ਅੰਮ੍ਰਿਤਸਰ : ਪਾਕਿਸਤਾਨ ਦੇ ਝੰਗ ਸਦਰ ਸ਼ਹਿਰ ਦੀ ਫੈਸਲਾਬਾਦ ਰੋਡ ’ਤੇ ਪੁਰਾਣੇ ਕਬਰਿਸਤਾਨ ਵਿੱਚ ਮੌਜੂਦ ਹੀਰ-ਰਾਂਝਾ ਦੇ ਦਰਬਾਰ ਸਬੰਧੀ ਪਾਕਿਸਤਾਨੀ ਇਤਿਹਾਸਕਾਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਉਪਰੋਕਤ ਦਰਬਾਰ ਪਸ਼ਤੂਨ ਬਾਦਸ਼ਾਹ ਬਹਿਲੋਲ ਲੋਧੀ ਨੇ ਹੀਰ ਦੀ ਮੌਤ ਦੇ ਛੇ ਮਹੀਨੇ ਬਾਅਦ 876 ਹਿਜਰੀ ਭਾਵ ਸੰਨ 1471 ’ਚ ਤਿਆਰ ਕਰਵਾਇਆ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਝੰਗ ਸ਼ਹਿਰ ਤੋਂ 15 ਮੀਲ ਦੂਰ ਆਬਾਦੀ ਕੋਟਲੀ ਬਾਕਰ ਵਿੱਚ ਚੂਚਕ ਸਿਆਲ ਦੇ ਘਰ ਬੀਬੀ ਇੱਜ਼ਤ ਉਰਫ਼ ਹੀਰ ਦਾ ਜਨਮ 830 ਹਿਜਰੀ ਭਾਵ ਸੰਨ 1426 ’ਚ ਅਤੇ 45 ਸਾਲਾਂ ਦੀ ਉਮਰ ’ਚ ਉਸ ਦਾ ਦੇਹਾਂਤ ਹੋਇਆ।
ਇੱਜ਼ਤ ਬੀਬੀ ਦੇ ਧਾਰਮਿਕ ਕਿਰਦਾਰ ਅਤੇ ਕੁਰਾਨ ਮਜ਼ੀਦ ਦੀ ਹਾਫ਼ਜ਼ ਹੋਣ ਦੇ ਚਲਦਿਆਂ ਉਹ ਹੀਰ ਨਾਂ ਨਾਲ ਪ੍ਰਸਿੱਧ ਹੋਈ, ਜਿਸ ਦਾ ਅਰਥ ਪਾਕ-ਦਾਮਨ ਤੇ ਤਾਹਿਰਾ ਹੁੰਦਾ ਹੈ। ਇਤਿਹਾਸਕਾਰਾਂ ਅਨੁਸਾਰ ਹੀਰ ਦੀ ਮੌਤ ਤੋਂ ਬਾਅਦ ਮੁਰਾਦ ਬਖ਼ਸ਼ ਉਰਫ਼ ਮੀਆਂ ਰਾਂਝਾ ਆਪਣੇ ਪਿੰਡ ਤਖ਼ਤ ਹਜ਼ਾਰੇ ਆ ਗਿਆ ਅਤੇ ਪੂਰੇ ਇਕ ਸਾਲ ਬਾਅਦ ਉਸ ਦਾ ਦੇਹਾਂਤ ਹੋਣ ’ਤੇ ਉਸ ਦੀ ਵਸੀਅਤ ਮੁਤਾਬਕ ਉਸ ਨੂੰ ਹੀਰ ਦੇ ਪਹਿਲੂ ’ਚ ਦਫ਼ਨ ਕੀਤਾ ਗਿਆ। ਮੁਢਲੇ ਅਤੇ ਮੌਜੂਦਾ ਕਿੱਸਾਕਾਰਾਂ ਵੱਲੋਂ ਰਾਂਝੇ ਦੁਆਰਾ ਹੀਰ ਦੇ ਘਰ 12 ਵਰ੍ਹਿਆਂ ਤਕ ਮੱਝਾਂ-ਗਾਵਾਂ ਚਰਾਉਣ ਦੇ ਪ੍ਰਸੰਗ ਨੂੰ ਝੂਠ ਦੱਸਦਿਆਂ ਦਾਅਵੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਂਝਾ ਆਪਣੇ ਪੀਰ-ਮੁਰਸ਼ਦ ਸ਼ਾਹ ਕਬੀਰ ਦੇ ਆਦੇਸ਼ ’ਤੇ ਹੀਰ ਨੂੰ ਮਿਲਣ ਝੰਗ ਗਿਆ ਸੀ ਅਤੇ ਉਸ ਦੇ ਜੋਗੀ ਜਾਂ ਗਵਾਲਾ ਬਣਨ ਦਾ ਕੋਈ ਸਬੂਤ ਮੌਜੂਦ ਨਹੀਂ ਹੈ। ਹੀਰ-ਰਾਂਝੇ ਦੇ ਦਰਬਾਰ ਦੀ ਛੱਤ ਨਾ ਹੋਣ ਕਰ ਕੇ ਇਸ ਅਫ਼ਵਾਹ ਦਾ ਵੀ ਖੰਡਨ ਕੀਤਾ ਗਿਆ ਕਿ ਉਪਰੋਕਤ ਕਬਰ ’ਤੇ ਮੀਂਹ ਦਾ ਪਾਣੀ ਨਹੀਂ ਡਿੱਗਦਾ।
from Punjab News – Latest news in Punjabi http://ift.tt/2cXSGj1
0 comments