ਲੁੱਟੇ-ਪੁੱਟੇ ਤੇ ਕੁੱਟੇ ਪਏ ਪੰਜਾਬ ਨੂੰ ਮੁੜ ਮਾਣ-ਮੱਤਾ ਪ੍ਰਾਂਤ ਬਣਾਉਣ ਲਈ ਆਮ ਆਦਮੀ ਪਾਰਟੀ ਦਾ ਸਾਥ ਦਿਉ – ਗੁਰਪ੍ਰੀਤ ਘੁੱਗੀ

35ਫਰਿਜ਼ਨੋ ਸ਼ਹਿਰ ਦੇ ਭਰਵੇਂ ਇਕੱਠ ਨੂੰ ਮੋਹ ਲਿਆ ‘ਆਪ’ ਆਗੂ ਨੇ
‘ਤਬਦੀਲੀ’ ਦੇਖਣ ਲਈ ਪਰਵਾਸੀ ਹੋਏ ਬਿਹਬਲ

ਫਰਿਜ਼ਨੋ (ਕੁਲਵੰਤ ਧਾਲੀਆਂ) : ਪੰਜਾਬ ਨੂੰ ਰੰਗਲੇ ਤੋਂ ‘ਕੰਗਲਾ’ ਬਣਾਉਣ ਲਈ ਅਕਾਲੀ ਅਤੇ ਕਾਂਗਰਸੀ ਦੋਵੇਂ ਹੀ ਬਰਾਬਰ ਦੇ ਜ਼ਿੰਮੇਵਾਰ ਹਨ। ਕਾਂਗਰਸ ਨੇ ਚਾਂਦੀ ਦੀ ਕਹੀ ਨਾਲ ਪੰਜਾਬ ਦਾ ਪਾਣੀ ਲੁਟਾਉਣ ਲਈ ਟੱਕ ਲਾਏ ਅਤੇ ਅਕਾਲੀਆਂ ਨੇ ਦੋਹਰਾ ਕਿਰਦਾਰ ਨਿਭਾਉਂਦਿਆਂ ਇੱਕ ਪਾਸੇ ਪਾਣੀ ਬਚਾਉਣ ਦੇ ਨਾਂ ‘ਤੇ ਮੋਰਚੇ ਲਾਏ ਅਤੇ ਦੂਜੇ ਪਾਸੇ ਐੱਸ. ਵਾਈ. ਐਲ. ਨਹਿਰ ਬਣਾਉਣ ਦੇ ਇਵਜ਼ ਵਜੋਂ ਕਰੋੜਾਂ ਰੁਪਏ ਵਸੂਲ ਕੀਤੇ। ਇਸੇ ਕਾਰਨ ਹੁਣ ਇਹ ਦੋਵੇਂ ਇੱਕ ਸੁਰ ਹੋਕੇ ਕੇਜਰੀਵਾਲ ਸੋਚ ਦਾ ਵਿਰੋਧ ਕਰ ਰਹੇ ਹਨ, ਜੋ ਪੰਜਾਬ ਨੂੰ ਮੁੜ ਨੰਬਰ ਇੱਕ ਪ੍ਰਾਂਤ ਬਣਾਉਣ ਲਈ ਪੰਜਾਬੀਆਂ ਨੂੰ ਲਾਮਬੰਦ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਰਾਹੀ ਆਮ ਆਦਮੀ ਪਾਰਟੀ ਪੰਜਾਬ ਦੇ ਨਵ-ਨਿਯੁਕਤ ਕਨਵੀਨਰ ਸ. ਗੁਰਪ੍ਰੀਤ ਸਿੰਘ ਘੁੱਗੀ ਨੇ ਸਥਾਨਕ ਪ੍ਰਵਾਸੀ ਪੰਜਾਬੀਆਂ ਦੇ ਇੱਕ ਭਰਵੇਂ ਇਕੱਠ ਨੂੰ ਜਜ਼ਬਾਤੀ ਅਪੀਲ ਕਰਦਿਆਂ ਆਖਿਆ ਕਿ ਬੇਸ਼ੱਕ 2017 ਦੀਆਂ ਚੋਣਾਂ ਨੂੰ ਆਮ ਚੋਣਾਂ ਹੀ ਕਿਹਾ ਜਾਂਦਾ ਹੈ, ਪਰ ਇਹ ਪੰਜਾਬ ਅਤੇ ਦੇਸ਼-ਵਿਦੇਸ਼ ਵੱਸਦੇ ਪੰਜਾਬੀਆਂ ਲਈ ਬਹੁਤ ਖ਼ਾਸ ਚੋਣਾਂ ਹਨ।
ਇਸ ਸਮੇਂ ਬੋਲਦਿਆਂ ਕਾਲਮ ਨਵੀਸ ਸ. ਤਰਲੋਚਨ ਸਿੰਘ ਦੁਪਾਲਪੁਰ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਦਾ ਸਿਹਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਰ ਜਾਂਦਾ ਹੈ, ਅਤੇ ਇਸੇ ਕਰਕੇ ਪੰਜਾਬ ਦਾ ਯੂਥ ਇੱਕ ਤੀਸਰੇ ਬਦਲ ਦੇ ਤੌਰ ਤੇ ਆਪ ਪਾਰਟੀ ਦੇ ਹੱਕ ਵਿੱਚ ਹੋ ਤੁਰਿਆ ਹੈ ਤੇ ਇਸ ਸੈਲਾਬ ਨੂੰ ਰੋਕਣਾ ਹੁਣ ਅਸੰਭਵ ਹੈ।
ਇਨ੍ਹੀਂ ਦਿਨੀਂ ਅਮਰੀਕਾ ਪਹੁੰਚੇ ਹੋਏ ਸ. ਘੁੱਗੀ ਦੇ ਸਨਮਾਨ ਹਿੱਤ ਕੈਲੀਫੋਰਨੀਆ ਪ੍ਰਾਂਤ ਵਿਚਲਾ ਇਹ ਦੂਸਰਾ ਸਮਾਗਮ ਸੀ ਜੋ ਫਰਿਜ਼ਨੋ ਦੇ ਨੇੜਲੇ ਸ਼ਹਿਰ ਕਲੋਵਸ ਦੇ ਰੀਜੈਂਸੀ ਪੈਲੇਸ ਵਿੱਚ ਆਯੋਜਿਤ ਕੀਤਾ ਗਿਆ। ਪਲੇਠਾ ਸਮਾਗਮ ਟਰੇਸੀ ਵਿੱਚ ਹੋਇਆ। ਦੂਰ ਦਰਾਜ ਦੇ ਸ਼ਹਿਰਾਂ ਤੋਂ ਚੱਲ ਕੇ ਆਏ ਪਰਵਾਸੀ ਪੰਜਾਬੀਆਂ ਨਾਲ ਖਚਾ-ਖਚ ਭਰੇ ਹਾਲ ਵਿੱਚ ਸਭ ਤੋਂ ਪਹਿਲਾਂ ਪੱਤਰਕਾਰ ਨੀਟਾ ਮਾਛੀਕੇ ਨੇ ਭਾਵਪੂਰਤ ਸੰਜੀਦਾ ਸ਼ਬਦਾਂ ਰਾਹੀਂ ਸ. ਗੁਰਪ੍ਰੀਤ ਸਿੰਘ ਘੁੱਗੀ ਦਾ ਸਵਾਗਤ ਕਰਦਿਆਂ ਆਖਿਆ ਕਿ ਤੁਸੀਂ ਬਤੌਰ ਕਲਾਕਾਰ ਪੰਜਾਬੀਆਂ ਦੇ ਦਿਲਾਂ ਵਿੱਚ ਪਹਿਲੋਂ ਤੋਂ ਵਸਦੇ ਹੋਂ। ਉਮੀਦ ਕਰਦੇ ਹਾਂ ਕਿ ਹੁਣ ਤੁਸੀਂ ਸਿਆਸੀ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾਉਗੇ। ਕਣਕ ਝੋਨੇ ਦੇ ਫ਼ਸਲੀ ਚੱਕਰ ਵਾਂਗ ਅਕਾਲੀ ਤੇ ਕਾਂਗਰਸ ਪਾਰਟੀਆਂ ਤੋਂ ਨਿਯਾਤ ਪਾਉਣ ਲਈ ਬਿਹਬਲ ਦਿਖਾਈ ਦੇ ਰਹੇ ‘ਆਪ’ ਸਮਰੱਥਕਾਂ ਨੇ ਇਸ ਮੌਕੇ ਸ. ਘੁੱਗੀ ਸਾਹਮਣੇ ਦਿਲੀ ਵਲਵਲੇ ਸਾਂਝੇ ਕਰਦਿਆਂ ਆਖਿਆ ਕਿ ਅਸੀਂ ਤਨ-ਮਨ-ਧਨ ਨਾਲ ਤੁਹਾਡੀ ਨਵੀਂ ਪਾਰਟੀ ਦਾ ਸਮਰਥਨ ਕਰ ਰਹੇ ਹਾਂ, ਤੁਸੀਂ ਆਪਣੇ ਪੰਜਾਬ ਨੂੰ ਮੁੜ ਮਾਣ-ਮੱਤਾ ਪ੍ਰਾਂਤ ਬਣਾ ਦਿਉ। ਸਮਾਗਮ ਦੌਰਾਨ ਕੈਲੀਫੋਰਨੀਆਂ ਪ੍ਰਾਂਤ ਵਿੱਚ ‘ਆਪ਼ ਦੇ ਮੁਢਲੇ ਮੈਂਬਰ ਤੇ ਪ੍ਰਚਾਰਕ ਸਵ. ਸ੍ਰੀ ਪ੍ਰਾਣ ਕਰੂਪ ਬਾਰੇ ਡਾਕੂਮੈਂਟਰੀ ਫ਼ਿਲਮ ਵੀ ਵਿਖਾਈ ਗਈ ਅਤੇ ਪੱਤਰਕਾਰ ਨੀਟਾ ਮਾਛੀਕੇ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਧਾਲੀਵਾਲ, ਜੋ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਗੁਰਦੀਪ ਸ਼ੇਰਗਿੱਲ, ਸੁਖਬੀਰ ਭੰਡਾਲ, ਸੁਖਦੇਵ ਸਿੰਘ ਸਿੱਧੂ, ਹਰਮਨ ਗਿੱਲ, ਸਮਰਵੀਰ ਸਿੰਘ ਵਿਰਕ, ਗੁਰਨੇਕ ਸਿੰਘ ਬਾਗੜੀ, ਮਿੱਕੀ ਸਰਾਂ, ਅਜੀਤ ਸਿੰਘ ਭੱਠਲ, ਪਸ਼ੌਰਾ ਸਿੰਘ ਢਿੱਲੋਂ, ਰਣਜੀਤ ਗਿੱਲ, ਡਾ. ਮਲਕੀਤ ਸਿੰਘ ਕਿੰਗਰਾ, ਸ੍ਰੀਕਾਂਤ ਸੈਕਟਰੀ ਆਦਿ ਸ਼ਾਮਲ ਸਨ। ਸਪਾਂਸਰ ਕਰਤਾ ਸਖਸ਼ੀਅਤਾਂ ਅਤੇ ਸਥਾਨਿਕ ਆਗੂਆਂ ਨੇ ਸ੍ਰੀ ਘੁੱਗੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਅਤੇ ਸਵਾਲ-ਜਵਾਬ ਸੰਵਾਦ ਦੀ ਸਮਾਪਤੀ ਉਪਰੰਤ ਸਭ ਨੂੰ ਲੰਗਰ ਛਕਾਇਆ ਗਿਆ। ਇਸ ਸਾਰੇ ਪ੍ਰੋਗਰਾਮ ਦੇ ਯਾਦਗਾਰੀ ਪਲਾਂ ਦੀ ਵੀਡੀਓ ਫ਼ੋਟੋਗਰਾਫੀ ਸ੍ਰੀ ਸ਼ਿਆਰਾ ਸਿੰਘ ਢੀਂਡਸਾ ਓਮਨੀ ਵੀਡੀਓ ਬੇਕਰਸਫੀਲਡ ਨੇ ਕੀਤੀ।



from Punjab News – Latest news in Punjabi http://ift.tt/2dcp2fs
thumbnail
About The Author

Web Blog Maintain By RkWebs. for more contact us on rk.rkwebs@gmail.com

0 comments