰਕੇ ਅੱਜ ਮੀਟਿੰਗਾਂ ਨਹੀਂ ਕੀਤੀਆਂ। ਬਾਕੀ 12 ਲੋਕ ਸਭਾ ਹਲਕਿਆਂ ਦੇ 12 ਵਿਧਾਨ ਸਭਾ ਹਲਕਿਆਂ ਵਿੱਚ ਚਾਰ-ਚਾਰ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ‘ਪੰਜਾਬ ਬਚਾਓ ਕਾਂਗਰਸ ਲਿਆਓ’ ਮੁਹਿੰਮ ਤਹਿਤ ਹਰੇਕ ਲੋਕ ਸਭਾ ਹਲਕੇ ਦੇ ਇੰਚਾਰਜ ਦੀ ਅਗਵਾਈ ਹੇਠ ਆਗੂਆਂ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ-ਭਾਜਪਾ ਸਰਕਾਰ ਨੂੰ ਕਿਸਾਨੀ ਤੇ ਜਵਾਨੀ ਦੀ ਤਬਾਹੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਚਲਦਾ ਕਰਨ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਅਕਾਲੀਆਂ ਦੇ ਮਾੜੇ ਰਾਜਭਾਗ ਕਾਰਨ ਸੂਬੇ ਦੀ ਆਰਥਿਕਤਾ ਬੁਰੀ ਤਰਾਂ ਤਬਾਹ ਹੋ ਚੁੱਕੀ ਹੈ ਅਤੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਨਿਵੇਸ਼ ਨਹੀਂ ਹੋ ਰਿਹਾ।

ਨੁੱਕੜ ਮੀਟਿੰਗਾਂ ਵਿੱਚ ਸੂਬੇ ’ਚ ਨਸ਼ਿਆਂ ਦੇ ਫੈਲੇ ਤੰਦੂਆਂ ਜਾਲ ਦਾ ਜ਼ਿਕਰ ਕਰਦਿਆ  ਕਾਂਗਰਸ ਦੇ ਸੱਤਾ ਵਿੱਚ ਆਉਣ ’ਤੇ ਨਸ਼ੇ ਦੇ ਸੌਦਾਗਰਾਂ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਚਾਰ ਹਫ਼ਤਿਆਂ ਵਿੱਚ ਜੇਲ੍ਹਾਂ ਵਿੱਚ ਡੱਕਣ ਦੇ ਵਾਅਦੇ ਕੀਤੇ ਗਏ। ਅੱਜ ਜਿਹੜੇ ਵਿਧਾਨ ਸਭਾ ਹਲਕਿਆਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ, ਉਨ੍ਹਾਂ ਵਿੱਚ ਕਾਦੀਆਂ, ਮਜੀਠਾ, ਖਡੂਰ ਸਾਹਿਬ, ਟਾਂਡਾ, ਫਿਲੌਰ, ਲੁਧਿਆਣਾ ਪੂਰਬੀ, ਆਨੰਦਪੁਰ ਸਾਹਿਬ, ਬੱਸੀ ਪਠਾਣਾਂ, ਰਾਜਪੁਰਾ, ਬਠਿੰਡਾ ਸ਼ਹਿਰੀ, ਨਿਹਾਲ ਸਿੰਘ ਵਾਲਾ, ਮੁਕਤਸਰ, ਸ਼ਾਮਲ ਹਨ। ਮੀਟਿੰਗਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਆਗੂਆਂ ਵਿੱਚ ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ, ਰਾਜਾ ਵੜਿੰਗ, ਵਿਜੇਇੰਦਰ ਸਿੰਗਲਾ, ਸਾਧੂ ਸਿੰਘ ਧਰਮਸੋਤ, ਕੁਲਜੀਤ ਸਿੰਘ ਨਾਗਰਾ, ਰਵਨੀਤ ਬਿੱਟੂ, ਚਰਨਜੀਤ ਸਿੰਘ ਚੰਨੀ, ਅਸ਼ਵਨੀ ਸੇਖੜੀ, ਹੰਸ ਰਾਜ ਹੰਸ, ਹਰਮਿੰਦਰ ਗਿੱਲ ਅਤੇ ਓ.ਪੀ. ਸੋਨੀ ਆਦਿ ਸ਼ਾਮਲ ਹਨ।



from Punjab News – Latest news in Punjabi http://ift.tt/2dnxCIH
thumbnail
About The Author

Web Blog Maintain By RkWebs. for more contact us on rk.rkwebs@gmail.com

0 comments