ਚੰਡੀਗੜ੍ਹ : ਆਮ ਆਦਮੀ ਪਾਰਟੀ (‘ਆਪ’) ਦੇ ਆਰ.ਟੀ.ਆਈ. ਵਿੰਗ ਦੇ ਕੋ-ਕਨਵੀਨਰ ਵਕੀਲ ਦਿਨੇਸ਼ ਚੱਢਾ ਨੇ ਦੋਸ਼ ਲਾਇਆ ਕਿ ਨਾਜਾਇਜ਼ ਮਾਈਨਿੰਗ ਗੁੰਡਾ ਟੈਕਸ ਮਾਫੀਆ ਨੂੰ ਸੂਬੇ ਵਿੱਚ ਸੱਤਾ ’ਚ ਰਹੀਆਂ ਦੋਵੇਂ ਸਿਆਸੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਆਪਸੀ ਮਿਲੀਭੁਗਤ ਨਾਲ ਚਲਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਫੀਆ ਵਿੱਚ ਸ਼ਾਮਲ ਸਾਰੇ ਆਗੂਆਂ ਦੇ ਸਬੰਧ ਬਾਦਲ ਪਰਿਵਾਰ, ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਗੁੰਡਾ ਟੈਕਸ ਮਾਫੀਆ ਆਮ ਲੋਕਾਂ , ਕਰੱਸ਼ਰ ਕਾਰੋਬਾਰੀਆਂ ਅਤੇ ਟਰਾਂਸਪੋਰਟਰਾਂ ਦੀ ਲੁੱਟ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਫੀਆ ਨਾਲ ਰੋਜ਼ਾਨਾ ਕਰੋੜਾ ਰੁਪਏ ਗੁੰਡਾ ਟੈਕਸ ਇਕੱਠਾ ਕੀਤਾ ਜਾਂਦਾ ਹੈ , ਜਿਸ ਨਾਲ ਰੇਤਾ ਬਜਰੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਐਡਵੋਕੇਟ ਚੱਢਾ ਨੇ ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਕਿ ਭਾਵੇਂ ਸਮੇਂ ਸਮੇਂ ’ਤੇ ਅਕਾਲੀ ਦਲ ਤੇ ਕਾਂਗਰਸ ਨੇ ਜਨਤਾ ਨੂੰ ਮੂਰਖ ਬਣਾਉਣ ਲਈ ਰੇਤੇ ਬਜਰੀ ਦੇ ਮਹਿੰਗੇ ਰੇਟਾਂ , ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦਾ ਦੋਸ਼ ਇੱਕ ਦੂਜੇ ’ਤੇ ਮੜ੍ਹਦੇ ਰਹੇ ਹਨ ਪਰ ਅਸਲ ਵਿੱਚ ਰੇਤੇ ਬਜਰੀ ਦੀਆਂ ਸਾਰੀਆਂ ਖੱਡਾਂ ਦੇ ਠੇਕੇ ਅਕਾਲੀ ਜਾਂ ਕਾਂਗਰਸੀ ਆਗੂਆਂ ਦੇ ਨਜ਼ਦੀਕੀਆਂ ਦੇ ਨਾਮ ’ਤੇ ਲਏ ਗਏ ਹਨ। ਉਨ੍ਹਾਂ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਦਰਜਨਾਂ ਆਗੂ ਬਾਦਲਾਂ ਅਤੇ ਕੈਪਟਨ ਦੀ ਸ਼ਹਿ ’ਤੇ ਹੀ ਸਾਲਾਂ ਤੋਂ ਇਹ ਨਾਜਾਇਜ਼ ਧੰਦਾ ਕਰਦੇ ਆ ਰਹੇ ਹਨ।
from Punjab News – Latest news in Punjabi http://ift.tt/2ddyZa8
0 comments