ਉੜੀ ਵਰਗਾ ਹਮਲਾ ਨਾਕਾਮ, ਤਿੰਨ ਹਲਾਕ

ਕੁਪਵਾੜਾ ਦਾ ਫ਼ੌਜੀ ਕੈਂਪ ਸੀ ਨਿਸ਼ਾਨਾ;
ਭਾਰੀ ਮਾਤਰਾ ’ਚ ਹਥਿਆਰ ਅਤੇ ਹੋਰ ਸਮੱਗਰੀ ਬਰਾਮਦ
* ਘੁਸਪੈਠ ਦੀਆਂ ਤਿੰਨ ਹੋਰ ਕੋਸ਼ਿਸ਼ਾਂ ਨਾਕਾਮ; ਚਾਰ ਦਹਿਸ਼ਤਗਰਦ ਮਾਰ ਮੁਕਾਏ

ਸ੍ਰੀਨਗਰ : ਪਾਕਿਸਤਾਨ ਦੇ ਤਿੰਨ ਦਹਿਸ਼ਤਗਰਦਾਂ ਨੇ ਉੜੀ ਫ਼ੌਜੀ ਕੈਂਪ ਵਰਗੇ ਹਮਲੇ ਨੂੰ ਕੁਪਵਾੜਾ ’ਚ ਪੈਂਦੇ ਫ਼ੌਜੀ ਕੈਂਪ ਉੱਤੇ ਦੁਹਰਾਉਣ ਦੀ ਕੋਸ਼ਿਸ਼ ਕੀਤੀ। ਚੌਕਸ ਜਵਾਨਾਂ ਨੇ ਉਨ੍ਹਾਂ ਦੇ ਹਮਲੇ ਨੂੰ ਨਾਕਾਮ ਬਣਾ ਦਿੱਤਾ ਅਤੇ ਗਹਿਗੱਚ ਮੁਕਾਬਲੇ ਤੋਂ ਬਾਅਦ ਤਿੰਨੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ, ਗੋਲੀ ਸਿੱਕਾ ਅਤੇ ਨਕਸ਼ੇ ਸਮੇਤ ਹੋਰ ਸਮੱਗਰੀ ਵੀ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਹਮਲਾ ਉੜੀ ਕੈਂਪ ’ਤੇ ਹੋਏ ਹਮਲੇ ਦੇ ਮਹੀਨੇ ਤੋਂ ਘੱਟ ਸਮੇਂ ਦੌਰਾਨ ਅਤੇ ਕੰਟਰੋਲ ਰੇਖਾ ਪਾਰ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਸਰਜੀਕਲ ਹਮਲੇ ਦੇ ਅੱਠ ਦਿਨਾਂ ਬਾਅਦ ਹੋਇਆ ਹੈ। ਉਧਰ ਮਕਬੂਜ਼ਾ ਕਸ਼ਮੀਰ (ਪੀਓਕੇ) ’ਚ ਤਿੰਨ ਥਾਵਾਂ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਂਦਿਆਂ ਫ਼ੌਜ ਨੇ ਚਾਰ ਘੁਸਪੈਠੀਆਂ ਨੂੰ ਮਾਰ ਸੁੱਟਿਆ।

ਕੁਪਵਾੜਾ ਜ਼ਿਲ੍ਹੇ ਦੇ ਲੰਗੇਟ ’ਚ ਫ਼ੌਜੀ ਕੈਂਪ ’ਤੇ ਦਹਿਸ਼ਤਗਰਦਾਂ ਨੇ ਤੜਕੇ ਪੰਜ ਵਜੇ ਗੋਲੀਬਾਰੀ ਸ਼ੁਰੂ ਕੀਤੀ ਜਿਸ ਦਾ ਉਥੇ ਤਾਇਨਾਤ ਜਵਾਨਾਂ ਨੇ ਜਵਾਬ ਦਿੱਤਾ। ਹਮਲੇ ਤੋਂ ਬਾਅਦ ਜਦੋਂ ਫ਼ੌਜ ਵੱਲੋਂ ਇਲਾਕੇ ਦੀ ਛਾਣ-ਬੀਣ ਕੀਤੀ ਗਈ ਤਾਂ ਦਹਿਸ਼ਤਗਰਦਾਂ ਨੇ ਜਵਾਨਾਂ ’ਤੇ ਗੋਲੀਬਾਰੀ ਕਰ ਦਿੱਤੀ ਅਤੇ ਫਿਰ ਮੁਕਾਬਲਾ ਸ਼ੁਰੂ ਹੋਇਆ। ਇਸੇ ਦੌਰਾਨ ਕਮਾਂਡਿੰਗ ਅਫ਼ਸਰ ਕਰਨਲ ਰਾਜੀਵ ਸ਼ਾਰੰਗ ਨੇ ਮੀਡੀਆ ਨੂੰ ਆਪਰੇਸ਼ਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੀ ਤਾਰ ਨੇੜੇ ਸ਼ੱਕੀ ਹਲਚਲ ਤੋਂ ਬਾਅਦ ਜਵਾਨਾਂ ਨੇ ਤਿੰਨ ਦਹਿਸ਼ਤਗਰਦਾਂ ਨੂੰ ਚੁਣੌਤੀ ਦਿੱਤੀ। ਉਨ੍ਹਾਂ ਦੱਸਿਆ, ‘‘ਤਿੰਨ ਦਹਿਸ਼ਤਗਰਦਾਂ ਨੂੰ ਦੇਖ ਕੇ ਸੰਤਰੀਆਂ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਤਾਂ ਦਹਿਸ਼ਤਗਰਦਾਂ ਨੇ ਉਨ੍ਹਾਂ ਦੀਆਂ ਚੌਕੀਆਂ ’ਤੇ ਭਾਰੀ ਗੋਲੀਬਾਰੀ ਕਰ ਦਿੱਤੀ। ਉਨ੍ਹਾਂ ਨੂੰ ਮੋੜਵਾਂ ਜਵਾਬ ਦਿੱਤਾ ਗਿਆ ਅਤੇ ਕੁਇਕ ਰਿਐਕਸ਼ਨ ਟੀਮ ਤੁਰੰਤ ਹਰਕਤ ’ਚ ਆ ਗਈ ਤਾਂ ਜੋ ਦਹਿਸ਼ਤਗਰਦ ਇਲਾਕੇ ’ਚੋਂ ਬਚ ਕੇ ਨਾ ਨਿਕਲ ਸਕਣ। ਅਸੀਂ ਇਲਾਕੇ ’ਚ ਰੌਸ਼ਨੀ ਲਈ ਆਸਮਾਨ ’ਚ ਗੋਲੇ ਵੀ ਛੱਡੇ ਅਤੇ ਤਿੰਨੇ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ।’’ ਦਹਿਸ਼ਤਗਰਦਾਂ ਕੋਲੋਂ ਤਿੰਨ ਏਕੇ ਰਾਈਫ਼ਲਾਂ, ਤਿੰਨ ਅੰਡਰ ਬੈਰਲ ਗਰਨੇਡ ਲਾਂਚਰ, ਮੈਗਜ਼ੀਨਾਂ, ਭਾਰੀ ਮਾਤਰਾ ’ਚ ਰੌਂਦ, ਚਾਰ ਵਾਕੀ-ਟਾਕੀ ਰੇਡੀਓ ਸੈੱਟ, ਤਿੰਨ ਜੀਪੀਐਸ ਉਪਕਰਣ, ਤਿੰਨ ਮੋਬਾਈਲ ਫੋਨ, ਸੁੱਕੇ ਮੇਵੇ, ਦਵਾਈਆਂ, ਨਕਸ਼ਾ ਅਤੇ ਮੈਟਰਿਕਸ ਸ਼ੀਟ ਮਿਲੇ ਹਨ। ਕਰਨਲ ਸ਼ਾਰੰਗ ਨੇ ਕਿਹਾ ਕਿ ਦਵਾਈਆਂ ’ਤੇ ਪਾਕਿਸਤਾਨੀ ਮਾਅਰਕਾ ਲੱਗਿਆ ਹੋਇਆ ਹੈ ਜਿਥੋਂ ਪਤਾ ਚਲਦਾ ਹੈ ਕਿ ਤਿੰਨੇ ਦਹਿਸ਼ਤਗਰਦ ਪਾਕਿਸਤਾਨੀ ਹਨ।
ਉਧਰ ਫ਼ੌਜ ਨੇ ਪੀਓਕੇ ’ਚੋਂ ਭਾਰਤੀ ਸਰਹੱਦ ਅੰਦਰ ਘੁਸਪੈਠ ਦੀਆਂ ਤਿੰਨ ਘਟਨਾਵਾਂ ਨੂੰ ਨਾਕਾਮ ਕਰਦਿਆਂ ਚਾਰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਨੌਗਾਮ ਸੈਕਟਰ ’ਚ ਦੋ ਅਤੇ ਰਾਮਪੁਰ ’ਚ ਘੁਸਪੈਠ ਦੀ ਇਕ ਘਟਨਾ ਨੂੰ ਪੰਜ ਅਤੇ ਛੇ ਅਕਤੂਬਰ ਦੀ ਦਰਮਿਆਨੀ ਰਾਤ ਨੂੰ ਨਾਕਾਮ ਬਣਾਇਆ ਗਿਆ।



from Punjab News – Latest news in Punjabi http://ift.tt/2dwBk2Q
thumbnail
About The Author

Web Blog Maintain By RkWebs. for more contact us on rk.rkwebs@gmail.com

0 comments